Share on Facebook

Main News Page

ਟੁੱਟ ਗਏ ਪਰ ਝੁਕੇ ਨਾ ਉਹ ਹਾਂ ਅਸੀਂ, ਹੋਰ ਸਨ ਜੋ ਮਰ ਗਏ ਹੱਥ ਜੋੜਦੇ !
-: ਗੁਰਿੰਦਰਪਾਲ ਸਿੰਘ ਧਨੌਲਾ 9316176519

ਅੱਜ ਆਰ.ਐਸ.ਐਸ. ਦੀ ਸਾਜਿਸ਼ ਨੂੰ ਚਾਰ ਚੰਨ ਲਾਉਂਦਿਆਂ, ਭਾਜਪਾ ਦੇ ਭਾਈਵਾਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਸ਼ਾਹੀ ਫੁਰਮਾਨ ਨੂੰ ਸਵੀਕਾਰਦਿਆਂ, ਸ਼੍ਰੋਮਣੀ ਕਮੇਟੀ ਦੀ ਡੰਗ ਟਪਾਊ ਐਗਜੈਕਟਿਵ ਵੱਲੋਂ, ਇਹ ਲੇਖ ਤੁਹਾਡੇ ਹੱਥਾਂ ਵਿੱਚ ਪਹੁੰਚਣ ਤੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖਤ ਦਮਦਮਾ ਸਾਹਿਬ ਦੀ ਬਲੀ ਦੇ ਦਿੱਤੀ ਜਾਵੇਗੀ।

ਜਥੇਦਾਰ ਬਦਲਦੇ ਰਹੇ ਹਨ ਅਤੇ ਅੱਗੋਂ ਵੀ ਬਦਲਦੇ ਰਹਿਣੇ ਹਨ। ਲੇਕਿਨ ਇਹ ਪਹਿਲਾ ਮੌਕਾ ਹੈ ਕਿ ਇੱਕ ਜਥੇਦਾਰ ਨੂੰ ਆਰ.ਐਸ.ਐਸ. ਦੇ ਕਹਿਣ ਉੱਤੇ ਮਰਿਯਾਦਾ ਨੂੰ ਅੱਖੋਂ ਪਰੋਖੇ ਕਰਕੇ ਲਾਹਿਆ ਜਾ ਰਿਹਾ ਹੈ। ਜਥੇਦਾਰ ਨੰਦਗੜ੍ਹ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਬਦਲੇ ਉਹਨਾਂ ਨੂੰ ਜਥੇਦਾਰ ਦੇ ਰੁਤਬੇ ਤੋਂ ਫਾਰਗ ਕਰਨ ਦੀ ਜ਼ਰੂਰਤ ਪਵੇ। ਪਰ ਹੁਣ ਜਦੋਂ ਸਿੱਖ ਕੌਮ ਦੇ ਆਗੂ ਹੀ ਹਿੰਦੂਤਵੀ ਤਾਕਤਾਂ ਦੀ ਗੁਲਾਮੀ ਵਿੱਚ ਖੁਦ ਹੀ ਕੌਮ ਦਾ ਘਾਣ ਕਰਨ ਲੱਗ ਪੈਣ ਤਾਂ ਫਿਰ ਕੌਮ ਕਿਸੇ ਬਿਗਾਨੇ ਉੱਪਰ ਗਿਲਾ ਕਿਵੇਂ ਕਰੇਗੀ।

ਬੜੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ 2010 ਵਿਚ ਚੁਣੇ ਹਾਉਸ ਦੀ ਸਾਰੀ ਚੋਣ ਪ੍ਰਕਿਰਿਆ ਨੂੰ ਭਾਰਤੀ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਉੱਪਰ ਸੁਣਵਾਈ ਕਰਦਿਆਂ, ਰੱਦ ਕਰ ਦਿੱਤਾ ਸੀ ਅਤੇ ਸ. ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਪਹਿਲੀ ਐਗਜੈਕਟਿਵ ਨੂੰ ਅਗਲੀ ਚੋਣ ਤੱਕ ਕੰਮ ਚਲਾਉਣ ਵਾਸਤੇ ਆਗਿਆ ਦਿੱਤੀ ਸੀ। ਫਿਰ ਜਿਹੜੇ ਰੱਦ ਕੀਤੀ ਚੋਣ ਦੇ ਮੈਂਬਰ ਅੱਜ ਆਪਣੇ ਆਪ ਨੂੰ ਮੈਂਬਰ ਸ਼੍ਰੋਮਣੀ ਕਮੇਟੀ ਮੈਂਬਰ ਆਖਵਾਕੇ ਜਾਂ ਲਿਖ ਕੇ ਇੱਕ ਤਾਂ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਦੀ ਹੁਕਮ ਅਦੂਲੀ ਕਰ ਰਹੇ ਹਨ ਅਤੇ ਦੂਸਰੇ ਪਾਸੇ ਸਿੱਖ ਕੌਮ ਨੂੰ ਧੋਖਾ ਦੇ ਰਹੇ ਹਨ ਅਤੇ ਗੁਰਦਵਾਰਿਆਂ ਦੇ ਸੇਵਾਦਾਰਾਂ ਅਤੇ ਮੁਲਾਜਮਾਂ ਉੱਪਰ ਮੁਫਤ ਦਾ ਰੋਹਬ ਪਾਉਂਦੇ ਹਨ, ਕੀ ਇਹ ਗੁਨਾਹ ਨਹੀਂ ਜਾਂ ਇਹ ਧੋਖਾ ਨਹੀਂ?

ਜਿਹੜੇ ਆਪ ਜਾਹਲੀ ਹਨ, ਉਹ ਸਿੱਖਾਂ ਦੀ ਇੱਕ ਧਾਰਮਿਕ ਪਦਵੀ ਅਤੇ ਸਤਿਕਾਰਿਤ ਰੁਤਬੇ, ਇੱਕ ਤਖਤ ਸਾਹਿਬ ਦੇ ਜਥੇਦਾਰ ਉੱਪਰ ਝੂਠਾ ਮਹਾਂ ਦੋਸ਼ ਲਾ ਰਹੇ ਹਨ। ਇਹਨਾਂ ਜਾਹਲੀ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ 27 ਦਸੰਬਰ ਨੂੰ ਜਿਸ ਸਮੇਂ ਕੁੱਝ ਪ੍ਰਬੰਧਕ, ਜਥੇਦਾਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੀਤੇ ਜਾ ਰਹੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਗਏ, ਤਾਂ ਜਥੇਦਾਰ ਜੀ ਨੇ ਕਿਹਾ ਕਿ ਇਹ ਆਰ.ਐਸ.ਐਸ. ਦੇ ਇਸ਼ਾਰੇ ਹੋ ਰਿਹਾ ਹੈ। ਇਸ ਵਿਚ ਉਹਨਾਂ ਨੇ ਗਲਤ ਵੀ ਕੀਹ ਕਿਹਾ ਹੈ, ਕਿਉਂਕਿ ਕਿ ਆਰ.ਐਸ.ਐਸ. ਦਾ ਬਿਕ੍ਰਮੀ ਕੈਲੰਡਰ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ 28 ਦਸੰਬਰ ਨੂੰ ਦੱਸਦਾ ਹੈ। ਇਹ ਗੱਲ ਸਿਰਫ ਜਥੇਦਾਰ ਨੰਦਗੜ੍ਹ ਹੀ ਨਹੀਂ ਅੱਧੀ ਤੋਂ ਵਧੇਰੇ ਕੌਮ ਆਖ ਰਹੀ ਹੈ। ਫਿਰ ਇੱਸ ਵਿੱਚ ਗੁਨਾਹ ਵਾਲੀ ਕਿਹੜੀ ਗੱਲ ਹੈ। ਇੱਕ ਪਾਸੇ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਫਤਹਿਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਹਰ ਸਾਲ ਕੱਢੇ ਜਾਂਦੇ ਨਗਰ ਕੀਰਤਨ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਬਿਬਾਨ ਦਾ ਨਾਮ ਦਿੱਤਾ ਜਾਂਦਾ ਹੈ। ਫਿਰ ਇਹ ਦਿਨ ਖੁਸ਼ੀ ਦਾ ਕਿਵੇਂ ਹੋਇਆ । ਇਹ ਤਾਂ ਗੰਭੀਰਤਾ ਵਾਲਾ ਦਿਨ ਹੁੰਦਾ ਹੈ, ਉਸ ਦਿਨ ਹੀ ਖੁਸ਼ੀਆਂ ਮਨਾਉਣੀਆਂ ਪਟਾਕੇ ਚਲਾਉਣੇ ਗੁਨਾਹ ਨਹੀਂ, ਜੋ ਆਰ.ਐਸ.ਐਸ. ਦੇ ਆਖੇ ਸਾਰੀ ਸਾਧ ਯੂਨੀਅਨ, ਅਕਾਲ ਤਖਤ ਸਾਹਿਬ ਦੇ ਜਥੇਦਾਰ , ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੇ ਕੀਤਾ ਹੈ।

