Share on Facebook

Main News Page

ਅਕਾਲ ਤਖਤ ਦੇ "ਹੈਡ ਗ੍ਰੰਥੀ" ਸਾਹਿਬ ਨੂੰ ਚਾਹੀਦਾ ਹੈ, ਕਿ ਗਿਆਨੀ ਜਸਵਿੰਦਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਣ
- ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਦਿਨੀਂ "ਸੋ ਦਰ ਸਾਹਿਬ" ਦਾ ਪਾਠ ਕਰਦਿਆਂ ਗਿਆਨੀ ਜਸਵਿੰਦਰ ਸਿੰਘ ਕੋਲੋਂ ਉਹ "ਭੁਲ" ਹੋ ਗਈ, ਜੋ "ਭੁਲ" ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾਂ ਇਕੋ ਇਕ ਗੁਰੂ ਮਨਣ ਵਾਲੇ, ਗੁਰੁ ਪਿਆਰ ਵਾਲੇ ਸਿੱਖ ਜਾਣਬੁਝ ਕੇ ਰੋਜ ਹੀ ਕਰਦੇ ਰਹਿੰਦੇ ਹਨ ।

ਭਾਵੇਂ ਗਿਆਨੀ ਜਸਵਿੰਦਰ ਸਿੰਘ ਵੀ ਸਿੱਖੀ ਵਿੱਚ ਵੱੜ ਚੁਕੀ "ਬ੍ਰਾਹਮਣਵਾਦੀ ਵਿਵਸਥਾ" ਦਾ ਹੀ ਇਕ ਅੰਗ ਹਨ, ਲੇਕਿਨ ਜੋ ਕੰਮ ਉਨਾਂ ਕੋਲੋਂ ਜਾਨੇ ਅਨਜਾਨੇ ਹੋ ਗਿਆ, ਉਸ ਵਿੱਚ ਵੀ ਉਸ ਅਕਾਲਪੁਰਖ ਦਾ ਹੀ ਕੋਈ ਭਾਣਾ ਨਜਰ ਆ ਰਿਹਾ ਹੈ। ਇਸ ਲਈ ਅਕਾਲ ਤਖਤ ਦੇ ਹੈਡ ਗ੍ਰੰਥੀ ਨੂੰ ਉਨਾਂ ਤੇ ਕਾਰਵਾਈ ਕਰਨ ਦੀ ਬਜਾਏ, ਉਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।

ਉਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਨ ਦਾ ਮੁੱਖ ਕਾਰਣ ਇਹ ਬਣਦਾ ਹੈ ਕਿ, ਐਸਾ ਕਰਕੇ ਉਨਾਂ ਨੇ ਸ਼੍ਰੋਮਣੀ ਕਮੇਟੀ ਦੇ "ਵਫਾਦਾਰ ਮੁਲਾਜਿਮ" ਹੋਣ ਦਾ ਇਕ ਪੁਖਤਾ ਸਬੂਤ ਪੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਆਪ ਹੀ 1973 ਵਿੱਚ ਇਕ ਆਰਡਰ ਨੰ 36672, ਮਿਤੀ 3 ਅਗਸਤ 1973 ਪਾਸ ਕੀਤਾ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਅਤੇ ਦਰਬਾਰ ਸਾਹਿਬ ਦੇ ਸਾਰੇ ਮੁਲਾਜਿਮ ਭੁਲ ਚੁਕੇ ਸਨ। ਇਸ ਆਰਡਰ ਵਿਚ ਇਹ ਸਾਫ ਸਾਫ ਸੰਦੇਸ ਹੈ ਕਿ "ਚਰਿਤ੍ਰਯੋ ਪਾਖਿਯਾਨ, ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ"। ਗਿਆਨੀ ਜੀ ਕੋਲੋਂ ਕੋਈ ਗੁਨਾਹ ਨਹੀਂ ਹੋਇਆ, ਬਲਕਿ ਗਿਆਨੀ ਜੀ ਨੇ ਤਾਂ ਇਹ "ਅਨੋਖੀ ਭੁੱਲ" ਕਰਕੇ ਸ਼੍ਰੋਮਣੀ ਕਮੇਟੀ ਦੇ ਇਕ ਵਫਾਦਾਰ ਮੁਲਾਜਿਮ ਹੋਣ ਦਾ ਸਬੂਤ ਦਿੱਤਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਇਸ "ਸੰਦੇਸ਼" ਤੇ ਪਹਿਰਾ ਦੇ ਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮੁਲਾਜਿਮਾਂ ਨੂੰ ਉਸ "ਸੰਦੇਸ਼" ਦੀ ਯਾਦ ਦੁਆਈ ਹੈ, ਜਿਸ ਨੂੰ ਉਹ ਆਪ ਪੂਰੀ ਤਰ੍ਹਾਂ ਭੁਲ ਚੁਕੇ ਸਨ।

