Share on Facebook

Main News Page

ਸਿੱਖਾਂ ਉੱਤੇ ਹੋ ਰਹੇ ਹਮਲੇ ਧਾਰਮਿਕ ਨਹੀਂ, ਰਾਜਨੀਤਿਕ ਹਨ, ਜੇ ਪੰਥ ਵਿਰੋਧੀ ਵਖਰੇਵਿਆਂ ਦੇ ਬਾਵਜੂਦ ਇਕੱਠੇ ਹਨ, ਤਾਂ ਪੰਥ ਹਿਤੈਸ਼ੀ ਕਿਉਂ ਨਹੀਂ ?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅੱਜ ਜੋ ਕੁੱਝ ਵੀ ਨਵੇਂ ਸੂਰਜ਼ ਵਾਪਰ ਰਿਹਾ ਹੈ ਜਾਂ ਜਿਹੜੀਆਂ ਦੁਸ਼ਵਾਰੀਆਂ ਹਰ ਰੋਜ਼ ਪੰਥ ਦੇ ਬੂਹੇ ਦਸਤਕ ਦੇ ਰਹੀਆਂ ਹਨ, ਇਹਨਾਂ ਪਿੱਛੇ ਰਾਜਸੀ ਤਾਣੇ ਬਾਣੇ ਦਾ ਡੂੰਘਾ ਹੱਥ ਹੁੰਦਾ ਹੈ, ਜਿਸ ਬਾਰੇ ਆਮ ਸਿੱਖਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ। ਕੁੱਝ ਲੋਕ ਇਸ ਨੂੰ ਸਿਰਫ ਧਾਰਮਿਕ ਲੜਾਈ ਸਮਝਦੇ ਹਨ ਅਤੇ ਇਸ ਜੰਗ ਦਾ ਮੈਦਾਨ ਵੀ ਧਾਰਮਿਕ ਖੇਤਰ ਨੂੰ ਹੀ ਰੱਖਣਾ ਚਾਹੁੰਦੇ ਹਨ। ਉਹਨਾਂ ਨੂੰ ਇੰਜ ਲੱਗਦਾ ਹੈ ਕਿ ਜੇ ਅਸੀਂ ਕੋਈ ਸਿਆਸੀ ਗੱਲ ਕੀਤੀ ਜਾਂ ਕਿਸੇ ਸਿਆਸੀ ਲੋਕਾਂ ਨਾਲ ਰਲ ਕੇ ਕੋਈ ਕਦਮ ਚੁੱਕਿਆਂ ਤਾਂ ਸ਼ਾਇਦ ਸਾਡਾ ਧਾਰਮਿਕ ਅਧਾਰ ਖੁਰ ਜਾਵੇਗਾ ਜਾਂ ਸਾਡੇ ਨਾਲ ਜੁੜੇ ਲੋਕ ਸਾਨੂੰ ਵੀ ਰਾਜਨੀਤਿਕਾਂ ਦੀ ਕਤਾਰ ਵਿਚ ਖੜਾ ਕਰ ਲੈਣਗੇ, ਜਿਸ ਨਾਲ ਸਾਡੀ ਧਾਰਮਿਕ ਦਿੱਖ ਸ਼ੱਕ ਦੇ ਘੇਰੇ ਵਿੱਚ ਆ ਜਾਵੇਗੀ।

ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਮਸਲੇ ਨਾਲ ਜੁੜੇ ਹਲਾਤਾਂ ਅਤੇ ਉਸ ਦੀ ਵਿਰੋਧਤਾ ਕਰ ਰਹੀਆਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨੀ ਬੜੀ ਜਰੂਰੀ ਹੈ ਅਤੇ ਮਸਲੇ ਦੀ ਗੰਭੀਰਤਾ ਨੂੰ ਸਮਝੇ ਬਿਨਾਂ ਕੋਈ ਟਿਪਣੀ ਕਰਨੀ ਇੱਕ ਅਨਾੜੀਪੁਣਾ ਹੀ ਆਖਿਆ ਜਾ ਸਕਦਾ ਹੈ। ਜੋ ਕੁਝ ਹੁਣ ਵਾਪਰਿਆ ਹੈ ਵੇਖਣ ਨੂੰ ਇੱਕ ਧਾਰਮਿਕ ਘਟਨਾਕਰਮ ਦਿੱਸਦਾ ਹੈ। ਲੇਕਿਨ ਅਸਲ ਇਹ ਇੱਕ ਬਹੁਤ ਵੱਡਾ ਅਤੇ ਮਾਰੂ ਕਿਸਮ ਦਾ ਸਿਆਸੀ ਹਮਲਾ ਹੈ। ਇਸ ਹਮਲੇ ਪਿਛੇ ਦੁਸ਼ਮਨ ਦਾ ਇਕ ਨਹੀਂ ਅਨੇਕ ਮਨੋਰਥ ਹਨ, ਜਿਹੜੇ ਉਸ ਨੇ ਸਮਾ -ਬ-ਸਮਾਂ ਪੂਰੇ ਕਰਨੇ ਹਨ। ਅਸਲ ਵਿੱਚ ਬਿਪਰਵਾਦ ਸਿੱਖਾਂ ਦੀ ਵੱਖਰੀ ਪਹਿਚਾਨ ਨੂੰ ਖਤਮ ਕਰਕੇ ਹਿੰਦੁਤਵ ਦਾ ਇੱਕ ਅੰਗ ਸਾਬਤ ਕਰਨਾ ਚਾਹੁੰਦਾ ਹੈ, ਕਿਉਂਕਿ ਭਾਰਤ ਵਿੱਚ ਸਿੱਖ ਹੀ ਇੱਕ ਅਜਿਹੀ ਕੌਮ ਹੈ, ਜੋ ਕੱਟੜਵਾਦੀ ਹਿੰਦੁਤਵ ਦੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਏਜੰਡੇ ਦਾ ਵਿਰੋਧ ਕਰਨ ਦੀ ਸਮਰਥਾ ਰਖਦੀ ਹੈ। ਅਜੋਕੇ ਯੁੱਗ ਵਿੱਚ ਕਿਸੇ ਦੀ ਸਿੱਧੀ ਨਸਲਕੁਸ਼ੀ ਕਰਨੀ ਹੁਣ ਆਸਾਨ ਕੰਮ ਨਹੀਂ, ਇਸ ਕਰਕੇ ਹਿੰਦੁਤਵ ਨੇ ਆਪਣੇ ਏਜੰਡੇ ਵਿੱਚ ਸੋਧ ਕਰਕੇ, ਇਹ ਸਾਰਾ ਕੰਮ ਉਹਨਾਂ ਸਿੱਖਾਂ ਤੋਂ, ਜਿਹੜੇ ਸਿੱਖ ਸਿਆਸਤ ਜਾਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉੱਪਰ ਕਾਬਜ਼ ਹਨ, ਤੋਂ ਕਰਵਾਉਣਾ ਆਰੰਭ ਦਿੱਤਾ ਹੈ।

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੀ ਕਾਰਵਾਈ ਨਾਲ ਦੁਸ਼ਮਨ ਨੇ ਕਈ ਸ਼ਿਕਾਰ ਮਾਰਨ ਦਾ ਮਨਸੂਬਾ ਸਿਰੇ ਚੜਾਇਆ ਹੈ। ਪਹਿਲੀ ਗੱਲ ਕਿ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰਨਾਂ ਸੌਖਾ ਹੋ ਗਿਆ ਹੈ, ਦੂਸਰੇ ਪਾਸੇ ਸਿੱਖੀ ਭੇਸ ਵਿੱਚ ਆਪਣੇ ਬੰਦਿਆਂ ਦੀ ਜਿਹੜੀ ਘੁੱਸਪੈਠ ਪਿਛਲੇ ਕੁੱਝ ਸਮੇਂ ਤੋਂ ਕਰਵਾਈ ਸੀ, ਉਹਨਾਂ ਦੀ ਮੰਗ ਉੱਪਰ ਇੱਕ ਜਥੇਦਾਰ ਨੂੰ ਅਹੁਦਿਓ ਹਟਾ ਕੇ ਆਪਣੇ ਬੰਦਿਆਂ ਦੀ ਤਾਕਤ ਦਾ ਸ਼ੀਸ਼ਾ ਸਿੱਖਾਂ ਨੂੰ ਵਿਖਾ ਦਿੱਤਾ ਹੈ। ਹਾਲੇ ਇਹ ਪਹਿਲਾ ਕਦਮ ਹੈ, ਜੇ ਸਿੱਖ ਇਸ ਨੂੰ ਥੋੜਾ ਬਹੁਤ ਚੂੰ ਚਾਂ ਕਰਨ ਉਪਰੰਤ ਝੱਲ ਗਏ ਤਾਂ ਅਗਲਾ ਵੱਡਾ ਹਮਲਾ ਸਿੱਖ ਰਹਿਤ ਮਰਯਾਦਾ ਉੱਪਰ ਹੋਣ ਵਾਲਾ ਹੈ। ਜਿਸਦੀ ਤਿਆਰੀ ਵਾਸਤੇ ਹਥਿਆਰ ਤਿੱਖੇ ਕੀਤੇ ਜਾ ਰਹੇ ਹਨ। ਜੇ ਅਸੀਂ ਅਵੇਸਲੇ ਰਹੇ ਤਾਂ ਫਿਰ ਪੈਰ ਉੱਖੜਣੇ ਇਥਪਾਕ ਨਹੀਂ ਸਾਡੀ ਕਮਜ਼ੋਰੀ ਅਤੇ ਨਾਸਮਝੀ ਦਾ ਹਿੱਸਾ ਹੀ ਹੋਵੇਗਾ।

ਇਹ ਮਾਮਲਾ ਰਾਜਨੀਤਿਕ ਹੈ, ਸਾਨੂੰ ਗੁਰਦਵਾਰਿਆਂ ਵਿੱਚੋਂ ਪਾਠ ਕਰਨ ਤੋਂ ਜਾਂ ਰੈਨ ਸਬਾਈ ਕੀਰਤਨ ਕਰਨ ਤੋਂ ਕਦੇ ਕਿਸੇ ਨਹੀਂ ਰੋਕਿਆ, ਜੇ ਰੁਕਾਵਟ ਹੈ ਤਾਂ ਸਿਰਫ ਸਿੱਖ ਵੱਖਰੀ ਕੌਮ ਆਖਣ ਜਾਂ ਵਖਰੀ ਪਹਿਚਾਨ ਦਾ ਆਪਣਾ ਕੈਲੰਡਰ ਤਿਆਰ ਕਰਨ ਜਾਂ ਲਾਗੂ ਕਰਨ ਤੋਂ ਭਾਰਤੀ ਨਿਜ਼ਾਮ ਨੂੰ ਜੁਕਾਮ ਹੁੰਦਾ ਹੈ। ਜਦੋਂ ਸਿੱਖ ਆਪਣੇ ਰਾਜ਼ ਦੀ ਗੱਲ ਕਰਦੇ ਹਨ ਤਾਂ ਸਿੱਖਾਂ ਨੂੰ ਅੱਤਵਾਦੀ ਆਖਿਆ ਜਾਂਦਾ ਹੈ। ਇਹ ਯਕੀਨਨ ਹੈ ਕਿ ਸਿੱਖਾਂ ਦੇ ਧਰਮ ਤੇ ਕੋਈ ਹਮਲਾ ਨਹੀਂ ਹੋਵੇਗਾ, ਜੇ ਅੱਜ ਅਸੀਂ ਇਹ ਮੰਨ ਲਈਏ ਕਿ ਸਿੱਖ ਇੱਕ ਵਖਰੀ ਕੌਮ ਨਹੀਂ। ਸਿੱਖਾਂ ਨੂੰ ਰਾਜ਼ ਦੀ ਕੋਈ ਲੋੜ ਨਹੀਂ। ਮਸਲਾ ਹੈ ਤਾਂ ਸਿਰਫ ਸਿੱਖ ਰਾਜ਼ਨੀਤੀ ਦਾ ਹੈ, ਗੁਰੂ ਨੇ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਕੇ ਸਿੱਖਾਂ ਦੀ ਰਾਜਨੀਤੀ ਅਤੇ ਧਰਮ ਦੀ ਸੁਮੇਲਤਾ ਕੀਤੀ ਸੀ ਅਤੇ ਅੱਜ ਵੀ ਹੈ, ਲੇਕਿਨ ਇਸ ਵਿੱਚ ਜੋ ਕਿਤੂੰ ਵਾਲੀ ਜਾਂ ਚਿੰਤਾ ਵਾਲੀ ਗੱਲ ਹੈ, ਉਹ ਇਹ ਹੈ ਕਿ ਗੁਰੂ ਸਾਹਿਬਾਨ ਨੇ ਰਾਜਨੀਤੀ ਨੂੰ ਧਰਮ ਦੀ ਘੋੜੀ ਬਣਾਕੇ ਵਰਤਣ ਦੀ ਤਕੀਦ ਕੀਤੀ ਸੀ।

ਪਰ ਅੱਜ ਧਰਮ ਉੱਪਰ ਰਾਜਨੀਤੀ ਸਵਾਰ ਹੋਈ ਬੈਠੀ ਹੈ, ਜਿਸ ਕਰਕੇ ਧਾਰਮਿਕ ਲੋਕਾਂ ਦਾ ਗਿਲਾ ਵਾਜਬ ਹੈ ਕਿ ਧਰਮ ਨੂੰ ਕਿਸੇ ਕੁਰਸੀ ਦੀ ਪੌੜੀ ਨਾ ਬਣਾਇਆ ਜਾਵੇ। ਲੇਕਿਨ ਅੱਜ ਧਾਰਮਿਕ ਲੋਕਾਂ ਨੂੰ ਆਚਰਨ ਵਾਲੇ ਰਾਜਨੀਤੀਵਾਨਾਂ ਨੂੰ ਜਿਹੜੇ ਮੀਰੀ ਪੀਰੀ ਦੇ ਸੰਕਲਪ ਨੂੰ ਸਮਝਦੇ ਵੀ ਹੋਣ ਅਤੇ ਪਹਿਰਾ ਦੇਣ ਵਾਸਤੇ ਤਿਆਗ, ਸਿਦਕਦਿਲੀ ਅਤੇ ਸਿੱਖ ਭਰਾਵਾਂ ਪ੍ਰਤੀ ਸਦਭਾਵਨਾ ਵਾਲੀ ਰੁਚੀ ਦੇ ਮਲਿਕ ਵੀ ਹੋਣ, ਦਾ ਸਾਥ ਦੇਣਾ ਚਾਹੀਦਾ ਹੈ। ਜਿਵੇ ਬਿਪਰਵਾਦੀ ਰਾਜਨੀਤੀ ਨੇ ਸਾਡੇ ਉੱਪਰ ਹਮਲਾ ਕਰਨ ਵੇਲੇ ਸਿੱਖ ਸਿਆਸਤ ਅਤੇ ਕੁੱਝ ਉਹਨਾਂ ਲੋਕਾਂ ਦਾ ਸਹਾਰਾ ਲਿਆ ਹੈ, ਜਿਹੜੇ ਵੇਖਣ ਨੂੰ ਵੱਡੇ ਧਾਰਮਿਕ ਸਿੱਖ ਹੋਣ ਦਾ ਭੁਲੇਖਾ ਪਾਉਂਦੇ ਹਨ। ਜੇ ਜਥੇਦਾਰ ਨੰਦਗੜ੍ਹ ਨੂੰ ਹਟਾਉਣਾ ਇੱਕ ਧਾਰਮਿਕ ਰਵਾਇਤ ਹੀ ਸੀ ਤਾਂ ਫਿਰ ਉਹ ਤਾਂ ਪੂਰੀ ਹੋ ਚੁੱਕੀ ਹੈ ਅਤੇ ਜਿਹੜਾ ਵੀ ਕੋਈ ਜਥੇਦਾਰ ਦੇ ਰੁਤਬੇ ਉੱਪਰ ਹੁੰਦਾ ਹੈ, ਉਸ ਨੂੰ ਹਟਾਉਣ ਤੋਂ ਬਾਅਦ ਸਾਡਾ ਧਰਮ ਇਹ ਕਿਤੇ ਨਹੀਂ ਕਹਿੰਦਾ ਕਿ ਉਸਨੂੰ ਧੱਕੇ ਮਾਰ ਕੇ ਬਾਹਰ ਕਢ ਦਿਓ। ਪਰ ਰਾਜਨੀਤੀ ਵਿੱਚ ਸਭ ਕੁਝ ਹੁੰਦਾ ਹੈ । ਹਾਲੇ ਜਥੇਦਾਰ ਨੰਦਗੜ੍ਹ ਦੀ ਬਰਤਰਫੀ ਦੀ ਖਬਰ ਟੀ.ਵੀ. ਜਾਂ ਰੇਡੀਓ ਉੱਪਰ ਵੀ ਨਹੀਂ ਆਈ ਸੀ, ਪਰ ਤਖਤ ਸਾਹਿਬ ਵਿਖੇ ਤੈਨਾਤ ਸ਼੍ਰੋਮਣੀ ਕਮੇਟੀ ਸਟਾਫ਼, ਜਥੇਦਾਰ ਨੰਦਗੜ੍ਹ ਦੀਆਂ ਗੱਡੀਆਂ ਅਤੇ ਹੋਰ ਸਹੂਲਤਾਂ ਖੋਹਣ ਵੀ ਆ ਗਿਆ ਸੀ ਕਿਉਂਕਿ ਪਿੱਛੋਂ ਰਾਜਨੀਤੀ ਜੋਰ ਪਾ ਰਹੀ ਸੀ।

