Share on Facebook

Main News Page

ਨਾਨਕਸ਼ਾਹੀ ਕੈਲੰਡਰ ਦੀ ਹੋਂਦ ਬਚਾਉਣ ਲਈ ਜਥੇਦਾਰ ਨੰਦਗੜ੍ਹ ਵੱਲੋਂ ਲਿਆ ਗਿਆ ਦ੍ਰਿੜ ਸਟੈਂਡ ਸ਼ਲਾਘਾਯੋਗ

* ਜਥੇਦਾਰ ਨੰਦਗੜ੍ਹ ਦਾ ਅਸਤੀਫਾ ਲੈਣ ਲਈ ਸੁਖਬੀਰ ਬਾਦਲ ਵੱਲੋਂ ਪਾਇਆ ਜਾ ਰਿਹਾ ਦਬਾਅ ਅਤਿ ਨਿੰਦਣਯੋਗ

ਬਠਿੰਡਾ, 21 ਦਸੰਬਰ (ਕਿਰਪਾਲ ਸਿੰਘ) : ਨਾਨਕਸ਼ਾਹੀ ਕੈਲੰਡਰ ਦੀ ਹੋਂਦ ਬਚਾਉਣ ਲਈ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਲਿਆ ਗਿਆ ਦ੍ਰਿੜ ਸਟੈਂਡ ਜਿੱਥੇ ਭਰਪੂਰ ਸ਼ਲਾਘਾਯੋਗ ਹੈ ਉਥੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਿੰਘ ਸਾਹਿਬ ਜੀ ਦੇ ਸਤਿਕਾਰ ਨੂੰ ਢਾਹ ਲਾਉਣ ਵਾਲੇ ਧਾਰਨ ਕੀਤੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਦੇ ਕਨਵੀਨਰ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਖਗੋਲ/ਤਾਰਾ ਵਿਗਿਆਨੀਆਂ, ਇਤਿਹਾਸਕਾਰਾਂ ਅਤੇ ਪੰਥਕ ਵਿਦਵਾਨਾਂ ਦੇ ਵੀਚਾਰਨ ਵਾਲਾ ਹੈ, ਪਰ ਜਿਸ ਤਰ੍ਹਾਂ ਇਸ ਨੂੰ ਰਾਜਨੀਤਕ ਧੌਂਸ ਨਾਲ ਬਦਲਣ ਦੇ ਕੋਝੇ ਜਤਨ ਕੀਤੇ ਜਾ ਰਹੇ ਹਨ ਇਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਡਾ ਧਰਮ ਅਤੇ ਰਾਜਨੀਤੀ ਇਕੱਠੀ ਦੱਸਣ ਵਾਲਿਆਂ ਦੀ ਸੁਆਰਥੀ ਨੀਤੀ ਧਰਮ ’ਤੇ ਕਿਤਨੀ ਹਾਵੀ ਹੋ ਗਈ ਹੈ।

ਉਨ੍ਹਾਂ ਕਿਹਾ ਧਰਮ ’ਤੇ ਹਾਵੀ ਹੋਈ ਇਹ ਨੀਤੀ ਸਿਰਫ ਸਿੱਖ ਕੌਮ ਦੇ ਵੱਖਰੇ ਕੈਲੰਡਰ ਦੀ ਹੋਂਦ ਲਈ ਹੀ ਨਹੀਂ ਬਲਕਿ ਸਿੱਖ ਧਰਮ ਦੀ ਵੱਖਰੀ ਹੋਂਦ ਲਈ ਵੀ ਭਾਰੀ ਖਤਰਾ ਬਣ ਗਈ ਹੈ। ਕਿਰਪਾਲ ਸਿੰਘ ਆਪਣੇ ਵਫਦ ਸਮੇਤ ਜਥੇਦਾਰ ਨੰਦਗੜ੍ਹ ਵੱਲੋਂ ਲਏ ਗਏ ਦ੍ਰਿੜ ਸਟੈਂਡ ਕਾਰਣ ਉਨ੍ਹਾਂ ਦਾ ਵਿਸ਼ੇਸ ਧੰਨਵਾਦ ਕਰਨ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਸਨ। ਇਸ ਸਮੇਂ ਉਨ੍ਹਾਂ ਨਾਲ ਪ੍ਰਿੰ: ਚਮਕੌਰ ਸਿੰਘ, ਕਿੱਕਰ ਸਿੰਘ, ਜਸਵੰਤ ਸਿੰਘ, ਸੁਖਦਰਸ਼ਨ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਰੰਧਾਵਾ ਹਾਜਰ ਸਨ।

