Share on Facebook

Main News Page

ਪ੍ਰਸਿਧ ਪਤਰਕਾਰ, ਸਿੱਖ ਚਿੰਤਕ ਸ. ਕਰਮਜੀਤ ਸਿੰਘ ਜੀ ਨੇ ਬੰਦੀ ਸਿੰਘ ਰਿਹਾਈ ਮੋਰਚੇ ਬਾਰੇ ਬੜਾ ਹੀ ਖੂਬਸੂਰਤ ਲਿਖਿਆ ਹੈ, ਜੋ 03 ਦਸੰਬਰ 2014 ਦੇ "ਪਹਿਰੇਦਾਰ" ਵਿਚ ਛਪਿਆ ਹੈ।

ਅੰਬ ਸਾਹਿਬ ਸੰਘਰਸ਼ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਕਿਸ ਤਰ੍ਹਾਂ ਦੀ ਭੁੱਖ ਹੜਤਾਲ ਸੀ, ਭਾਈ ਗੁਰਬਖ਼ਸ਼ ਸਿੰਘ ਦੀ ?
-: ਕਰਮਜੀਤ ਸਿੰਘ, ਮੋਬਾਇਲ 99150 91063

ਚੰਡੀਗੜ, 2 ਜਨਵਰੀ: ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਦੇ ਅਸਰ ਨੂੰ ਦੋ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਸਕਦਾ ਹੈ।

ਇਕ ਦ੍ਰਿਸ਼ਟੀਕੋਣ ਨੂੰ ਆਪਾਂ ਦੁਨੀਆਂਦਾਰ-ਨਜ਼ਰੀਆ ਅਤੇ ਦੂਜੇ ਨੂੰ ਰੂਹਾਨੀ-ਨਜ਼ਰੀਆ ਕਹਿ ਸਕਦੇ ਹਾਂ।

ਪਹਿਲੀ ਕਿਸਮ ਦੇ ਦ੍ਰਿਸ਼ਟੀਕੋਣ ਵਿਚ ਜਿਹੜੇ ਲੱਛਣ ਤੇ ਨਿਸ਼ਾਨੀਆਂ ਹੁੰਦੀਆਂ ਹਨ, ਉਹਨਾਂ ਵਿਚ ਸਮਝੌਤਾ, ਲਾਭ-ਹਾਨੀ, ਲੈਣ-ਦੇਣ, ਰਾਜ਼ੀਨਾਮਾ, ਸਵਾਰਥ, ਲੋਭ-ਲਾਲਚ ਤੇ ਤਮਾ ਦੇ ਅੰਸ਼ ਹੁੰਦੇ ਹਨ ਜਦਕਿ ਦੂਜੇ ਵਿਚ ਜ਼ਿੰਦਗੀ ਨੂੰ ਦੂਰ ਤੱਕ ਦੇਖਣ ਵਾਲੀ ਪਾਕ ਨਿਗਾਹ, ਦਿਬ-ਦ੍ਰਿਸ਼ਟੀ ਅਤੇ ਨਿੱਜੀ ਸਵਾਰਥਾਂ ਤੇ ਲਾਲਚਾਂ ਤੋਂ ਪੂਰੀ ਤਰਾਂ ਅਜ਼ਾਦ ਨਿਰਮਲ ਮਾਸੂਮੀਅਤ ਵਰਗੇ ਗੁਣ ਤੇ ਬਰਕਤਾਂ ਸ਼ਾਮਲ ਹੁੰਦੀਆਂ ਹਨ

ਦਿਲਚਸਪ ਹਕੀਕਤ ਇਹ ਹੈ ਕਿ ਦੋਵੇਂ ਦ੍ਰਿਸ਼ਟੀਕੋਣਾਂ ਨਾਲ ਜੁੜੇ ਲੋਕਾਂ ਦਾ ਇਕ-ਦੂਜੇ ਦੇ 'ਘਰ' ਵਿਚ ਆਉਣ-ਜਾਣ ਰਹਿੰਦਾ ਹੈ, ਪਰ ਵੱਡਾ ਤੇ ਡੂੰਘਾ ਫਰਕ ਇਹ ਹੁੰਦਾ ਹੈ, ਕਿ ਪਹਿਲੇ ਦ੍ਰਿਸ਼ਟੀਕੋਣ ਨਾਲ ਜੁੜੇ ਬੰਦ ਅਕਸਰ ਹੀ ਮੌਕਾਪ੍ਰਸਤ ਹੁੰਦੇ ਹਨ ਅਤੇ ਆਪਣੇ ਮਨੋਰਥ ਲਈ ਦੂਜੇ ਦ੍ਰਿਸ਼ਟੀਕੋਣ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਜਦਕਿ ਦੂਜੇ ਦ੍ਰਿਸ਼ਟੀਕੋਣ ਨਾਲ ਜੁੜੇ ਵਿਅਕਤੀ ਪਹਿਲੇ ਦ੍ਰਿਸ਼ਟੀਕੋਣ ਨੂੰ ਸਿਰਫ਼ ਉਸ ਹੱਦ ਤੱਕ ਹੀ ਵਰਤਦੇ ਹਨ, ਜਿਸ ਹੱਦ ਤੱਕ ਖ਼ਲਕਤ ਦਾ ਕਲਿਆਣ ਜਾਂ ਭਲਾਈ ਜੁੜੀ ਹੁੰਦੀ ਹੈਪਰ ਜਦੋਂ ਕਦੇ ਰੂਹਾਨੀ-ਨਜ਼ਰੀਏ ਵਿਚ ਅਰਦਾਸ ਵਿਚ ਕੀਤਾ ਕੋਈ ਇਕਰਾਰ ਜਾਂ ਪ੍ਰਣ ਸ਼ਾਮਲ ਹੋ ਜਾਵੇ, ਤਾਂ ਫਿਰ ਅਗਲੇ ਰਸਤੇ ਕੰਡਿਆਂ ਨਾਲ ਹੀ ਭਰੇ ਹੁੰਦੇ ਹਨ