ਇਥੇ ਪਾਠਕਾਂ ਦੇ ਧਿਆਨ ਗੋਚਰੇ ਇੱਕ ਗੱਲ ਹੋਰ ਵੀ ਹੈ ਕਿ ਜੇ ਇਹਨਾਂ ਜਾਹਲੀ ਮੈਂਬਰਾਂ ਵੱਲੋਂ ਲਾਏ ਦੋਸ਼ ਨੂੰ ਇੱਕ ਮਿੰਟ ਵਾਸਤੇ ਸੱਚ ਵੀ ਮੰਨ ਲਈਏ ਤਾਂ ਫਿਰ ਜਥੇਦਾਰ ਨੰਦਗੜ੍ਹ ਨੇ ਇਹ ਸ਼ਬਦ ਤਾਂ 27 ਦਸੰਬਰ ਨੂੰ ਆਖੇ ਸਨ, ਪਰ 6 ਦਸੰਬਰ ਨੂੰ ਉਹਨਾਂ ਤੋਂ ਅਸਤੀਫਾ ਕਿਸ ਅਧਾਰ 'ਤੇ ਮੰਗਿਆ ਜਾ ਰਿਹਾ ਸੀ। ਜਿਸ ਦਿਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਓ.ਐਸ.ਡੀ. ਅਤੇ ਕੁੱਝ ਹੋਰ ਲੋਕ ਜਥੇਦਾਰ ਨੰਦਗੜ੍ਹ ਜੀ ਕੋਲ ਅਸਤੀਫਾ ਮੰਗਣ ਵਾਸਤੇ ਗਏ ਸਨ ਅਤੇ ਉਹਨਾਂ ਵੱਲੋਂ ਜਵਾਬ ਦੇਣ ਤੇ ਉਹਨਾਂ ਨੂੰ ਮਿਲੀ ਸਰਕਾਰੀ ਸੁਰਖਿਆ ਵਾਪਿਸ ਵੀ ਲੈ ਲਈ ਸੀ। ਫਿਰ ਉਸ ਦਿਨ ਕਿਹੜਾ ਮਹਾ ਦੋਸ਼ ਸੀ, ਜਿਸ ਬਦਲੇ ਅਸਤੀਫਾ ਮੰਗਿਆ ਜਾ ਰਿਹਾ ਸੀ।