ਕਿਰਪਾਲ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੇਂ ਸਮੇਂ ਸਿਰ ਅਪਣਾਏ ਜਾ ਰਹੇ ਦੋਗਲੇ ਕਿਰਦਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ 1982 ਵਿੱਚ ਇਸੇ ਸ: ਬਾਦਲ ਨੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਵਾਲੀ ਸੰਵਿਧਾਨ ਦੀ ਧਾਰਾ 25 ਨੂੰ ਸਾੜ ਕੇ ਸਿੱਖ ਧਰਮ ਨੂੰ ਵੱਖਰੀ ਕੌਮ ਐਲਾਨੇ ਜਾਣ ਦੀ ਮੰਗ ਕੀਤੀ ਸੀ ਪਰ ਉਸ ਉਪ੍ਰੰਤ ਲਗਾਤਾਰ 32 ਸਾਲ ਇਸ ਧਾਰਾ ਵਿੱਚ ਸੋਧ ਕਰਵਾਉਣ ਲਈ ਕੋਈ ਕਦਮ ਨਹੀਂ ਪੁੱਟਿਆ ਅਤੇ ਇਸ ਵਿਸ਼ੇ ’ਤੇ ਆਪਣੀ ਜੁਬਾਨ ਬਿਲਕੁਲ ਬੰਦ ਰੱਖੀ।

ਪਿਛਲੀਆਂ ਚੋਣਾਂ ਮੌਕੇ ਸੰਵਿਧਾਨ ਦੀ ਧਾਰਾ 25 ਸਾੜੇ ਜਾਣ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਦਸਦਿਆਂ ਆਪਣਾ ਸਪਸ਼ਟੀ ਕਰਨ ਦਿੱਤਾ ਕਿ ਉਹ ਸੰਵਿਧਾਨ ਦੀ ਧਾਰਾ ਸਾੜੇ ਜਾਣ ਦੇ ਹੱਕ ਵਿੱਚ ਨਹੀਂ ਸਨ ਪਰ ਪਾਰਟੀ ਦੇ ਹੁਕਮ ਨੂੰ ਮੰਨਦਿਆਂ ਉਨ੍ਹਾਂ ਨੂੰ ਇਹ ਗਲਤੀ ਕਰਨੀ ਪਈ ਸੀ। ਇਹ ਸਪਸ਼ਟੀਕਰਨ ਦਿੱਤੇ ਜਾਣ ਦਾ ਇੱਕੋ ਕਾਰਣ ਸੀ ਕਿ ਇਸ ਦੀ ਭਾਈਵਾਲ ਭਾਜਪਾ; ਸਿੱਖਾਂ ਨੂੰ ਵੱਖਰੀ ਕੌਮ ਮੰਨਣ ਲਈ ਤਿਆਰ ਨਹੀਂ ਹੈ; ਇਸ ਲਈ ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਲਈ ਹੀ ਸ: ਬਾਦਲ ਨੇ ਆਪਣੀ ਹੀ ਪਾਰਟੀ ਦੇ ਸਟੈਂਡ ਨੂੰ ਗਲਤ ਦੱਸਿਆ। ਪਰ ਹੁਣ ਕਿਉਂਕਿ ਭਾਜਪਾ-ਅਕਾਲੀ ਦਲ ਸਬੰਧ ਕੁਝ ਵਿਗੜੇ ਹੋਏ ਹਨ ਇਸ ਲਈ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਲਈ ਫਿਰ ‘ਸਿੱਖ ਵੱਖਰੀ ਕੌਮ’ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ।