ਗੁਰਬਾਣੀ ਮੁਤਾਬਕ ਇਹ 'ਪੁਰਸਲਾਤ' ਦਾ ਮਾਰਗ ਹੁੰਦਾ ਹੈ, ਜੋ ਵਾਲ ਤੋਂ ਵੀ ਬਾਰੀਕ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਖੰਡੇ ਦੀ ਧਾਰ ਤੋਂ ਵੀ ਤਿੱਖਾ। ਖ਼ਾਲਸਈ ਨਜ਼ਰੀਏ ਤੋਂ ਵੇਖਿਆ ਤੇ ਪਰਖਿਆ ਜਾਵੇ ਤਾਂ ਭਾਈ ਗੁਰਬਖ਼ਸ਼ ਸਿੰਘ ਆਪਣੀ ਭੁੱਖ ਹੜਤਾਲ ਦੌਰਾਨ ਇਸ ਕਠਿਨ ਮਾਰਗ 'ਤੇ ਨਹੀਂ ਚੱਲ ਸਕੇ ਦੁਨਿਆਵੀ-ਨਜ਼ਰੀਏ ਮੁਤਾਬਕ ਉਹਨਾਂ ਦੀ ਆਰਜ਼ੀ ਜਿੱਤ ਜ਼ਰੂਰ ਹੋਈ ਹੈ, ਪਰ ਜਿਸ ਤਰਾਂ ਭੁੱਖ ਹੜਤਾਲ ਦੌਰਾਨ ਉਹ ਵੱਖ ਵੱਖ ਪੜਾਵਾਂ ਵਿਚੋਂ ਵਿਚਰਦੇ ਰਹੇ, ਉਸ ਨਾਲ ਰੂਹਾਨੀ-ਨਜ਼ਰੀਏ ਵਾਲੇ ਲੋਕ ਉਹਨਾਂ ਨੂੰ ਆਪਣੀ ਮਹਿਫ਼ਲ ਵਿਚ ਸ਼ਾਮਲ ਨਹੀਂ ਕਰਨਗੇ।

ਅਸਲ ਵਿਚ ਕਿਰਪਾ ਤੇ ਮਿਹਰ ਦਾ ਮਰਤਬਾ, ਪਦਵੀ ਤੇ ਤਾਜ ਕਿਸੇ-ਕਿਸੇ ਨੂੰ ਹੀ ਨਸੀਬ ਹੁੰਦਾ ਹੈ।

ਗੁਰਬਾਣੀ ਨੇ ਇਹ ਮਰਤਬਾ ਰਾਖਵਾਂ ਰੱਖਿਆ ਹੋਇਆ ਹੈ - ''ਨਾਨਕ ਇਹ ਮਰਤਬਾ ਤਿਸ ਨੋ ਦੇਹ ਜਿਸ ਨੋ ਕਿਰਪਾ ਕਰਹਿ ਰਜਾਇ''। 20ਵੀਂ ਸਦੀ ਵਿਚ ਸੰਤ ਜਰਨੈਲ ਸਿੰਘ, ਭਾਈ ਰਣਧੀਰ ਸਿੰਘ ਤੇ ਸ। ਦਰਸ਼ਨ ਸਿੰਘ ਫੇਰੂਮਾਨ ਇਹ ਮਰਤਬਾ ਹਾਸਲ ਕਰਨ ਦਾ ਮਾਣ ਕਰ ਸਕਦੇ ਹਨ

