Share on Facebook

Main News Page

ਦੇਸ਼ ਕੌਮ - ਭਾਗ ਪਹਿਲਾ
-: ਪ੍ਰਭਦੀਪ ਸਿੰਘ, ਟਾਈਗਰ ਜਥਾ ਯੂ.ਕੇ

ਜਦੋਂ ਅਸੀਂ ਇਸ ਸ਼ਬਦ ਨੂੰ ਬਾਹਰੀ ਨੁਕਤਾ ਨਜ਼ਰ ਨਾਲ ਦੇਖਦੇ ਹਾਂ, ਤਾਂ ਬੜਾ ਸਰਲ ਅਤੇ ਸਿੱਧਾ ਸਾਦਾ ਜਿਹਾ ਇਸ ਸ਼ਬਦ ਦਾ ਅਰਥ ਭਾਵ ਸਾਡੇ ਹਿਰਦਿਆਂ 'ਤੇ ਉਕਰਿਆ ਹੋਇਆ ਹੈ ਅਤੇ ਇਸ ਸ਼ਬਦ ਨੂੰ ਅਸੀਂ ਇੱਕ ਪੂਰਨ ਸ਼ਬਦ ਦੇ ਰੂਪ ਵਿੱਚ ਹੀ ਦੇਖਦੇ ਹਾਂ। ਪਰ ਅਸਲ ਵਿੱਚ ਇਹ ਸ਼ਬਦ ਜਿੰਨਾ ਹੀ ਬਾਹਰੀ ਤੌਰ 'ਤੇ ਸਰਲ ਜਾਪਦਾ ਹੈ, ਉਨਾਂ ਹੀ ਗੁੰਝਲਦਾਰ ਬੁਝਾਰਤ ਦੀ ਨਿਆਈਂ ਹੈ। ਬਿੱਪਰ ਵੱਲੋਂ ਇਜ਼ਾਦ ਕੀਤਾ ਗਿਆ ਇਹ ਮਿਸ਼ਰਤ ਸ਼ਬਦ ਸਿੱਖਾਂ ਜਾਂ ਭਾਰਤ ਵਿੱਚ ਰਹਿਣ ਵਾਲੀਆਂ ਹੋਰ ਘੱਟ ਗਿਣਤੀਆਂ ਲਈ ਇੱਕ ਧੀਮੀ ਗਤੀ ਵਾਲੇ ਜਹਿਰ (Slow Poison) ਦੇ ਰੂਪ ਵਿੱਚ ਕੰਮ ਕਰ ਰਿਹਾ ਹੈ।

ਕੀ ਇਹ ਸ਼ਬਦ ਇੱਕ ਪੂਰਨ ਸ਼ਬਦ ਹੈ?

ਥੋੜਾ ਜਿਹਾ ਹੀ ਗਹਿਰਾਈ ਵਿੱਚ ਜਾ ਕੇ ਵੇਖੀਏ ਤਾਂ ਇਹ ਸਾਰੀ ਉਲਝਨ ਹੱਲ ਹੋ ਜਾਂਦੀ ਹੈ ਕਿ ਇਹ ਇੱਕ ਪੂਰਨ ਸ਼ਬਦ ਨਹੀਂ ਹੈ, ਸਗੋਂ ਅੱਲਗ-ਅੱਲਗ ਦੋ ਸ਼ਬਦਾਂ ਨੂੰ ਮੇਲ ਕੇ ਬਿੱਪਰ ਵੱਲੋਂ ਇੱਕ ਸ਼ਬਦ ਬਣਾ ਦਿੱਤਾ ਗਿਆ ਹੈ। ਮਿਸਾਲ ਦੇ ਤੌਰ 'ਤੇ, "ਦੇਸ਼" ਆਪਣੇ ਆਪ ਵਿੱਚ ਪੂਰਨ ਸ਼ਬਦ ਹੈ ਅਤੇ ਦੂਜੇ ਪਾਸੇ "ਕੌਮ" ਆਪਣੇ ਆਪ ਵਿੱਚ ਇੱਕ ਪੂਰਨ ਸ਼ਬਦ। ਇੱਕ ਦੇਸ਼ ਕਈ ਕੌਮਾਂ ਦੇ ਸਮੂਹ ਤੋਂ ਬਣਦਾ ਹੈ, ਜਾਂ ਇੰਝ ਕਹਿ ਲਵੋ ਕਿ ਇੱਕ ਹੀ ਕੌਮ ਕਈ ਦੇਸ਼ਾਂ ਵਿੱਚ ਭੀ ਪਾਈ ਜਾ ਸਕਦੀ ਹੈ। ਮਿਸਾਲ ਦੇ ਤੌਰ 'ਤੇ ਭਾਰਤ ਵਿੱਚ ਸਿੱਖ, ਹਿੰਦੂ, ਮੁਸਲਮਾਨ, ਬੋਧੀ, ਜੈਨੀ, ਪਾਰਸੀ, ਇਸਾਈ ਕਈ ਕੌਮਾਂ ਵੱਸਦੀਆਂ ਹਨ, ਜੋ ਇੱਕ ਦੇਸ਼ ਦਾ ਨਿਰਮਾਣ ਕਰਦੀਆਂ ਹਨ ਜਿਸਨੂੰ ਅਸੀਂ ਭਾਰਤ ਆਖਦੇ ਹਾਂ।