ਹੁਣ ਇੱਕੋ ਸਮੇਂ ਦੂਹਰਾ ਸਟੈਂਡ ਲੈ ਕੇ ਸ: ਬਾਦਲ ਆਪਣਾ ਦੋਗਲਾ ਚਿਹਰਾ ਆਪ ਹੀ ਨੰਗਾ ਕਰ ਰਹੇ ਹਨ। ਇੱਕ ਪਾਸੇ ਤਾਂ ਉਹ ਸਿੱਖ ਵੱਖਰੀ ਕੌਮ ਦਾ ਰਾਗ ਅਲਾਪ ਰਹੇ ਹਨ ਅਤੇ ਦੂਸਰੇ ਪਾਸੇ ਸੰਤ ਸਮਾਜ ਨੂੰ ਖੁਸ਼ ਕਰਨ ਵਾਸਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਜਥੇਦਾਰ ਨੰਦਗੜ੍ਹ ਜੀ ਨੂੰ ਮਨਾਉਣ ਲਈ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਅਤੇ ਅਸਤੀਫਾ ਲੈਣ ਲਈ ਅਕਾਲੀ ਦਲ ਦੇ ਬਹੁਤ ਹੀ ਛੋਟੀ ਪੱਧਰ ਦੇ ਆਗੂ ਭੇਜੇ ਜਾਣ ਦੀ ਕਾਰਵਾਈ ਨੇ ਸਿੱਖਾਂ ਦਾ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਕਿ ਉਹ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਤੋਂ ਕਿਸ ਤਰ੍ਹਾਂ ਸਿਰ ’ਤੇ ਡੰਡਾ ਰੱਖ ਕੇ ਫੈਸਲੇ ਕਰਵਾਉਂਦੇ ਹਨ। ਜਥੇਦਾਰ ਨੰਦਗੜ੍ਹ ਨੇ ਇਸ ਦਬਾਅ ਅੱਗੇ ਝੁਕਣ ਤੋਂ ਦ੍ਰਿੜਤਾ ਨਾਲ ਨਾਂਹ ਕਰਕੇ ਤਖ਼ਤ ਸਾਹਿਬਾਨਾਂ ਦਾ ਸਨਮਾਨ ਬਹਾਲ ਕਰਵਾਉਣ ਦੀ ਹਿੰਮਤ ਵਿਖਾਈ ਹੈ ਇਸ ਲਈ ਸਮੁੱਚਾ ਪੰਥ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹਨ ਲਈ ਤਿਆਰ ਹੈ। ਜੇ ਕਰ ਸਤਾ ਦੇ ਨਸ਼ੇ ਵਿੱਚ ਚੂਰ ਬਾਦਲ ਪਿਉ ਪੁੱਤਰ ਨੇ ਹਾਲੀ ਵੀ ਕੰਧ ’ਤੇ ਲਿਖਿਆ ਨਾ ਪੜ੍ਹਿਆ ਤਾਂ ਇਸ ਵਿੱਚੋਂ ਰਾਜਨੀਤਕ ਲਾਹਾ ਖੱਟਣ ਲਈ ਗੋਟੀਆਂ ਖੇਡ ਰਿਹਿਆਂ ਨੂੰ ਇਹ ਕੋਝੀ ਰਾਜਨੀਤਕ ਚਾਲ ਵੀ ਮਹਿੰਗੀ ਪਏਗੀ, ਕਿਉਂਕਿ ਹੁਣ ਸਿੱਖ ਜਗਤ ਪੂਰੀ ਤਰ੍ਹਾਂ ਜਾਗ੍ਰਤ ਹੋ ਗਿਆ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top