[http://www.khalsanews.org/top.html]

 Share on Facebook

Main News Page

ਪੰਜਾਬ ਵਿੱਚ ਪਿਛਲੇ ਦਸ ਵਰ੍ਹਿਆਂ ’ਚ ਦੁੱਗਣੀ ਹੋਈ ਸ਼ਰਾਬ ਦੀ ਖ਼ਪਤ

ਦਰਸ਼ਨ ਸਿੰਘ ਸੋਢੀ, ਮੁਹਾਲੀ, 25 ਫਰਵਰੀ
ਅਕਾਲੀ-ਭਾਜਪਾ ਸਰਕਾਰ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪਹਿਲਾਂ ਤਾਂ ਸਰਕਾਰ ਤੰਬਾਕੂ ਉਤਪਾਦਾਂ ’ਤੇ ਵੈਟ ਘਟਾ ਚੁੱਕੀ ਹੈ ਹੁਣ ਸ਼ਰਾਬ ਤੋਂ ਵੀ ਕਰੋੜਾਂ ਰੁਪਏ ਇਕੱਠੇ ਕਰਨ ਦੇ ਰਾਹ ਪੈ ਗਈ ਹੈ। ਅਜਿਹਾ ਹੋਣ ਨਾਲ ਪੰਜਾਬੀ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਉਂਜ ਵੀ ਰਾਜ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਅਤੇ ਖਪਤ ਦੁੱਗਣੀ ਹੋ ਗਈ ਹੈ ਜਦਕਿ ਇਸ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੀ ਗਿਣਤੀ ਕਾਫੀ ਘਟੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੇ ਟਿੱਪਣੀ ਕੀਤੀ ਕਿ ਸਰਕਾਰ ਪੰਜਾਬ ਨੂੰ ਨਸ਼ੇੜੀ ਬਣਾ ਕੇ ਕਿਹੜੀ ਤਰੱਕੀ ਦੀ ਰਾਹ ’ਤੇ ਲੈ ਕੇ ਜਾ ਰਹੀ ਹੈ। ਪੰਜਾਬ ਕੈਬਨਿਟ ਵੱਲੋਂ ਪਾਸ ਕੀਤੀ ਗਈ ਆਬਕਾਰੀ ਨੀਤੀ ਅਨੁਸਾਰ ਪੰਜਾਬ ਨੂੰ 2014-15 ਲਈ 33 ਕਰੋੜ ਬੋਤਲ ਸ਼ਰਾਬ ਦਾ ਕੋਟਾ ਮਿਥਿਆ ਗਿਆ ਹੈ। ਪਿਛਲੇ ਦਸ ਸਾਲਾਂ ਵਿੱਚ ਪੰਜਾਬ ਵਿੱਚ ਸ਼ਰਾਬ ਦੀ ਖਪਤ ਕਰੀਬ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਕ 2008 ਵਿੱਚ ਪੰਜਾਬ ਵਿੱਚ 19 ਕਰੋੜ ਬੋਤਲ ਸ਼ਰਾਬ ਵੇਚੀ ਗਈ, ਜੋ 2010 ਵਿੱਚ 29 ਕਰੋੜ ਬੋਤਲ ਹੋ ਗਈ ਅਤੇ ਹੁਣ ਚਾਰ ਸਾਲਾਂ ਵਿੱਚ ਹੋਰ ਚਾਰ ਕਰੋੜ ਬੋਤਲ ਦੀ ਵਿਕਰੀ ਵਧ ਗਈ ਹੈ। ਸਾਲ 2005 ਵਿੱਚ ਸੂਬੇ ਵਿੱਚ ਸ਼ਰਾਬ ਦੇ 5652 ਠੇਕੇ ਸਨ, ਜੋ ਵਧ ਕੇ 10,157 ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਨੂੰ 20 ਤੋਂ 25 ਹਜ਼ਾਰ ਕਰੋੜ ਦੀ ਸ਼ਰਾਬ ਪਿਲਾ ਦਿੱਤੀ ਜਾਵੇ, ਉਹ ਪੰਜਾਬ ਖੁਸ਼ਹਾਲ ਕਿਵੇਂ ਹੋ ਸਕਦਾ ਹੈ। ਜੇਕਰ ਸੂਬੇ ਦੇ ਲੋਕ ਨਸ਼ੇ ਨਾ ਕਰਨ ਤਾਂ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਹੈ ਪਰ ਨਸ਼ੇ ਦੀ ਆਮਦਨ ’ਤੇ ਸਰਕਾਰ ਚਲਾਉਣ ਦੀਆਂ ਯੋਜਨਾਵਾਂ ਪੰਜਾਬ ਨੂੰ ਤਬਾਹ ਕਰ ਦੇਣਗੀਆਂ।