ਇਸ ਸ਼ਬਦ ਦੀ ਬਾਰ-ਬਾਰ ਦੁਰਵਰਤੋਂ ਕਿਉ ਸ਼ੁਰੂ ਹੋਈ?

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਹੀ ਇਹਨਾ ਦੋ ਸ਼ਬਦਾਂ ਦੀ ਇੱਕ ਸਾਂਝੇ ਰੂਪ ਵਿੱਚ ਵਰਤੋਂ ਸ਼ੁਰੂ ਹੋਈ ਜਾਪਦੀ ਹੈ। ਰਾਜਨੀਤਿਕ ਹਿੰਦੂ ਜਮਾਤ ਬੜੀ ਚਲਾਕ ਜਮਾਤ ਹੈ। ਹਜ਼ਾਰਾਂ ਸਾਲ ਦੀ ਗੁਲਾਮੀ ਭੋਗਣ ਤੋਂ ਬਾਅਦ ਜਦੋਂ ਇਹਨਾਂ ਨੂੰ ਅੰਗਰੇਜ ਰਾਜ ਦੇ ਅਖੀਰਲੇ ਦਹਾਕਿਆਂ ਵਿੱਚ ਇਹ ਮਹਿਸੂਸ ਹੋਇਆ ਕਿ ਹੁਣ ਉਹ ਸਮਾਂ ਆ ਗਿਆ ਕਿ ਇਹ ਗੁਲਾਮੀ ਤੋਂ ਛੁਟਕਾਰਾ ਪਾ ਕੇ, ਰਾਜਸੀ ਕੁਰਸੀਆਂ ਦਾ ਆਨੰਦ ਮਾਣਿਆ ਜਾਵੇ, ਤਾਂ ਇਸ ਜਮਾਤ ਨੇ ਆਪਣੀ ਇਸ ਇੱਛਾ ਪੂਰਤੀ ਲਈ ਮੋਹਰੇ ਲੱਭਣੇ ਸ਼ੁਰੂ ਕਰ ਦਿੱਤੇ। ਮੁਸਲਿਮ ਕੌਮ ਤਾਂ ਪਹਿਲਾਂ ਹੀ ਮੁਸਲਿਮ ਲੀਗ ਦੇ ਤੌਰ 'ਤੇ ਆਪਣੀ ਰਾਜਸੀ ਆਜ਼ਾਦੀ ਦੀ ਗੱਲ ਕਰ ਰਹੀ ਸੀ, ਇਸ ਲਈ ਇਹਨਾ ਕੋਲੋਂ ਇਹ ਆਸ ਕਰਨੀ ਕਿ ਇਹ ਸਾਨੂੰ ਰਾਜ ਲੈ ਕੇ ਦੇਣਗੇ, ਐਵੇਂ ਸੀ ਜਿਵੇ ਕੋਈ ਝੋਟਿਆਂ ਵਾਲੇ ਘਰੋਂ ਲੱਸੀ ਦੀ ਆਸ ਕਰੇ। ਬੋਧੀਆਂ, ਜੈਨੀਆਂ, ਪਾਰਸੀਆਂ ਅਤੇ ਭਾਰਤ ਵਿੱਚ ਇਸਾਈਆ ਕੋਲੋਂ ਭੀ ਇਹ ਆਸ ਨਹੀਂ ਰੱਖੀ ਜਾ ਸਕਦੀ ਸੀ, ਕਿਉਂਕਿ ਇਹਨਾਂ ਕੌਮਾਂ ਦੀ ਪਿੱਠ ਭੀ ਕਿਸੇ ਰਾਜਸੀ ਆਜ਼ਾਦੀ ਲਈ ਜੂਝਣ ਲਈ ਨਹੀਂ ਲੱਗਦੀ। ਹੁਣ ਅਖੀਰ 'ਤੇ ਸਿੱਖ ਕੌਮ ਦੇ ਰੂਪ ਵਿੱਚ ਇਹਨਾਂ ਕੋਲੋਂ ਇੱਕ ਹੀ ਆਸ ਰਹਿ ਗਈ ਸੀ।