ਸਾਡੀ ਬੇਨਤੀ ਹੈ, ਕਿ ਭਾਈ ਗੁਰਬਖ਼ਸ਼ ਸਿੰਘ ਸਾਡੀਆਂ ਗੱਲਾਂ ਤੋਂ ਨਰਾਜ਼ ਨਾ ਹੋਣ, ਕਿਉਂਕਿ ਉਹਨਾਂ ਦੀ ਭੁੱਖ ਹੜਤਾਲ ਹੁਣ ਉਹਨਾਂ ਤੱਕ ਹੀ ਸੀਮਤ ਨਹੀਂ ਰਹਿ ਗਈ, ਸਗੋਂ ਭੁੱਖ ਹੜਤਾਲ ਦੌਰਾਨ ਪ੍ਰਗਟ ਹੋਈਆਂ ਕਮਜ਼ੋਰੀਆਂ ਖ਼ਾਲਸਾ ਪੰਥ ਦੀ ਵਰਤਮਾਨ ਰਾਜਨੀਤਕ ਗੁਫਤਾਰ ਤੇ ਰਫ਼ਤਾਰ ਵਿਚ ਵੀ ਮਿਲਦੀਆਂ ਹਨ, ਅਤੇ ਜੇ ਹੋਰ ਦੂਰ ਜਾਣਾ ਹੋਵੇ ਤਾਂ ਛੇਵੇਂ ਪਾਤਸ਼ਾਹ ਦੇ ਤਖ਼ਤ ਦੇ ਸੇਵਾਦਾਰਾਂ ਦੀਆਂ ਮਜਬੂਰੀਆਂ ਤੇ ਕਮਜ਼ੋਰੀਆਂ ਹੀ ਉਹਨਾਂ ਦੀ ਅਗਵਾਈ ਕਰ ਰਹੀਆਂ ਹਨ।

ਅਫ਼ਸੋਸਨਾਕ ਹਕੀਕਤ ਇਹ ਹੈ ਕਿ ਖ਼ਾਲਸਾ ਪੰਥ ਵਿਚ ਅੱਜਕੱਲ ਦੁਨੀਆਦਾਰ-ਨਜ਼ਰੀਏ ਦਾ ਹੀ ਬੋਲਬਾਲਾ ਹੈ। ਉਂਝ ਕੋਈ ਸਰਵੇਖਣ ਇਸ ਦਿਸ਼ਾ ਵਿਚ ਨਹੀਂ ਕੀਤਾ ਗਿਆ, ਪਰ ਸਦ-ਜਾਗਤ ਨਜ਼ਰੀਆ ਇਹ ਹੀ ਕਹਿੰਦਾ ਹੈ ਕਿ 99.9 ਫੀਸਦੀ ਵਾਲੇ ਲੋਕ ਇਸੇ ਨਜ਼ਰੀਏ ਨਾਲ ਜੁੜ ਚੁੱਕੇ ਹਨ ਅਤੇ 0.1 ਫੀਸਦੀ ਵਾਲੇ ਲੋਕ ਹੀ ਹੁਣ ਰੂਹਾਨੀ ਨਜ਼ਰੀਏ ਦੀ ਅਥਾਹ ਤਾਕਤ ਤੇ ਮਹਾਨਤਾ ਉਤੇ ਯਕੀਨ ਰੱਖਦੇ ਹਨ।

ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਛੱਡਣ ਤੋਂ ਤਿੰਨ-ਚਾਰ ਦਿਨ ਪਹਿਲਾਂ ਅੰਬ ਸਾਹਿਬ ਕੰਪਲੈਕਸ ਵਿਚ ਚੁੱਪ-ਚੁਪੀਤੇ ਵੀ ਅਤੇ ਜ਼ਾਹਿਰਾ ਤੌਰ 'ਤੇ ਵੀ ਜੋ ਹਲਚਲ ਹੁੰਦੀ ਰਹੀ, ਉਹਨਾਂ ਵਿਚ ਵੀ ਉਪਰੋਕਤ ਨਜ਼ਰੀਆ ਭਾਰੂ ਸੀ। ਭੁੱਖ ਹੜਤਾਲ ਛੱਡਣ ਤੋਂ ਪਿਛੋਂ ਜੋ ਵਿਚਾਰ ਤੇ ਰਾਵਾਂ ਸਾਹਮਣੇ ਆਈਆਂ, ਉਹ ਕੁਝ ਇਸ ਤਰਾਂ ਸਨ: ਦੇਖੋ ਜੀ, ਕੁਝ ਤਾਂ ਹੋਇਆ। ਚਾਰ ਵੀਰਾਂ ਦੀਆਂ ਰਿਹਾਈਆਂ ਹੋਈਆਂ। ਚਲੋ ਪੈਰੋਲ 'ਤੇ ਹੀ ਸਹੀ। ਬਾਕੀ ਦੋ ਵੀ ਆ ਜਾਣਗੇ। ਅਰਦਾਸ ਵਿਚ ਕੀਤੇ ਪ੍ਰਣ ਦੀ ਗੱਲ ਛੱਡੋ, ਹੁਣ ਬੰਦੇ ਨੂੰ ਮਾਰਨਾ ਥੋੜੀ ਏ। ਸ਼ੁਕਰ ਨਹੀਂ ਮਨਾਉਂਦੇ ਕਿ ਵਿਛੜੇ ਵੀਰ ਆਪਣੇ ਟੱਬਰਾਂ ਵਿਚ ਗਏ। ਬੰਦੇ ਨੂੰ ਇੰਨਾ ਕੱਟੜ ਵੀ ਨਹੀਂ ਹੋਣਾ ਚਾਹੀਦਾ। ਹਰ ਵੇਲੇ ਬੌਕਰ ਖੜੀ ਕਰਕੇ ਰੱਖਣੀ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ। ਘੜੀ ਪਲ ਸਾਹ ਤਾਂ ਲੈਣ ਦਿਓ ਆਦਿਕ ਆਦਿਕ।