ਹੁਣ ਇਥੇ ਸਵਾਲ ਉਠਦਾ ਹੈ ਕਿ "ਚਰਿਤ੍ਰਯੋ ਪਾਖਿਯਾਨ" ਨਾਲ "ਚੌਪਈ" ਦਾ ਕੀ ਸੰਬੰਧ ਹੈ ? ਸ੍ਰੋਮਣੀ ਕਮੇਟੀ ਨੇ ਤਾਂ "ਚਰਿਚ੍ਰਯੋ ਪਾਖਿਯਾਨ" ਬਾਰੇ ਆਰਡਰ ਪਾਸ ਕੀਤਾ ਸੀ, ਨਾਂ ਕਿ "ਚੌਪਈ" ਬਾਰੇ।ਅਤੇ ਗਿਆਨੀ ਜਸਵਿੰਦਰ ਸਿੰਘ ਨੇ ਤਾਂ "ਚੌਪਈ" ਨ੍ਹੀ ਪੜ੍ਹੀ। ਸੁਚੇਤ ਵੀਰਾਂ ਨੂੰ ਤਾਂ ਇਹ ਸਭ ਪਤਾ ਹੈ ਕਿ "ਚਰਿਤ੍ਰੋ ਪਾਖਿਯਾਨ" ਦਾ ਹੀ ਇਕ ਹਿੱਸਾ ਇਹ "ਚੌਪਈ" ਹੈ, ਲੇਕਿਨ ਜੋ ਵੀਰ ਇਹ ਨਹੀਂ ਜਾਣਦੇ ਉਨਾਂ ਨੂੰ ਇਸ "ਚੌਪਈ" ਦਾ ਮੂਲ ਸ੍ਰੋਤ ਦਸ ਦੇਣਾਂ ਹੀ ਵਾਜਿਬ ਹੈ।

ਗੱਲ ਸ਼ੁਰੂ ਕਰਣ ਤੋਂ ਪਹਿਲਾਂ 1973 ਵਿੱਚ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਹ ਸੰਦੇਸ਼ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ।

ਸੰਦੇਸ਼ ਨੰ 36672 ਮਿਤੀ 3/4-8-1973 ਦਸਤਖਤ ਮੀਤ ਸਕੱਤਰ ਗੁਰਬਖਸ਼ ਸਿੰਘ, ਧਰਮ ਪ੍ਰਚਾਰ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

"ਚਰਿਤ੍ਰਯੋ ਪਾਖਿਆਨ" ਜੋ ਦਸਮ ਗ੍ਰੰਥ ਵਿੱਚ ਹਨ , ਇਹ "ਦਸਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।"

- ਸੁਭ ਚਿੰਤਕ, ਮੀਤ ਸਕੱਤਰ (ਗੁਰਬਖਸ਼ ਸਿੰਘ),ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ।

ਅਖੌਤੀ ਦਸਮ ਗ੍ਰੰਥ ਵਿੱਚ ਦਰਜ "ਚਰਿਤ੍ਰ ਪਾਖਿਯਾਨ" ਨਾਮ ਦੀ "ਅਸ਼ਲੀਲ ਰਚਨਾ" ਜਿਸਨੂੰ ਅਸੀਂ "ਤ੍ਰਿਯਾ ਤਰਿਤ੍ਰ", "ਚਰਿਤ੍ਰਯੋ ਪਾਖਿਯਾਨ", "ਪਖਯਾਨ ਚਿਰਤ੍ਰ", ਕਾਮ ਕਹਾਣੀਆਂ, ਆਦਿਕ ਨਾਮਾਂ ਤੋਂ ਵੀ ਜਾਣਦੇ ਹਾਂ । ਇਨਾਂ "ਅਸ਼ਲੀਲ ਅਤੇ ਫੂਹੜ ਕਾਮ ਕਹਾਣੀਆਂ " ਨਾਲ ਇਸ ਕਿਤਾਬ ਦੇ 579 ਪੰਨੇ ਭਰੇ ਹੋਏ ਨੇ । ਇਹ ਅਸ਼ਲੀਲ ਕਹਾਣੀਆਂ "ਅਥ ਪਖਯਾਨ ਚਰਿਤ੍ਰ ਲਿਖਯਤੇ" ਨਾਮਕ ਸਿਰਲੇਖ ਹੇਠ ਪੰਨਾ ਨੰ 809 ਤੋਂ ਸ਼ੁਰੂ ਹੋ ਕੇ ਪੰਨਾ ਨੰ 1388 ਤੇ ਸਮਾਪਤ ਹੁੰਦੀਆਂ ਹਨ। ਇਸ ਕਵਿਤਾ ਦੇ ਕੁਲ 404 ਚਰਿਤ੍ਰ ( ਕਹਾਣੀਆਂ ) ਹਨ । ਪਹਿਲਾ ਚਰਿਤ੍ਰ ਦੁਰਗਾ ਦੇਵੀ ਦੀ ਉਸਤਤਿ ਨਾਲ ਸ਼ੁਰੂ ਹੂੰਦਾ ਹੈ, ਜਿਸ ਉਪਰ ਵੀ, ਇਸ ਕਿਤਾਬ ਦੀਆ ਹੋਰ ਰਚਨਾਵਾਂ ਵਾਂਗ "ਪਾਤਸ਼ਾਹੀ 10" ਦਾ ਠੱਪਾ ਲਗਾ ਦਿਤਾ ਗਇਆ ਹੈ, ਇਹ ਸਾਬਿਤ ਕਰਨ ਲਈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਿਤ ਰਚਨਾਂ ਹੈ, ਅਤੇ ਦਸਮ ਪਿਤਾ ਦੁਰਗਾ ਦੇਵੀ ਦੇ ਉਪਾਸਕ ਸਨ ਨਾ ਕਿ ਅਕਾਲਪੁਰਖ ਦੇ ।

ਇਸ ਰਚਨਾ ਦੇ ਅਖੀਰਲੇ 404 ਵੇਂ ਚਰਿਤ੍ਰ ਵਿਚ ਦੁਰਗਾ ਦੇਵੀ ਦੇ ਰਾਖਸ਼ਾਂ ਨਾਲ ਕੀਤੇ ਗਏ ਯੁਧਾਂ ਦਾ ਵਰਨਣ ਹੈ ਅਤੇ ਨਾਲ ਹੀ ਨਾਲ ਉਸ ਦੀ ਉਸਤਤਿ ਵੀ ਕੀਤੀ ਹੋਈ ਹੈ । ਇਸ 404 ਵੇਂ ਚਰਿਤੱਰ ਦੇ 405 ਬੰਦ ਜਾ ਪੌੜੀਆਂ ਨੇ ਜਿਸ ਵਿੱਚ 377 ਵੀ ਪੌੜੀ ਸਾਡੇ ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ "ਕਬਯੋ ਬਾਚ ਬੇਨਤੀ॥ਚੌਪਈ॥" ਦੀ ਹੈ । ਇਸ ਚੌਪਈ ਦੀਆਂ ਪੌੜੀਆਂ ਨੰ 377, 378, 379 ਤੋਂ ਲੈਕੇ 405 ਤਕ ਦੇ ਨੰਬਰ ਨਿਤਨੇਮ ਦੇ ਗੁਟਕਿਆਂ ਵਿਚ ਬਦਲ ਕੇ 1,2,3 ਤੋਂ ਲੈਕੇ 25,26,27,28,29 ਕਰ ਦਿਤਾ ਗਇਆ ਹੈ ਅਤੇ ਅਖੀਰਲੀਆਂ ਚਾਰ ਪੌੜੀਆਂ 402, 403, 404 ਅਤੇ 405 ਅਪਣੀ ਮਰਜੀ ਨਾਲ ਹਟਾ ਦਿਤੀਆਂ ਗਈਆਂ ਹਨ। ਮੂਲ ਸ੍ਰੋਤ ਦੀਆਂ ਇਹ ਚਾਰ ਪੌੜੀਆਂ ਨਿਤਨੇਮ ਦੇ ਗੁਟਕਿਆਂ ਵਿਚੋਂ ਵੀ ਹੁਣ ਗਾਇਬ ਕਰ ਦਿਤੀਆ ਗਈਆਂ ਨੇ। ਕੁਝ ਵਰ੍ਹੇ ਪਹਿਲਾਂ ਇਹ ਨਿਤਨੇਮ ਦੇ ਗੁਟਕਿਆਂ ਵਿੱਚ, ਚੌਪਈ ਵਿਚ ਸ਼ਾਮਿਲ ਸਨ , ਜਿਨਾਂ ਨੂੰ ਪੁਰਾਨੇ ਗੁਟਕਿਆਂ ਵਿੱਚ ਵੇਖਿਆ ਜਾ ਸਕਦਾ ਹੈ । ਇਹ ਇਸ ਪ੍ਰਕਾਰ ਹਨ।

ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥ ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥੪੦੨॥
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥ ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੪੦੩॥ ਅੜਿਲ॥

ਸੁਨੈ ਗੰਗ ਜੋ ਯਾਹਿ ਸੁ ਰਸਨਾ ਪਾਵਈ ॥ ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ ॥ ਦੂਖ ਦਰਦ ਭੈ ਨਿਕਟ ਨ ਤਿਨ ਨਰ ਕੇ ਰਹੈ॥ ਹੌ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥404॥ਚੌਪਈ॥
ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨ ਕਹਿੱਜੈ। ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ॥ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥ ਅਖੌਤੀ ਦਸਮ ਗ੍ਰੰਥ ਪੰਨਾ ਨੰ 1388

ਇਨਾਂ ਪੌੜੀਆਂ ਦੇ ਨੰਬਰ ਕਿਉਂ ਬਦਲ ਦਿਤੇ ਗਏ ਹਨ ? ਅਤੇ ਇਹ ਚਾਰ ਪੌੜੀਆਂ, ਗੁਟਕਿਆਂ ਵਿੱਚ ਛਪੀ ਚੋਪਈ ਵਿਚੋਂ ਹੌਲੀ ਹੌਲੀ ਕਿਉ ਹਟਾ ਦਿਤੀਆਂ ਗਈਆਂ ਨੇ ? ਇਸ ਦਾ ਸਿਧਾ ਅਤੇ ਸਪਸ਼ਟ ਕਾਰਣ ਇਹ ਹੈ ਕਿ, ਸਿੱਖ ਜਦੋ ਇਸ ਨੂੰ "ਗੁਰਬਾਣੀ" ਸਮਝ ਕੇ ਪੜ੍ਹਨਗੇ ਤਾ ਉਨਾਂ ਦੇ ਮਨ ਵਿੱਚ ਸੁਭਾਵਕ ਹੀ ਇਹ ਜਿਗਿਆਸਾ ਪੈਦਾ ਹੋਵੇਗੀ ਕਿ , 377 ਤੋਂ ਪਹਿਲਿਆਂ ਪੌੜ੍ਹੀਆਂ ਵਿੱਚ ਕੀ ਲਿਖਿਆ ਹੋਇਆ ਹੈ? ਜਦੋ ਉਹ ਪਹਿਲੀਆਂ ਪੌੜ੍ਹੀਆਂ ਪੜ੍ਹੇਗਾ ਤੇ ਉਸ ਵਿੱਚ ਦੁਰਗਾ ਦੀ ਉਸਤੱਤ ਅਤੇ "ਕਾਮ ਕਬੱਡੀ" ਵਾਲੀਆਂ ਕਹਾਣੀਆਂ ਪੜ੍ਹ ਕੇ ਅਸ਼ਲਿਯਤ ਨੂੰ ਸਮਝ ਜਾਵੇਗਾ ਕਿ "ਇਹ ਤਾਂ ਮੇਰੇ ਗੁਰੂ ਦੀ ਰਚਨਾ ਨਹੀਂ ਹੋ ਸਕਦੀ"। ਇਸ ਲਈ ਇਸ ਬਾਣੀ ਦੇ "ਮੂਲ ਸ੍ਰੋਤ" ਨੂੰ ਸਿੱਖਾਂ ਤੋਂ ਛੁਪਾਉਣ ਲਈ ਹੀ ਇਹ ਸਾਜਿਸ਼ ਕੀਤੀ ਗਈ ਹੈ।

ਅਖੀਰਲੀਆਂ ਚਾਰ ਪੌੜ੍ਹੀਆਂ ਇਸ ਲਈ ਹਟਾ ਦਿਤੀਆਂ ਗਇਆਂ ਹਨ ਕਿ, ਇਸ ਰਚਨਾਂ ਨੂੰ ਗੁਰਬਾਣੀ ਸਮਝ ਕੇ ਪੜ੍ਹਨ ਵਾਲੇ ਦੇ ਮਨ ਵਿੱਚ ਇਹ ਨਾ ਆ ਜਾਵੇ ਕਿ ਇਹ ਉਸਤਤਿ ਜਾਂ ਅਰਦਾਸ ਤਾਂ ਮੈਂ ਅਕਾਲਪੁਰਖ ਅਗੇ ਨਹੀਂ ਬਲਕਿ "ਜਗਮਾਤਾ" (ਦੁਗਾ, ਭਗਉਤੀ, ਭਵਾਨੀ) ਅਗੇ ਕਰ ਰਿਹਾ ਹਾਂ। ਇਸ ਵਿੱਚ ਤਾਂ ਕਵੀ ਇਹ ਵੀ ਸਾਫ ਸਾਫ ਕਹਿ ਰਿਹਾ ਹੈ ਕਿ ਇਹ ਰਚਨਾਂ ਤਾਂ ਹੀ ਮੁਕਮੱਲ ਹੋ ਸਕੀ ਹੈ ਜਦੋਂ "ਸ਼੍ਰੀ ਅਸਿਧੁਜ ਜਬ ਭਏ ਦਯਾਲਾ"। (ਜਦੋ ਅਸਿਧੁਜ ਦੇਵਤਾ ਮੇਹਰਬਾਨ ਹੋਇਆ) ਇਸ ਤੋਂ ਬਾਦ ਉਹ "ਜਗਮਾਤਾ" ਦਾ ਅਰਥ ਜਾਨਣਾ ਚਾਹੇਗਾ । ਫਿਰ ਧਰਮ ਦੇ ਇਹ ਠੇਕੇਦਾਰ ਉਸ ਨੂੰ ਕਿਸ ਕਿਸ ਗਲ ਦਾ ਜਵਾਬ ਦੇਣਗੇ ?

