ਸਾਡੇ ਇਹ ਜਥੇਦਾਰ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਾਹਮਣ
ਪੁਜਾਰੀਆਂ ਤੋਂ ਵੀ ਮਾੜੇ ਹਨ, ਕਿਉਂਕਿ ਉਹ ਤਾਂ ਉਹ ਕੁਝ ਹੀ ਕਰ ਰਹੇ
ਹਨ ,ਜੋ ਉਨ੍ਹਾਂ ਦੇ ਧਾਰਮਕ ਗ੍ਰੰਥ- ਸਿੰਮ੍ਰਤੀਆਂ ਪੁਰਾਣਾਂ ਵਿੱਚ ਲਿਖਿਆ ਹੈ,
ਪਰ ਸਾਡੇ ਪੁਜਾਰੀ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋਏ ਵੀ ਸਾਰੇ
ਕੰਮ ਇਸ ਦੀ ਸਿੱਖਿਆ ਦੇ ਬਿਲਕੁਲ ਉਲਟ ਕਰ ਰਹੇ ਹਨ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਗੁਰੂ ਸਾਹਿਬ ਜੀ ਦੀ ਇਸ ਲਿਖਣ ਸ਼ੈਲੀ
ਨੂੰ ਨਾ ਸਮਝਣ ਵਾਲੇ ਵੇਖਣ ਨੂੰ ਭਾਵੇਂ ਸਿੱਖ ਲਗਦੇ ਹੋਣ, ਬੇਸ਼ੱਕ ਖੰਡੇ ਬਾਟੇ ਦਾ ਅੰਮ੍ਰਿਤ ਛਕ
ਕੇ ਗੁਰੂ ਦੇ ਲੜ ਲੱਗਣ ਦਾ ਦਾਅਵਾ ਵੀ ਕਰ ਰਹੇ ਹੋਣ, ਪਰ ਅਸਲ ਵਿੱਚ ਗੁਰੂ ਸਾਹਿਬ ਤੋਂ ਸਿੱਖਿਆ
ਲੈ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਪੁਜਾਰੀਆਂ ਵੱਲੋਂ ਅਖੌਤੀ ਧਾਰਮਕ ਕਰਮਕਾਂਡਾਂ ਦੇ
ਭਾਰ ਦੀ ਪੰਡ ਲਾ ਕੇ ਸੁੱਟੀ ਨਹੀਂ, ਸਿਰਫ ਇੱਕ ਮੋਢੇ ਤੋਂ ਬਦਲ ਕੇ ਦੂਸਰੇ ‘ਤੇ ਰੱਖ ਲਈ ਹੈ।
ਉਨ੍ਹਾਂ ਮਿਸਾਲ ਦਿੱਤੀ ਕਿ ਪੰਡਿਤ ਕਹਿੰਦਾ ਸੀ ਤੁਸੀਂ ੨੧ ਰੁਪਏ ਜਮਾਂ ਕਰਵਾਓ ਤੁਹਾਡੇ ਲਈ
ਗਾਇਤ੍ਰੀ ਮੰਤਰ ਦਾ ਪਾਠ ਮੈਂ ਕਰਾਂਗਾ ਜਿਸ ਦਾ ਫ਼ਲ ਤੁਹਾਨੂੰ ਮਿਲ ਜਾਵੇਗਾ।
ਸ਼੍ਰੋਮਣੀ ਕਮੇਟੀ ਤੇ ਡੇਰੇਦਾਰ ਕਹਿੰਦੇ ਸਾਡੇ ਪਾਸ ੫੧੦੦ ਰੁਪਏ
ਜਮ੍ਹਾ ਕਰਵਾਓ, ਪਾਠ ਅਸੀਂ ਕਰ ਦੇਵਾਂਗੇ ਜਿਸ ਦਾ ਫ਼ਲ ਤੁਹਾਨੂੰ ਮਿਲ ਜਾਵੇਗਾ।
ਪੁਜਾਰੀਆਂ ਨੇ ਜੋ ਆਪ ਖਾਣਾ ਪੀਣਾ ਹੁੰਦਾ ਸੀ ਉਸ ਨੂੰ ਕਿਸੇ ਦੇਵਤੇ ਨਾਲ ਜੋੜ ਕੇ ਉਸ ਨੂੰ ਭੇਟਾ
ਚੜ੍ਹਾਉਣ ਦਾ ਬਹਾਨਾ ਲਾ ਕੇ ਖਾ ਪੀ ਆਪ ਜਾਂਦੇ ਸਨ। ਜਿਵੇਂ ਕਿ ਉਹ ਮੰਦਰਾਂ ਵਿੱਚ ਦੇਵਤਿਆਂ
ਅੱਗੇ ਪਸ਼ੂਆਂ ਦੀਆਂ ਬਲੀਆਂ ਦਿੰਦੇ ਸਨ; ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖੰਡਨ ਕੀਤਾ
