Share on Facebook

Main News Page

ਬੇਸ਼ੱਕ ਸਿਆਸਤ ਦੀ ਖੇਡ ਹੋਵੇ ਜਾਂ ਕਬੱਡੀ ਦੀ ਬਾਦਲ ਵਰਿਵਾਰ ਹਮੇਸ਼ਾਂ ਰੋਂਡੀ ਹੀ ਰਿਹਾ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਖੇਡ ਅਤੇ ਖਿਡਾਰੀ ਦੋ ਪਵਿਤਰ ਸ਼ਬਦ ਹਨ। ਜਿੰਦਗੀ ਵੀ ਇੱਕ ਖੇਡ ਹੈ ਅਤੇ ਪ੍ਰਾਣੀ ਇੱਕ ਖਿਡਾਰੀ ਹੈ। ਸੰਸਾਰ ਖੇਡ ਦਾ ਮੈਦਾਨ ਹੈ ਅਤੇ ਇਤਿਹਾਸ ਰੈਫਰੀ ਹੈ, ਜਿਹੜਾ ਜੀਵਨ ਦੀ ਜਿੱਤ ਹਾਰ ਦਾ ਫੈਸਲਾ ਦਿੰਦਾ ਹੈ ਅਤੇ ਆਮ ਤੌਰ ਤੇ ਬਹੁਤ ਵਾਰੀ ਖੇਡ ਮੇਲਿਆਂ ਤੇ ਬੋਲਣ ਵਾਲੇ ਲੀਡਰ ਵੀ ਇਹੀ ਬੋਲਦੇ ਹਨ ਕਿ ਖੇਡਾਂ ਵਾਸਤੇ ਇੱਕ ਨਰੋਏ ਤੇ ਰਿਸ਼ਟ ਪੁਸ਼ਟ ਸਰੀਰ ਦੀ ਜਰੂਰਤ ਹੁੰਦੀ ਹੈ ਤੇ ਨਿਰੋਏ ਸਰੀਰ ਵਿਚ ਇੱਕ ਬਲਵਾਨ ਆਤਮਾ ਹੁੰਦੀ ਹੈ। ਇਸ ਵਾਸਤੇ ਸਾਨੂੰ ਸਿਆਸੀ ਲੋਕਾਂ ਨੂੰ ਵੀ ਖੇਡ ਮੈਦਾਨ ਤੋਂ ਸਿੱਖਿਆ ਮਿਲਦੀ ਹੈ ਅਤੇ ਲੈਣੀ ਵੀ ਚਾਹੀਦੀ ਹੈ ਕਿ ਚੋਣਾਂ ਵਿੱਚ ਬਹੁਤ ਸਾਰੀਆਂ ਤਲਖੀਆਂ ਹੋ ਜਾਂਦੀਆਂ ਹਨ, ਪਰ ਉਹਨਾਂ ਸਾਰੀਆਂ ਗੱਲਾਂ ਨੂੰ ਇੱਕ ਖੇਡ ਮੈਦਾਨ ਵਿੱਚ ਜਿਵੇ ਖਿਡਾਰੀ ਜਿੱਤ ਵਾਸਤੇ ਇੱਕ ਦੂਜੇ ਨਾਲ ਜੂਝਦੇ ਹਨ ਲੇਕਿਨ ਜਿਤ ਹਰ ਦਾ ਫੈਸਲਾ ਹੁੰਦੇ ਗਲਵਕੜੀਆਂ ਪਾਕੇ ਇੱਕ ਦੂਜੇ ਨੂੰ ਮਿਲਦੇ ਹਨ।

ਲੇਕਿਨ ਅੱਜ ਦੀ ਸਿਆਸਤ ਨੇ ਖੇਡਾਂ ਨੂੰ ਵੀ ਆਪਣੀ ਸਿਆਸੀ ਖੇਡ ਦਾ ਹਿੱਸਾ ਬਣਾ ਲਿਆ ਹੈ। ਜਿਸ ਦਿਨ ਕਬੱਡੀ ਕੱਪ ਦੀ ਸ਼ੁਰੁਆਤ ਹੋਈ ਸੀ। ਉਸ ਦਿਨ ਲੋਕਾਂ ਨੂੰ ਇੱਕ ਉਮੀਦ ਜਾਗੀ ਸੀ ਕਿ ਠੇਠ ਪੰਜਾਬੀ ਖੇਡ ਅਤੇ ਹਿੱਕ ਦੇ ਜੋਰ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਕਬੱਡੀ ਨੂੰ ਸੰਸਾਰ ਪ੍ਰਸਿੱਧੀ ਮਿਲੇਗੀ। ਦਾਸ ਲੇਖਕ ਦੇ ਮਨ ਵਿੱਚ ਤਾਂ ਉਸ ਦਿਨ ਹੀ ਖ਼ੁਤ ਖ਼ੁਤ ਹੁੰਦੀ ਸੀ ਕਿ ਇਹ ਕਬੱਡੀ ਕੱਪ ਪਿਆਰ ਘੱਟ ਅਤੇ ਸਿਆਸੀ ਸਟੰਟ ਜਿਆਦਾ ਹੈ। ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਅਤੇ ਕਬੱਡੀ ਦੇ ਪਿਆਰ ਕਰਕੇ ਲਿਖਣ ਤੋਂ ਸੰਕੋਚ ਕੀਤਾ ਕਿ ਕਿਸੇ ਖੇਡ ਪ੍ਰੇਮੀਆਂ ਦੇ ਦਿਲ ਤੇ ਸੱਟ ਨਾ ਵੱਜੇ, ਲੋਕ ਕਹਿਣਗੇ ਕਿ ਇਹਨਾਂ ਦਾ ਤਾਂ ਕੰਮ ਹੀ ਬਾਦਲ ਦੇ ਖਿਲਾਫ਼ ਲਿਖਣਾ, ਖਾਂਦੇ ਦੀ ਦਾਹੜੀ ਹਿਲਦੀ ਵਾਲਾ ਸਵਾਲ ਖੜਾ ਹੁੰਦਾ ਸੀ। ਪਰ ਕੱਲ ਓਹ ਹੀ ਹੋ ਨਿਬੜਿਆ, ਜਿਸ ਦਾ ਡਰ ਸੀ। ਅਜਿਹੇ ਖਦਸ਼ੇ ਤਾਂ ਪਹਿਲੇ ਦਿਨੋ ਹੀ ਸਨ। ਪਹਿਲੀਆਂ ਦੋ ਤਿੰਨ ਵਾਰੀਆਂ ਤਾਂ ਸਾਰੇ ਭਾਣਾ ਮੰਨ ਗਏ। ਪਰ ਅਖੀਰ ਖਿਡਾਰੀ ਕਿਹੜੇ ਬਾਦਲ ਦਲ ਦੇ ਵਰਕਰ ਹਨ, ਜਿਹਨਾਂ ਨੇ ਖੁਸ਼ਾਮਦ ਕਰਕੇ ਚੇਅਰਮੈਨੀ ਪ੍ਰਾਪਤ ਕਰਨੀ ਹੈ, ਓਹ ਤਾਂ ਸਰੀਰ ਨੂੰ ਪਾਣੀ ਪਾਣੀ ਕਰਕੇ ਸਾਰਾ ਜੋਰ ਲਾਕੇ ਜਿੱਤ ਦੇ ਮੁਕਾਮ ਉਪਰ ਪਹੁੰਚਦੇ ਹਨ ਅਤੇ ਜੇ ਕੋਈ ਉਹਨਾਂ ਦੀ ਜਿੱਤ ਦੀ ਖੁਸ਼ੀ ਆਖਰੀ ਪਲ ਤੇ ਖੋਹ ਲਵੇ ਤਾਂ ਖਿਡਾਰੀ ਦਾ ਸ਼ੀਸ਼ੇ ਵਰਗਾ ਮਨ ਤਿੜਕ ਜਾਂਦਾ ਹੈ।

ਕੱਲ ਜੋ ਕੁੱਝ ਬਾਦਲ ਪਿੰਡ ਵਿੱਚ ਬਾਦਲ ਗਰਦੀ ਕਰਕੇ ਵਾਪਰਿਆ। ਉਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਪਾਕਿਸਤਾਨੀ ਖਿਡਾਰੀ ਚਿਸ਼ਤੀ ਨੇ ਕਿਹਾ ਹੈ ਸਾਨੂੰ ਪ੍ਰਸ਼ਾਸ਼ਨ ਦੇ ਪਰਭਾਵ ਹੇਠ ਖੇਡਣ ਵਾਸਤੇ ਮਜਬੂਰ ਕੀਤਾ ਗਿਆ, ਜੋ ਇੱਕ ਸ਼ਰਮਨਾਕ ਕਾਰਵਾਈ ਹੈ। ਕੀਹ ਫਰਕ ਪੈਦਾ ਹੈ ਜੇ ਪਾਕਿਸਤਾਨ ਦੀ ਟੀਮ ਜਿਤਦੀ ਸੀ, ਜਿੱਤ ਜਾਣ ਦਿੰਦੇ ਅਤੇ ਅਗਲੀ ਵਾਰ ਕੱਪ ਜਿੱਤਣ ਦੀ ਜੋਰ ਨਾਲ ਤਿਆਰੀ ਕਰਦੇ। ਇਸ ਨਾਲ ਇੱਕ ਤਾਂ ਸਾਡੇ ਖਿਡਾਰੀਆਂ ਨੂੰ ਗਲਤ ਫਹਿਮੀ ਹੋਵੇਗੀ ਕਿ ਕੋਈ ਗੱਲ ਨਹੀਂ ਜੇ ਖੇਡ ਕਮਜ਼ੋਰ ਵੀ ਹੋਵੇਗੀ ਤਾਂ ਪ੍ਰਸ਼ਾਸ਼ਨ ਨੇ ਕੱਪ ਤਾਂ ਜਿਤਾ ਹੀ ਲੈਣਾ ਹੈ। ਦੂਸਰਾ ਅਗਲੀ ਵਾਰ ਨੂੰ ਅਜਿਹੀ ਪੱਖਪਾਤੀ ਸੋਚ ਵੇਖਕੇ ਬਹੁਤੇ ਦੇਸ਼ ਕਬੱਡੀ ਕੱਪ ਵਿਚ ਹਿੱਸਾ ਲੈਣ ਤੋਂ ਇਨਕਾਰ ਵੀ ਕਰ ਸਕਦੇ ਹਨ। ਇਸ ਨਾਲ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਵੀ ਗੰਦੀ ਰਾਜਨੀਤੀ ਦੀ ਸੋਚ ਦੀ ਭੇਂਟ ਚੜਕੇ ਆਪਣੀ ਚੜਤ ਨੂੰ ਖਤਮ ਕਰ ਬੈਠੇਗੀ। ਇੱਕ ਵਾਰ ਦੀ ਧੱਕੇ ਦੀ ਜਿੱਤ ਇੱਕ ਖੇਡ ਦਾ ਭਵਿੱਖ ਵੀ ਖਰਾਬ ਕਰ ਸਕਦੀ ਹੈ।

ਪਰ ਕੀਤਾ ਕਿ ਜਾਵੇ ਜਦੋਂ ਗੁੜਤੀ ਹੀ ਐਸੀ ਹੈ, ਜੋ ਕੁੱਝ ਆਪਣੇ ਵਡੇਰਿਆਂ ਤੋਂ ਸਿੱਖਿਆ ਜਾਂ ਮਿਲਿਆ ਉਸ ਨੂੰ ਹੀ ਵਰਤਣਾ ਜਾਂ ਅਮਲ ਵਿੱਚ ਲਿਆਉਣਾ ਹੁੰਦਾ ਹੈ। ਕਬੱਡੀ ਵਰਲਡ ਕੱਪ ਦੇ ਸਰਪ੍ਰਸਤ ਸ. ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਹੀ ਬੇਈਮਾਨੀ ਨਾਲ ਵੋਟਾਂ ਖਰੀਦਕੇ ਜਾਂ ਬੂਥਾਂ ਤੇ ਕਬਜ਼ੇ ਕਰਨ ਤੋਂ ਆਰੰਭ ਹੋਈ ਹੈ। ਬਾਪੂ ਨੇ ਡੇਢ ਦਰਜਨ ਆਪਣੇ ਸੀਨੀਅਰ ਰਾਜਨੀਤਿਕ ਸਾਥੀਆਂ ਜਿਹਨਾਂ ਦੀ ਉਮਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਹਾਣ ਦੀ ਹੈ, ਸਭ ਨੂੰ ਖੂੰਜੇ ਲਾ ਕੇ ਜਿਵੇ ਰਾਤ ਪਾਕਿਸਤਾਨੀ ਖਿਡਾਰੀਆਂ ਨਾਲ ਕੀਤੀ, ਇੰਜ ਹੀ ਆਪਣੇ ਪੁੱਤਰ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ, ਫਿਰ ਹੁਣ ਜਿਹੜਾ ਇਨਸਾਨ ਸ਼ੁਰੂ ਹੀ ਰੋਂਡ ਪਾਉਣ ਤੋਂ ਹੁੰਦਾ ਹੋਵੇ, ਉਸਤੋਂ ਚੰਗੇ ਦੀ ਉਮੀਦ ਤਾਂ ਮੂਰਖਤਾ ਦੀ ਨਿਸ਼ਾਨੀ ਹੀ ਆਖੀ ਜਾ ਸਕਦੀ ਹੈ।