ਭਾਈ ਸਾਹਿਬ ਦੀ ਭੁੱਖ ਹੜਤਾਲ ਬਾਰੇ ਵੇਖਣ ਵਾਲੀ ਗੱਲ ਇਹ ਸੀ ਕਿ ਸੰਘਰਸ਼ ਚਲਾ ਰਹੀ ਕਮੇਟੀ ਦੀ ਅੰਦਰਲੀ ਹਾਲਤ ਤੇ ਬਾਹਰਲੀ ਹਾਲਤ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਅੰਦਰੋਂ ਤਾਂ ਉਹ ਇਹ ਸਾਰੇ ਇਹ ਮੰਨਦੇ ਸਨ ਕਿ ਠੀਕ ਹੈ ਪਈ, ਅਰਦਾਸ ਤਾਂ ਪੂਰੀ ਨਹੀਂ ਹੋਈ, ਪਰ ਘੱਟੋ ਘੱਟ ਪੰਥ ਤਾਂ ਜਾਗਿਆ ਹੈ। ਦੂਜੇ ਸ਼ਬਦਾਂ ਵਿਚ ਪੰਥ ਦਾ ਜਾਗਣਾ ਹੁਣ ਅਰਦਾਸ ਵਿਚ ਕੀਤੇ ਇਕਰਾਰਨਾਮੇ ਵਿਚ ਕੋਈ ਰਿਸ਼ਤਾ ਨਹੀਂ ਰੱਖਦਾ। ਇਸਦਾ ਮਤਲਬ ਇਹ ਹੋਇਆ ਕਿ ਪੰਥ ਦੇ ਜਾਗਣ ਦੀ ਗੱਲ ਨੂੰ ਵੀ ਹੁਣ ਦੁਨੀਆਦਾਰ-ਨਜ਼ਰੀਏ ਦੇ ਮਾਪਦੰਡ ਤੋਂ ਹੀ ਦੇਖਿਆ ਜਾਵੇਗਾ। ਰੂਹਾਨੀ ਕੀਮਤਾਂ ਦਾ ਸਿਲਸਿਲਾ ਇਸ ਹੱਦ ਤੱਕ ਟੁੱਟਣ ਲੱਗਾ, ਕਿ ਹਾਲਤ ਇਸ ਹੱਦ ਤੱਕ ਨਿੱਘਰ ਗਈ ਸੀ ਕਿ ਅਰਦਾਸ ਵਿਚ ਕੀਤੇ ਇਕਰਾਰਨਾਮੇ ਦੀ ਵਿਆਖਿਆ ਵੀ ਭਾਈ ਗੁਰਬਖ਼ਸ਼ ਸਿੰਘ ਨੇ ਆਪਣੀ ਲੋੜ ਤੇ ਜ਼ਰੂਰਤ ਮੁਤਾਬਕ ਕਰਨੀ ਸ਼ੁਰੂ ਕਰ ਦਿੱਤੀ। ਕਦੇ ਤਾਂ ਵਾਰ ਵਾਰ ਇਹ ਕਿਹਾ ਕਿ ਜਦੋਂ ਤੱਕ ਛੇ ਸਿੰਘ ਮੇਰੇ ਸਾਹਮਣੇ ਖੜੇ ਨਹੀਂ ਕੀਤੇ ਜਾਂਦੇ, ਉਦੋਂ ਤੱਕ ਮੈਂ ਭੁੱਖ ਹੜਤਾਲ ਨਹੀਂ ਛੱਡਾਂਗਾ ਅਤੇ ਸੰਸਾਰ ਨੂੰ 'ਆਖ਼ਰੀ ਫਤਿਹ' ਬੁਲਾ ਦਿਆਂਗਾ। ਫਿਰ ਕਦੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਰਦਾਸ ਤਾਂ ਤਿੰਨ ਸਿੰਘਾਂ ਦੀ ਰਿਹਾਈ ਤੱਕ ਹੀ ਸੀਮਤ ਸੀ ਅਰਥਾਤ ਭਾਈ ਸਾਹਿਬ ਵਲੋਂ ਤਰਾਂ-ਤਰਾਂ ਦੇ ਬਿਆਨ ਜਾਰੀ ਹੋਣ ਲੱਗੇ। ਅਸੀਂ ਇਹ ਸਭ ਗੱਲਾਂ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸਭ ਕੁਝ ਚੈਨਲਾਂ ਨੇ ਰਿਕਾਰਡ ਵਿਚ ਰੱਖਿਆ ਹੋਇਆ ਹੈ।

