Share on Facebook

Main News Page

ਗੁਰੂ ਗ੍ਰੰਥ ਅਤੇ ‘ਕਰਹਿ ਪਾਖੰਡ’ ਦੀ ਵਿਚਾਰ
-: ਗੁਰਬੰਸ ਸਿੰਘ
January 21, 2015

ਏਕੰਕਾਰ: ਸਾਰੇ ਬ੍ਰਹਮੰਡ, ਇਸ ਵਿੱਚਲੀ ਧਰਤੀ ਅਤੇ ਇਸ ਧਰਤੀ ਦੇ ਸੰਸਾਰ ਦੇ ਸਾਰੇ ਜੀਵਾਂ ਦਾ ਰਚਣਹਾਰ ਹੈ। ਇਸ ਨੇ ਸੰਸਾਰ ਦੇ ਸਾਰੇ ਜੀਵਾਂ ਦੀ ਰਚਨਾ ਕਰਕੇ, ਇਹਨਾਂ ਜੀਵਾਂ ਵਿੱਚੋਂ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ- “ਅਵਰੁ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥” (ਗੁਰੂ ਗ੍ਰੰਥ-373) ਅਤੇ ਇਸ ਸਰਦਾਰ ਨੂੰ ਆਪਣਾ ਮੂਲ ਪਛਾਣਨ ਲਈ ‘ਮਨਿ ਜੀਤੈ ਜਗੁ ਜੀਤੁ’ ਦਾ ਸਿਧਾਂਤ ਦਿੱਤਾ। ਇਸ ਸਿਧਾਂਤ ਦੀ ਲੜੀ ਵਿੱਚ ਸਾਰੇ ਕੁਦਰਤੀ ਨਿਯਮਾਂ ਨੂੰ ਪ੍ਰੋਣਾਂ ਕਰਦੇ ਹੋਏ ਮਨੁੱਖ ਨੂੰ ਉਪਦੇਸ਼ ਦਿੱਤਾ:

‘ਹੇ ਸੰਸਾਰ ਦੇ ਸਰਵੋਤਮ ਜੀਵ: ਮਨੁੱਖ! ਅੱਜ ਤੋਂ ਤੇਰਾ ਗੁਰੂ ਸ਼ਬਦ ਹੈ ਇਸ ਸ਼ਬਦ ਦੀ ਵਿਚਾਰ ਨਾਲ ਹੀ ਤੂੰ ਆਪਣੀ ਸੁਰਤਿ ਨੂੰ ਜਗਾਉਂਣਾ ਹੈ। ਜਦੋਂ ਤੇਰੀ ਸੁਰਤਿ ਸ਼ਬਦ ਗੁਰੂ ਦੇ ਅਮਲੀ ਵਿਚਾਰ ਨਾਲ ਜਾਗੇਗੀ ਤਾਂ ਫਿਰ ਤੈਂਨੂੰ ਸੰਸਾਰ ਦੀ ਕਾਰ ਸਮਝ ਆਵੇਗੀ। ਫਿਰ ਤੈਂਨੂੰ ਮਨੁੱਖੇ ਜਨਮ ਦਾ ਅਸਲੀ ਮਤਲਵ ਸਮਝ ਆਵੇਗਾ। ਫਿਰ ਤੈਂਨੂੰ ਸ਼ਰੀਰ ਦੀ ਅਸਲੀ ਕਦਰ ਦਾ ਪਤਾ ਚੱਲੇਗਾ ਕਿ ਸ਼ਰੀਰ ਇੱਕ ਮੰਦਿਰ ਹੈ- “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥” (ਗੁਰੂ ਗ੍ਰੰਥ-1346)’

