Share on Facebook

Main News Page

ਸਿੱਖਾਂ ਦੇ ਕੌਮੀਂ ਅਤੇ ਧਾਰਮਿਕ ਮਸਲਿਆਂ ਵਿੱਚ ਦਖਲ ਅੰਦਾਜੀ ਅਤੇ ਸਿੱਖ ਮੁੱਦਿਆਂ ਦੀ ਅਣਦੇਖੀ ਦੇ ਰੋਸ ਵਜੋਂ, 26 ਜਨਵਰੀ ਨੂੰ ਸਿੱਖ ਕਾਲੇ ਦਿਨ ਵਜੋਂ ਮਨਾਉਣਗੇ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਆਜ਼ਾਦ ਭਾਰਤ ਵਿੱਚ ਵੀ ਗਲਾਮਾਂ ਵਾਲੀ ਜਿੰਦਗੀ ਜਿਉਣ ਵਾਸਤੇ ਮਜਬੂਰ ਹਨ, ਕਿਉਂਕਿ ਸੱਤ ਦਹਾਕਿਆਂ ਦੀ ਆਜ਼ਾਦੀ ਨੇ ਸਿੱਖਾਂ ਨੂੰ ਬੇਗਾਨਗੀ ਹੀ ਦਿੱਤੀ ਹੈ। ਕਿਸੇ ਪੱਖ ਤੋਂ ਵੀ ਸਿੱਖਾਂ ਨੂੰ ਅਪਣੱਤ ਨਹੀਂ ਵੇਖਣ ਨੂੰ ਮਿਲੀ। ਸਿੱਖ ਆਪਣੇ ਸੂਬੇ ਦੇ ਕੁਦਰਤੀ ਸਰੋਤਾਂ ਦੀ ਲੁੱਟ ਖਸੁੱਟ ਦੇ ਖਿਲਾਫ਼ ਸੰਘਰਸ਼ ਕਰਦੇ, ਆਪਣੇ ਹੱਕਾਂ ਦੀ ਸਲਾਮਤੀ ਦੀ ਅਵਾਜ਼ ਬੁਲੰਦ ਕਰਦੇ ਰਹੇ ਹਨ, ਲੇਕਿਨ ਬਦਲੇ ਵਿੱਚ ਸਿੱਖਾਂ ਨੂੰ ਜ਼ੁਲਮ ਅਤੇ ਤਸ਼ੱਦਦ ਤਾਂ ਸਹਿਣ ਕਰਨਾ ਹੀ ਪਿਆ, ਸਗੋਂ ਸਿੱਖਾਂ ਦੇ ਧਰਮ ਵਿੱਚ ਦਖਲ ਦੇਣ ਦੀ ਇੱਲਤ ਵੀ ਸ਼ੁਰੂ ਕਰ ਦਿੱਤੀ ਗਈ।

ਅੱਜ ਸਭ ਦੇ ਸਾਹਮਣੇ ਹੈ ਕਿ ਕਿਵੇਂ ਭਾਰਤੀ ਨਿਜ਼ਾਮ ਦੀਆਂ ਏਜੰਸੀਆਂ ਅਤੇ ਕੱਟੜਵਾਦੀ ਹਿੰਦੁਤਵ ਨੇ ਹਰ ਸਮੇਂ ਸਿੱਖਾਂ ਨੂੰ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਮਾਨਸਿਕ ਪੱਖੋਂ ਜਲੀਲ ਕਰਨ ਦੀਆਂ ਵਿਉਂਤਬੰਦੀਆਂ ਕੀਤੀਆਂ ਹੋਈਆਂ ਹਨ। ਪਹਿਲਾਂ ਤਾਂ ਸਿੱਖਾਂ ਨੂੰ ਰੱਜ ਕੇ ਜਖਮ ਦਿੱਤੇ ਹਨ, ਹੁਣ ਆਏ ਦਿਨ ਕੋਈ ਨਾ ਕੋਈ ਸਿੱਖਾਂ ਦੇ ਜਖਮਾਂ ਉੱਪਰ ਲੂਣ ਦੀ ਮੁੱਠ ਭਰਕੇ ਛਿੜਕਣ ਵਾਸਤੇ ਤਿਆਰ ਰਹਿੰਦਾ ਹੈ।