ਭਾਈ ਗੁਰਬਖ਼ਸ਼ ਸਿੰਘ ਨੇ ਭੁੱਖ ਹੜਤਾਲ ਦੇ ਆਰੰਭਕ ਦੌਰ ਵਿਚ ਬਗ਼ਾਵਤ ਦੀ ਸੁਰ ਤਿੱਖੀ ਰੱਖੀ, ਪਰ ਅੰਤਿਮ ਦੌਰ ਵਿਚ ਪਰਿਵਾਰ ਨਾਲ ਅਤੇ ਦੁਨੀਆ ਨਾਲ ਮੋਹ ਦੇ ਰਿਸ਼ਤੇ ਮੁੜ ਜਾਗ ਉੱਠੇ। ਭਾਸ਼ਣ ਕਰਨ ਦਾ ਸ਼ੌਕ ਵੀ ਉਹਨਾਂ ਅੰਦਰ ਜ਼ੋਰ ਫੜ ਗਿਆ ਅਤੇ ਇਹਨਾਂ ਤਕਰੀਰਾਂ ਵਿਚ ਆਪਾ-ਵਿਰੋਧੀ ਅਤੇ ਗ਼ੈਰ-ਸਿਧਾਂਤਕ ਗੱਲਾਂ ਹੋਣ ਲੱਗੀਆਂ। ਉਹਨਾਂ ਦੀ ਬੋਲ-ਬਾਣੀ ਅਤੇ ਬਾਡੀ-ਲੈਂਗੂਏਜ ਉਤੇ ਉਠਣ ਵਾਲੇ ਸਵਾਲ ਵੀ ਦੱਬੀ ਜ਼ੁਬਾਨ ਵਿਚ ਸਾਹਮਣੇ ਆਉਣ ਲੱਗੇ। ਉਹਨਾਂ ਵਲੋਂ ਵਾਰ ਵਾਰ ਇਹ ਟਿੱਪਣੀਆਂ ਦੁਹਰਾਉਣੀਆਂ ਸ਼ੁਰੂ ਹੋਈਆਂ ਕਿ ਅਕਾਲ ਤਖ਼ਤ ਸੁਪਰੀਮ ਹੈ, ਸਰਵਉੱਚ ਹੈ ਅਤੇ ਮੈਂ ਅਕਾਲ ਤਖ਼ਤ ਅੱਗੇ ਨਤਮਸਤਕ ਹਾਂ।

ਇਸ ਟਿੱਪਣੀ ਉਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਸੀ। ਅਕਾਲ ਤਖ਼ਤ ਸਾਹਿਬ ਦਾ ਨਾਮ ਆਉਣ ਨਾਲ ਹੀ ਖ਼ਾਲਸਾ ਪੰਥ ਦੇ ਸੁੱਚੇ ਹਿਰਦਿਆਂ ਵਿਚ ਰੂਹਾਨੀ ਕੰਬਣੀ ਛਿੜ ਜਾਂਦੀ ਹੈ ਅਤੇ ਖ਼ਾਲਸਾ ਪੰਥ ਦਾ ਸ਼ਾਨਾਮੱਤਾ ਇਤਿਹਾਸ ਉਜਾਗਰ ਹੋ ਜਾਂਦਾ ਹੈ। ਪਰ ਜਦੋਂ ਭਾਈ ਸਾਹਿਬ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਥੇਦਾਰ ਵੀ ਸੁਪਰੀਮ ਹੈ ਅਤੇ ਉਹ ਇਸ ਲਈ ਸੁਪਰੀਮ ਹੈ, ਕਿਉਂਕਿ ਉਸਨੂੰ ਛੇਵੇਂ ਪਾਤਸ਼ਾਹ ਨੇ ਥਾਪਿਆ ਹੁੰਦਾ ਹੈ, ਤਾਂ ਉਸ ਸਮੇਂ ਇਤਿਹਾਸ ਦੇ ਗੰਭੀਰ ਜਾਣਕਾਰਾਂ ਨੇ ਵੀ ਅਤੇ ਮੀਡੀਆ ਵਿਚ ਵੀ ਇਹ ਗੱਲਾਂ ਹੋਣ ਲੱਗੀਆਂ ਕਿ ਭਾਈ ਸਾਹਿਬ ਭੁੱਖ ਹੜਤਾਲ ਤੋਂ ਛੁਟਕਾਰੇ ਦਾ ਕੋਈ ਰਸਤਾ ਤਲਾਸ਼ ਕਰ ਰਹੇ ਹਨ, ਕੋਈ ਖ਼ੂਬਸੂਰਤ ਬਹਾਨਾ ਲੱਭ ਰਹੇ ਹਨ।

