Share on Facebook

Main News Page

ਸਿੱਖ ਕੌਮ ਨੇ ਮਰਨ ਵਰਤਾਂ ਵਿੱਚੋਂ ਕੀਹ ਖੱਟਿਆ ਅਤੇ ਕੀਹ ਗਵਾਇਆ ?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਉਂਜ ਤਾਂ ਸਿੱਖ ਧਰਮ ਵਿੱਚ ਵਰਤ ਆਦਿਕ ਦੀ ਮੂਲੋਂ ਹੀ ਮਨਾਹੀ ਹੈ, ਭਗਤ ਕਬੀਰ ਜੀ ਨੇ ਗੁਰਬਾਣੀ ਵਿੱਚ ਵਰਤਾਂ ਜਾਂ ਢਿੱਡੋਂ ਭੁੱਖੇ ਰਹਿਣ ਉੱਪਰ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਹਨ, ਪਰ ਕੁੱਝ ਸਮਾਜਿਕ ਜਾਂ ਰਾਜਨੀਤਿਕ ਪ੍ਰਭਾਵ ਹੇਠ ਹੌਲੀ ਹੌਲੀ ਸਿੱਖ ਵੀ ਇਸ ਵਹਿਣ ਵਿੱਚ ਵਹਿ ਗਏ, ਕਿਉਂਕਿ ਲੋਕਤੰਤਰ ਵਿੱਚ ਇਸਨੂੰ ਸਭ ਤੋਂ ਉੱਤਮ ਅਤੇ ਸ਼ਾਂਤ ਮਈ ਸੰਘਰਸ਼ ਮੰਨ ਲਿਆ ਗਿਆ ਹੈ। ਇਸ ਨਾਲ ਮਰਨ ਵਰਤ ਰੱਖਣ ਵਾਲਾ ਆਪਣੀ ਜਾਨ ਦੀ ਬਾਜ਼ੀ ਤਾਂ ਲਾ ਜਾਂਦਾ ਹੈ, ਪਰ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ ਅਤੇ ਉਸ ਨਾਲ ਲੋਕਾਂ ਦੀ ਹਮਦਰਦੀ ਵੀ ਜੁੜ ਜਾਂਦੀ ਹੈ। ਮਰਨ ਵਰਤ ਰੱਖਕੇ ਆਪਣੀ ਜਾਨ ਦੇਣ ਵਾਲਾ ਸ਼ਹੀਦ ਅਖਵਾਉਂਦਾ ਹੈ ਅਤੇ ਬਹੁਤ ਵਾਰੀ ਅਜਿਹੀ ਕਿਸੇ ਘਟਨਾ, ਜਿੱਥੇ ਕੋਈ ਮਰਨ ਵਰਤ ਰੱਖਕੇ ਸ਼ਹੀਦੀ ਪਾ ਜਾਵੇ, ਉੱਥੇ ਸਰਕਾਰਾਂ ਨੂੰ ਝੁਕਣਾ ਵੀ ਪੈ ਜਾਂਦਾ ਹੈ ਅਤੇ ਉਹ ਮਸਲਾ, ਜਿਸ ਵਾਸਤੇ ਮਰਨ ਵਰਤ ਰੱਖਿਆ ਜਾਂਦਾ ਹੈ, ਹੱਲ ਵੀ ਹੋ ਜਾਂਦਾ ਹੈ।