ਸਿੱਖ ਭਾਰਤੀ ਨਿਜ਼ਾਮ ਅਤੇ ਹਿੰਦੁਤਵ ਦੀ ਚੱਕੀ ਦੇ ਪੁੜਾਂ ਵਿਚਾਲੇ ਪਿਸ ਰਹੇ ਹਨ। ਭਾਰਤੀ ਨਿਜ਼ਾਮ ਨੇ ਸਿੱਖਾਂ ਨੂੰ ਭਗੋਲਿਕ, ਰਾਜਨੀਤਿਕ ਅਤੇ ਆਰਥਿਕ ਤੌਰ ਉੱਤੇ ਖਤਮ ਕਰਨ ਦੀ ਠਾਣੀ ਹੋਈ ਹੈ ਅਤੇ ਆਰ.ਐਸ.ਐਸ. ਨੇ ਸਿੱਖਾਂ ਦੀ ਵੱਖਰੀ ਕੌਮੀਂ ਹਸਤੀ ਨੂੰ ਖੋਰਕੇ ਮੁੜ ਬਿਪਰਵਾਦ ਵਿੱਚ ਰਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਅੱਜ ਬਿਪਰਵਾਦ ਸਰਕਾਰੀ ਘੋੜੀ ਉੱਪਰ ਸਵਾਰ ਹੋਕੇ ਸਾਡੇ ਵੇਹੜੇ ਆ ਵੜਿਆ ਹੈ ਅਤੇ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਨਾਲ ਆਪਣੇ ਪਿਛਲੱਗੂ ਬਣਾ ਲਿਆ ਹੈ। ਹੁਣ ਉਸਦਾ ਕੰਮ ਪਹਿਲਾਂ ਨਾਲੋ ਕਾਫੀ ਸੌਖਾ ਹੋ ਗਿਆ ਹੈ। ਸਿੱਖਾਂ ਨੂੰ ਆਪਣੇ ਪਹਿਰੇਦਾਰਾਂ ਅਤੇ ਦੁਸ਼ਮਣ ਦੀ ਪਹਿਚਾਨ ਕਰਨੀ ਵੀ ਸੌਖੀ ਨਹੀਂ ਰਹੀ।

ਜਦੋਂ ਤੋਂ ਭਾਰਤ ਅੰਗ੍ਰੇਜ਼ੀ ਗੁਲਾਮੀ ਤੋਂ ਅਜਾਦ ਹੋਇਆ ਹੈ ਭਾਵ 1947 ਤੋਂ ਬਾਅਦ ਸਿੱਖਾਂ ਦਾ ਇੱਕ ਵੀ ਮਸਲਾ ਹੱਲ ਨਹੀਂ ਹੋਇਆ, ਮੁਢਲੇ ਮਸਲਿਆਂ ਦੀ ਗੱਲ ਤਾਂ ਇੱਕ ਪਾਸੇ ਰਹੀ ਬਲਕਿ ਮਸਲਿਆਂ ਨੂੰ ਹੱਲ ਕਰਦਿਆਂ ਵਿੱਚੋਂ ਉਪਜੇ ਨਵੇਂ ਮੁੱਦੇ ਵੀ ਕਿਸੇ ਪਾਸੇ ਨਹੀਂ ਲੱਗ ਰਹੇ। ਸਿੱਖਾਂ ਨੇ ਹੱਕ ਮੰਗੇ, ਪਰ ਮਿਲਿਆ ਦਰਬਾਰ ਸਾਹਿਬ ਦਾ ਫੌਜੀ ਹਮਲਾ, ਦਿੱਲੀ ਦਾ ਸਿੱਖ ਕਤਲੇਆਮ, ਪੰਜਾਬ ਦੇ ਖਾੜਕੂ ਦੌਰ ਦੀ ਬਰਬਾਦੀ, ਜਿਸ ਨੇ ਅੱਗੋਂ ਮਸਲਿਆਂ ਨੂੰ ਜਨਮ ਦਿੱਤਾ। ਕਦੇ ਸਿੱਖ ਸਿੱਖ ਬੰਦੀਆਂ ਦੀ ਰਿਹਾਈ ਨੂੰ ਤਰਸਦੇ ਹਨ, ਜੇ ਕੋਈ ਸੜਕ ਰੋਕਣ, ਬੰਦ ਆਦਿਕ ਦਾ ਪਰੋਗਰਾਮ ਦਿੰਦੇ ਹਨ, ਤਾਂ ਸਿੱਖਾਂ ਨੂੰ ਲੋਕ ਜੀਵਨ ਵਿੱਚ ਵਿਘਨ ਪਾਉਣ ਵਾਲੇ ਆਖਿਆ ਜਾਂਦਾ ਹੈ, ਜੇ ਸਿੱਖ ਸ਼ਾਂਤਮਈ ਸੰਘਰਸ਼ ਕਰਨ ਤਾਂ ਉਹ ਵੀ ਸਰਕਾਰ ਨੂੰ ਨਹੀਂ ਭਾਉਂਦੇ।

