ਕਦੇ
ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਪ੍ਰੰਤੂ ਕਿਸੇ ਸਿੱਖ ਨੂੰ
ਕਦੇ ਇਹ ਚਿੰਤਾ ਨਹੀਂ ਹੋਈ ਸੀ ਕਿ ‘‘ਆਖ਼ਰ ਮੇਰੀ ਕੌਮ ਦਾ ਕੀ ਬਣੂੰ?’’ ਸਗੋਂ ‘‘ਦੂਣ ਸਵਾਏ’’
ਹੋਣ ਦਾ ਚੜਦੀ ਕਲਾ ਵਾਲਾ ਨਾਅਰਾ ਗੂੰਜਦਾ ਸੀ। ਅੱਜ ਸਿੱਖਾਂ ਦੇ ਮੁੱਲ ਪੈ ਰਹੇ ਹਨ, ਸਿੱਖ
ਦੁਸ਼ਮਣ ਤਾਕਤਾਂ ਸਿੱਖਾਂ ਨੂੰ, ਸਿੱਖੀ ਜਜ਼ਬਾਤਾਂ ਨੂੰ, ਸਿੱਖ ਭਾਵਨਾਵਾਂ ਨੂੰ, ਸਿੱਖਾਂ ਦੀ
ਜ਼ਮੀਰ ਨੂੰ, ਖਰੀਦਣ ਲੱਗੀਆਂ ਹੋਈਆਂ ਹਨ ਤੇ ਅੱਜ ਹਰ ਸੱਚਾ ਸਿੱਖ ਚਿੰਤਤ ਹੈ ਕਿ ਮੇਰੀ ਕੌਮ ਦਾ
ਕੀ ਬਣੂੰ?
ਸਿੱਖੀ ਦੇ ਨਿਆਰੇ, ਨਿਰਾਲੇ ਬੂਟੇ ਦੀਆਂ ਜੜਾਂ ’ਚ ਬਿਪਰਵਾਦੀ ਕੁਹਾੜਾ ਨਿਰੰਤਰ ਚੱਲ ਰਿਹਾ ਹੈ।
ਨਿਰਮਲੇ ਪੰਥ ਦੀ ਹੋਂਦ ਦੇ ਖ਼ਾਤਮੇ ਦੀਆਂ ਗੋਦਾਂ, ਸਾਜ਼ਿਸਾਂ ਤੋਂ
ਅੱਗੇ ਹਮਲਿਆਂ ’ਚ ਬਦਲ ਚੁੱਕੀਆਂ ਹਨ। ਸਿੱਖ ਦੀ ਅਣਖ਼, ਜ਼ਮੀਰ, ਸਵਮੈਣ ਤੇ ਇਕ ਦੂਜੇ ਤੇ ਭਰੋਸਾ
ਖ਼ਤਮ ਕੀਤਾ ਜਾ ਰਿਹਾ ਹੈ। ਕੌਣ ਸਿੱਖ ਹੈ? ਕੌਣ ਗੱਦਾਰ ਹੈ?