 ਸਿੱਖ ਕੌਮ

ਸਿੱਖ ਕੌਮ ਹੀ ਇੱਕ ਐਸੀ ਕੌਮ ਸੀ, ਜਿੰਨਾ ਦੇ ਧਰਮ ਗਰੰਥ ਦਾ ਫਲਸਫਾ ਰਾਜਸੀ ਇਨਕਲਾਬ ਦੀ ਗੱਲ ਕਰਦਾ ਹੈ ਅਤੇ ਜਿੰਨਾ ਨੇ ਇਸ ਵਿਚਾਰਧਾਰਾ ਦਾ ਬਾਬਾ ਬੰਦਾ ਸਿੰਘ ਬਹਾਦੁਰ ਦੁਆਰਾ ਸਿੱਖ ਰਾਜ ਸਥਾਪਿਤ ਕਰਕੇ ਪਰਤੱਖ ਪ੍ਰਮਾਣ ਭੀ ਪੇਸ਼ ਕੀਤਾ ਸੀ। ਸਿਰਦਾਰ ਰਣਜੀਤ ਸਿੰਘ ਦਾ ਪੰਜਾਬ ਰਾਜ ਖਾਲਸਾਈ ਪਰੰਪਰਾਵਾਂ ਤੇ ਪੂਰਾ ਖਰਾ ਨਹੀਂ ਉੱਤਰਦਾ ਸੀ, ਪਰ ਫਿਰ ਭੀ ਇਹ ਰਾਜ ਰਵਾਇਤੀ ਪ੍ਰਚਿਲਤ ਰਾਜਸ਼ਾਹੀ ਦਾ ਕਾਫੀ ਹੱਦ ਤੱਕ ਖੰਡਨ ਕਰਦਾ ਸੀ ਅਤੇ ਇਸ ਕੱਟੜ ਹਿੰਦੂ ਜਮਾਤ ਨੂੰ ਇਹ ਦੋ ਵੱਡੇ ਇਤਿਹਾਸਿਕ ਵਰਤਾਰੇ ਕਿਵੇਂ ਭੁੱਲ ਸਕਦੇ ਸਨ। ਜਿਸ ਲਈ ਸਿੱਖ ਕੌਮ ਹੀ ਇੱਕ ਐਸੀ ਕੌਮ ਸੀ ਜਿੰਨਾ ਕੋਲੋਂ ਇਹਨਾਂ ਨੂੰ ਇਹ ਆਸ ਪੂਰੀ ਹੁੰਦੀ ਜਾਪਦੀ ਸੀ।

ਕੀ ਰਾਜਸੀ ਅਤੇ ਕੱਟੜ ਹਿੰਦੂ ਜਮਾਤ ਨੂੰ ਅੰਗਰੇਜਾਂ ਦੇ ਭਾਰਤ ਛੱਡਣ ਤੋਂ ਬਾਅਦ ਸਿੱਖਾਂ ਵੱਲੋਂ ਆਪਣੇ ਖੁੱਸੇ ਹੋਏ ਰਾਜ ਨੂੰ ਵਾਪਿਸ ਲੈਣ ਸੰਬੰਧੀ ਡਰ ਸਤਾ ਰਿਹਾ ਸੀ?