ਗਿਆ ਹੈ: ‘ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ
॥ ਆਪਸ ਕਉ ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ ॥੨॥’ (ਮਾਰੂ ਕਬੀਰ ਜੀ, ਗੁਰੂ
ਗ੍ਰੰਥ ਸਾਹਿਬ – ਪੰਨਾ ੧੧੦੩) ਪਰ ਇਸ ਦਾ
ਪਾਠ ਕਰਨ ਵਾਲੇ ਸਾਡੇ ਤਖ਼ਤਾਂ ਦੇ ਜਥੇਦਾਰ ਨਿਸ਼ਾਨ ਸਾਹਿਬ ਅੱਗੇ ਬੱਕਰਿਆਂ ਦੀ ਬਲੀਆਂ ਦੇ ਕੇ
ਉਨ੍ਹਾਂ ਦੇ ਖ਼ੂਨ ਦੇ ਟਿੱਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਦੇ ਸ਼ਸ਼ਤਰਾਂ ਨੂੰ ਲਾ
ਰਹੇ ਹਨ। ਮੋਢਾ ਬਦਲਣ ਵਾਂਗ ਸਿਰਫ ਮੂਰਤੀਆਂ ਅੱਗੇ ਬਲੀ ਦੇਣ ਦੀ ਥਾਂ ਨਿਸ਼ਾਨ ਸਾਹਿਬ ਕੋਲ ਬਲੀ
ਦੇਣੀ ਸ਼ੁਰੂ ਕਰ ਦਿੱਤੀ ਹੈ।
ਪੁਜਾਰੀ ਕਾਲੀ
ਦੇਵੀ ਨੂੰ ਸ਼ਰਾਬ ਦਾ ਭੋਗ ਲਵਾ ਕੇ ਪੀ ਆਪ ਜਾਂਦੇ ਹਨ, ਤਾਂ ਸਾਡੇ ਇਹ ਜਥੇਦਾਰ ਭੰਗ ਨੂੰ
ਸ਼ਹੀਦੀ ਦੇਗ਼ ਦਾ ਨਾਂ ਦੇ ਕੇ ਸ਼ਹੀਦਾਂ ਨੂੰ ਭੋਗ ਲਾਉਂਦੇ ਹਨ ਤੇ ਇਸ ਨੂੰ ਸੁੱਖ ਨਿਧਾਨ ਕਹਿ
ਕੇ ਪੀ ਆਪ ਜਾਂਦੇ ਹਨ। ਕੇਵਲ ਮੁਰਤੀਆਂ ਨੂੰ ਭੋਗ ਲਾਉਣ ਦੀ ਥਾਂ ਸ਼ਹੀਦਾਂ ਨੂੰ ਬਦਨਾਮ ਕਰਨ
ਲਈ ਉਨ੍ਹਾਂ ਨੂੰ ਭੋਗ ਲਵਾਇਆ ਜਾਂਦਾ ਹੈ।
ਮੰਦਰ ਦੇ ਪੁਜਾਰੀ ਘਿਉ ਦੇ ਦੀਵੇ ਥਾਲੀਆਂ ਵਿੱਚ ਰੱਖ ਕੇ ਮੂਰਤੀਆਂ ਅੱਗੇ ਘੁੰਮਾ ਕੇ
ਕਹਿੰਦੇ ਹਨ, ਕਿ ਉਹ ਜਗਤ ਦੇ ਮਾਲਕ ਜਗੰਨਾਥ ਦੀ ਆਰਤੀ ਕਰਦੇ ਹਨ; ਜਿਸ ਦਾ ਗੁਰਬਾਣੀ ਵਿੱਚ
ਖੰਡਨ ਕੀਤਾ ਹੈ:
‘ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ
ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ
ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ
ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ
ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ
ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ
ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥’ (ਸੋਹਿਲਾ)