ਅੱਜ ਸਿੱਖਾਂ ਦੀ ਵੱਖਰੀ ਹੋਂਦ ਦੇ ਇੱਕ ਦਸਤਾਵੇਜ਼ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਵਾਸਤੇ, ਹਿੰਦੁਤਵ ਨੇ ਸਿੱਖਾਂ ਦੇ ਭੇਸ ਕੰਮ ਕਰਦੀਆਂ ਆਪਣੀਆਂ ਸਹਾਇਕ ਜਥੇਬੰਦੀਆਂ ਨੂੰ ਵਰਤ ਕੇ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੇ ਹੱਕ ਵਿੱਚ ਭੁਗਤਾ ਲਿਆ ਹੈ ਅਤੇ ਜੇ ਇੱਕ ਜਥੇਦਾਰ ਨੇ ਵਿਰੋਧਤਾ ਕੀਤੀ ਤਾਂ ਉਸ ਨੂੰ ਵੀ ਅਹੁਦੇ ਤੋਂ ਹਟਾ ਕੇ ਹੀ ਸਾਹ ਲਿਆ ਹੈ। ਸਿੱਖ ਬੰਦੀਆਂ ਦੀ ਰਿਹਾਈ ਵੀ ਉਠ ਦਾ ਬੁੱਲ੍ਹ ਬਣਕੇ ਰਹਿ ਗਈ ਹੈ। ਹਲਾਤ ਅਜਿਹੇ ਬਣ ਚੁੱਕੇ ਹਨ ਕਿ ਸਿੱਖਾਂ ਨੂੰ ਘੁਟਣ ਮਹਿਸੂਸ ਹੋ ਰਹੀ ਹੈ ਅਤੇ ਸਿੱਖ ਜਜਬਾਤ ਗਰਮਾਹਟ ਵਿੱਚ ਆਉਣ ਲੱਗੇ ਹਨ, ਜਿਸ ਕਰਕੇ ਹਰ ਪੰਥ ਦਰਦੀ ਸੋਚਦਾ ਹੈ ਕਿ ਹੁਣ ਕੁੱਝ ਨਾ ਕੁੱਝ ਕੀਤਾ ਜਾਵੇ। ਇਸ ਕਰਕੇ ਹੀ ਪੰਥ ਦਰਦੀ ਛੋਟੇ ਛੋਟੇ ਜਥਿਆਂ ਦੇ ਰੂਪ ਵਿਚ ਗੁਰਮਤੇ ਕਰਨ ਵਿੱਚ ਮਸ਼ਰੂਫ ਹਨ ਅਤੇ ਸੋਚ ਰਹੇ ਹਨ ਕਿ ਕਿਹੜਾ ਪਰੋਗਰਾਮ ਦਿੱਤਾ ਜਾਵੇ।