ਗੁਰਬਾਣੀ ਅਨੁਸਾਰ ਮਨੁੱਖ ਦਾ ਸ਼ਰੀਰ ਇੱਕ ਮੰਦਿਰ ਹੈ। ਏਕੰਕਾਰ ਦੀ ਸੱਚੀ ਇਬਾਦਤ ਗਾਹ ਹੈ। ਜਿਹੜਾ ਮਨੁੱਖ ਸੱਚ ਨੂੰ ਪਿਆਰ ਕਰਦਾ ਹੈ, ਉਸ ਨੂੰ ਹੀ ਸ਼ਰੀਰਕ ਸੱਚ ਦੀ ਪ੍ਰਾਪਤੀ ਹੁੰਦੀ ਹੈ। ਉਹ ਸੱਚ ਦੇ ਇਸ ਬਣਾਏ ਸ਼ਰੀਰ ਦੀ ਸਾਂਭ ਸੰਭਾਲ ਵੀ ਕਰਦਾ ਹੈ।ਇਸ ਨੂੰ ਨਸ਼ਿਆਂ ਤੋਂ ਬਚਾਉਂਦਾ ਹੈ, ਇਸ ਨੂੰ ਤੰਦਰੁਸਤ ਰੱਖਦਾ ਹੈ। ਇਸ ਦੀ ਸਾਫ ਸਫਾਈ ਵੀ ਸਮੇਂ ਸਿਰ ਕਰਦਾ ਹੈ। ਇਸਨੂੰ ਸਮੇਂ ਸਿਰ ਰੋਟੀ ਪਾਣੀ ਵੀ ਖੁਆਂਦਾ ਹੈ, ਢਿੱਲਾ ਮੱਠਾ ਹੋਣ ਤੇ ਇਸ ਦੀ ਦਵਾ ਦਾਰੂ ਵੀ ਕਰਦਾ ਹੈ। ਕੋਈ ਵੀ ਸੂਝਵਾਨ ਮਨੁੱਖ ਇਸ ਨੂੰ ਪੂਜਾਰੀਵਾਦ ਦੇ ‘ਕਰਹਿ ਪਾਖੰਡ’ ਅਨੁਸਾਰ ਦੁਖ ਤੇ ਤਕਲੀਫ ਨਹੀਂ ਦਿੰਦਾ। ਗੁਰੂ ਗ੍ਰੰਥ ਜੀ ਕਹਿੰਦੇ ਹਨ: ਜਿਹੜਾ ਮਨੁੱਖ ਆਪਣੇ ਸ਼ਰੀਰ ਦੀ ਦੇਖਭਾਲ ਨਹੀਂ ਕਰਦਾ ਇਸਨੂੰ ਸਮੇਂ ਸਿਰ ਭੋਜਨ ਨਹੀਂ ਕਰਵਾਉਂਦਾ, ਇਸ ਨੂੰ ਭੋਜਨ ਤੋਂ ਵਾਂਝਾ ਰੱਖ ਭੁੱਖ ਹੜ੍ਹਤਾਲ ਦੀ ਦੁਖ ਤਕਲੀਫ ਦਿੰਦਾ ਹੈ ਉਹ ਮਨੁੱਖ,‘ਪਾਖੰਡੀ’ ਹੈ- ਛੋਡਹਿ ਅੰਨੁ ਕਰਹਿ ਪਾਖੰਡ॥ (ਗੁਰੂ ਗ੍ਰੰਥ-873)

ਗੁਰੂ ਗ੍ਰੰਥ ਜੀ ਦੀ ਦਾ ਸ਼ਰੀਰ ਬਾਬਤ ਇਹ ਵਿਚਾਰ ਖਾਲਸਾ ਪੰਥ ਦੇ ਮੌਜ਼ੂਦਾ ਹਲਾਤਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ। ਤਾਂ ਜੋ ਪਾਠਕ ਸਮਝ ਜਾਣ ਕਿ ਕਿਸੇ ਵੀ ਚੰਗੇ-ਮਾੜੇ ਕਾਰਜ ਲਈ ਭੁੱਖੇ ਰਹਿਣਾ ਗੁਰੂ ਗ੍ਰੰਥ ਜੀ ਦੇ ਸੱਚੇ ਕਾਨੂੰਨ ਖਿਲਾਫ ਹੈ। ਜਦੋਂ ਅਸੀਂ ਭਾਰਤ ਦੇ ਇਤਿਹਾਸ ਵਿਚੋਂ ਭੁੱਖ ਹੜਤਾਲ ਦੇ ਪਿਛੋਕੜ ਵੱਲ ਝਾਤ ਮਾਰਦੇ ਹਾਂ ਤਾਂ ਇਹ ਵਿਹਲੜ ਯੋਗੀਆਂ ਤੇ ਸਾਧਾਂ ਦੀ ਕਰਮਕਾਂਡੀ ਕਾਢ ਕੱਢੀ ਨਜ਼ਰ ਆਉਂਦੀ ਹੈ। ਸਾਧ ਤੇ ਯੋਗੀ ਰੱਬ ਦੀ ਪ੍ਰਾਪਤੀ ਲਈ ਭੁੱਖ ਹੜਤਾਲਾਂ ਰੱਖਦੇ ਸਨ। ਗੁਰੂ ਗ੍ਰੰਥ ਜੀ ਨੇ ਜਾਣ-ਬੁਝ ਕੇ ਸ਼ਰੀਰ ਨੂੰ ਭੁੱਖੇ ਰੱਖਕੇ, ਕਸ਼ਟ ਦੇਣ ਵਾਲੀ ਇਸ ਪ੍ਰਕਿਰਿਆ ਨੂੰ ਰੱਦ ਕੀਤਾ ਹੈ ਤੇ ਕਿਹਾ ‘ਹੇ ਮਨੁੱਖ! ਸੱਚ ਦਾ ਵਰਤ ਜੀਵਨ ਦਾ ਅਸਲੀ ਵਰਤ ਹੈ’: ‘ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ॥’ (ਗੁਰੂ ਗ੍ਰੰਥ-1392)