ਇਸ ਜਮਾਤ ਨੂੰ ਇਸ ਗੱਲ ਦਾ ਜਰਾ ਭੀ ਡਰ ਨਹੀਂ ਸੀ ਕਿਉਂਕਿ ਸਿੱਖਾਂ ਦੀ ਕੌਮੀ ਚੇਤਨਾ ਉਦੋਂ ਤੱਕ ਪੂਰੀ ਤਰਾਂ ਧੁੰਦਲੀ ਪੈ ਚੁੱਕੀ ਸੀ। ਜਿਸ ਦੀ ਸਭ ਤੋਂ ਵੱਡੀ ਮਿਸਾਲ ਇਹਨਾ ਦੇ ਆਪਣੇ ਹੀ ਸਰਦਾਰਾਂ ਵੱਲੋਂ ਅੰਗਰੇਜਾਂ ਨਾਲ ਮਿਲ ਕੇ ਰਣਜੀਤ ਸਿੰਘ ਦੇ ਰਾਜ ਦਾ ਖਾਤਮਾ ਕਰਵਾਉਣਾ ਅਤੇ ਨਾਲ ਹੀ ਹਿੰਦੂ ਜਮਾਤ ਇਹ ਕਿਵੇਂ ਭੁੱਲ ਸਕਦੀ ਸੀ ਕਿ ਜਿੰਨ੍ਹਾਂ ਨੇ ਇਹਨਾਂ ਦਾ ਰਾਜ ਖੋਇਆ, ਇਹ ਉਹਨਾਂ ਦੀ ਹੀ ਬਸਤੀਵਾਦੀ ਨੀਤੀ ਨੂੰ ਕਾਇਮ ਰੱਖਣ ਲਈ ਇਹ 83,000 ਹਜ਼ਾਰ ਦੇ ਕਰੀਬ ਜਾਨਾ ਹਲੂਣ ਕੇ ਲੜ ਗਏ। ਹੁਣ ਇਹ ਹਿੰਦੂ ਜਮਾਤ ਸਿਰਫ ਇਸ ਆੜ ਵਿੱਚ ਸੀ ਕਿ ਸਿੱਖਾਂ ਨੂੰ ਭਾਰਤ ਦੀ ਆਜ਼ਾਦੀ ਲਈ ਇੱਕ ਮੋਹਰੇ ਦੇ ਰੂਪ ਵਿੱਚ ਕਿਵੇਂ ਵਰਤਿਆ ਜਾਵੇ।

ਕਾਫੀ ਸੋਚ ਵਿਚਾਰ ਤੋਂ ਬਾਅਦ ਇਹਨਾਂ ਦੇ ''Think Tanks'' ਇਹ ਨੀਤੀ ਦਿੰਦੇ ਹਨ ਕਿ ਸਿੱਖਾਂ ਅਤੇ ਇਹਨਾਂ ਦੇ ਸਿੱਖ ਗੁਰੂਆਂ ਨੂੰ ਭਾਰਤ ਨੇ ਨਾਇਕ ਬਣਾ ਕੇ ਪੇਸ਼ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਤੋਂ ਕੰਮ ਸ਼ੁਰੂ ਹੋਇਆ ਅਤੇ ਆਰਿਆ ਸਮਾਜੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਦੇਸ਼ੀ ਗੁਰੂ ਘੋਸ਼ਿਤ ਕਰਦੇ ਹੋਏ ਗੁਰੂ ਸਾਹਿਬ ਵੱਲੋਂ ਰਾਗ ਆਸਾ ਵਿੱਚ ਉਚਾਰੀ ਬਾਣੀ ''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ'' ਦੇ ਅਰਥਾਂ ਦੇ ਅਨਰਥ ਕਰਕੇ ਗੁਰੂ ਨਾਨਕ ਸਾਹਿਬ ਨੂੰ ਹਿੰਦੁਸਤਾਨ ਦਾ ਰਾਖਾ ਘੋਸ਼ਿਤ ਕੀਤਾ ਗਿਆ।