ਸਾਡੇ ਜਥੇਦਾਰ ਤੇ ਡੇਰੇਦਾਰ ਪੁਜਾਰੀ
ਸ਼ਬਦ ਇਹੀ ਪੜ੍ਹੀ ਜਾਣਗੇ ਪਰ ਇਸ ਦੀ ਸਿੱਖਿਆ ਦੇ ਉਲਟ ਦੀਵੇ ਥਾਲ ਵਿੱਚ ਰੱਖ ਕੇ ਮੂਰਤੀ ਦੀ
ਬਜਾਏ ਗੁਰੂ ਗ੍ਰੰਥ ਸਾਹਿਬ ਦੁਆਲੇ ਘੁਮਾਉਂਦੇ ਹਨ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਮਣਾਂ ਮੂੰਹੀਂ ਘਿਉ ਤੇ ਤੇਲ ਧਰਮ
ਦੇ ਨਾਮ ‘ਤੇ ਫੂਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਧਰਮ ਦੇ ਨਾਮ ‘ਤੇ ਫੂਕਿਆ ਜਾ ਰਿਹਾ
ਘਿਉ ਤੇਲ ਲੋੜਵੰਦਾਂ ਨੂੰ ਦੇਣਾਂ ਚਾਹੀਦਾ ਕਿਉਂਕਿ ਉਹ ਵੀ ਪ੍ਰਭੂ ਦੀ ਹੀ ਜੋਤ ਹਨ: ‘ਸਭ
ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥’ ਇਸ ਜੋਤ ਵਿੱਚ
ਪਾਇਆ ਘਿਉ ਹੀ ਮਾਨੋ ਦੀਵੇ ਜਗਾ ਕੇ ਪ੍ਰਭੂ ਦੀ ਆਰਤੀ ਕਰਨੀ ਤੇ ਉਸ ਲਈ ਜੋਤ ਜਗਾਉਣੀ ਹੈ।
ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ੩੦ ਮਾਰਚ ੧੬੯੯ ਦੀ ਵੈਸਾਖੀ ਨੂੰ
ਗੁਰੂ ਗੋਬਿੰਦ (ਰਾਇ) ਸਿੰਘ ਜੀ ਵੱਲੋਂ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖ਼ਾਲਸਾ ਪ੍ਰਗਟ ਕਰਨ ਦੇ
ਵਰਤਾਏ ਕੌਤਕ ਦੌਰਾਨ ਭਾਈ ਦਇਆ ਰਾਮ ਖੱਤਰੀ ਵਾਸੀ ਲਹੌਰ, ਭਾਈ ਧਰਮ ਚੰਦ ਜੱਟ ਵਾਸੀ ਹਸਤਨਾਪੁਰੀ
(ਦਿੱਲੀ), ਭਾਈ ਹਿੰਮਤ ਚੰਦ ਝਿਊਰ ਵਾਸੀ ਜਗਨਨਾਥਪੁਰੀ ਉੜੀਸਾ, ਭਾਈ ਮੋਹਕਮ ਚੰਦ ਛੀਂਬਾ ਵਾਸੀ
ਦਵਾਰਕਾਪੁਰੀ ਗੁਜਰਾਤ ਅਤੇ ਭਾਈ ਸਾਹਿਬ ਚੰਦ ਨਾਈ ਵਾਸੀ ਬਿਦਰ ਕਰਨਾਟਕਾ ਤੋਂ ਪੰਜਾਂ ਪਿਆਰਿਆਂ
ਦੇ ਤੌਰ ‘ਤੇ ਚੁਣੇ ਗਏ। ਬਾਣੀ ਪੜ੍ਹ ਕੇ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ
ਸਿੰਘ ਬਣਾਇਆ ਤੇ ਫਿਰ ਉਨ੍ਹਾਂ ਪੰਜਾਂ ਤੋਂ ਆਪ ਅੰਮ੍ਰਿਤ ਛਕ ਕੇ ਗੋਬਿੰਦ ਰਾਇ ਤੋਂ ਗੁਰੂ
ਗੋਬਿੰਦ ਸਿੰਘ ਬਣੇ। ਉਸ ਸਮੇਂ ਗੁਰੂ ਸਾਹਿਬ ਜੀ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਕਿ ਤੂੰ ਨੀਵੀਂ