ਸਿੱਖਾਂ ਦੇ ਗੌਰਵਸ਼ਾਲੀ ਇਤਿਹਾਸ ਵਿੱਚ, ਗੁਰੂ ਗ੍ਰੰਥ ਜੀ ਦੀ ਛੋਡਹਿ ਅੰਨੁ ਕਰਹਿ ਪਾਖੰਡ॥ ਦੀ ਵਿਚਾਰ ਨੂੰ ਕਮਾ ਕੇ ਗੁਰਬਾਣੀ ਦੇ ਸਿਧਾਂਤ ਨੂੰ ਢਾਹ ਲਗਾਉਂਣ ਦੀ ਪਹਿਲੀ ਗਲਤੀ, ਅਖੰਡ ਕੀਰਤਨੀ ਜਥੇ ਦੇ ਮੁੱਖੀ ਤੇ ਬਾਨੀ ਭਾਈ ਰਣਧੀਰ ਸਿੰਘ ਨੇ 1922 ਵਿੱਚ ਕੀਤੀ। ਹੁਣ ਵਿਚਾਰ ਵਾਲੀ ਗੱਲ ਹੈ ਕਿ ਭਾਈ ਰਣਧੀਰ ਸਿੰਘ ਵਰਗੇ ਸੁਝਵਾਨ ਵਿਅਕਤੀ ਨੇ ਗੁਰਮਤਿ ਦੇ ਨਿਯਮਾਂ ਤੋਂ ਉੱਲਟ ਪਹਿਲੀ ਵਾਰ ਸਮਾਜਿਕ ਤੌਰ 'ਤੇ ਵਰਤ ਰੱਖ ਕੇ ਕਿਉਂ ਕੀਤੀ ? ਇਸ ਸਵਾਲ ਦੇ ਨਾਲ ਹੀ ਇਹ ਸਵਾਲ ਵੀ ਉਠਦਾ ਹੈ ਜੇ ਭਾਈ ਰਣਧੀਰ ਸਿੰਘ ਨੇ ਇਹ ਗਲਤੀ ਕੀਤੀ ਸੀ ਤਾਂ ਕਿਸੇ ਜਾਗਦੇ ਜ਼ਮੀਰ ਵਾਲੇ ਪੰਥਕ ਹੋਕੇਦਾਰ ਨੇ ਇਹ ਤਾੜਨਾ ਕਿਉਂ ਨਹੀਂ ਕੀਤੀ :

ਰਣਧੀਰ ਸਿੰਘ ! ਤੁਸੀਂ ‘ਕਰਹਿ ਪਾਖੰਡ’ ਦੀ ਵਿਚਾਰ ਨੂੰ ਕਮਾ ਕੇ, ਗੁਰੂ ਗ੍ਰੰਥ ਜੀ ਦੇ ਸਿਧਾਂਤ ਅਨੁਸਾਰ ਕੁਦਰਤੀ ਕਾਨੂੰਨ ਦੇ ਉੱਲਟ ਕਰਮ ਕੀਤਾ ਹੈ ਜੋ ਕਿ ਮੂਲੋਂ ਹੀ ਗਲਤ ਹੈ।

ਜੇ ਇਹ ਜਵਾਬ ਉਸ ਵੇਲੇ ਕਿਸੇ ਪੰਥ ਦੇ ਸੁਰਮੇਂ ਦੀ ਕਲਮ ਨੇ ਭਾਈ ਰਣਧੀਰ ਸਿੰਘ ਨੂੰ ਗਰਜਵੀਂ ਅਵਾਜ਼ ਵਿੱਚ ਦਹਾੜ ਕੇ ਖਾਲਸਈ ਜਾਹੋ ਜਲਾਲ ਵਿੱਚ ਦਿੱਤਾ ਹੁੰਦਾ ਤਾਂ ਨਵਾਂ ਜੋਸ਼ੀਲਾ ਭਗਤ ਸਿੰਘ ਵਰਗਾ ਗੱਭਰੂ ‘ਕਰਹਿ ਪਾਖੰਡ’ ਦੀ ਵਿਚਾਰ ਨੂੰ ਧਾਰਨ ਨ ਕਰਦਾ ਤੇ ਜੇਲ੍ਹ ਵਿੱਚ ਰੋਟੀ ਲਈ ਭੁੱਖ ਹੜ੍ਹਤਾਲ ਨਾ ਰੱਖਦਾ। ਮਾਸਟਰ ਤਾਰਾ ਸਿੰਘ ਅਤੇ ਅਖੌਤੀ ਅਸੰਤ ਫ਼ੳਮਪ;ਤੇ ਸਿੰਘ ਵਰਗੇ ‘ਕਰਹਿ ਪਾਖੰਡ’ ਦਾ ਝੂਠਾ ਰਾਜਨੀਤਕ ਪੈਂਤੜਾ ਖੇਡ ਕੇ, ਪੰਥ ਨੂੰ ਗੁੰਮਰਾਹ ਨਾ ਕਰਦੇ ਅਤੇ ਭਾਈ ਦਰਸ਼ਨ ਸਿੰਘ ਫੇਰੂਮਾਨ ਵਰਗੇ ਸੁਝਵਾਨ, ਇਸ ਖੇਡੇ ਰਾਜਨੀਤਕ ਪੈਂਤੜੇ ਨੂੰ, ਖਾਲਸੀ ਰਵਾਇਤ ਦੀ ਤੌਹੀਨ ਸਮਝ, ਆਪਣੀ ਜਾਨ ਨ ਗਵਾਉਂਦੇ। ਬੀਬੀ ਨਿਰਪ੍ਰਤੀ ਕੌਰ ਵਰਗੀ ‘ਛੋਡਹਿ ਅੰਨੁ’ ਦਾ ਪਾਖੰਡ ਕਰਕੇ ਰਾਜਨੀਤਕ ਲੋਕਾਂ ਦੀ ਕੱਠ ਪੁਤਲੀ ਨਾ ਬਣਦੀ ਅਤੇ ਅੱਜ ਮਰੀ ਜ਼ਮੀਰ ਵਾਲਾ ਗੁਰਬਖਸ਼ ਸਿੰਘ, ‘ਕਰਹਿ ਪਾਖੰਡ’ ਦੀ ਦੋ ਵਾਰੀ ਅਮਲੀ ਵਿਚਾਰ ਨੂੰ ਕਮਾ ਕੇ, ਕੌਮ ਨੂੰ ਗੁੰਮਰਾਹ ਨਾ ਕਰਦਾ ਤੇ ਕੌਮ ਦਾ ਨੌਜਵਾਨ ਭੰਗ ਦੇ ਭਾੜੇ ਆਪਣੀ ਜਵਾਨੀ ਨੂੰ ਭੁੱਖ-ਹੜਤਾਲਾਂ ਵਿੱਚ ਧੱਕਦਾ ਹੋਇਆ ਕੁਰਾਹੇ ਨਾ ਪੈਂਦਾ।ਜਿਵੇਂ ਕਿ ‘ਜੁੱਤੀ ਮਾਰ ਮੁਹਿੰਮ’ ਦਾ ਕਰਤਾ ਵੀਰ ਬਿਕ੍ਰਮ ਸਿੰਘ ਇਸ ਵੇਲੇ ਵੀ 1984 ਦੇ ਕਤਲੇਆਮ ਲਈ ਭੁੱਖ ਹੜਤਾ ਤੇ ਬੈਠਾ ਹੋਇਆ ਹੈ।