ਪੰਥ ਦੇ ਵਿਰੁੱਧ ਲੜ ਰਹੀਆਂ ਸ਼ਕਤੀਆਂ ਨੇ ਸਿੱਖਾਂ ਵਿਚੋਂ ਜਿਹੜੇ ਲੋਕਾਂ ਨੂੰ ਪਾੜਕੇ ਪੰਥ ਦੇ ਵਿਰੁੱਧ ਖੜਾ ਕੀਤਾ ਹੈ, ਉਹਨਾਂ ਦੀ ਏਕਤਾ ਵੇਖਕੇ ਵੀ ਸਾਨੂੰ ਕੁੱਝ ਸਿੱਖ ਲੈਣਾ ਚਾਹੀਦਾ ਹੈ ਕਿ ਏਡੇ ਵੱਡੇ ਵਖਰੇਵਿਆਂ ਦੇ ਬਾਵਜੂਦ ਸਿੱਖ ਭੇਸ ਵਿਚਲੇ ਸਿੱਖੀ ਦੇ ਦੁਸ਼ਮਨ ਕਿਵੇ ਇੱਕਮੱਤ ਹਨ।

ਇੱਕ ਤਾਂ ਉਹ ਲੋਕ ਹਨ, ਜਿਹੜੇ ਚਾਹ ਵੀ ਨਹੀਂ ਪੀਂਦੇ ਅਤੇ ਕੇਲਾ ਵੀ ਧੋ ਕੇ ਖਾਂਦੇ ਹਨ ਅਤੇ ਦੂਸਰੇ ਉਹ ਵੀ ਹਨ ਜਿਹੜੇ ਭੰਗ ਵੀ ਪੀ ਲੈਂਦੇ ਹਨ ਅਤੇ ਬੱਕਰੇ ਵੀ ਝਟਕਾ ਲੈਂਦੇ ਹਨ ਅਤੇ ਆਪਣੇ ਲੰਗਰ ਵਿੱਚ ਵੀ ਵਰਤਾਉਂਦੇ ਹਨ। ਪਰ ਕੁਝ ਅਜਿਹੇ ਵੀ ਹਨ, ਜਿਹੜੇ ਲਸਣ ਪਿਆਜ਼ ਖਾਣ ਨੂੰ ਗੁਰਮਤਿ ਵਿਰੋਧੀ ਆਖਦੇ ਹਨ, ਬਾਣੀ ਪੜਣ ਅਤੇ ਪਹਿਰਾਵੇ ਵਿੱਚ ਵੱਡਾ ਅੰਤਰ ਹੈ, ਪਰ ਬਿਪਰਵਾਦ ਦੇ, ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰਨ ਅਤੇ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੇ ਮਾਮਲੇ ਵਿੱਚ ਕਿਵੇ ਇੱਕ ਜੁੱਟਤਾ ਵਿਖਾਈ ਹੈ।

ਪੰਥ ਹਿਤੈਸ਼ੀ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਬੇਸ਼ੱਕ ਨਿੱਕੇ ਮੋਟੇ ਕੁੱਝ ਵਖਰੇਵੇਂ ਵੀ ਹੋਣਗੇ ਜਾਂ ਮਰਿਯਾਦਾ ਨੂੰ ਲੈਕੇ ਕੋਈ ਮਨ ਮੁਟਾਵ ਹੋ ਸਕਦਾ ਹੈ। ਪਰ ਅੱਜ ਸਾਡੇ ਸਾਹਮਣੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰਕੇ ਵੱਖਰੀ ਕੌਮੀ ਪਹਿਚਾਨ ਨੂੰ ਮਿਟਾਉਣ ਦਾ ਮਾਮਲਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਦੀ ਰਾਖੀ ਕਰਦਿਆਂ ਆਪਣੀ ਪੰਥਕ ਡਿਉਟੀ ਨਿਭਾਉਣ ਬਦਲੇ, ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀ ਗੈਰ ਪੰਥਕ ਕਾਰਵਾਈ ਅਤੇ ਬੰਦੀ ਸਿਖਾਂ ਦੀ ਰਿਹਾਈ ਦਾ ਮਾਮਲਾ ਸਾਡੇ ਸਨਮੁੱਖ ਹੈ। ਸਿਰਫ ਇਹਨਾਂ ਗੱਲਾਂ ਨੂੰ ਲੈ ਕੇ ਇਕੱਠੇ ਤੁਰਨ ਵਿੱਚ ਦਿਕਤ ਨਹੀਂ ਹੋਣੀ ਚਾਹੀਦੀ। ਸਾਨੂੰ ਉਹਨਾਂ ਭਰਾਵਾਂ ਨੂੰ ਵੀ ਨਾਲ ਲੈਕੇ ਚੱਲਣਾ ਚਾਹੀਦਾ ਹੈ, ਜਿਹਨਾਂ ਨੇ ਕੱਲ੍ਹ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਦਾ ਬਾਈਕਾਟ ਕਰਕੇ, ਪੰਥ ਦੇ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਹੈ। ਖਾਸ ਕਰਕੇ ਜਥੇਦਾਰ ਟੌਹੜਾ ਨਾਲ ਸਬੰਧਤ ਰਹੇ ਸ. ਸੁਖਦੇਵ ਸਿੰਘ ਭੌਰ ਅਤੇ ਸ. ਕਰਨੈਲ ਸਿੰਘ ਪੰਜੋਲੀ ਵਰਗਿਆਂ ਨੂੰ ਵੀ ਆਵਾਜ਼ ਮਾਰ ਕੇ ਸਾਡੇ ਕਾਫਲੇ ਦਾ ਘੇਰਾ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਹੋਰ ਮੈਂਬਰ ਵੀ ਬੱਧੇ ਚੱਟੀ ਭਰ ਰਹੇ ਹਨ, ਮੁਲਾਜਮਾਂ ਦੀ ਵੱਡੀ ਗਿਣਤੀ ਕੱਲ੍ਹ ਦੀ ਘਟਨਾਂ ਤੋਂ ਉਪਰਾਮ ਹੈ। ਲੇਕਿਨ ਉਹਨਾਂ ਨੂੰ ਕਿਤੇ ਪੈਰ ਰੱਖਣ ਨੂੰ ਜਮੀਨ ਨਹੀਂ ਦਿਸਦੀ। ਇਸ ਲਈ ਸਾਨੂੰ ਵਿਸ਼ਾਲ ਹਿਰਦੇ ਨਾਲ ਇੱਕ ਦੂਜੇ ਨੂੰ ਗਲਵੱਕੜੀ ਵਿੱਚ ਲੈ ਕੇ ਇੱਕ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ‘‘ਜਿਹੜੇ ਪੰਥ ਦਰਦੀ ਕਿਸੇ ਅਦੀਨਾ ਬੇਗ ਦੀ ਨੌਕਰੀ ਕਰ ਰਹੇ ਹਨ’’ ਲੇਕਿਨ ਉਹਨਾਂ ਅੰਦਰਲੀ ਵਿਚਾਰਧਾਰਾ ਦੀ ਸਾਡੇ ਨਾਲ ਸੁਮੇਲਤਾ ਹੈ, ਉਹ ਵੀ ਕਿਸੇ ਥਾਂ ਬੈਠਕੇ ਆਪਣੇ ਜਜਬਾਤਾਂ ਦਾ ਇਜਹਾਰ ਕਰਦੇ ਹੋਏ ਇਸ ਧਰਮਯੁੱਧ ਵਿੱਚ ਬਣਦਾ ਯੋਗਦਾਨ ਦੇ ਸਕਣ।

ਗੁਰੂ ਰਾਖਾ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top