ਮੀਡੀਆ ਦੇ ਇਕ ਵੀਰ ਨੇ ਤਾਂ ਇਹ ਭਵਿੱਖਬਾਣੀ ਵੀ ਕਰ ਦਿੱਤੀ ਕਿ ਹੁਣ ਜਥੇਦਾਰ ਸਾਹਿਬ ਦੀ ਵਿਚੋਲਗਿਰੀ ਦਾ ਐਲਾਨ ਕਿਸੇ ਸਮੇਂ ਵੀ ਅਕਾਲ ਤਖ਼ਤ ਤੋਂ ਆਇਆ ਸਮਝੋ। ਇਹ ਭਵਿੱਖਬਾਣੀ ਸੱਚੀ ਸਾਬਤ ਹੋਈ। ਪੰਜ ਸਿੰਘ ਸਾਹਿਬਾਨ ਨੇ ਭਾਈ ਸਾਹਿਬ ਨੂੰ ਭੁੱਖ ਹੜਤਾਲ ਛੱਡਣ ਦਾ ਆਦੇਸ਼ ਜਾਰੀ ਕਰ ਦਿੱਤਾ। ਪਰ ਇਹ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਉਹ ਇਸ ਮਹਾਨ ਇਤਿਹਾਸਕ ਵਿਰਸੇ ਨੂੰ ਭੁੱਲ ਗਏ ਕਿ ਭੁੱਖ ਹੜਤਾਲ ਤੋੜਨ ਦਾ ਸਬੰਧ ਅਰਦਾਸ ਦੀ ਸ਼ਰਤ ਨਾਲ ਜੁੜਿਆ ਹੋਇਆ ਹੈ। ਇੰਝ ਗੁਰੂਆਂ ਵਲੋਂ ਅਤੇ ਉਹਨਾਂ ਦੇ ਪਿਛੋਂ ਖ਼ਾਲਸਾ ਜੀ ਵਲੋਂ ਸਥਾਪਤ ਕੀਤੇ ਜਗਦੇ-ਮਘਦੇ ਸਿਧਾਂਤਾਂ ਦਾ ਇਤਿਹਾਸ ਇਹਨਾਂ ਜਥੇਦਾਰਾਂ ਨੂੰ ਵੀ ਇਕ ਦਿਨ ਜਵਾਬਦੇਹ ਬਣਾਏਗਾ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਸ ਇਤਿਹਾਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਹੁਣ 'ਆਟੇ ਵਿਚ ਲੂਣ' ਦੇ ਬਰਾਬਰ ਹੈ। ਪਰ ਇਹ ਵੀ ਸੱਚ ਹੈ ਕਿ ਉਹ ਇਤਿਹਾਸ ਪੂਰੀ ਤਰਾਂ ਅਲੋਪ ਨਹੀਂ ਹੋਇਆ। 'ਹਰਿਓ ਬੂਟ' ਅਜੇ ਵੀ ਮੌਜੂਦ ਹਨ। ਇਹ ਸਵਾਲ ਵੀ ਖੜਾ ਹੋ ਗਿਆ ਕਿ ਜਥੇਦਾਰ ਸੁਪਰੀਮ ਕਿਵੇਂ ਹੋ ਸਕਦਾ ਹੈ? ਉਹ ਤਾਂ ਸਰਬੱਤ ਖ਼ਾਲਸੇ ਦੇ ਅਧੀਨ ਹੁੰਦਾ ਹੈ, ਤੇ ਮਹਿਜ਼ ਸਰਬੱਤ ਖ਼ਾਲਸੇ ਦਾ ਤਰਜਮਾਨ ਹੀ ਹੋ ਸਕਦਾ ਹੈ। ਅਕਾਲ ਤਖ਼ਤ ਦੇ ਖੰਡਰਾਂ ਉਤੇ ਖਲੋ ਕੇ, 'ਕੋਠਾ ਸਾਹਿਬ ਠੀਕ-ਠਾਕ ਹੈ' ਕਹਿਣ ਵਾਲਾ ਵੀ ਤਾਂ ਜਥੇਦਾਰ ਹੀ ਸੀ। ਜ਼ਲਿਆਂਵਾਲਾ ਬਾਗ਼ ਦੇ ਸਾਕੇ ਵਿਚ ਸੈਂਕੜੇ ਲੋਕਾਂ ਦੇ ਕਾਤਲ ਜਨਰਲ ਡਾਇਰ ਨੂੰ ਸਨਮਾਨਤ ਕਰਨ ਵਾਲਾ ਵੀ ਤਾਂ ਅਕਾਲ ਤਖ਼ਤ ਦਾ ਜਥੇਦਾਰ ਅਰੂੜ ਸਿੰਘ ਹੀ ਸੀ।