ਭੁੱਖ ਹੜ੍ਹਤਾਲਾਂ ਦੀ ਪੜਚੋਲ: “ਜਦੋਂ ਭਾਈ ਰਣਧੀਰ ਸਿੰਘ ਜੀ ਨੇ ਭੁੱਖ ਹੜਤਾਲ ਰੱਖੀ ਸੀ ਤਾਂ ਇਸ ਭੁੱਖ ਹੜਤਾਲ ਦਾ ਮੁਖ ਕਾਰਨ ਹਉਂਮੈਂ ਅਧੀਨ ਜੇਲ੍ਹ ਦੇ ਨਿਯਮਾਂ ਵਿਰੋਧ ਆਪਣੀ ਰੋਟੀ ਆਪ ਬਣਾਉਂਣਾ ਸੀ, ਭਾਵ ਇਸ ਵਿੱਚ ਰਣਧੀਰ ਸਿੰਘ ਜੀ ਦਾ ਨਿੱਜ ਸਵਾਰਥ ਸੀ ਕੋਈ ਕੌਮੀ ਹਿੱਤ ਨਹੀਂ ਸੀ। ਭਗਤ ਸਿੰਘ ਦੀ ਭੁੱਖ ਹੜਤਾਲ ਦਾ ਮੁੱਖ ਕਾਰਨ ਜੇਲ ਦੀ ਰੋਟੀ ਚੰਗੀ ਨਹੀਂ ਸੀ, ਇਹ ਵੀ ਕੌਮੀ ਕਾਰਜ ਨਹੀਂ ਸੀ। ਮਾਸਟਰ ਤਾਰਾ ਸਿੰਘ ਤੇ ਅਸੰਤ ਫਤਹਿ ਸਿੰਘ ਦੀ ਭੁੱਖ ਹੜਤਾਲ ਦਾ ਮੁੱਖ ਕਾਰਨ ਰਾਜਸੀ ਲਾਭ ਸੀ। ਇਹ ਸਾਰੇ ਖਾਲਸਾ ਪੰਥ ਵਿੱਚ ਚੰਗਾ ਅਸਰ ਰਸੂਖ ਰੱਖਣ ਵਾਲੇ ਸ਼ਖਸ਼ ਸਨ। ਇਸ ਕਰਕੇ ਇਹਨਾਂ ਦੀ ਇਸ ਸਮਾਜਿਕ ਕਰਨੀ ਦਾ ਪੰਥ ਦੇ ਪ੍ਰਭਾਵ ਪੈਣਾ ਲਾਜਮੀ ਸੀ। ਰਣਧੀਰ ਸਿੰਘ ਦੀ ਨਿੱਜੀ ਲੋੜ ਦੀ ਭੁੱਖ ਹੜ੍ਹਤਾਲ ਨੇ ਇੱਕ ਪੰਥਕ ਹਸਤੀ ਹੋਣ ਨਾਤੇ, ਮਾਨਸਿਕ ਤੌਰ 'ਤੇ ਪੰਥ ਤੇ ਬਹੁਤ ਗਹਿਰਾ ਅਸਰ ਛੱਡਿਆ, ਦੂਜਾ ਉਸ ਸਮੇਂ ਬ੍ਰਾਹਮਣੀ ਸਿਆਸ ਦੇ ਗੁਲਾਮ ਗਾਂਧੀ ਨੇ ਭੁੱਖ ਹੜ੍ਹਤਾਲ ਅੰਦੋਲਨਾਂ ਦੇ ਖੇਡੇ ਡਰਾਮਿਆਂ ਨੇ ਵੀ ਖਾਲਸਾ ਪੰਥ ਦੇ ਸਿਆਸੀ ਲੀਡਰਾਂ (ਮਾਸਟਰ ਤਾਰਾ ਸਿੰਘ ਤੇ ਅਸੰਤ ਫਤਹਿ ਸਿੰਘ) ਨੂੰ ਭੁੱਖ ਹੜ੍ਹਤਾਲ ਦੇ ਰਾਹ 'ਤੇ ਤੋਰਨ ਲਈ ਅਤੇ ਸਿਆਸੀ ਨਚਾਰ (ਨੱਚਣਵਾਲੇ) ਬਣਨ ਲਈ ਉੱਤਸ਼ਾਹਿਤ ਕੀਤਾ। ਇਸ ਤਰ੍ਹਾਂ ਖਾਲਸਾ ਪੰਥ ਦੇ ਮੁਖੀਆਂ ਦਾ ਭੁੱਖ ਹੜਤਾਲੀ ਸਫਰ ਨਿੱਜੀ ਹਉਂਮੈ ਤੋਂ ਹੁੰਦਾ ਹੋਇਆਂ ਰਾਜਸੀ ਸਫਰ ਕਰਦਾ ਦਰਸ਼ਨ ਸਿੰਘ ਫੇਰੂਮਾਨ ਦੀ ਸਵੈ-ਸਹੇੜੀ ਮੌਤ ਤੱਕ ਪਹੁੰਚਿਆ। ਪੰਥਕ ਲੀਡਰਾਂ ਦੀ ਇਹੀ ਸਿਆਸੀ ਭੁੱਖ ਹੜ੍ਹਤਾਲ ਬਣੀ ਗੁਰਬਖ਼ਸ ਸਿੰਘ ਦੀਆਂ ਰੋਟੀਆਂ ਸੇਕਣ ਦਾ ਕਰਨਾ।