ਅਖੌਤੀ ਦਸਮ ਗ੍ਰੰਥ ਨੂ "ਗੁਰਬਾਣੀ" ਦਾ ਦਰਜਾ ਦੇਣ ਵਾਲੇ ਅਖੌਤੀ ਆਗੂ ਇਸ ਥਾਂ ਤੇ ਡਰਾਵਨੇ ਰੂਪ ਵਾਲੇ ਅਤੇ ਖੂਣ ਪੀਣ ਵਾਲੇ ਦੇਵਤੇ "ਭਗਉਤੀ ਅਤੇ ਮਹਾਕਾਲ" ਵਾਂਗ "ਅਸਿਧੁਜ ਦੇਵਤੇ" ਨੂੰ ਅਕਾਲ ਪੁਰਖ ਲਈ ਵਰਤਿਆ ਸ਼ਬਦ ਵੀ ਨਹੀਂ ਕਹਿ ਸਕਣਗੇ । ਕਿਉਂਕਿ ਇਨਾਂ ਦੇ ਇਸ "ਦਸਮ ਗੁਰੂ ਗ੍ਰੰਥ" ਵਿੱਚ 1388 ਪੰਨੇ ਤੇ ਇਸ "ਅਸਿਧੁਜ" ਦੇਵਤੇ ਦਾ ਅਰਥ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ" ਲਿਖਿਆ ਹੋਇਆ ਹੈ। ਫੱਸ ਗਏ ਨਾ ਇਹ ਦਸਮ ਗ੍ਰੰਥੀ? ਸਿੱਖਾਂ ਦੇ "ਰੱਬ" ਨੂੰ ਕੀ ਹੁਣ" ਤਲਵਾਰ ਧਾਰਣ ਕਰਣ ਵਾਲਾ ਦੇਹਧਾਰੀ ਐਲਾਨ ਕਰੋਗੇ?"

ਇਹ ਬਹੁਤ ਚਾਲਾਕ ਹਨ , ਇਸੇ ਕਰਕੇ ਇਨਾਂ ਨੇ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਨਾਉਣ ਲਈ ਪਿਛਲੀਆਂ ਚਾਰ ਪੌੜ੍ਹੀਆਂ ਗਾਇਬ ਕਰ ਦਿਤੀਆਂ ਨੇ। "ਜਗਮਾਤਾ" ਅਤੇ "ਅਸਿਧੁਜ" ਨੂੰ ਵਾਰ ਵਾਰ ਨਾ ਕੋਈ ਪੜ੍ਹੇ, ਤੇ ਨਾ ਕੋਈ ਪੁੱਛੇ । ਬਸ! ਚਿਮਟੇ ਮਾਰ ਮਾਰ ਕੇ, ਢੋਲਕੀਆਂ ਪਾੜ ਪਾੜ ਕੇ ਸਾਰੇ ਇਸ ਨੂੰ "ਦਸਮ ਬਾਣੀ" ਸਮਝ ਕੇ ਗਾਈ ਜਾਣ, ਸਵਾਲ ਕੋਈ ਨਾ ਕਰੇ ।

ਹੁਣ ਵਾਰੀ ਹੈ ਅਕਾਲ ਤਖਤ ਦੇ ਹੈਡ ਗ੍ਰੰਥੀ ਦੇ ਜਵਾਬ ਦੇਂਣ ਦੀ, ਕਿ ਐਸੀਆਂ ਤਬਦੀਲੀਆਂ ਕਿਉਂ, ਕਿਸਨੇ ਅਤੇ ਕਿਸਦੇ ਕਹਿਣੇ 'ਤੇ ਕੀਤੀਆਂ ਗਈਆਂ ਨੇ? ਸ਼੍ਰੋਮਣੀ ਕਮੇਟੀ ਜੋ ਨਿਤਨੇਮ ਦੇ ਗੁਟਕੇ ਛਾਪ ਰਹੀ ਹੈ ਉਸ ਵਿੱਚ "ਚੌਪਈ" ਦਾ "ਵਿਕ੍ਰਤ ਅਤੇ ਅਸ਼ੁਧ" ਰੂਪ ਕਿਉਂ ਛਾਪਿਆ ਜਾ ਰਿਹਾ ਹੈ? ਹੈਡ ਗ੍ਰੰਥੀ ਸਾਹਿਬ ਇਸ ਨੂੰ "ਗਰੂ ਰਚਿਤ" ਕਹਿੰਦੇ ਨੇ, ਇਸ ਲਈ ਉਨਾਂ ਦੇ ਮੁਤਾਬਿਕ ਤਾਂ ਇਹ "ਗੁਰਬਾਣੀ" ਹੈ । ਉਨਾਂ ਦੀ "ਗੁਰਬਾਣੀ" ਤੇ ਪਹਿਰਾ ਦੇਣਾਂ ਤਾਂ ਉਨਾਂ ਦਾ ਪਹਿਲਾਂ ਫਰਜ ਬਣਦਾ ਹੈ।