ਪੰਜਾਬੀ ਜਾਂ ਭਾਰਤੀ ਟੀਮ ਦੀ ਕੱਲ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੇਖ ਕੇ ਸੋਸ਼ਲ ਮੀਡੀਆ ਵਿੱਚ ਬੜੇ ਹੀ ਮਜਾਕ ਚਲਦੇ ਰਹੇ ਕਿ ਸ. ਸੁਖਬੀਰ ਸਿੰਘ ਬਾਦਲ ਕਬੱਡੀ ਕੱਪ ਦੇ ਪਿਤਾਮਾ ਹਨ, ਜੋ ਸਾਰੇ ਮੈਚਾਂ ਵਿੱਚ ਆਪਣੀ ਟੀਮ ਦੇ ਨਾਲ ਪਰਛਾਵੇਂ ਵਾਂਗੂੰ ਰਹੇ, ਪਰ ਮਾਮਾ ਜੀ ( ਬਿਕਰਮਜੀਤ ਸਿੰਘ ਮਜੀਠੀਆ ) ਦੀ ਗੈਰ ਹਾਜਰੀ ਕਰਕੇ ਖਿਡਾਰੀ ਜੌਹਰ ਨਹੀਂ ਦਿਖਾ ਸਕੇ ਕਿਉਂਕਿ ਜੌਹਰ ਦਿਖਾਉਣ ਵਾਲਾ ਜਾਦੂ ਤਾਂ ਉਹਨਾਂ ਦੇ ਆਉਣ ਤੇ ਹੀ ਹੋ ਸਕਦਾ ਸੀ ? ਉਂਜ ਵੀ ਇਹ ਕਬੱਡੀ ਕੱਪ ਦੀ ਜਿਥੇ ਆਮ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਉਥੇ ਕੁੱਝ ਵੱਡੀਆਂ ਫਰਮਾਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਹੀ ਹਲਕਾ ਹਲਕਾ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਰੇ ਬੇਲੋੜੇ ਖਰਚਿਆਂ ਦੀ ਪੂਰਤੀ ਵਾਸਤੇ ਉਹਨਾਂ ਦੀ ਗੋਗੜ ਹੀ ਹਿੱਲਣੀ ਹੈ। ਪਿਛਲੇ ਸਾਰੇ ਜਿਹੜੇ ਮੈਚ ਹੋਏ, ਉਹਨਾਂ ਤੋਂ ਬਾਅਦ ਬਠਿੰਡਾ ਹੋਟਲ ਮਾਲਕਾਂ ਨੇ ਵੀ ਅਖਬਾਰੀ ਬਿਆਨ ਦਿੱਤੇ ਕਿ ਸਾਡੇ ਬਿੱਲ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤੇ। ਜਦੋ ਕਿ ਕਬੱਡੀ ਕੱਪ ਦੇ ਨਾਮ ਤੇ ਅਧਿਕਾਰੀ ਤੇ ਸਿਆਸਤਦਾਨ ਆਪਣੀਆਂ ਜੇਬਾਂ ਗਰਮ ਕਰੀ ਫਿਰਦੇ ਹਨ।