ਭੁੱਖ ਹੜਤਾਲ ਦੌਰਾਨ ਭਾਈ ਸਾਹਿਬ ਜੋ ਕੁਝ ਕਰਦੇ ਰਹੇ, ਉਹ ਵੀ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੇ ਅਣਗਿਣਤ ਸਵਾਲ ਖੜੇ ਕਰਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਸਾਹਿਬ ਭੁੱਖ ਹੜਤਾਲ ਦੌਰਾਨ ਇਕ ਥਾਂ ਸਹਿਜ ਅਵਸਥਾ ਵਿਚ ਟਿਕ ਕੇ ਬੈਠ ਹੀ ਨਹੀਂ ਸਕੇ। ਆਪਣੀ ਮਰਜ਼ੀ ਨਾਲ ਆਨੰਦਪੁਰ ਸਾਹਿਬ ਵੱਲ ਚੱਲ ਪਏ, ਆਪਣੀ ਮਰਜ਼ੀ ਨਾਲ ਫਤਿਹਗੜ ਸਾਹਿਬ ਵੱਲ ਰਵਾਨਗੀ ਪਾ ਲਈ, ਆਪਣੀ ਮੌਜ ਵਿਚ ਆ ਕੇ ਇਕ ਰਾਤ ਅਚਾਨਕ ਫੋਰਟਿਸ ਹਸਪਤਾਲ ਵਿਚ ਜਾ ਦਾਖ਼ਲ ਹੋਏ ਅਤੇ ਇਕ ਵਾਰ ਸਿੰਘ ਸਾਹਿਬਾਨ ਦੇ ਕਹਿਣ 'ਤੇ ਉਸੇ ਹਸਪਤਾਲ ਫਿਰ ਜਾ ਬੈਠੇ, ਫਿਰ ਮੌਜ ਵਿਚ ਆਏ ਤਾਂ ਬੁੜੈਲ ਜੇਲ ਵੱਲ ਇਕ ਸਿੰਘ ਨੂੰ ਰਿਹਾਅ ਕਰਾਉਣ ਲਈ ਚਾਲੇ ਪਾ ਲਏ ਤੇ ਖਾਲੀ ਹੱਥੀਂ ਵਾਪਸ ਵੀ ਆਏ। ਫਿਰ ਓੜਕ ਨੂੰ ਅਕਾਲ ਤਖ਼ਤ ਸਾਹਿਬ ਵੱਲ ਚੱਲ ਪਏ ਤੇ ਉਥੇ ਫਿਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕਰਵਾਉਣ ਲੱਗੇ। ਪਰ ਦਿਲਚਸਪ ਗੱਲ ਇਹ ਸੀ ਕਿ ਕਾਗਜ਼ਾਂ ਵਿਚ ਭੁੱਖ ਹੜਤਾਲ ਅਜੇ ਵੀ ਜਾਰੀ ਸੀ।

ਕੀ ਭੁੱਖ ਹੜਤਾਲ ਸ਼ਬਦ ਦਾ ਮਜ਼ਾਕ ਤਾਂ ਨਹੀਂ ਉਡਾਇਆ ਗਿਆ? ਕੀ ਦਵਾਈਆਂ ਦਾ ਸੇਵਨ ਭੁੱਖ ਹੜਤਾਲ ਵਿਚ ਸ਼ਾਮਲ ਹੁੰਦਾ ਹੈ? ਕੀ ਭਾਈ ਸਾਹਿਬ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਥਾਂ 'ਤੇ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ, ਉਸ ਥਾਂ ਨੂੰ 7ਵੇਂ ਪਾਤਸ਼ਾਹ ਗੁਰੂ ਹਰਰਾਇ ਸਾਹਿਬ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ? ਕੀ ਉਹਨਾਂ ਚਰਨਾਂ ਵਿਚ ਬੈਠ ਕੇ ਭਾਈ ਸਾਹਿਬ ਉਹਨਾਂ ਸਾਰੇ ਰੂਹਾਨੀ ਦ੍ਰਿਸ਼ਾਂ ਦੀ ਫ਼ਿਲਮ ਦਾ ਨਜ਼ਾਰਾ ਨਹੀਂ ਸੀ ਮਾਣ ਸਕਦੇ, ਜਿਹੜੇ ਦ੍ਰਿਸ਼ ਉਹ ਆਨੰਦਪੁਰ ਸਾਹਿਬ ਜਾਂ ਫਤਿਹਗੜ ਸਾਹਿਬ ਵਿਚ ਦੇਖਣ ਦੀ ਤਾਂਘ ਰੱਖਦੇ ਸਨ?