ਇਥੇ ਇਹ ਯਾਦ ਰਹੇ ਕਿ ਗੁਰੂ ਦਾ ਦਰਜਾ ਦੇਸ਼ੀ (ਭਾਰਤੀ) ਨਹੀਂ ਹੁੰਦਾ, ਸਗੋਂ ਸਰਬਦੇਸ਼ੀ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਵੱਲੋਂ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਇਸ ਦੀ ਮੂਹੋਂ ਬੋਲਦੀ ਮਿਸਾਲ ਹੈ, ਅਤੇ ਭਾਈ ਗੁਰਦਾਸ ਦੀ ਵਾਰ ''ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ'' ਭੀ ਗੁਰੂ ਦੇ ਸਰਬਦੇਸ਼ੀ ਹੋਣ ਦੀ ਗਵਾਈ ਭਰਦੀ ਹੈ। ਇਹ ਸਿਲਸਲਾ ਇਸੇ ਤਰਾਂ ਜਾਰੀ ਰਿਹਾ ਅਤੇ ਗੁਰੂ ਅਰਜੁਨ ਪਾਤਸ਼ਾਹ ਜੀ ਨੂੰ ਭੀ ਬਾਹਰੋ ਹੋਈ ਕਾਬਜ ਮੁਗਲ ਕੌਮ ਦਾ ਹੀ ਵਿਰੋਧੀ ਪੇਸ਼ ਕੀਤਾ ਗਿਆ। ਗੁਰੂ ਤੇਗ ਬਹਾਦੁਰ ਜੀ ਨੂੰ ਹਿੰਦੂ ਧਰਮ ਦਾ ਰੱਖਿਅਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਮੁਗਲ ਰਾਜ ਦੀ ਜੜ ਪੁੱਟਣ ਵਾਲੇ ਪੇਸ਼ ਕਰਕੇ ਇਹਨਾ ਨੇ ਭੋਲੇ-ਭਾਲੇ ਸਿੱਖਾਂ ਦੇ ਮਨ ਜਿੱਤਣੇ ਸ਼ੁਰੂ ਕਰ ਦਿੱਤੇ ਅਤੇ ਸਿੱਖਾਂ ਨੂੰ ਭੀ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਹਿੰਦੂ ਨਾਲ ਸਿੱਖ ਦਾ ਨਹੂੰ-ਮਾਸ ਵਾਲਾ ਰਿਸ਼ਤਾ ਹੈ ਅਤੇ ਸਿੱਖ ਗੁਰੂ ਭੀ ਭਾਰਤ ਦੇਸ਼ ਦੀ ਆਜ਼ਾਦੀ ਲਈ ਲੜੇ।

ਸਿੱਖ ਕੌਮ ਦੇ ਇਸ ਭੁਲੇਖੇ ਦਾ ਹੀ ਫਾਇਦਾ ਉਠਾਉਂਦੇ ਹੋਏ ਹਿੰਦੂ ਆਗੂਆਂ ਨੇ ਸਿੱਖਾਂ ਦੀ ਜੰਗੀ ਸਪਿਰਟ ਅੰਗਰੇਜ ਰਾਜ ਤੋਂ ਛੁਟਕਾਰਾ ਪਾਉਣ ਲਈ ਵਰਤੀ ਅਤੇ ਸਿੱਟੇ ਵਜੋਂ ਇਸ ਮਿਸ਼ਨ ਲਈ ਭਾਰਤ ਵਿੱਚ ਆਬਾਦੀ ਪੱਖੋਂ 2% ਤੋਂ ਘੱਟ ਪਾਈ ਜਾਣ ਵਾਲੀ ਇਹ ਕੌਮ 86% ਤੋਂ ਵੱਧ ਕੁਰਬਾਨੀਆਂ ਦੇ ਗਏ। ਜਿਥੇ ਹਿੰਦੂ ਅੰਗਰੇਜਾਂ ਤੋਂ ਆਜ਼ਾਦੀ ਲਈ ਜੂਝ ਰਿਹਾ ਸੀ, ਉਥੇ ਨਾਲ ਹੀ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਇੱਕ ਕੌਮਵਾਦ ਦੇ ਸੰਕਲਪ ਦੇ ਰੰਗ ਵਿੱਚ ਰੰਗਣ ਦੀਆਂ ਨੀਤੀਆਂ ਭੀ ਜੋਰਾਂ ਤੇ ਪ੍ਰਚਾਰ ਰਿਹਾ ਸੀ। ਦੇਸ਼ ਅਤੇ ਕੌਮ ਸ਼ਬਦ ਦੀ ਇੱਕਠੀ ਵਰਤੋਂ ਭੀ ਇਸੇ ਹੀ ਨੀਤੀ ਦਾ ਹਿੱਸਾ ਪ੍ਰਤੀਤ ਹੁੰਦੀ ਹੈ। ਬਾਰ ਬਾਰ ਦੇਸ਼ ਕੌਮ ਦਾ ਨਾਅਰਾ ਨਿਰੋਲ ਹਿੰਦੂ ਰਾਸਟਰਵਾਦੀ ਨੀਤੀ ਦੀ ਹਾਮੀ ਭਰਦਾ ਹੈ। ਜਦੋਂ ਤੁਸੀਂ ਦੇਸ਼ ਦੀ ਗੱਲ ਕਰਦੇ ਹੋ ਤਾਂ ਸਪੱਸ਼ਟ ਹੈ ਕਿ ਭਾਰਤ ਦੀ ਗੱਲ ਚੱਲ ਰਹੀ ਹੈ ਪਰ ਇਸ ਨਾਲ ਕੌਮ ਸ਼ਬਦ ਦਾ ਇੱਕਵਚਨ ਰੂਪ ਇਥੋ ਦੀ ਬਹੁਗਿਣਤੀ ਹਿੰਦੂ ਕੌਮ ਦੀ ਹੀ ਤਰਜਮਾਨੀ ਕਰਦਾ ਹੈ। ਇਹੀ ਇੱਕ ਵੱਡਾ ਕਾਰਣ ਹੈ ਕਿ ਇਸ ਦੇਸ਼ ਦੇ ਸੰਵਧਾਨਿਕ ਨਾਮ ਭਾਰਤ ਨੂੰ ਛੱਡ ਅੱਜ ਹਰ ਇੱਕ ਕੱਟੜ ਹਿੰਦੂ ਇਸਨੂੰ ਹਿੰਦੁਸਤਾਨ ਕਹਿਣ ਵਿੱਚ ਮਾਣ ਮਹਿਸੂਸ ਕਰਦਾ ਹੈ।