ਭਾਈ ਹਰਦੀਪ ਸਿੰਘ ਨੇ ਕਿਹਾ ਕਿ ਅੰਕੜੇ ਦੱਸਦੇ ਹਨ ਕਿ 60 ਫੀਸਦੀ ਸਕੂਲੀ ਬੱਚੇ ਅਤੇ 70 ਫੀਸਦੀ ਕਾਲਜ ਪੜ੍ਹਦੇ ਵਿਦਿਆਰਥੀ ਨਸ਼ਾ ਕਰਨ ਦੇ ਆਦੀ ਹੋ ਰਹੇ ਹਨ। ਰਾਜ ਦੇ 69 ਫੀਸਦੀ ਪੇਂਡੂ ਪਰਿਵਾਰਾਂ ਵਿੱਚ ਕੋਈ ਮੈਂਬਰ ਦਸਵੀਂ ਪਾਸ ਵੀ ਨਹੀਂ ਹੈ। ਸਿੱਖਿਆ ਵਿੱਚ ਪੰਜਾਬ 10ਵੇਂ ਨੰਬਰ ’ਤੇ ਚੱਲ ਰਿਹਾ ਹੈ ਜਦਕਿ ਸ਼ਰਾਬ ਵਿੱਚ ਮੋਹਰੀ ਸੂਬਾ ਹੈ। ਸਰਕਾਰ ਪੰਜਾਬ ਵਿੱਚ ਤੰਬਾਕੂ ’ਤੇ ਵੈਟ ਘਟਾ ਕੇ ਤੰਬਾਕੂ ਨੂੰ ਹੱਲਾਸ਼ੇਰੀ ਦੇ ਰਹੀ ਹੈ ਜਦਕਿ ਚਾਹੀਦਾ ਇਹ ਹੈ ਕਿ ਤੰਬਾਕੂ ’ਤੇ ਪੰਜਾਬ ਵਿੱਚ ਮੁਕੰਮਲ ਪਾਬੰਦੀ ਲੱਗੇ। ਪ੍ਰੋਗਰੈਸਿਵ ਪੰਜਾਬ ਸੰਮੇਲਨ ਵਿੱਚ ਤੰਬਾਕੂ ਕੰਪਨੀਆਂ ਦੇ ਮੁਖੀਆਂ ਨਾਲ ਸਟੇਜ ਸਾਂਝੀ ਕਰਨ ਤੋਂ ਸਰਕਾਰ ਦੀ ਨੀਤੀ ਸਾਫ਼ ਹੋ ਜਾਂਦੀ ਹੈ ਕਿ ਉਹ ਅਜਿਹੀਆਂ ਫੈਕਟਰੀਆਂ ਰਾਜ ਵਿੱਚ ਲਿਆ ਕੇ ਪੰਜਾਬ ਨੂੰ ਗਰਕ ਕਰਨਾ ਚਾਹੁੰਦੀ ਹੈ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਹੁਣ ਤੱਕ ਸੱਤਾ ’ਤੇ ਕਾਬਜ਼ ਰਹੀਆਂ ਸਾਰੀਆਂ ਸਿਆਸੀ ਧਿਰਾਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੂੰ ਨਸ਼ਿਆਂ ਦੇ ਮੁੱਦੇ ’ਤੇ ਇੱਕ ਦੂਜੇ ਵਿਰੁਧ ਦੂਸ਼ਣਬਾਜ਼ੀ ਕਰਨ ਦੀ ਥਾਂ ਗੰਭੀਰਤਾ ਨਾਲ ਆਪਣੀ ਯੋਜਨਾ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਕਿਸ ਤਰ੍ਹਾਂ ਪੰਜਾਬ ਨੂੰ ਨਸ਼ੇ, ਸ਼ਰਾਬ ਅਤੇ ਤੰਬਾਕੂ ਤੋਂ ਮੁਕਤ ਕਰਨਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top