ਜਦੋਂ ਮਾਹੌਲ ਸਾਜ਼ਗਾਰ ਨਾ ਹੋਵੇ ਅਤੇ ਆਪਣੇ ਵੀ ਦੁਸ਼ਮਨ ਦੀ ਕਤਾਰ ਵਿਚ ਖੜੇ ਦਿਸਦੇ ਹੋਣ ਤਾਂ ਅਜਿਹੇ ਮੌਕੇ ਹਰ ਕਦਮ ਫੂਕ ਕੇ ਰੱਖਣਾ ਪੈਂਦਾ ਹੈ ਤਾਂ ਕਿ ਕੋਈ ਨੁਕਸਾਨ ਵੀ ਨਾ ਹੋਵੇ ਅਤੇ ਲੋਕਾਂ ਦਾ ਧਿਆਨ ਵੀ ਸਾਡੇ ਮੁੱਦਿਆਂ ਵੱਲ ਆਵੇ ਅਤੇ ਲੋਕਾਂ ਦੇ ਦਿਲਾਂ ਵਿੱਚ ਹਮਦਰਦੀ ਵੀ ਪੈਦਾ ਹੋਵੇ। ਅਜਿਹੇ ਮੌਕੇ ਇੱਕ ਪੁਰਅਮਨ, ਸ਼ਾਂਤਮਈ ਅਤੇ ਲੋਕਰਾਜੀ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲਾ ਪਰੋਗਰਾਮ ਦੇਣਾ ਹੀ ਲਾਹੇਵੰਦਾ ਰਹਿੰਦਾ ਹੈ। ਅੱਜ ਬੇਸ਼ੱਕ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼੍ਰੋਮਣੀ ਕਮੇਟੀ ਤੇ ਸਿਧਾਂਤ, ਕਾਨੂੰਨ ਛਿੱਕੇ ਟੰਗ ਕੇ ਬਿਪਰਵਾਦੀਆਂ ਅਤੇ ਸਾਧ ਯੂਨੀਅਨ ਦੀ ਸਾਂਝੀ ਸੋਚ ਉੱਪਰ ਫੁੱਲ ਝੜਾਉਂਦਿਆਂ ਅਕਾਲੀ ਦਲ ਬਾਦਲ ਦੀ ਰਹਿਨੁਮਾਈ ਹੇਠ, ਅਹੁਦੇ ਤੋਂ ਜਬਰੀ ਹਟਾ ਦਿੱਤਾ ਹੈ, ਲੇਕਿਨ ਕੁੱਝ ਦਿਨ ਪਹਿਲਾਂ ਮਰਨ ਵਰਤ ਉੱਤੇ ਬੈਠੇ ਗੁਰਬਖਸ਼ ਸਿੰਘ ਨੂੰ ਮਿਲਣ ਵੇਲੇ ਜਥੇਦਾਰ ਨੰਦਗੜ੍ਹ੍ਹ ਨੇ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਭਾਰਤੀ ਨਿਜ਼ਾਮ ਨੇ 26 ਜਨਵਰੀ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ, ਸਿੱਖਾਂ ਦੀ ਵੱਖਰੀ ਪਹਿਚਾਨ ਦੀ ਦੁਸ਼ਮਨ ਧਾਰਾ 25 ਬੀ ਦਾ ਫਸਤਾ ਨਾ ਵੱਢਿਆ ਅਤੇ ਆਰ.ਐਸ.ਐਸ. ਨੂੰ ਸਿੱਖਾਂ ਦੇ ਧਰਮ ਵਿੱਚ ਦਖਲ ਅੰਦਾਜੀ ਕਰਨ ਅਤੇ ਪੰਜਾਬ ਦੇ ਅਮਨਮਈ ਮਹੌਲ ਨੂੰ ਲਾਂਬੂ ਲਾਉਣ ਤੋਂ ਨਾ ਵਰਜਿਆ ਤਾਂ ਸਿੱਖ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਉਦੇ ਹੋਏ ਆਪਣੇ ਘਰਾਂ ਅਤੇ ਗੱਡੀਆਂ ਉੱਪਰ ਕਾਲੇ ਝੰਡੇ ਲਾਉਣ ਦੇ ਨਾਲ ਨਾਲ ਆਪਣੀਆਂ ਦਸਤਾਰਾਂ ਉੱਪਰ ਕਾਲੀਆਂ ਪੱਟੀਆਂ ਬੰਨ੍ਹਕੇ ਰੋਹ ਦਾ ਪ੍ਰਗਟਾਵਾ ਕਰਨ।