ਨਿਤਨੇਮ ਦੇ ਗੁਟਕਿਆ ਵਿਚ ਜੋ "ਚੌਪਈ" ਪੂਰੀ ਕੌਮ ਪੜ੍ਹ ਰਹੀ ਹੈ, ਉਹ "ਚੌਪਈ ਦੇ ਮੂਲ ਸ੍ਰੋਤ" ਦਾ "ਅਸ਼ੁਧ ਅਤੇ ਵਿਗੜਿਆ " ਹੋਇਆ ਰੂਪ ਹੈ, ਜੋ ਦਸਮ ਗ੍ਰੰਥ ਵਿਚ ਦਰਜ ਚੌਪਈ ਦੇ ਮੂਲ ਪਾਠ ਨਾਲੋਂ ਵਖਰਾ ਹੈ। ਇਨਾਂ ਪੌੜੀਆਂ ਦੇ ਨੰਬਰ ਕਿਸਨੇ ਅਤੇ ਕਿਉਂ ਬਦਲ ਦਿਤੇ ਹਨ? ਇਸ ਦਾ ਸਹੀ ਜਵਾਬ ਤੇ ਅਕਾਲ ਤਖਤ ਦੇ ਹੈਡ ਗ੍ਰੰਥੀ ਗੁਰਬਚਨ ਸਿੰਘ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਹੀ ਦੇ ਸਕਦੇ ਨੇ, ਕਿਉਂਕਿ ਉਨਾਂ ਦਾ ਦਾਵਾ ਹੈ ਕਿ ਇਹ ਕਿਤਾਬ ਨਹੀਂ "ਗੁਰੂ ਰਚਿਤ ਗ੍ਰੰਥ ਹੈ" । ਉਹ ਇਹ ਵੀ ਸਹੀ ਤਰ੍ਹਾਂ ਦਸ ਸਕਣਗੇ ਕਿ ਜੇ ਇਹ ਉਨਾਂ ਦੇ ਗੁਰੂ ਦੀ ਰਚਨਾ ਹੈ ਤਾਂ "ਗੁਰਬਾਣੀ" (ਉਨਾਂ ਅਨੁਸਾਰ) ਵਿੱਚ "ਰਦੋ ਬਦਲ" ਕਰਨ ਦਾ ਅਧਿਕਾਰ ਕਿਸ ਸਿੱਖ ਕੋਲ ਹੈ? ਜਿਸਨੇ ਗੁਰੂ ਬਾਣੀ ਵਿਚ ਤਬਦੀਲੀ ਕਰ ਦਿਤੀ ਹੈ। ਜੇ ਇਹ ਪਵਿਤੱਰ ਬਾਣੀ ਹੈ ਤਾਂ ਇਸ ਨੂੰ "ਚਰਿਤ੍ਰ ਪਾਖਿਯਾਨ" ਨਾਮਕ "ਅਸ਼ਲੀਲ ਅਤੇ ਗੰਦੀ" ਰਚਨਾਂ ਵਿੱਚ ਅੱਜ ਤਕ ਕਿਉਂ ਰਖਿਆ ਹੋਇਆ ਹੈ। ਇਸ ਨੂੰ ਵੱਖ ਕਰਣ ਲਈ ਇਸ ਨੂੰ "ਦਸਮ ਬਾਣੀ" ਕਹਿਣ ਵਾਲਿਆਂ ਨੇ ਅੱਜ ਤਕ ਕੋਈ ਉਪਰਾਲਾ ਕਿਉਂ ਨਹੀਂ ਕੀਤਾ?

ਇਕ ਸਵਾਲ ਉਨਾਂ ਨੂੰ ਹੋਰ ਕੀਤਾ ਜਾਵੇਗਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਰਾਮ ਰਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਇਕ ਅਖਰ ਵਿੱਚ ਉਲਟ ਫੇਰ ਕਰ ਕੇ "ਮਿਟੀ ਮੁਸਲਮਾਨ ਕੀ" ਦੀ ਥਾਂ ਤੇ "ਮਿਟੀ ਬੇਈਮਾਨ ਕੀ" ਕੀਤਾ ਸੀ । ਇਸ ਦੁਸ਼ਕ੍ਰਿਤ ਦੀ ਵਜਿਹ ਕਰਕੇ ਹੀ ਉਹ ਗੁਰੂ ਘਰ ਤੋਂ ਬੇਦਖਲ ਕਰ ਦਿਤੇ ਗਏ ਸਨ। ਪੰਥ ਵਲੋਂ ਉਨ੍ਹਾਂ ਲੋਕਾਂ ਨੂੰ ਕੀ ਸਜਾ ਦਿੱਤੀ ਜਾਵੇਗੀ? ਜਿਨ੍ਹਾਂ ਨੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ "ਸੋ ਦਰ ਸਾਹਿਬ ਦੀ ਨਿਰੋਲ ਬਾਣੀ" (ਗੁਰੂਬਾਣੀ) ਵਿਚ ਇਸ ਕੂੜ ਗ੍ਰੰਥ ਦੀ ਇਕ ਪੂਰੀ "ਦੇਵੀ ਉਸਤਤਿ" ਸਿਰਫ ਜੋੜੀ ਹੀ ਨਹੀਂ ਬਲਕਿ ਇਸ ਨੂੰ ਸਿੱਖਾਂ ਦੇ ਨਿਤਨੇਮ ਦਾ ਇਕ ਅੰਗ ਵੀ ਬਣਾ ਦਿਤਾ?