ਜਾਤ ਦਾ ਹੈਂ ਇਸ ਲਈ ਤੇਰੇ ਹੱਥੋਂ ਮੈਂ ਅੰਮ੍ਰਿਤ ਨਹੀਂ ਛਕਣਾ। ਸ਼ਹੀਦੀ ਉਪ੍ਰੰਤ ਗੁਰੂ ਤੇਗ
ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਭਾਈ ਜੈਤਾ ਜੀ ਰੰਘਰੇਟੇ ਜੋ ਬਾਅਦ ਵਿੱਚ ਅੰਮ੍ਰਿਤ ਛਕ
ਕੇ ਭਾਈ ਜੀਵਨ ਸਿੰਘ ਬਣੇ; ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ ਜਾਤ ਪੁੱਛ ਕੇ ਝਾੜ ਨਹੀਂ
ਪਾਈ ਕਿ ਤੂੰ ਨੀਵੀਂ ਜਾਤ ਦਾ ਸੀ ਇਸ ਲਈ ਗੁਰੂ ਸਾਹਿਬ ਜੀ ਦਾ ਸੀਸ ਚੁੱਕ ਕੇ ਭਿੱਟ ਕਿਉਂ ਦਿੱਤਾ
ਹੈ? ਸਗੋਂ ਉਸ ਨੂੰ ਛਾਤੀ ਨਾਲ ਲਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਮਾਣ ਬਖ਼ਸ਼ਿਆ।
ਚਮਕੌਰ ਦੀ ਗੜ੍ਹੀ ਵਿੱਚ ਭਾਈ ਸੰਗਤ ਸਿੰਘ ਦੇ ਸਿਰ ‘ਤੇ ਆਪਣੀ ਕਲਗੀ ਤੇ ਬਸਤਰ ਸਜਾਉਣ ਸਮੇਂ ਉਸ
ਦੀ ਜਾਤ ਨਹੀਂ ਪੁੱਛੀ ਤਾਂ
ਅੱਜ ਦੇ ਪਾਖੰਡੀ ਸਾਧ ਕੌਣ ਹਨ ਜੋ ਗੁਰੂ
ਸਾਹਿਬ ਜੀ ਤੋਂ ਵੀ ਆਪਣੇ ਆਪ ਨੂੰ ਵੱਧ ਪਵਿਤਰ ਹੋਣ ਦਾ ਭ੍ਰਮ ਪਾਲ਼ੀ ਬੈਠੇ ਹਨ ਤੇ ਭਿੱਟੇ ਜਾਣ
ਦੇ ਡਰੋਂ ਉਨ੍ਹਾਂ ਨੂੰ ਸਾਂਝੀ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦੀ ਵੀ ਇਜਾਜਤ ਨਹੀਂ ਦਿੰਦੇ।
ਗੁਰੂ
ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਮ੍ਰਿਤਕ ਸਰੀਰ ਨੂੰ ਬਿਲੇ ਲਾਉਣ ਦਾ ਕੋਈ ਵੀ ਢੰਗ ਤੇ
ਉਸ ਪਿੱਛੋਂ ਕੀਤੇ ਗਏ ਕਰਮਕਾਂਡ ਮ੍ਰਿਤਕ ਨੂੰ ਸਹਾਈ ਨਹੀਂ ਹੋ ਸਕਦੇ: ‘ਇਕ
ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ
॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥’ (ਸੋਰਠਿ ਕੀ ਵਾਰ ਮ: ੧, ਗੁਰੂ ਗ੍ਰੰਥ
ਸਾਹਿਬ – ਪੰਨਾ ੬੪੮)। ਮਿਰਤਕ ਸੰਸਕਾਰ ਸਿਰਲੇਖ ਹੇਠ ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ
(ੲ) ਮ੍ਰਿਤਕ
ਸਰੀਰ ਨੂੰ ਸਸਕਾਰਨਾ ਚਾਹੀਏ, ਪਰ ਜਿੱਥੇ ਸਸਕਾਰ ਦਾ ਪ੍ਰਬੰਧ ਨਾ ਸਕੇ ਉਥੇ ਜਲਪ੍ਰਵਾਹ
ਜਾਂ ਹੋਰ ਤਰੀਕਾ ਵਰਣਾ ਤੋਂ ਸ਼ੰਕਾ ਨਹੀਂ ਕਰਨੀ।