ਆਹ ਮਹੀਨਾ ਓਹ ਮਹੀਨਾ ਹੈ ਜਿਸ ਵਿਚ ਇੱਕ ਵੱਡਾ ਰੂਹਾਨੀ ਕੱਪ ਹੋਇਆ ਸੀ, ਜਿਸ ਵਿੱਚ ਵੇਖਣ ਨੂੰ ਗੁਰੂ ਗੋਬਿੰਦ ਸਿੰਘ ਦੀ ਹਾਰ ਲੱਗਦੀ ਹੈ ਕਿਉਂਕਿ ਸਾਰਾ ਪਰਿਵਾਰ ਸਹੀਦ ਕਰਵਾ ਲਿਆ, ਘਰ ਘਾਟ ਬਰਬਾਦ ਕਰਵਾ ਲਿਆ ,ਖੁਦ ਪਾਟੇ ਚੋਲੇ, ਨੰਗੇ ਪੈਰਾਂ ਨਾਲ, ਬਾਜ ਤੇ ਘੋੜੇ ਤੋਂ ਬਗੈਰ, ਧਰਤੀ ਦੀ ਸੇਜ਼ ਅਤੇ ਟਿੰਡ ਦਾ ਸਿਰਹਾਨਾ ਹੀ ਨਸੀਬ ਹੋਇਆ। ਵੇਖਣ ਨੂੰ ਵਜੀਦਾ ਜਿੱਤ ਗਿਆ ਲੱਗਦਾ ਸੀ। ਪਰ ਜਦੋਂ ਸਰਹਿੰਦ ਜਾਈਏ ਇੱਕ ਪਾਸੇ ਸ਼ਹੀਦਾਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਝੂਲਦੇ ਹਨ, ਇੱਕ ਪਾਸੇ ਸਮੇਂ ਦੇ ਜੇਤੂਆਂ ਦੀ ਸਲਤਨਤ ਦਾ ਥੇਹ ਬਣਿਆ ਦਿਸਦਾ ਹੈ। ਕਦੇ ਔਰੰਗਾਬਾਦ ਜਾਓ ਤਾਂ ਔਰੰਗਜ਼ੇਬ ਦੀ ਕਬਰ ਤੇ ਕਬੂਤਰ ਵਿੱਠਾਂ ਕਰਦੇ ਹਨ। ਪਰ ਸੱਚ ਜਿੱਤਦਾ ਹੈ, ਇਹਨਾਂ ਦਿਨਾਂ ਵਿਚ ਗੁਰੂ ਨੇ ਸਰਬੰਸ ਵਾਰਕੇ ਜੋ ਜਿੱਤ ਜਿੱਤੀ, ਅੱਜ ਉਸ ਦਾ ਅਸਰ ਦਿਸਦਾ ਹੈ, ਇੱਕ ਨਿਰਾਲੀ ਕੌਮ ਆਪਣੇ ਰਹਿਬਰ ਨੂੰ ਯਾਦ ਕਰਦੀ ਹੈ। ਪਰ ਧੱਕੇ ਦੀ ਜਿੱਤ ਜਿੱਤੇ ਵਜ਼ੀਦੇ ਨੂੰ ਕੋਈ ਯਾਦ ਕਰਨ ਨਹੀਂ ਆਉਂਦਾ। ਹੋਰ ਨਹੀਂ ਤਾਂ ਇਸ ਮਹੀਨੇ ਵਿਚ ਜੇ ਕਬੱਡੀ ਕੱਪ ਕਰਵਾਉਣਾ ਹੀ ਸੀ ਤਾਂ ਇਹ ਖਿਆਲ ਤਾਂ ਰੱਖ ਲਿਆ ਜਾਂਦਾ ਕਿ ਇਸ ਮਹੀਨੇ ਵਿੱਚ ਗੁਰੂ ਨੇ ਇੱਕ ਧੱਕੇ ਦੇ ਖਿਲਾਫ਼ ਅਤੇ ਇੱਕ ਸਿਧਾਂਤ ਨੂੰ ਪ੍ਰਪੱਕ ਕਰਦਿਆਂ ਆਪਣਾ ਸਭ ਕੁੱਝ ਗਵਾ ਦਿੱਤਾ ਸੀ, ਕੀਹ ਅਸੀਂ ਕਬੱਡੀ ਦੀ ਸੰਸਾਰ ਭਰ ਵਿੱਚ ਹਰਮਨ ਪਿਆਰਤਾ ਕਾਇਮ ਰਖਣ ਵਾਸਤੇ ਇੱਕ ਹਾਰ ਬਰਦਾਸ਼ਿਤ ਨਹੀਂ ਕਰ ਸਕਦੇ ਸੀ?