ਇਸ ਨਵੇਂ ਰੂਪ ਵਿੱਚ ਉੱਠੀ ਇਸ ਭੁੱਖ ਹੜ੍ਹਤਾਲ ਨੇ ਖਾਲਸਾ ਪੰਥ ਦੀ ਨੋਜਵਾਨ ਪੀੜੀ ਨੂੰ ਅਸਲੀ ਸੰਘਰਸ਼ ਨਾਲੋਂ ਤੋੜ ਕੇ ਆਪਣੇ ਕਲਾਵੇ ਵਿੱਚ ਲੈ ਲਿਆ। ਜਿਸ ਦਾ ਸਿੱਟਾ ਹੈ, ਅੱਜ ਮਾਨਸਿਕ ਮਾਰੂ ਭੁੱਖ ਹੜ੍ਹਤਾਲ ਵਾਲੇ ਹਮ੍ਹਲੇ ਤੋਂ ਬੇਖਰ ਇਸ ਦਾ ਸ਼ਿਕਾਰ ਹੋਇਆ ਪਿਆ ਹੈ, ਕੌਮ ਦਾ ਅਖਣੀ ਹੀਰਾ, ਬਾਬਰ ਨੂੰ ਜਾਬਰ ਕਹਿ ਕੇ ਜੁੱਤੀ ਮਾਰਨ ਵਾਲਾ ਬਿਕ੍ਰਮ ਸਿੰਘ ਜਿਹੜਾ ਕਿ ਜੰਤਰ-ਮੰਤਰ ਵਿੱਖੇ ਇਸ ਸਮੇਂ ਭੁੱਖ ਹੜ੍ਹਤਾਲ 'ਤੇ ਬੈਠਾ ਹੈ। ਇਸ ਤਰ੍ਹਾਂ ਇਹ ਭੁੱਖ ਹੜ੍ਹਤਾਲ ਖਾਲਸਾ ਪੰਥ ਦੇ ਮੁਖੀਆਂ ਦੀ ਨਿੱਜ ਹਉਂਮੈਂ ਤੋਂ ਸ਼ੁਰੂ ਹੁੰਦੀ ਹੋਈ ਸਿਆਸਤ ਦਾ ਰੂਪ ਧਾਰਣ ਕਰਦੀ ਗੁਰਮਿਤ ਸਿਧਾਂਤਾਂ ਤੋਂ ਉੱਲਟ ਆਮ ਗੁਰਸਿੱਖਾਂ ਦੀਆਂ ਮਾਨਸਿਕ ਭਾਵਨਾਵਾਂ ਨਾਲ ਖੇਡਦੀ ਖਾਲਸਾ ਪੰਥ ਦੇ ਨੋਜਵਾਨਾਂ ਨੂੰ ਜਿੱਥੇ ਸਰਪਣੀ ਬਣ ਖਾ ਰਹੀ ਹੈ, ਉੱਥੇ ਕੌਮ ਦੇ ਸੂਰਵੀਰ ਯੋਧਿਆ ਨੂੰ ਸਰਕਾਰਾਂ ਮੋਹਰੇ ਭਿਖਾਰੀ ਬਣਾ ਖੜੇ ਕਰ ਰਹੀ ਹੈ।”