ਚੌਪਈ ਜੇ ਦਸਮ ਗ੍ਰੰਥੀਆਂ ਅਨੁਸਾਰ "ਗੁਰਬਾਣੀ" ਹੈ, ਤਾਂ ਇਸ ਦੀਆ ਪੌੜੀਆਂ ਦੇ ਨੰਬਰ ਬਦਲ ਕੇ ਗੁਟਕੇ ਕਿਉਂ ਛਾਪੇ ਜਾ ਰਹੇ ਹਨ? ਉਨ੍ਹਾਂ ਨੂੰ ਕੀ ਸਜਾ ਮਿਲੇਗੀ ਜਿਨਾਂ ਨੇ ਗੁਰੂ ਦੀ ਬਾਣੀ (ਦਸਮ ਗ੍ਰੰਥੀਆਂ ਅਨੁਸਾਰ) ਦੀਆਂ ਚਾਰ ਪੌੜੀਆਂ ਹੀ ਬਾਹਰ ਕਡ੍ਹ ਦਿਤੀਆਂ ਹਨ ? ਤੇ ਚੌਪਈ ਦੀ ਇਸ ਬਾਣੀ ਉਪਰ "ਪਾਤਸ਼ਾਹੀ 10" ਲਿਖ ਦਿਤਾ ਹੈ, ਜੋ ਦਸਮ ਗ੍ਰੰਥ ਦੇ ਮੂਲ ਪਾਠ ਵਿਚ ਲਿਖਿਆ ਹੀ ਨਹੀਂ ਹੈ । ਕੀ ਧਰਮ ਦੇ ਇਹ ਠੇਕੇਦਾਰ, ਸਿੱਖਾਂ ਨੂੰ ਨਿਤਨੇਮ ਦੀ ਇਹ ਵਿਕ੍ਰਤ ਅਤੇ ਵਿਗਾੜੀ ਹੋਈ ਬਾਣੀ ਹੀ ਪੜ੍ਹਾਂਦੇ ਰਹਿਣਗੇ ? ਸਿਰਫ ਇਸ ਲਈ ਕੇ ਪੋਲ ਖੁਲੀ ਤੇ ਇਹ ਸਾਰੀ ਕਿਤਾਬ ਹੀ ਉਧੱੜ ਜਾਵੇਗੀ ।

ਖੈਰ, ਅਕਾਲ ਤਖਤ ਦੇ ਮੌਜੂਦਾ ਹੈਡ ਗ੍ਰੰਥੀ ਸਾਹਿਬ ਨਾਲ ਤੇ ਬਹੁਤ ਸਾਰੇ ਸਵਾਲ ਜਵਾਬ ਹਲੀ ਹੋਣੇ ਨੇ, ਜੋ ਇਸ ਕਿਤਾਬ ਨੂੰ "ਗੁਰੂ ਰਚਿਤ ਗ੍ਰੰਥ" ਕਹਿ ਰਹੇ ਨੇ। ਜੇ ਕੋਈ ਸੱਦਾ ਉਨਾਂ ਵਲੋਂ ਆਇਆ ਤਾਂ ਬਹੁਤ ਸਾਰੇ ਸਵਾਲ ਉਨਾਂ ਕੋਲੋਂ ਪੁਛੇ ਜਾਂਣਗੇ, ਹਲੀ ਤਾਂ ਵਿਸ਼ੈ ਨਾਲ ਸੰਬੰਧਿਤ ਸਵਾਲ ਕਰ ਲੈਂਦੇ ਹਾਂ।

- ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਤੋਂ ਬਾਹਰ ਕਿਸੇ ਹੋਰ ਰਚਨਾਂ ਨੂੰ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ ? ਜੇ ਨਹੀਂ! ਤਾਂ ਐਸੀਆਂ ਰਚਨਾਵਾਂ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਕਿਉਂ, ਕਦੋਂ, ਅਤੇ ਕਿਵੇਂ ਬਣ ਗਈਆਂ?

- ਜੇ "ਕਬਿਉ ਬਾਚ ਬੇਨਤੀ ਚੌਪਈ", "ਗੁਰਬਾਣੀ" ਹੈ ਤਾਂ ਉਸ ਦੀਆਂ ਪਉੜੀਆਂ ਦੇ ਨੰਬਰ ਕਿਉਂ / ਕਿਸਨੇ ਬਦਲੇ? ਕੀ "ਗੁਰਬਾਣੀ" ਵਿੱਚ ਰੱਦੋ ਬਦਲ ਕਰਣ ਦਾ ਅਧਿਕਾਰ ਕਿਸੇ ਵੀ "ਸਿੱਖ ਜਾਂ ਸੰਸਥਾ" ਨੂੰ ਪ੍ਰਾਪਤ ਹੈ?