ਦੁਨੀਆਂ ਵਿੱਚ ਮਰਨ ਵਰਤਾਂ ਦਾ ਵੀ ਇੱਕ ਲੰਬਾ ਇਤਿਹਾਸ ਹੈ, ਜਿਸ ਵਿੱਚ ਆਇਰਿਸ਼ ਰਿਪਬਲਿਕਨ ਨੇ ਵੱਡੀ ਗਿਣਤੀ ਵਿੱਚ ਮਰਨ ਵਰਤ ਰੱਖ ਕੇ ਮੌਤ ਨੂੰ ਗਲੇ ਲਗਾਇਆ। ਇਸ ਤਰਾਂ ਹੀ ਭਾਰਤ ਵਿੱਚ ਵੀ ਬਹੁਤ ਲੋਕਾਂ ਨੇ ਮਰਨ ਵਰਤ ਰੱਖੇ ਲੇਕਿਨ ਕੁੱਝ ਲੋਕਾਂ ਨੇ ਮੌਤ ਨੂੰ ਗਲੇ ਵੀ ਲਗਾਇਆ ਅਤੇ ਆਪਣੇ ਮਿਸ਼ਨ ਵਿੱਚ ਸਫਲ ਵੀ ਹੋਏ, ਸਫਲਤਾ ਸਿਰਫ ਉਹਨਾਂ ਦੇ ਹੱਥ ਹੀ ਲੱਗੀ ਜਿਹੜੇ ਭਾਰੀ ਬਹੁਗਿਣਤੀ ਦਾ ਹਿੱਸਾ ਸਨ। ਅਜਿਹੇ ਲੋਕਾਂ ਦੀ ਮੌਤ ਨਾਲ ਭਾਰਤੀ ਨਿਜ਼ਾਮ ਕੰਬ ਉਠਿਆ ਅਤੇ ਜਿਸ ਕਾਜ਼ ਨੂੰ ਲੈਕੇ ਮਰਨ ਵਰਤ ਹੋਇਆ, ਉਸਨੂੰ ਬਿਨਾਂ ਕਿਸੇ ਦੇਰੀ ਤੋਂ ਹੱਲ ਕੀਤਾ ਗਿਆ। ਜਿਵੇ 1929 ਦੀ ਰਾਵੀ ਕਾਨਫਰੰਸ ਵਿੱਚ ਨਹਿਰੂ ਗਾਂਧੀ ਅਤੇ ਪਟੇਲ ਵੱਲੋਂ ਭਾਰਤੀ ਘੱਟ ਗਿਣਤੀਆਂ ਨੂੰ ਵਿਸ਼ਵਾਸ਼ ਦਿੱਤਾ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਬੋਲੀ ਦੇ ਅਧਾਰ ਉੱਤੇ ਸੂਬੇ ਬਨਾਏ ਜਾਣਗੇ। ਜਿਸ ਸਮੇਂ ਆਜ਼ਾਦੀ ਮਿਲਣ ਉਪਰੰਤ ਭਾਰਤ ਵਿੱਚ ਬੋਲੀ ਦੇ ਅਧਾਰ ਉੱਪਰ ਸੂਬੇ ਬਣਾਉਣ ਦਾ ਸਮਾਂ ਆਇਆ ਤਾਂ ਕੁੱਝ ਸੂਬੇ ਤਾਂ ਬਿਨ੍ਹਾਂ ਕਿਸੇ ਸੰਘਰਸ਼ ਤੋਂ ਵਾਹਦੇ ਅਨੁਸਾਰ ਬਣਾ ਦਿੱਤੇ ਗਏ। ਪਰ ਕੁੱਝ ਬੋਲੀਆਂ ਦੇ ਸਬੰਧ ਵਿੱਚ ਟਾਲ ਮਟੋਲ ਦੀ ਨੀਤੀ ਹੀ ਅਪਣਾਈ ਗਈ।

ਉਸ ਵਿੱਚ ਪੰਜਾਬੀ ਸੂਬਾ ਪਹਿਲੇ ਨੰਬਰ ਤੇ ਹੈ, ਕਿਉਂਕਿ ਸਿੱਖ ਸੂਬਾ ਸੀ, ਦੂਜੇ ਨੰਬਰ ਤੇ ਮਰਾਠੇ ਸਨ। ਪਰ ਉਹਨਾਂ ਦੇ ਇੱਕ ਆਗੂ ਸ੍ਰੀ ਨਰ ਰਹੀ ਵਿਸ਼ਨੂੰ ਗਾਡਗਿੱਲ ਜੋ ਕਿ ਪੰਜਾਬ ਦੇ ਗਵਨਰ ਸੀ, ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਨਹਿਰੂ ਮਰਾਠੀ ਬੋਲੀ ਦੇ ਅਧਾਰ ਉੱਪਰ ਸੂਬਾ ਬਣਾਉਣ ਤੋਂ ਆਨਾ ਕਾਨੀ ਕਰ ਰਿਹਾ ਹੈ ਤਾਂ ਸ੍ਰੀ ਗਾਡਗਿੱਲ ਨੇ ਨਹਿਰੂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ‘‘ਮਰਾਠਾ ਸੂਬੇ ਦਾ ਫੈਸਲਾ ਹੁਣ ਉਥੋਂ ਦੀਆਂ ਗਲੀਆਂ ਵਿੱਚ ਲੋਕ ਹੀ ਕਰਨਗੇ’’ ਤਾਂ ਉਸੇ ਵੇਲੇ ਹੀ ਮਹਾਂਰਾਸ਼ਟਰ ਹੋਂਦ ਵਿੱਚ ਆ ਗਿਆ, ਜਦੋਂ ਤੇਲਗੂ ਬੋਲੀ ਵਾਲਿਆਂ ਨੇ ਆਂਧਰਾ ਮੰਗਿਆ ਤਾਂ ਉਹਨਾਂ ਨੂੰ ਸੰਘਰਸ਼ ਕਰਨਾਂ ਪਿਆ, ਤੇਲਗੂ ਬੋਲੀ ਦੇ ਆਸ਼ਿਕ ਸ੍ਰੀ ਰਮੋਲੇ ਨੇ ਮਰਨ ਵਰਤ ਰੱਖ ਦਿੱਤਾ ਅਤੇ ਸਰਕਾਰ ਬਹੁਤ ਦਿਨ ਅੜੀ ਰਹੀ, ਲੇਕਿਨ ਅਖੀਰ 73 ਦਿਨ ਭੂੱਖੇ ਰਹਿਕੇ ਜਦੋਂ ਆਪਣੀ ਜਾਨ ਦੀ ਅਹੂਤੀ ਦੇ ਦਿੱਤੀ ਤਾਂ ਤਰੁੰਤ ਆਂਧਰਾ ਪਰਦੇਸ ਸੂਬਾ ਵੀ ਹੋਂਦ ਵਿੱਚ ਆ ਗਿਆ।

ਆਜ਼ਾਦ ਭਾਰਤ ਵਿੱਚ ਅਤੇ ਉਸ ਤੋਂ ਪਹਿਲਾਂ ਕੁੱਝ ਮਰਨ ਵਰਤ ਸਿੱਖਾਂ ਦੇ ਹਿੱਸੇ ਵੀ ਆਏ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਰਜਵਾੜਾਸ਼ਾਹੀ ਦੇ ਖਿਲਾਫ਼ ਪਰਜਾ ਮੰਡਲ ਲਹਿਰ ਚੱਲੀ ਜਿਸ ਵਿਚ ਪਰਜਾ ਮੰਡਲ ਲਹਿਰ ਦੇ ਇੱਕ ਆਗੂ ਸ. ਸੇਵਾ ਸਿੰਘ ਠੀਕਰੀਵਾਲਾ ਦੇ ਸੰਘਰਸ਼ ਤੋਂ ਤੰਗ ਆ ਕੇ, ਮਹਾਰਾਜ ਪਟਿਆਲਾ ਭੁਪਿੰਦਰ ਸਿੰਘ ਨੇ ਆਪਣੀ ਰਿਆਸਤ ਬਚਾਉਣ ਵਾਸਤੇ, ਸ. ਸੇਵਾ ਸਿੰਘ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਬਰਨਾਲਾ ਦੇ ਇੱਕ ਨਿਰਮਲੇ ਡੇਰੇ ਵਿਚੋਂ, ਇੱਕ ਗੜਵੀ ਚੋਰੀ ਕਰ ਲੈਣ ਦਾ ਦੋਸ਼ ਲਾ ਕੇ ਸ. ਸੇਵਾ ਸਿੰਘ ਨੂੰ ਨਜ਼ਰਬੰਦ ਕਰ ਦਿੱਤਾ। ਲੇਕਿਨ ਸ. ਠੀਕਰੀਵਾਲਾ ਨੇ ਜੇਲ੍ਹ ਵਿੱਚ ਆਪਣੀ ਨਜਾਇਜ਼ ਨਜਰਬੰਦੀ ਖਿਲਾਫ਼ ਭੁੱਖ ਹੜਤਾਲ ਆਰੰਭ ਦਿੱਤੀ ਅਤੇ 19 ਜਨਵਰੀ 1944 