(ਕ) ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡ
ਹੋਣ ‘ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਨੇੜੇ ਵਗਦੇ ਜਲ ਵਿੱਚ ਜਲ
ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ।
ਸਸਕਾਰ ਅਸਥਾਨ ‘ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।
(ਖ) ਅੰਗੀਠੇ ਵਿੱਚੋਂ ਫੁੱਲ ਚੁਗ ਕੇ
ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਵਿਸ਼ੇਸ਼ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ
ਹੈ।
ਪਰ ਸਾਡੀ ਸ਼੍ਰੋਮਣੀ ਕਮੇਟੀ ਨੇ ਕੀਰਤਪੁਰ
ਆਦਿਕ ਥਾਵਾਂ ‘ਤੇ ਅਸਥੀਆਂ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਅਸਥਘਾਟ ਬਣਾਏ ਹਨ ਜਥੇਦਾਰ ਨੇ
ਉਨ੍ਹਾਂ ਦਾ ਉਦਘਾਟਨ ਕੀਤਾ ਹੈ।
ਵਿਸ਼ੇਸ਼ ਆਗੂਆਂ ਤੇ ਡੇਰੇਦਾਰਾਂ ਦੀਆਂ ਅਸਥੀਆਂ ਪਾਉਣ ਸਮੇਂ ਤਾਂ
ਸਾਡੇ ਜਥੇਦਾਰ ਵਿਸ਼ੇਸ਼ ਤੌਰ ‘ਤੇ ਅਰਦਾਸ ਵਿੱਚ ਸ਼ਾਮਲ ਹੁੰਦੇ ਹਨ। ਭੋਗ ਅਤੇ ਅੰਤਿਮ ਅਰਦਾਸ
ਮੌਕੇ ਬੇਸ਼ੱਕ ਪਾਠ/ਕੀਰਤਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਕੀਤਾ ਜਾਂਦਾ
ਹੈ, ਪਰ ਗੁਰਬਾਣੀ ਦੀ ਸਿੱਖਿਆ ਦੇ ਐਣ ਉਲਟ ਕਰਮਕਾਂਡ ਗਰੁੜ ਪੁਰਾਣ ਦੀ ਸਿੱਖਿਆ ਅਨੁਸਾਰ
ਹੀ ਕੀਤੇ ਜਾਂਦੇ ਹਨ।
ਭਾਈ ਪੰਥਪ੍ਰੀਤ
ਸਿੰਘ ਜੀ ਨੇ ਕਿਹਾ ਕਿ ਸਾਡੇ ਇਹ ਜਥੇਦਾਰ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ
ਬ੍ਰਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ, ਕਿਉਂਕਿ ਉਹ ਤਾਂ ਉਹ ਕੁਝ ਹੀ ਕਰ ਰਹੇ ਹਨ ਜੋ
ਉਨ੍ਹਾਂ ਦੇ ਧਾਰਮਕ ਗ੍ਰੰਥ- ਸਿੰਮ੍ਰਤੀਆਂ ਪੁਰਾਣਾਂ ਵਿੱਚ ਲਿਖਿਆ ਹੈ ਪਰ ਸਾਡੇ ਪੁਜਾਰੀ
ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋਏ ਵੀ ਸਾਰੇ ਕੰਮ ਇਸ ਦੀ ਸਿੱਖਿਆ ਦੇ ਬਿਲਕੁਲ ਉਲਟ
ਕਰ ਰਹੇ ਹਨ।