ਖਾਲਸਾ ਜੀਓ! ਸਦਾ ਯਾਦ ਰਹੇ! ਗੁਰੂ ਗ੍ਰੰਥ ਜੀ ਨੂੰ ਮੰਨਣ ਵਾਲਾ ਖਾਲਸਾ, ਭਿਖਾਰੀ ਨਹੀਂ ਹੈ। ਖਾਲਸਾ ਤਾਂ ਖੁਦ ਮੁਖਤਿਆਰ ਹੈ। ਆਪਣੇ ਹੱਕਾਂ ਨੂੰ ਗੁਰੂ ਨਿਯਮਾਂ ਅਨੁਸਾਰ ਜੂਝ ਕੇ ਲੈਣ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪਰ ਇਹਨਾਂ ‘ਕਰਹਿ ਪਾਖੰਡ’ ਦੀ ਵਿਚਾਰ ਵਾਲੇ, ਹਉਂਮੈਂ ਨਾਲ ਭਰੇ, ਗੁਰੂ ਸਿਧਾਂਤ ਤੋਂ ਉੱਲਟ ਪ੍ਰਭਾਵ ਵਾਲੇ ਭੁੱਖ ਹੜ੍ਹਤਾਲੀ ਅੰਦੋਲਨ ਕਾਰੀਆਂ ਨੇ ਕੌਮ ਨੂੰ ਭਿਖਾਰੀ ਬਣਾ, ਮੰਗਣ ਦੇ ਰਾਹ ਤੋਰ ਦਿੱਤਾ ਹੈ। ਆਓ ਹੁਣ ਇਨਾਂ ‘ਕਰਹਿ ਪਾਖੰਡ’ ਵਾਲੇ ਭਿਖਾਰੀਆਂ ਦੇ ਅੰਦੋਲਨਾਂ ਦਾ ਅਤਿ ਸੰਖੇਪ ਜਿਹਾ ਇਸ਼ਾਰੇ ਮਾਤਰ ਆਉਂਣ ਵਾਲੀਆਂ ਪੀੜੀਆਂ ਤੇ ਅਸਰ ਦੀ ਵਿਚਾਰ ਕਰੀਏ:

ਇਸ ‘ਕਰਹਿ ਪਾਖੰਡ’ ਦੀ ਭੁੱਖੇ ਰਹਿਣ ਵਾਲੀ ਵਿਚਾਰ ਨੇ, ਮਾਨਸਿਕ ਪੱਥਰ ਤੇ ਕੌਮ ਦੇ ਜ਼ਮੀਰ ਵਿਚੋਂ ਗੁਰੂ ਗ੍ਰੰਥ ਜੇ ਸਿਧਾਂਤ ਨੂੰ ਕੱਢ ਨੇ ਉਹੀ ਪੁਰਾਣਾ ਹੱਠ ਯੋਗੀਆਂ ਤੇ ਹੱਠ ਸਾਧਾਂ ਵਾਲਾ, ਝੂਠੇ ਅਹੰਕਾਰ ਦਾ, ਪਾਖੰਡ ਟਿਕਾ ਦੇਣਾ ਹੈ। ਜਿਸ ਦੇ ਸਿੱਟੇ ਵਜੋਂ ਕੌਮ ਤਰੱਕੀ ਦਾ ਰਾਹ ਛੱਡ ਕੇ ਫਿਰ ਉੱਲਟ ਦਿਸ਼ਾ ਦੇ ਮੈਂ-ਮੈਂ ਵਾਲੇ ਮਾਨਿਸਕ ਗੁਲਾਮੀ ਦੇ ਰਾਹ 'ਤੇ ਤੁਰ ਪਵੇਗੀ। ਇਸ ‘ਕਰਹਿ ਪਾਖੰਡ’ ਦੀ ਵਿਚਾਰ ਨੂੰ ਹੋਰ ਹਲੂਣਾ ਦੇ ਰਹੇ ਹਨ, ਅਖਬਾਰਾਂ, ਰਸਾਲੇ ਤੇ ਸੋਸਲ ਮੀਡੀਏ ਵਰਗੇ ਪ੍ਰਚਾਰ ਦੇ ਸਾਧਨ, ਜਿਸ ਵਿੱਚ ਇਸ ਦੇ ਇਤਿਹਾਸ ਨੂੰ ਖਾਲਸਾਈ ਇਤਿਹਾਸ ਦਾ ਪਹਿਰਾਵਾ ਪਾ ਕੇ ਦੋਹਰੇ ਮਾਪ ਦੰਡ ਵਜੋਂ ਪੇਸ਼ ਕੀਤਾ ਜਾਂ ਰਿਹਾ ਹੈ। ਜਿਸ ਵਿੱਚ ਲੇਖਾਂ ਦੇ ਲਿਖਾਰੀ ਇੱਕ ਪਾਸੇ ਤਾਂ ਕਹਿਦੇ ਹਨ ਭੁੱਖ-ਹੜ੍ਹਤਾਲ ਗੁਰਮਤਿ ਦੇ ਉੱਲਟ ਹੈ ਤੇ ਦੂਜੇ ਪਾਸੇ ਭੁੱਖ-ਹੜ੍ਹਤਾਲੀਆਂ ਦੇ ਸਿਫਤ ਸਾਲਾਹ ਦੇ ਸੋਹਲੇ ਗਾਉਂਦੇ ਫਿਰਦੇ ਹਨ।

