Share on Facebook

Main News Page

ਫ਼ੌਜਾ ਸਿੰਘ ਦਾ ਨਿਰਾਦਰ ਕਰਨ ਵਾਲੇ ਟੀ.ਵੀ. ਚੈਨਲ ਅਤੇ ਐਂਕਰ ਵਿਰੁਧ ਕੇਸ ਦਰਜ

ਸਿੱਖ ਦੌੜਾਕ ਸ: ਫ਼ੌਜਾ ਸਿੰਘ ਦਾ ਕਾਰਟੂਨ ਤੇ ਮਜ਼ਾਕ ਉਡਾਉਣ ਦੇ ਮਾਮਲੇ ਵਿਚ ਉਘੇ ਪੰਜਾਬੀ ਸ਼ਾਇਰ ਅਮਰਦੀਪ ਸਿੰਘ ਗਿੱਲ ਨੇ, ਸਿੱਖ ਮਾਮਲਿਆਂ ਦੇ ਉਘੇ ਵਕੀਲ ਸ. ਨਵਕਿਰਨ ਸਿੰਘ ਰਾਹੀਂ ਇਕ ਹਿੰਦੀ ਚੈਨਲ ਅਤੇ ਉਸ ਦੇ ਐਂਕਰ ਵਿਰੁਧ ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਫ਼ੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਟੀਵੀ ਐਂਕਰ ਸੁਮੀਤ ਰਾਘਵਨ ਵਿਰੁਧ ਸਿੱਖ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਧਾਰਾ 295–ਏ, 500/501 ਆਈ.ਪੀ.ਸੀ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਅੱਜ ਇਥੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਸ਼ਾਇਰ ਅਮਰਦੀਪ ਸਿੰਘ ਗਿੱਲ ਅਤੇ ਐਡਵੋਕੇਟ ਸ: ਨਵਕਿਰਨ ਸਿੰਘ ਨੇ ਦਸਿਆ ਕਿ ਉਘੇ ਸਾਬਤ ਸੂਰਤ ਸਿੱਖ ਦੌੜਾਕ ਸ: ਫ਼ੌਜਾ ਸਿੰਘ ਜਿਨ੍ਹਾਂ 101 ਸਾਲ ਦੀ ਉਮਰ ਵਿਚ ਮੈਰਾਥਾਨ ਦੌੜ ਵਿਚ ਅੱਗੇ ਰਹਿ ਕੇ ਅਤੇ ਹੁਣ ਲੰਡਨ ਉਲੰਪਿਕ ਵਿਚ ਇਤਿਹਾਸਕ ਮਸ਼ਾਲ ਮਾਰਚ ਵਿਚ ਹਿੱਸਾ ਲੈ ਕੇ ਸਿੱਖੀ ਦਾ ਨਾਂ ਰੋਸ਼ਨ ਕੀਤਾ ਹੈ, ਬਾਰੇ ਅਫ਼ਸੋਸਨਾਕ ਮਜ਼ਾਕੀਆਂ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਸਮੂਹ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।

ਐਡਵੋਕੇਟ ਨਵਕਿਰਨ ਸਿੰਘ ਨੇ ਦਸਿਆ ਕਿ ਇਹ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਫ਼ਿਲਮਾਂ, ਲੜੀਵਾਰਾਂ ਆਦਿ ਵਿਚ ਸਿੱਖੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਜਿਹੜਾ ਹੁਣ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮਾਂ ਨੂੰ ਪਾਸ ਕਰਨ ਲਈ ਬਣੇ ਸੈਂਸਰਸ਼ਿਪ ਵਿਚ ਘੱਟ ਗਿਣਤੀ ਨੁਮਾਇੰਦਿਆਂ ਨੂੰ ਵੀ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਉਪਰ ਦੋਸ਼ ਲਗਾਇਆ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਕਹਾਉਣ ਵਾਲੀ ਕਮੇਟੀ, ਸਿੱਖਾਂ ਦੇ ਹਿਤਾਂ ਦੀ ਰਾਖੀ ਕਰਨ ਵਿਚ ਅਸਫ਼ਲ ਰਹੀ ਹੈ।