- ਇਸ ਬਾਣੀ ਵਿੱਚ ਦਰਜ "ਖੜਗਕੇਤੁ", "ਸ਼੍ਰੀ ਅਸਿਧੁਜ", "ਸ਼੍ਰੀ ਅਸਿਕੇਤੁ", "ਜਗਮਾਤਾ", "ਮਹਾਕਾਲ", ਆਦਿਕ ਕੌਣ ਹਨ? ਜਿਨਾਂ ਅਗੇ ਸਿੱਖਾਂ ਕੋਲੋਂ ਰੋਜ "ਮਰਣ ਕਾਲ ਦਾ ਤ੍ਰਾਸ" ਦੂਰ ਕਰਣ ਦੀ ਜੋਦੜੀ ਕਿਉਂ ਕਰਵਾਈ ਜਾ ਰਹੀ ਹੈ? ਇਨਾਂ ਹਿੰਦੂ ਮਿਥਿਹਾਸਕ ਦੇਵਤਿਆਂ ਦਾ ਨਾਮ ਤਾਂ ਕਈ ਅਨਮਤ ਦੇ ਪੁਰਾਤਨ ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਸਿੱਖਾਂ ਨਾਲ ਇਨਾਂ ਦਾ ਕੀ ਸੰਬੰਧ ਹੈ ?

- "ਪੁਰਾਤਨ ਮਰਿਯਾਦਾ " ਦੀ ਦੁਹਾਈ ਦੇਣ ਦੀ ਬਜਾਏ ਕੌਮ ਨੂੰ ਇਹ ਦਸਿਆ ਜਾਵੇ ਕਿ ਦਸਮ ਗ੍ਰੰਥ ਦੀਆਂ ਇਹ ਬਾਣੀਆਂ, (ਜਿਨਾਂ ਨੂੰ "ਗੁਰਬਾਣੀ" ਦਾ ਦਰਜਾ ਕਿਸੇ ਕੀਮਤ ਤੇ ਨਹੀਂ ਦਿੱਤਾ ਜਾ ਸਕਦਾ ) ਦਾ ਮੂਲ ਸ੍ਰੋਤ ਤੋਂ ਵਖਰਾ ਅਤੇ ਵਿਕ੍ਰਤ ਰੂਪ ਸਿੱਖਾਂ ਨੂੰ ਕਿਉਂ ਪੜ੍ਹਾਇਆ ਜਾ ਰਿਹਾ ਹੈ ?

- ਸ਼੍ਰੋਮਣੀ ਕਮੇਟੀ ਵਲੋਂ ਜਾਰੀ ਆਦੇਸ, ਜਿਸਦਾ ਜਿਕਰ ਉਪਰ ਕੀਤਾ ਜਾ ਚੁਕਾ ਹੈ, ਵਿੱਚ ਸਾਫ ਸਾਫ ਕਹਿਆ ਗਇਆ ਹੈ ਕਿ "ਇਹ "ਦਸਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।" । ਫਿਰ ਇਸਨੂੰ ਕੌਮ ਦੇ ਮੱਥੇ ਕਿਉਂ ਮੜ੍ਹਿਆ ਜਾ ਰਿਹਾ ਹੈ?

ਜੇ ਅਕਾਲ ਤਖਤ ਦੇ ਹੈਡ ਗ੍ਰੰਥੀ ਸਾਹਿਬ ਕੋਲ ਇਨਾਂ ਗੱਲਾਂ ਦਾ ਜਵਾਬ ਹੈ, ਤਾਂ ਤੇ ਗਿਆਨੀ ਜਸਵਿੰਦਰ ਸਿੰਘ ਤੇ ਕੋਈ ਕਾਰਵਾਈ ਜਰੂਰ ਕਰਣੀ ਬਣਦੀ ਹੈ। ਜੇ ਇਨਾਂ ਸਵਾਲਾਂ ਦੇ ਜਵਾਬ ਅਕਾਲ ਤਖਤ ਦੇ ਹੈਡ ਗ੍ਰੰਥੀ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਨਹੀਂ, ਤਾਂ ਗਿਆਨੀ ਜਸਵਿੰਦਰ ਸਿੰਘ ਨੂੰ ਤਨਖਾਹ ਲਾਉਣ ਦੀ ਬਜਾਏ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾਵੇ ਤਾਂਕਿ ਇਹੋ ਜਹੀ "ਭੁਲ" ਉਹ ਰੋਜ ਰੋਜ ਕਰਦੇ ਰਹਿਣ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਮੁਲਾਜਿਮਾਂ ਨੂੰ ਸ਼੍ਰੋਮਣੀ ਕਮੇਟੀ ਦੇ ਪਾਸ ਕੀਤੇ ਹੋਏ ਮਤੇ ਦੀ ਯਾਦ ਦੁਆਦੇ ਰਹਿਣ, ਕਿ "ਇਹ "ਦਸਮੇਸ਼ ਬਾਣੀ" ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ।"


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top