‘ਕਰਹਿ ਪਾਖੰਡ’ ਦਾ ਭੁੱਖ ਹੜ੍ਹਤਾਲੀ ਕਰਮਕਾਂਡ, ‘ਸਿੰਘ’ ਅਤੇ ‘ਕੌਰ’ ਵਾਲੇ ਅਣਖੀ ਜੁਝਾਰੁਆਂ ਦਾ ਜਿੰਦਾ ਜ਼ਮੀਰ ਮਾਰ ਕੇ ਉਹਨਾਂ ਨੂੰ, ਮਨੁੱਖਤਾਂ ਦਾ ਕਸਾਈ ਵੀ ਬਣਾਵੇਗਾ ਆਤਮ ਘਾਤੀ ਹੈ ਜਗਤ ਕਸਾਈ॥ (ਗੁਰੂ ਗ੍ਰੰਥ-118) ਮਨੁੱਖੀ ਨਿਯਮਾਂ ਅਨੁਸਾਰ ਆਤਮ ਹੱਤਿਆ, ਗਿਰੀ ਤੇ ਹਾਰੀ ਹੋਈ ਮਾਨਸਿਕਤਾ ਦਾ ਨਤੀਜਾ ਹੈ ਚਾਹੇ ਇਹ ਖੁਦ ਸਹੇੜੀ ਮੌਤ ਚੰਗੇ ਕੰਮਾਂ ਲਈ ਭੁੱਖ ਹੜ੍ਹਤਾਲ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ।

ਵਿਸ਼ਵ ਪੱਥਰ ਦੇ ਵਿਦਵਾਨ ਤੇ ਇਤਿਹਾਸਕਾਰ ਇਸ ਵਿਚਾਰ ਨੂੰ ਸਿੱਖੀ ਦੇ ਨਿਘਾਰ ਵਜੋਂ ਪੇਸ਼ ਕਰਨਗੇ ਤੇ ਆਓਣ ਵਾਲੀ ਖਾਲਸਾ ਪੰਥ ਦੀ ਪੀੜੀ ਨੂੰ ਨਮੋਸ਼ੀ ਝੱਲਣੀ ਪਵੇਗੀ ਅਤੇ ਉਹ ਇਤਿਹਾਸ ਦੇ ਅਜਿਹੇ ਕਾਰੇ ਨੂੰ ਵੇਖਕੇ ਹੀਣਭਾਵਨਾ ਦਾ ਸ਼ਿਕਾਰ ਹੋਣਗੇ ਤੇ ਹੌਲ਼ੀ-ਹੌਲ਼ੀ ਖਾਲਸੇ ਦੇ ਸੂਰਵੀਰਤਾ ਵਾਲੇ ਜਾਹੋ-ਜਲਾਲ ਨੂੰ ਛੱਡਦੇ ਹੋਏ ਗੁੰਮਨਾਮ ਬਣ, ਜਾਤਾ-ਗੋਤਾ ਦੇ ਬ੍ਰਾਹਮਣੀ ਰਾਹ ਤੇ ਤੁਰ ਪੈਣਗੇ ਜਿਸ ਤਰ੍ਹਾਂ ਕਈ ਪਖੰਡਾ ਦੇ ਅਧਾਰ ਤੇ ਹੁਣ ਸਿੱਖੀ ਤੋਂ ਦੂਰ ਨੌਜਵਾਨ ਪੀੜੀ ਭੱਜ ਰਹੀ ਹੈ।