ਭਾਰਤ ਵਿੱਚ ਇੱਕ ਕੌਮਵਾਦ ਜਾਂ ਦੇਸ਼ ਕੌਮ ਦੇ ਸੰਕਲਪ ਦਾ ਖੁੱਲਾ ਐਲਾਨ

ਵੈਸੇ ਭਾਵੇਂ ਸਾਡੇ ਵਿੱਚ ਇਹ ਹੁਣ ਹਲਚੱਲ ਸ਼ੁਰੂ ਹੋਈ ਹੈ ਕਿ ਬੀ.ਜੇ.ਪੀ ਦਾ ਹੀ ਅੰਗ ਆਰ.ਐਸ.ਐਸ ਸਿੱਖਾਂ ਨੂੰ ਨਿਗਲਣ ਲਈ ਹਲਕਾਈ ਹੋਈ ਪੰਜਾਬ ਦੇ ਪਿੰਡ-ਪਿੰਡ ਵਿੱਚ ਆਪਣੇ ਸਿੱਖੀ ਭੇਸ ਵਿੱਚ ਸੈਂਟਰ ਖੋਲਦੀ ਫਿਰ ਰਹੀ ਹੈ, ਪਰ ਇਹ ਇਹਨਾਂ ਦਾ ਇੱਕ ਦਮ ਪ੍ਰਗਟ ਹੋਇਆ ਕੋਈ ਨਵਾਂ ਵਰਤਾਰਾ ਨਹੀਂ ਹੈ ਸਗੋਂ ਭਾਰਤ ਦੀਆਂ ਦੋਵੇਂ ਵੱਡੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਬੀ.ਜੇ.ਪੀ ਦੋਵਾਂ ਪਾਰਟੀਆਂ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇੱਕ ਹੀ ਵਿਧਾਨ ਅਤੇ ਏਜੰਡਾ ਹੈ ਕਿ ਭਾਰਤ ਵਿੱਚ ਇੱਕ ਕੌਮਵਾਦ ਪੈਦਾ ਕਰਨਾ। ਇਹਨਾਂ ਪਾਰਟੀਆਂ ਦੀਆਂ ਚੋਣਾ ਵੇਲੇ ਹੁੰਦੇ ਘੋਲ ਸਿਰਫ ਰਾਜਸੀ ਸੱਤਾ ਹਾਸਿਲ ਕਰਨ ਸੰਬੰਧੀ ਹੈ, ਪਰ ਇਹ ਦੋਵੇਂ ਆਪਣੀਆਂ ਨੀਤੀਆਂ ਪ੍ਰਤੀ ਪੂਰੀ ਤਰਾਂ ਸਪੱਸ਼ਟ ਹਨ। ਕਾਂਗਰਸ ਘੱਟ ਗਿਣਤੀ ਵਾਲੀ ਸਿੱਖ ਕੌਮ ਦਾ ਕਤਲੇਆਮ ਕਰਕੇ ਇਹ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਬੀ.ਜੇ.ਪੀ ਭਾਰਤ ਵਿੱਚ ਘੱਟ ਗਿਣਤੀ ਮੁਸਲਮਾਨਾਂ ਨੂੰ ਮਾਰ ਕੇ ਇਹ ਸੁਪਨਾ ਪੂਰਾ ਕਰਨਾ ਲੋਚਦੀ ਹੈ। ਆਰ.ਐਸ.ਐਸ ਜੋ ਬੀ.ਜੇ.ਪੀ ਦਾ ਹੀ ਵਿੰਗ ਹੈ, ਇਹਨਾ ਦੀਆਂ ਕਿਤਾਬਾਂ ਸ਼ਰੇਆਮ ਹੋਕਾ ਦੇ ਕੇ ਕਹਿ ਰਹੀਆਂ ਹਨ ਕਿ:

The non-Hindu people of Hindustan must either adopt Hindu culture and languages, must learn and respect and hold in reverence the Hindu religion, must entertain no idea but of those of glorification of the Hindu race and culture...in a word they must cease to be foreigners; Or may stay in the country, wholly subordinated to the Hindu nation, claiming nothing, deserving no privileges, far less any preferential treatment— not even citizens' rights. - by M.S Golwalkar, Second Head Chief of RSS

Source: http://new.modernrationalist.com/2012/09/social-values-expected-to-develop-a-sense-of-national-integration-in-india-nagesh-chaudhary/

ਅੱਜ ਇਸ ਰਾਜਸੀ ਹਿੰਦੂ ਜਮਾਤ ਨੂੰ ਇੱਕ ਦੇਸ਼ ਕੌਮ ਜਾਂ ਇੱਕ ਰਾਸ਼ਟਰਵਾਦ ਵਾਲਾ ਸੁਪਨਾ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ। ਰਾਜਸੀ ਸ਼ਕਤੀ ਬਹੁਤ ਵੱਡਾ ਹਥਿਆਰ ਹੁੰਦਾ ਹੈ। ਰਾਜ ਸ਼ਕਤੀ ਜਿਹੋ ਜਿਹਾ ਚਾਹੇ ਸਮਾਜ ਸਿਰਜ ਸਕਦੀ ਹੈ। ਗੁਰੂ ਸਾਹਿਬ ਦੀ ਗੁਰਬਾਣੀ ਰਾਹੀ ਸਾਨੂੰ ਇਹ ਗੱਲ ਬਾਖੂਬੀ ਸਮਝਾ ਰਹੇ ਹਨ ਕਿ ''ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ'' ।। ਸਾਡੇ ਵੱਲੋਂ ਸਟੇਜਾਂ ਤੋਂ ਪ੍ਰਚਾਰੀਆਂ ਜਾ ਰਹੀਆਂ ਆਦਰਸ਼ਵਾਦੀ ਨੀਤੀਆਂ ਪ੍ਰੇਰਨਾ ਸਰੋਤ ਤਾਂ ਹੋ ਸਕਦੀਆਂ ਹਨ, ਪਰ ਅਭਿਆਸ ਤੋਂ ਬਿਨਾ ਰਾਜ ਸ਼ਕਤੀ ਅੱਗੇ ਬਹੁਤਾ ਸਮਾਂ ਨਹੀਂ ਟਿੱਕ ਸਕਦੀਆਂ। ਇਹ ਰਾਜ ਸ਼ਕਤੀ ਹੀ ਇਹ ਕੱਟੜ ਹਿੰਦੂ ਜਮਾਤ ਨੂੰ ਇਹਨਾ ਦਾ ਦੇਸ਼ ਕੌਮ ਵਾਲਾ ਸੁਪਨਾ ਪੂਰਾ ਹੁੰਦਾ ਦਿਖਾ ਰਹੀ ਹੈ।

ਦੇਸ਼ ਕੌਮ (ਇੱਕ ਰਾਸਟਰਵਾਦ) ਦੀ ਨੀਤੀ ਤੋਂ ਕਿਵੇਂ ਬਚਿਆ ਜਾਵੇ?

ਇਹ ਵਿਸ਼ਾ ਇੱਕ ਹੋਰ ਲੇਖ ਦੀ ਮੰਗ ਕਰਦਾ ਹੈ ਜੋ ਛੇਤੀ ਹੀ ਪਾਠਕਾਂ ਨਾਲ ਸਾਂਝਾ ਕੀਤਾ ਜਾਵੇਗਾ।

ਚਲਦਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top