ਉਨ੍ਹਾਂ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਵਿਦੇਸ਼ਾਂ ਵਿਚ ਜਿਥੇ–ਜਿਥੇ ਉਨ੍ਹਾਂ ਫ਼ੌਜਾ ਸਿੰਘ ਰਾਹੀਂ ਸਿੱਖ ਕੌਮ ਦਾ ਅਪਮਾਨ ਕਰਨ ਵਾਲੀ ਆਨ–ਲਾਈਨ ਵੀਡੀਉ ਵੇਖੀ ਹੈ, ਉਹ ਸਥਾਨਕ ਕੋਰਟਾਂ ਵਿਚ ਚੈਨਲ ਦੇ ਪ੍ਰਬੰਧਕਾਂ ਵਿਰੁਧ ਸਿੱਖਾਂ ਦੀ ਮਾਣਹਾਣੀ ਦਾ ਕੇਸ ਦਾਇਰ ਕਰਨ ਤਾਕਿ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ।

ਐਡਵੋਕੇਟ ਸਿੰਘ ਨੇ ਇਹ ਵੀ ਦਸਿਆ ਕਿ ਉਨ੍ਹਾਂ ਸਿੱਖ ਕੌਮ ਦੀ ਸਹੂਲਤ ਲਈ ਫ਼ੇਸਬੁੱਕ ’ਤੇ ਫ਼ੌਜਾ ਸਿੰਘ ਦੇ ਕੇਸ ਦੀ ਲਿਖਤ ਤਿਆਰ ਕਰ ਕੇ ਪਾ ਦਿਤੀ ਹੈ। ਇਸ ਮੌਕੇ ਹਾਜ਼ਰ ਸ਼ਾਇਰ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ, ਕਿ ਅੱਜ ਹਰ ਕੌਈ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਸਮਝ ਰਿਹਾ ਹੈ ਪ੍ਰੰਤੂ ਸਿੱਖ ਕੌਮ ਦੇ ਆਗੂ ਕਹਾਉਣ ਵਾਲੇ, ਸ਼ਰਮਨਾਕ ਚੁੱਪ ਧਾਰਨ ਕਰੀ ਬੈਠੇ ਹਨ।

ਸ: ਗਿੱਲ ਨੇ ਦਸਿਆ ਕਿ ਉਨ੍ਹਾਂ ਫ਼ੇਸਬੁੱਕ ਉਪਰ ਇਕ "ਅਸੀਂ ਜਿਉਂਦੇ, ਅਸੀਂ ਜਾਗਦੇ" ਨਾਂ ਦੇ ਸਿਰਲੇਖ ਹੇਠ ਇਕ ਸੰਸਥਾ ਬਣਾਈ ਹੈ, ਜਿਹੜੀ ਸਿੱਖਾਂ ਦਾ ਮਜ਼ਾਕ ਉਡਾਉਣ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰੇਗੀ। ਉਨ੍ਹਾਂ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਫ਼ੌਜਾ ਸਿੰਘ ਦੇ ਮਾਮਲੇ ਵਿਚ ਵੱਧ ਤੋਂ ਵੱਧ ਅਦਾਲਤੀ ਕੇਸ ਦਾਇਰ ਕਰਨ ਤਾਕਿ ਦੁਨੀਆਂ ਨੂੰ ਖ਼ਬਰ ਹੋ ਸਕੇ ਕਿ ਸਿੱਖ ਇਕੱਲੇ ਹਥਿਆਰਾਂ ਨਾਲ ਲੜਨਾ ਹੀ ਨਹੀਂ ਜਾਣਦੇ, ਬਲਕਿ ਉਹ ਸ਼ਾਂਤਮਈ ਰਹਿ ਕੇ ਕਾਨੂੰਨ ਦੇ ਦਾਇਰੇ ਵਿਚ ਵੀ ਸਿੱਖ ਵਿਰੋਧੀਆਂ ਨੂੰ ਸਬਕ ਸਿਖਾ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top