ਉਂਜ ਵੀ ਇਸ ਖੇਡ ਨੂੰ ਆਪਣੀ ਸਿਆਸਤ ਦੀ ਖੇਡ ਤੋਂ ਅਲੱਗ ਰਖਿਆ ਜਾਵੇ ਤਾਂ ਬਿਹਤਰ ਹੋਵੇਗਾ। ਖਿਡਾਰੀਆਂ ਤੇ ਕੋਈ ਦਬਾਅ ਪਾਉਣਾ ਜਾਂ ਖੇਡ ਮੈਦਾਨ ਵਿੱਚ ਪਖਪਾਤ ਕਰਨਾਂ ਵੀ ਇੱਕ ਬੱਜਰ ਪਾਪ ਗਿਣਿਆ ਜਾਂਦਾ ਹੈ। ਕਿਸੇ ਦੇ ਸਰੀਰ ਨੂੰ ਦਿੱਤੇ ਜਖਮ ਤਾਂ ਸਮਾਂ ਪਾ ਕੇ ਮਿਟ ਜਾਂਦੇ ਹਨ ਅਤੇ ਰਾਜੀਨਾਮੇ ਵੀ ਹੋ ਜਾਂਦੇ ਹਨ। ਪਰ ਜਦੋਂ ਕਿਸੇ ਦੀ ਆਤਮਾ ਦੁਖ ਜਾਵੇ ਜਾਂ ਜਖਮੀ ਹੋ ਜਾਵੇ ਫਿਰ ਉਸਦਾ ਸੇਕ ਕਿਆਮਤ ਤੱਕ ਲਿਜਾ ਸੁੱਟਦਾ ਹੈ।

ਸੋ ਖੇਡ ਮਿਆਰਾਂ ਤੋਂ ਜੇ ਅਸੀਂ ਜਿੰਦਗੀ ਦੀ ਖੇਡ ਜਾਂ ਸਿਆਸੀ ਖੁਦੋ ਖੂੰਡੀ ਵਿੱਚ ਇਮਾਨਦਾਰੀ ਲਿਆਉਣ ਦੀ ਜਾਚ ਨਹੀਂ ਸਿੱਖ ਸਕਦੇ ਤਾਂ ਘੱਟੋ ਘੱਟ ਖੇਡ ਅਤੇ ਖੇਡ ਮੈਦਾਨ ਦੀ ਮਰਿਯਾਦਾ ਨੂੰ ਨਾ ਵਿਗਾੜੀਏ। ਅਤੇ ਆਪਣੀ ਰੋਂਡ ਪਾਉਣ ਦੀ ਦੀ ਗੰਦੀ ਆਦਤ ਨੂੰ ਕੋਈ ਪੱਕੀ ਮਰਿਯਾਦਾ ਨਾ ਬਣਾਈਏ, ਜਿਹੜੀ ਹਰ ਥਾਂ ਤੇ ਸਾਡੀ ਕੌਮ ਲਈ ਨਮੋਸ਼ੀ ਅਤੇ ਬਦਨਾਮੀ ਦਾ ਕਾਰਨ ਬਣੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top