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਜਦੋਂ ਅਜਾਦ ਭਾਰਤ ਵਿੱਚ ਸਿਖਾਂ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਤਾਂ ਪੰਜਾਬੀ ਸੂਬੇ ਵਾਸਤੇ ਵੀ ਸਿੱਖਾਂ ਨੂੰ ਬੜਾ ਲੰਬਾ ਸੰਘਰਸ਼ ਕਰਨਾ ਪਿਆ। ਇਥੇ ਵੀ ਮਰਨ ਵਰਤ ਹੋਏ, ਜਿਸ ਵਿੱਚ ਸਿੱਖਾਂ ਦੇ ਆਗੂਆਂ ਦੀ ਦੋਹਰੀ ਪਹੁੰਚ ਰਹੀ। ਪਰ ਸਿਰਫ ਸ. ਦਰਸ਼ਨ ਸਿੰਘ ਫੇਰੂਮਾਨ ਨੇ ਹੀ ਆਪਣੇ ਕੀਤੇ ਬੋਲ ਪੁਗਾਏ ਅਤੇ ਭਾਰਤ ਵਿਚ ਭੁੱਖੇ ਰਹਿਕੇ ਜਿਉਂਦੇ ਰਹਿਣ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਸ. ਦਰਸ਼ਨ ਸਿੰਘ ਫੇਰੂਮਾਨ ਨੇ ਵੀ ਆਪਣੀ ਮਾਂ ਬੋਲੀ ਦੇ ਅਧਾਰ ਉੱਪਰ ਪੰਜਾਬੀ ਸੂਬਾ ਮੰਗਦਿਆਂ 74 ਦਿਨ ਦੀ ਲੰਬੀ ਭੁੱਖ ਹੜਤਾਲ ਕਰਕੇ ਸ਼ਹੀਦੀ ਪਾਈ, ਇਸ ਤਰਾਂ ਸ. ਸੇਵਾ ਸਿੰਘ ਠੀਕਰੀਵਾਲਾ ਅਤੇ ਸ. ਦਰਸ਼ਨ ਸਿੰਘ ਫੇਰੂਮਾਨ ਨੇ ਆਪਣੇ ਕੀਤੇ ਬਚਨਾ ਤੇ ਪਹਿਰਾ ਦਿੰਦਿਆਂ ਸ਼ਹਾਦਤ ਪਾਈ ਅਤੇ ਇਤਿਹਾਸ ਵਿੱਚ ਅਮਰ ਹੋ ਗਏ।

ਲੇਕਿਨ ਕੁੱਝ ਕੁ ਵੱਡੇ ਸਿੱਖ ਆਗੂਆਂ ਅਤੇ ਅਜੋਕੇ ਸਮੇਂ ਵਿੱਚ ਆਮ ਸਧਾਰਨ ਬੰਦਿਆਂ ਨੇ ਮਰਨ ਵਰਤ ਰੱਖ ਕੇ ਕੌਮ ਨੂੰ ਅਤੇ ਮਰਨ ਵਰਤ ਸ਼ਬਦ ਨੂੰ ਬਦਨਾਮ ਕਰਕੇ ਰੱਖ ਦਿੱਤਾ। ਵੱਡੇ ਅਕਾਲੀ ਆਗੂਆਂ ਵਿੱਚ ਸ. ਸੰਪੂਰਨ ਸਿੰਘ ਰਾਮਾਂ, ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਦੇ ਨਾਮ ਵਰਤ ਤੋੜਨ ਵਾਲਿਆਂ ਵਿਚ ਲਿਖੇ ਗਏ ਹਨ। ਇਹਨਾਂ ਨੇ ਅਰਦਾਸਾਂ ਕਰਕੇ ਮਰਨ ਵਰਤ ਰੱਖੇ, ਪਰ ਤੋੜ ਨਹੀਂ ਨਿਭਾ ਸਕੇ। ਸੰਤ ਫਤਹਿ ਸਿੰਘ ਨੇ ਤਾਂ ਅਕਾਲ ਤਖਤ ਸਾਹਿਬ ਉੱਪਰ ਅਗਨ ਕੁੰਢ ਬਣਾਕੇ ਸੜ ਮਰਨ ਦੀਆਂ ਗੱਲਾਂ ਵੀ ਕੀਤੀਆਂ, ਪਰ ਅਖੀਰ ਨੂੰ ਸਭ ਕੁੱਝ ਕਮਜ਼ੋਰੀਆਂ ਦੀ ਭੇਂਟ ਚੜ੍ਹ ਗਿਆ। ਨਾ ਕੌਮ ਦਾ ਕੁੱਝ ਬਣਿਆ ਅਤੇ ਨਾ ਹੀ ਇਹ ਆਗੂ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਪਰ ਲਿਖਵਾਉਣ ਵਿੱਚ ਕਾਮਯਾਬ ਹੋ ਸਕੇ। ਇੱਕ ਗੱਲ ਜਰੁਰ ਹੈ ਕਿ ਮਰਨ ਵਰਤ ਮਾਸਟਰ ਤਾਰਾ ਸਿੰਘ ਨੂੰ ਸਿਆਸਤ ਵਿਚੋਂ ਮਨਫੀ ਕਰਨ ਦਾ ਕਰਨ ਬਣੇ ਅਤੇ ਸੰਤ ਫਤਹਿ ਸਿੰਘ ਨੂੰ ਸਿਆਸਤ ਵਿੱਚ ਅੱਗੇ ਲਿਆਉਣ ਦਾ ਰੋਲ ਜਰੂਰ ਅਦਾ ਕਰ ਗਏ।

ਬੜੇ ਲੰਬੇ ਅਰਸੇ ਬਾਅਦ ਹੁਣ ਫੇਰ ਅੰਨਾ ਹਜਾਰੇ ਨੇ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਕਾਲਾ ਧਨ ਵਾਪਿਸ ਲਿਆਉਣ ਵਾਸਤੇ ਮਰਨ ਵਰਤ ਰੱਖਿਆ। ਜਿਸ ਨੂੰ ਭਾਰਤੀ ਮੀਡੀਆ ਨੇ ਖੂਬ ਪ੍ਰਚਾਰਿਆ, ਬੇਸ਼ਕ ਅੰਨਾ ਹਜਾਰੇ ਦਾ ਮੌਤ ਤੋਂ ਪਹਿਲਾਂ ਹੀ ਕਿਸੇ ਬਹਾਨੇ ਭਾਰਤੀ ਨਿਜ਼ਾਮ ਮਰਨ ਵਰਤ ਖੁਲ੍ਹਵਾ ਹੀ ਦਿੰਦਾ ਰਿਹਾ, ਲੇਕਿਨ ਉਸ ਤੋਂ ਵੇਖ ਕੇ ਭਾਈ ਗੁਰਬਖਸ਼ ਸਿੰਘ ਨੇ ਵੀ 2013 ਵਿਚ ਕੁੱਝ ਸਿਖ ਨਜਰਬੰਦਾਂ ਵੱਲੋਂ ਸਜਾਵਾਂ ਪੂਰੀਆਂ ਕਰ ਲੈਣ ਉਪਰੰਤ ਵੀ ਰਿਹਾਈ ਨਾ ਮਿਲਣ ਦੇ ਮੁੱਦੇ ਨੂੰ ਲੈ ਕੇ, ਗੁਰਦਵਾਰਾ ਅੰਬ ਸਾਹਿਬ ਮੋਹਾਲੀ ਵਿਖੇ ਮਰਨ ਵਰਤ ਆਰੰਭ ਦਿੱਤਾ ਸੀ, ਜਿਹੜਾ ਕਿ ਗੁਰਬਖਸ਼ ਸਿੰਘ ਦੇ ਕਹਿਣ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਚਾਲੇ ਹੀ ਭੰਗ ਕਰਵਾ ਦਿੱਤਾ ਸੀ। ਪਰ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਥੇਦਾਰ ਨੂੰ ਖੁਦ ਭਾਈ ਗੁਰਬਖਸ਼ ਸਿੰਘ ਨੇ ਹੀ ਬੁਲਾਇਆ ਸੀ ਕਿ ਮੇਰੀ ਮਰਨ ਵਰਤ ਤੋਂ ਜਾਨ ਛੁਡਵਾਈ ਜਾਵੇ। ਚਲੋ ਜੋ ਵੀ ਸੀ, ਇਹ ਮਰਨ ਵਰਤ ਵੀ ਇੱਕ ਵੱਡੀ ਮੁਹਿੰਮ ਨੂੰ ਅਰਸ਼ਾਂ ਤੱਕ ਲੈ ਗਿਆ ਸੀ ਅਤੇ ਇੱਕ ਦਮ ਧੜੰਮ ਕਰਕੇ ਫਰਸਾਂ ਤੇ ਡਿੱਗ ਪਿਆ ਅਤੇ ਕੌਮ ਨੂੰ ਨਿਰਾਸਤਾ ਦੇ ਆਲਮ ਵਿੱਚ ਸੁੱਟ ਗਿਆ ਸੀ।

ਇੱਕ ਸਾਲ ਬਾਅਦ ਹੀ ਫਿਰ ਦੁਬਾਰਾ ਭਾਈ ਗੁਰਬਖਸ਼ ਸਿੰਘ ਨੇ ਹਰਿਆਣਾ ਵਿੱਚ ਗੁਰਦਵਾਰਾ ਲਖਨੌਰ ਸਾਹਿਬ ਵਿਖੇ ਮਰਨ ਵਰਤ ਆਰੰਭ ਕੀਤਾ ਜੋ ਫਿਰ ਬੜੇ ਹੀ ਡਰਾਮਾਈ ਢੰਗ ਨਾ ਸਮਾਪਤ ਹੋ ਗਿਆ। ਕੌਮ ਸੜਕਾਂ ਉੱਪਰ ਆਈ ਤਨ ਮਨ ਧਨ ਕਿਸੇ ਚੀਜ ਦੀ ਕਮੀ ਨਹੀਂ ਰਹੀ। ਕੌਮੀ ਜਜਬਾਤ ਬੇਸ਼ੱਕ ਪਹਿਲੇ ਮਰਨ ਵਰਤ ਸਮੇਂ ਭਰੋਸਾ ਟੁੱਟਣ ਕਰਕੇ, ਠੰਡੇ ਰਹੇ ਪਰ ਫਿਰ ਦੁਬਾਰਾ ਪੰਥ ਦੇ ਨਾਮ ਉੱਤੇ ਸਿੱਖਾਂ ਨੇ ਸੰਘਰਸ਼ ਨੂੰ ਮੋਢਾ ਦੇ ਦਿੱਤਾ, ਲੇਕਿਨ ਉਹੀ ਫਿਰ ਹੋਇਆ ਜੋ ਪਿਛੇ ਹੋਇਆ ਸੀ। ਸਾਜਿਸ਼ ਉਹੀ ਸੀ ਬਸ ਕੁੱਝ ਪਾਤਰ ਹੀ ਬਦਲੇ ਸਨ। ਸਿੱਖਾਂ ਦੇ ਪੱਲੇ ਪਹਿਲਾਂ ਦੀ ਤਰ੍ਹਾਂ ਨਿਰਾਸਤਾ ਹੀ ਪਈ, ਸੋ ਨਿਜ਼ਾਮ ਦੀ ਸਿੱਖਾਂ ਪ੍ਰਤੀ ਵੱਖਰੀ ਤੇ ਮਾਰੂ ਸੋਚ ਅਤੇ ਕੁੱਝ ਬੰਦਿਆਂ ਦੀ ਦੋਗਲੀ ਨੀਤੀ ਕਰਕੇ ਮਰਨ ਵਰਤ ਟੁੱਟੇ, ਕੌਮ ਨੂੰ ਨਿਰਾਸਤਾ ਪੱਲੇ ਪਈ, ਪਰ ਜਿਹੜੇ ਗੰਢ ਦੇ ਪੂਰੇ ਸਨ ਉਹਨਾਂ ਨੇ ਆਪਣੀ ਜਾਨ ਦੀ ਬਾਜ਼ੀ ਲਾਕੇ ਕੌਮ ਦਾ ਸਿਰ ਉੱਚਾ ਕੀਤਾ। ਗੁਰੂ ਰਾਖਾ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top