ਤੇ ਉਸ ਰਾਤ ਉਹ ਲਮਹੇ ਉਹਨਾਂ ਵੀਰਾਂ ਨੂੰ ਉਮਰ ਭਰ ਰੁਆਉਂਦੇ ਰਹਿਣਗੇ, ਜਦੋਂ ਉਹਨਾਂ ਵੇਖਿਆ ਭਾਈ ਸਾਹਿਬ ਦੀ ਨੇੜਤਾ ਅਚਾਨਕ ਉਹਨਾਂ ਲੋਕਾਂ ਨਾਲ ਹੋ ਗਈ, ਜੋ ਸਰਕਾਰਾਂ ਦੀ ਮਨਜ਼ੂਰ-ਏੇ-ਨਜ਼ਰ ਹੁੰਦੇ ਹਨ। ਜਿਉਂ ਹੀ ਉਹਨਾਂ ਲੋਕਾਂ ਦੇ ਪੈਰ ਕੰਪਲੈਕਸ ਵਿਚ ਪਏ, ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਉਹਨਾਂ ਨੂੰ ਗਲਵਕੜੀਆਂ ਪਾਈਆਂ ਗਈਆਂ। ਭਾਈ ਅਮਰੀਕ ਸਿੰਘ ਅਜਨਾਲਾ, ਜਿਨਾਂ ਨੇ ਭੁੱਖ ਹੜਤਾਲ ਦੀ ਸਫ਼ਲਤਾ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ ਅਤੇ ਜਿਨਾਂ ਨੇ ਅੰਬ ਸਾਹਿਬ ਕੰਪਲੈਕਸ ਵਿਚ ਹੀ ਡੇਰੇ ਲਾ ਰੱਖੇ ਸਨ, ਉਹ ਇਸ ਦ੍ਰਿਸ਼ ਨੂੰ ਦੇਖ ਕੇ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੇ ਤੇ ਆਪਣੇ ਘਰਾਂ ਨੂੰ ਚਾਲੇ ਪਾ ਲਏ। ਇਕ ਹੋਰ ਵੀਰ ਧਾਹਾਂ ਮਾਰ ਕੇ ਰੋ ਰਿਹਾ ਸੀ ਜਦਕਿ ਸੰਘਰਸ਼ ਵਿਚ ਸਹਿਯੋਗ ਕਰ ਰਹੀ ਕਮੇਟੀ ਹੁਣ ਇਕ ਤਰਾਂ ਨਾਲ 'ਵਿਚਾਰੀ ਜਿਹੀ ਤੇ ਗਰੀਬੜੀ ਜਿਹੀ' ਬਣ ਕੇ ਰਹਿ ਗਈ ਸੀ। ਇਕ ਮਹੀਨੇ ਤੋਂ ਵੀ ਉਪਰ ਜਮਾਂ ਕੀਤੇ ਮਿਹਨਤ ਦੇ ਕੀਮਤੀ ਖ਼ਜ਼ਾਨੇ ਨੂੰ 'ਕੋਈ ਹੋਰ ਹੀ' ਲੁੱਟ ਕੇ ਲੈ ਗਏ ਸਨ। ਜਿਹੜੇ ਲੁੱਟੇ ਗਏ, ਉਹ ਉਰਦੂ ਦੇ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਇਸ ਸ਼ੇਅਰ ਵਿਚੋਂ ਤਸੱਲੀ ਲੱਭ ਸਕਦੇ ਹਨ:

ਸੁਰ ਕਰੋ ਸਾਜ਼ ਕੇ ਛੇੜੇਂ ਕੋਈ ਦਿਲ-ਸੋਜ਼ ਗ਼ਜ਼ਲ
ਢੂੰਡਤਾ ਹੈ ਦਿਲੇ-ਸ਼ੋਰੀਦਾ ਬਹਾਨੇ ਕਬ ਸੇ

ਖੁੱਲੇ ਅਰਥ: ਆਓ ਦਿਲਰੁਬਾ ਦੀਆਂ ਤਾਰਾਂ ਨੂੰ ਸੁਰ ਕਰੀਏ, ਕਿਉਂਕਿ ਕਮਲਾ ਮਨ ਅੱਜ ਦਰਦ ਭਰੀ ਦਾਸਤਾਨ ਸੁਣਾਉਣ ਲਈ ਉਤਾਵਲਾ ਹੈ

...ਤੇ ਉਸ ਰਾਤ ਉਹ ਲਮਹੇ ਉਹਨਾਂ ਵੀਰਾਂ ਨੂੰ ਉਮਰ ਭਰ ਰੁਆਉਂਦੇ ਰਹਿਣਗੇ, ਜਦੋਂ ਉਹਨਾਂ ਵੇਖਿਆ ਭਾਈ ਸਾਹਿਬ ਦੀ ਨੇੜਤਾ ਅਚਾਨਕ ਉਹਨਾਂ ਲੋਕਾਂ ਨਾਲ ਹੋ ਗਈ, ਜੋ ਸਰਕਾਰਾਂ ਦੀ ਮਨਜ਼ੂਰ-ਏੇ-ਨਜ਼ਰ ਹੁੰਦੇ ਹਨ।
ਜਿਉਂ ਹੀ ਉਹਨਾਂ ਲੋਕਾਂ ਦੇ ਪੈਰ ਕੰਪਲੈਕਸ ਵਿਚ ਪਏ, ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਉਹਨਾਂ ਨੂੰ ਗਲਵਕੜੀਆਂ ਪਾਈਆਂ ਗਈਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top