ਇਹ ਸੁਆਲ ਹੀ ਹਰ ਪਾਸੇ ਫ਼ਨ ਚੁੱਕੀ ਖੜਾ ਹੈ। ਬੀਤੇ ਦਿਨ ਸਿੱਖ ਪੰਥ ਤੇ ਇਕੋ ਸਮੇਂ ਚਾਰ
ਹਮਲੇ ਕੀਤੇ ਗਏ, ਜਿਨਾਂ ਦਾ ਮਨੋਰਥ ਕੌਮ ਦਾ ਮਨੋਬਲ ਤੋੜਣਾ, ਕੌਮ ’ਚ ਨਿਰਾਸਤਾ ਤੇ ਉਪਰਾਮਤਾ
ਪੈਦਾ ਕਰਨੀ ਅਤੇ ਕੌਮ ’ਚ ਅੰਦਰੂਨੀ ਜੰਗ ਦੇ ਭਾਂਬੜ ਬਾਲ ਕੇ, ਸਿੱਖਾਂ ’ਚ ਪੱਕੀਆਂ ਵੱਡੀਆਂ
ਪਾਉਣ ਦੀ ਖੇਡ ਸਫ਼ਲਤਾ ਨਾਲ ਖੇਡੀ ਗਈ।
ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਦੋ ਮਹੀਨੇ ਪੁਰਾਣੀ ਭੁੱਖ ਹੜਤਾਲ
ਦੀ ਇਸ ਤਰ੍ਹਾਂ ਸਮਾਪਤੀ ਕਰਵਾਈ ਗਈ ਕਿ ਕੌਮ ਕੁਰਬਾਨੀ ਦੇ ਜਜ਼ਬੇ ਤੋਂ ਸੱਖਣੀ ਐਲਾਨ ਦਿੱਤੀ ਗਈ।
ਭਾਈ ਗੁਰਬਖ਼ਸ਼ ਸਿੰਘ ਖਾਲਸਾ ਵੱਲੋਂ ਆਰੰਭਿਆ ਸੰਘਰਸ਼ ਉਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੀ,
ਜਿਨਾਂ ਨੇ ਕੌਮ ਦੀ ਬੰਦ ਖਲਾਸੀ ਲਈ ਚੱਲੇ ਸੰਘਰਸ਼ ’ਚ ਵੱਧ ਚੜ ਕੇ ਹਿੱਸਾ ਲਿਆ ਤੇ ਦੇਸ਼ ਦੇ
ਕਾਨੂੰਨ ਨੇ ਉਨਾਂ ਨੂੰ ਜੇਲ ਦੀਆਂ ਕਾਲ ਕੋਠੜੀਆਂ ’ਚ ਕੁਝ ਸੀਮਤ ਸਮੇਂ ਲਈ ਬੰਦ ਕਰ ਦਿੱਤਾ,
ਪ੍ਰੰਤੂ ਸਿੱਖਾਂ ਨੂੰ ਗੁਲਾਮੀ ਦਾ ਪੱਕਾ ਅਹਿਸਾਸ ਕਰਵਾਉਣ ਲਈ, ਉਨਾਂ ਦੀ ਸਜ਼ਾ ਪੂਰੀ ਹੋਣ ਦੇ
ਬਾਵਜੂਦ, ਉਨਾਂ ਦੀ ਰਿਹਾਈ ਨਹੀਂ ਹੋ ਰਹੀ। ਜੇ ਇਨਸਾਫ਼ ਪ੍ਰਾਪਤੀ ਅਤੇ ਮਨੁੱਖੀ ਅਧਿਕਾਰਾਂ ਦੀ
ਰਾਖ਼ੀ ਲਈ ਆਰੰਭਿਆ ਸੰਘਰਸ਼ ਅੱਧਵਾਟੇ, ਕੌਮ ਨੂੰ ਮਾਯੂਸ ਕਰਕੇ ਖ਼ਤਮ ਹੋ ਜਾਂਦਾ ਹੈ, ਤਾਂ ਇਸ ਤੋਂ
ਸ਼ਰਮਨਾਕ ਹੋਰ ਕੀ ਹੋ ਸਕਦਾ ਹੈ? ਕੀ, ਹੁਣ ਸਿੱਖ ਕਿਥੇ ਰਹਿ ਗਏ? ਇਹ ਸੁਆਲ ਖੜਾ ਨਹੀਂ ਹੋਵੇਗਾ?
ਪੰਥ ਦਰਦੀਆਂ ਦੇ ਮਨ ’ਚੋਂ ਇਹ ਹੂਕ ਨਹੀਂ ਨਿਕਲੂਗੀ ‘‘ਮੇਰੀ ਕੌਮ
ਦੀ ਕੀ ਬਣੂੰ?’’ ਪ੍ਰਾਪਤੀ ਲਈ ਆਰੰਭਿਆ ਜਿਹੜਾ ਸੰਘਰਸ਼ ਨਵੇਂ ਵਾਦ-ਵਿਵਾਦਾਂ ਨੂੰ ਜਨਮ ਦੇ ਕੇ
ਖ਼ਤਮ ਹੋ ਜਾਵੇ, ਉਹ ਸੰਘਰਸ਼ ਕੌਮ ਨੂੰ ਨਿਰਾਸਤਾ ਵੱਲ ਮੋੜ ਦਿੰਦਾ ਹੈ।