ਅੰਤ ਵਿੱਚ ਮਨੁੱਖਤਾ ਦੇ ਸਰਵੋਤਮ ਤੇ ਨਵੀਨ ਧਰਮ, ਖਾਲਸਾ ਪੰਥ ਦੇ ਵਾਰਸੋਂ ਉੱਠੋ ਜਾਗੋ, ਖਾਲਸੇ ਦੇ ਜਾਹੋ-ਜਲਾਲ ਵਾਲੇ ਤੇਜ਼ ਨੂੰ ਜ਼ਮੀਰ ਵਿਚੋਂ ਫਿਕਾ ਨਾ ਪੈਣ ਦੇਵੋ। ਏਕੰਕਾਰ ਜੀ ਦੇ ਦਿੱਤੇ ਇਸ ਹਰਿ ਮੰਦਰ ਸਰੂਪ ਸ਼ਰੀਰ ਨੂੰ (“ਹਰਿ ਮੰਦਰੁ ਏਹੁ ਸਰੀਰੁ ਹੈ” ਨੂੰ) ਕੁਦਰਤੀ ਨਿਯਮਾਂ ਤੋਂ ਉੱਲਟ ਜਾਕੇ, ਹਉਂਮੈਂ ਵਸ ਗੁਰੂ ਗ੍ਰੰਥ ਜੀ ਦੇ ਸਨਮੁੱਖ ਇਹ ਅਰਦਾਸਾਂ ਕਰਕੇ ਖ਼ਤਮ ਨ ਕਰੋ ਕਿ “ਮੈਂ ਗੁਰੂ ਗ੍ਰੰਥ ਅੱਗੇ ਅਰਦਾਸ ਕਰਕੇ ਇਹ ਸੰਕਲਪ (ਪ੍ਰਣ) ਕਰਦਾ ਹਾਂ ਕਿ ਮੈਂ ਭੁੱਖਾ ਮਰ ਜਾਵਾਗਾਂ ਜੇ ਮੇਰੀ ਇਹ ਮੰਗ ਸਰਕਾਰ ਦੁਆਰਾ ਨ ਮੰਨੀ ਗਈ”।

ਖਾਲਸਾ ਪੰਥ ਦੇ ਵਾਰਸੋ! ਯਾਦ ਰੱਖੋ! ਖਾਲਸਾ ਪੰਥ ਦਾ ਕਾਨੂੰਨ ਹੈ ਕਿ ਜਦੋਂ ਵੀ ਕੋਈ ਪੰਥਕ ਕਾਰਜ ਕਿਸੇ ਨੇ ਵੀ ਕਰਨਾ ਹੋਵੇ। ਉਸ ਵੇਲੇ ਖਾਲਸਾ ਪੰਥ ਦੇ ਪੰਜ ਪਿਆਰਿਆਂ ਤੇ ਗੁਰੂ ਗ੍ਰੰਥ ਕੋਲੋ ਇਜਾਜ਼ਤ ਲੈਣਾ ਜ਼ਰੂਰੀ ਹੈ। ਆਪੂ ਕੀਤਾ ਅਰਦਾਸ ਦਾ ਪ੍ਰਣ ਰੂਪ ਵਿੱਚ, ਪੰਥ ਕਾਰਜ ਬਾਬਤ ਫੈਸਲਾ, ਨਿਰਾ ਹਉਂਮੈਂ ਦਾ ਘਰ ਹੈ, ਇਕ ਸ਼ਕਸ਼ੀ ਸ਼ੋ ਹੈ।ਪੰਜ ਪਿਆਰਿਆ ਦੀ ਤੌਹੀਨ ਹੈ। ਗੁਰਮਤੇ ਦੇ ਉੱਲਟ ਹੈ।

ਖਾਲਸਾ ਜੀਓ! ਸਦਾ ਯਾਦ ਰੱਖੋ! ਗੁਰੂ ਗ੍ਰੰਥ ਜੀ ਦਾ ਹੁਕਮ ਹੈ ਜਿਹੜਾ ਸ਼ਰੀਰ ਨੂੰ ਹਰਿ ਮੰਦਰ ਨਹੀਂ ਸਮਝਦਾ, ਉਹ ਏਕੰਕਾਰ ਨੂੰ ਨਹੀਂ ਪਾ ਸਕਦਾ। ਕੁਦਰਤ ਵਿੱਚੋਂ ਕਾਦਰ ਦੇ ਅਨੁਭਵ ਨੂੰ ਨਹੀਂ ਮਾਣ ਸਕਦਾ ਅਜਿਹਾ ਸਿੱਖ ਗੁਰੂ ਗ੍ਰੰਥ ਤੇ ਖਾਲਸਾ ਪੰਥ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਆਪਣੇ ਮਨ ਦੇ ਮਗਰ ਲੱਗ, ਮਰਨ ਵਰਤ ਵਾਲੇ ਮਨਮੁਖੀ ਸੰਕਲਪ ਧਾਰਨ ਕਰਦਾ ਹੈ ਤੇ ਗੁਰੂ ਨੂੰ ਸਮਰਪਿਤ ਹੋਣ ਦਾ ਭੁਲੇਖਾ, ਆਪਣੇ ਆਪ ਨੂੰ, ਸੰਸਾਰ ਤੇ ਖਾਲਸਾ ਪੰਥ ਨੂੰ ਥੋਖੇ ਦੇ ਰੂਪ ਪਾਉਂਦਾ ਹੈ, ਗੁਰਬਾਣੀ ਅਜਿਹੇ ਮਨਮੁਖੀ ਵਿਚਾਰਾਂ ਵਾਲੇ ‘ਕਰਹਿ ਪਾਖੰਡ’ ਦੇ ਵਿਚਾਰ ਨੂੰ ਸੰਖੇਪ ਵਿੱਚ ਕਲਮਬੰਧ ਕਰਦੀ ਆਖ ਰਹੀ ਹੈ:

ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥2॥ (ਗੁਰੂ ਗ੍ਰੰਥ-1346)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top