ਇਤਿਹਾਸਿਕ ਘਟਨਾਵਾਂ ਦਾ ਕਈ ਵਾਰੀ ਬੜਾ ਸੁਮੇਲ ਹੁੰਦਾ ਹੈ, ਜਿਵੇ ਅੱਜ ਜਥੇਦਾਰ ਨੰਦਗੜ੍ਹ ਉੱਪਰ ਝੂਠਾ ਮਹਾਂ ਦੋਸ਼ ਲਾ ਕੇ ਹਟਾਇਆ ਜਾ ਰਿਹਾ ਹੈ, ਕਿਸੇ ਵੇਲੇ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਵੀ ਬਰਨਾਲਾ ਦੇ ਇੱਕ ਡੇਰੇ ਵਿੱਚੋਂ ਗੜਵੀ ਚੋਰੀ ਕਰ ਲੈਣ ਦੇ ਮਹਾਂ ਦੋਸ਼ ਹੇਠ ਮਹਾਰਾਜਾ ਭੁਪਿੰਦਰ ਸਿੰਘ ਨੇ ਜੇਲ੍ਹ ਵਿੱਚ ਸੁੱਟ ਦਿਤਾ ਸੀ। ਪਰ ਅਸਲ ਕਾਰਨ ਇਹ ਸੀ ਕਿ ਸ. ਸੇਵਾ ਸਿੰਘ ਠੀਕਰੀਵਾਲਾ ਨੇ ਪਰਜਾ ਮੰਡਲ ਲਹਿਰ ਰਾਹੀ ਰਜਵਾੜਾ ਸ਼ਾਹੀ ਦੇ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਸੀ। ਸ. ਠੀਕਰੀਵਾਲਾ ਨੂੰ ਸੰਘਰਸ਼ ਕਰਕੇ, ਨਹੀਂ ਗੜਵੀ ਚੋਰੀ ਦੇ ਦੋਸ਼ ਵਿੱਚ ਹੀ ਜੇਲ ਭੇਜਿਆ ਗਿਆ ਸੀ। ਅੱਜ ਜਥੇਦਾਰ ਨੰਦਗੜ੍ਹ ਨੂੰ ਵੀ ਬਿਪਰਵਾਦੀ ਬਿਕ੍ਰਮੀ ਕੈਲੰਡਰ ਦਾ ਵਿਰੋਧ ਕਰਨ ਦੇ ਮਾਮਲੇ ਵਿੱਚ ਹਟਾਇਆ ਜਾ ਰਿਹਾ ਹੈ, ਪਰ ਸਿੱਖਾਂ ਨੂੰ ਗੁਮਰਾਹ ਕਰਨ ਵਾਸਤੇ ਝੂਠਾ ਮਹਾਂ ਦੋਸ਼ ਜਾਹਲੀ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਤਿਆਰ ਕਰਵਾਇਆ ਗਿਆ ਹੈ।

ਇਥੇ ਹੀ ਬੱਸ ਨਹੀਂ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜਿਹਨਾਂ ਨੂੰ ਉਥੋਂ ਦਾ ਗੁਰਦਵਾਰਾ ਬੋਰਡ ਅਹੁਦੇ ਤੋਂ ਹਟਾ ਵੀ ਚੁੱਕਿਆ ਹੈ ਅਤੇ ਉਹਨਾਂ ਉੱਪਰ ਤਿੰਨ ਵਿਆਹ ਕਰਵਾਉਣ ਦੇ ਨਾਲ ਨਾਲ ਇੱਕ ਪਰਵਾਸੀ ਧਨਾਡ ਸਿੱਖ ਵੱਲੋਂ ਦਿੱਤੀ ਮੋਟੀ ਰਕਮ ਦਾ ਕੋਈ ਹਿਸਾਬ ਕਿਤਾਬ ਨਾ ਦੇਣ ਅਤੇ ਗਿਆਨੀ ਇਕਬਾਲ ਸਿੰਘ ਅਕਸਰ ਹੀ ਆਰ.ਐਸ.ਐਸ. ਦੇ ਮੁਖੀ ਨਾਲ ਮੰਚ ਸਾਝਾ ਕਰਦੇ ਅਖਬਾਰੀ ਸੁਰਖੀਆਂ ਵਿੱਚ ਫੋਟੋਆਂ ਸਮੇਤ ਦਿਸਦੇ ਹਨ। ਲੇਕਿਨ ਉਹਨਾਂ ਨੂੰ ਆਰ.ਐਸ.ਐਸ. ਦੇ ਦਬਾਅ ਹੇਠ ਅੱਜ ਵੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬਿਠਾਇਆ ਜਾ ਰਿਹਾ ਹੈ। ਕੀਹ ਗਿਆਨੀ ਇਕਬਾਲ ਸਿੰਘ ਦੇ ਖਿਲਾਫ਼ ਇਹ ਮਹਾ ਦੋਸ਼ ਨਹੀਂ ਬਣਦਾ?

ਹੁਣੇ ਹੀ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਖੁਦ ਸਾਧ ਯੂਨੀਅਨ ਨਾਲ ਆਰ.ਐਸ.ਐਸ. ਦੇ ਆਗੂਆਂ ਦੇ ਵਫਦ ਵਿੱਚ ਬਿਪਰਵਾਦੀ ਦਿੱਲੀ ਦਰਬਾਰ ਕੋਲ ਬੇਨਤੀ ਪੱਤਰ ਦੇ ਕੇ ਭੇਜਿਆ ਹੈ, ਕੀਹ ਕਿਸੇ ਤਖਤ ਦੇ ਜਥੇਦਾਰ ਦਾ ਕਿਸੇ ਹਕੂਮਤ ਦੇ ਬੂਹੇ ਜਾਣਾ ਜਾਇਜ ਹੈ । ਸਾਰੇ ਪਾਠਕਾਂ ਦਾ ਜਵਾਬ ਨਾਂਹ ਵਿੱਚ ਹੋਵੇਗਾ, ਫਿਰ ਇਹ ਮਹਾਂ ਦੋਸ਼ ਨਹੀਂ ਸੀ।

ਦਰਅਸਲ ਸਿੱਧੇ ਲਫਜਾਂ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਆਰ.ਐਸ.ਐਸ. ਦੇ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਏਜੰਡੇ ਨੂੰ ਲਾਗੂ ਕਰਦਿਆਂ, ਅਕਾਲੀ ਦਲ ਬਾਦਲ ਨੇ ਬਿਪ੍ਰਵਾਦੀਆਂ ਨਾਲ ਆਪਣੀ ਸਾਂਝ ਪਗਾਉਂਦਿਆਂ, ਬਿਪਰਵਾਦੀ ਬਿਕ੍ਰਮੀ ਕੈਲੰਡਰ ਲਾਗੂ ਕਰਨਾ ਸੀ ਅਤੇ ਸਿੱਖਾਂ ਦੀ ਵੱਖਰੀ ਪਹਿਚਾਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨਾ ਸੀ। ਲੇਕਿਨ ਜਥੇਦਾਰ ਨੰਦਗੜ੍ਹ ਨੇ ਦਸਤਖਤ ਕਰਨ ਤੋਂ ਨਾਂਹ ਕਰਕੇ ਸਾਰੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ। ਜਿਸ ਕਰਕੇ ਅੱਜ ਜਥੇਦਾਰ ਨੰਦਗੜ੍ਹ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਤਲ ਰੋਕਣ ਬਦਲੇ ਖੁਦ ਕਤਲ ਹੋਣਾ ਪੈ ਰਿਹਾ ਹੈ।

ਆਪਣੀ ਬਲੀ ਦੇ ਕੇ ਜਥੇਦਾਰ ਨੰਦਗੜ੍ਹ ਨੇ ਸਿਧਾਂਤ ਬਚਾਏ ਹਨ। ਹੁਣ ਅਗਲੀ ਜਿੰਮੇਵਾਰੀ ਕੌਮ ਦੇ ਸਿਰ ਹੈ। ਜਥੇਦਾਰ ਨੰਦਗੜ ਨੇ ਪਹਿਰੇਦਾਰੀ ਕਰਕੇ ਬਿਪ੍ਰਵਾਦੀਆਂ ਅਤੇ ਉਹਨਾਂ ਦੀ ਚੁੰਗਲ ਵਿੱਚ ਫਸੇ ਅਖੌਤੀ ਅਕਾਲੀਆਂ ਨੂੰ ਆਪਣੇ ਅਹੁਦੇ ਤੋਂ ਫਾਰਗ ਹੋਣ ਤੋਂ ਪਹਿਲਾ ਇੱਕ ਕਰੜਾ ਸੁਨੇਹਾ ਦਿੱਤਾ ਹੈ ਕਿ "ਟੁੱਟ ਗਏ ਪਰ ਝੁਕੇ ਨਾ ਉਹ ਹਾਂ ਅਸੀਂ, ਹੋਰ ਸਨ ਜੋ ਮਰ ਗਏ ਹੱਥ ਜੋੜਦੇ .!"

ਗੁਰੂ ਰਾਖਾ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top