ਅਜਿਹਾ ਪਰੋਗਰਾਮ ਇੱਕ ਤਾਂ ਕਿਸੇ ਨਾਲ ਕੋਈ ਝਗੜਾ ਨਹੀਂ ਪਾਉਂਦਾ। ਕਿਸੇ ਦੁਕਾਨ ਨੂੰ ਬੰਦ ਕਰਵਾਉਣਾ, ਰਸਤਾ ਰੋਕਣਾ ਕਿਸੇ ਦੇ ਕੰਮ ਵਿੱਚ ਦਖਲ ਅੰਦਾਜੀ ਹੁੰਦੀ ਹੈ। ਪਰ ਆਪਣੇ ਘਰ ਉੱਪਰ ਜਾਂ ਆਪਣੀ ਗੱਡੀ ਉੱਤੇ ਕਾਲਾ ਝੰਡਾ ਲਾਉਣ ਨਾਲ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਹੋਵੇਗੀ, ਸਗੋਂ ਸਰਕਾਰ ਨੂੰ ਅਹਿਸਾਸ ਹੋਵੇਗਾ ਕਿ ਉਹ ਦੇਸ਼ ਭਗਤ ਸਿੱਖ ਜਿਹਨਾਂ ਨੇ ਇਸ ਭਾਰਤ ਦੀ ਆਜ਼ਾਦੀ ਵਾਸਤੇ ਪਚਾਸੀ ਫੀ ਸਦੀ ਕੁਰਬਾਨੀਆਂ ਕੀਤੀਆਂ ਹਨ ਅਤੇ ਅਠਾਨਵੇਂ ਪ੍ਰਤੀਸ਼ਤ ਸ਼ਹੀਦੀਆਂ ਦਿੱਤੀਆਂ, ਅੱਜ ਦੀ ਸਾਡੀ ਨੀਤੀ ਤੋਂ ਨਾ ਖੁਸ਼ ਹਨ। ਸਰਕਾਰ ਕੋਲ ਕਹਿਣ ਨੂੰ ਕੁੱਝ ਨਹੀਂ ਹੋਵੇਗਾ ਕਿ ਸਿੱਖ ਕਿਸੇ ਤਰ੍ਹਾਂ ਕੋਈ ਗੈਰ ਸਮਾਜਿਕ ਕਾਰਵਾਈ ਕਰ ਰਹੇ ਹਨ, ਜਿਸ ਨਾਲ ਸਾਡੇ ਉੱਪਰ ਜਬਰ ਕਰਨ ਦਾ ਬਹਾਨਾ ਮਿਲਦਾ ਹੋਵੇ।

ਹੁਣੇ ਹੁਣ ਗੁਰਬਖਸ਼ ਸਿੰਘ ਦਾ ਮਰਨ ਵਰਤ ਬਿਨ੍ਹਾਂ ਕਿਸੇ ਨਤੀਜੇ ਤੋਂ ਖਤਮ ਹੋ ਜਾਣ ਅਤੇ ਜਥੇਦਾਰ ਨੰਦਗੜ੍ਹ ਦੀ ਗੈਰ ਸਿਧਾਂਤਿਕ ਬ੍ਰਖਾਸਦਗੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦੀ ਕੋਝੀ ਹਰਕਤ ਨੇ ਸਿੱਖ ਜਜਬਾਤਾਂ ਨੂੰ ਝੰਜੋੜਿਆ ਅਤੇ ਸਿੱਖ ਹੁਣ ਯਤੀਮ ਮਹਿਸੂਸ ਕਰ ਰਹੇ ਅਤੇ ਵੇਖ ਰਹੇ ਹਨ, ਕਿ ਕੋਈ ਮਰਦ ਦਲੇਰ ਕੌਮ ਦੀ ਰਾਖੀ ਵਾਸਤੇ ਅੱਗੇ ਆਉਣਗੇ। ਸਿੱਖ ਅਵਾਮ ਨੂੰ ਉਡੀਕ ਹੈ ਕਿ ਕੋਈ ਆਗੂ ਜਾਂ ਪੰਥ ਦਰਦੀ ਸਾਡੇ ਅੰਦਰਲੇ ਵਲਵਲਿਆਂ ਨੂੰ ਸਮਝਦੇ ਹੋਏ, ਸਾਨੂੰ ਰੋਹ ਦਾ ਪ੍ਰਗਟਾਵਾ ਕਰਨ ਦਾ ਕੋਈ ਮੌਕਾ ਦੇਣਗੇ । ਇਸ ਵਾਸਤੇ ਅੱਜ ਕੌਮੀ ਜਜਬਾਤ ਜਖਮੀ ਹੋਏ ਕਿਸੇ ਰੋਸ ਪਰੋਗਰਾਮ ਦੀ ਮਲ੍ਹਮ ਉਡੀਕ ਰਹੇ ਹਨ। ਜੇ 26 ਜਨਵਰੀ ਨੂੰ ਰੋਸ ਕਰਨ ਦਾ ਕੋਈ ਸੱਦਾ ਆਉਂਦਾ ਹੈ, ਤਾਂ ਕੌਮ ਇਸਨੂੰ ਪ੍ਰਵਾਨ ਕਰਨ ਵਾਸਤੇ ਬਾਹਾਂ ਉਲਾਰੀ ਖੜੀ, ਉਡੀਕ ਕਰੇਗੀ!! ਗੁਰੂ ਰਾਖਾ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top