Share on Facebook

Main News Page

ਜਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਮਸਲੇ ’ਤੇ ਲਏ ਦ੍ਰਿੜ ਸਟੈਂਡ ਦੀ ਵੱਖ ਵੱਖ ਆਗੂਆਂ ਨੇ ਕੀਤੀ ਭਰਵੀਂ ਸ਼ਲਾਘਾ

* ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਇਸ ਭੁਲੇਖੇ ਵਿੱਚ ਨਾ ਰਹੇ ਕਿ ਨੰਦਗੜ੍ਹ ਨੂੰ ਅਹੁਦੇ ਤੋਂ ਬਰਤਰਫ ਕਰਕੇ ਨਾਨਕਸ਼ਾਹੀ ਕੈਲੰਡਰ ਬਹਾਲ ਕਰਨ ਦੀ ਆਵਾਜ਼ ਬੰਦ ਕਰ ਦਿੱਤੀ ਹੈ: ਪੰਥਕ ਜਥੇਬੰਦੀਆਂ
* 26 ਜਨਵਰੀ ਨੂੰ ਕਾਲਾ ਦਿਵਸ ਮਨਾਉਣ ਦਾ ਨੰਦਗੜ੍ਹ ਨੇ ਦਿੱਤਾ ਸੱਦਾ

ਬਠਿੰਡਾ, 24 ਜਨਵਰੀ (ਕਿਰਪਾਲ ਸਿੰਘ): ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਸੇਵਾਦਾਰੀ ਤੋਂ ਜ਼ਬਰੀ ਹਟਾਏ ਜਾਣ ਉਪ੍ਰੰਤ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਆਪਣੀ ਰਿਹਾਇਸ਼ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਾਏ ਗਏ ਸਹਿਜ ਪਾਠ ਦੇ ਭੋਗ ਸਮੇਂ ਅੱਜ ਵੱਡੀ ਗਿਣਤੀ ਵਿੱਚ ਧਾਰਮਿਕ ਜਥੇਬੰਦੀਆਂ/ਰਾਜਨੀਤਕ ਪਾਰਟੀਆਂ ਦੇ ਮੁਖੀ/ ਨੁੰਮਾਇੰਦੇ ਪਹੁੰਚੇ। ਪਾਠ ਦੇ ਭੋਗ ਅਤੇ ਕੀਰਤਨ ਦੀ ਸਮਾਪਤੀ ਉਪ੍ਰੰਤ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅਰਦਾਸ ਕਰਦਿਆਂ ਗਿਆਨੀ ਨੰਦਗੜ੍ਹ ਪਾਸੋਂ ਬਤੌਰ ਤਖ਼ਤ ਦੇ ਜਥੇਦਾਰ 12 ਸਾਲਾਂ ਤੋਂ ਵੱਧ ਸਮੇਂ ਲਈ ਗੁਰੂ ਆਸ਼ੇ ਅਨੁਸਾਰ ਲਈਆਂ ਸੇਵਾਵਾਂ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਸੇਵਾਦਾਰੀ ਦੌਰਾਨ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕਰਨ ਕੀਤੀ।

ਅਰਦਾਸ ਉਪ੍ਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਜਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਮਸਲੇ ’ਤੇ ਲਏ ਦ੍ਰਿੜ ਸਟੈਂਡ ਦੀ ਭਰਵੀਂ ਸ਼ਲਾਘਾ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਮੇਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦੀ ਘੋਰ ਨਿੰਦਾ ਕਰਦਿਆਂ ਤਕਰੀਬਨ ਸਾਰੇ ਹੀ ਬੁਲਾਰਿਆਂ ਨੇ ਕਿਹਾ ਕਿ ਜਿਨ੍ਹਾਂ ਚਿਰ ਇਹ ਜਥੇਦਾਰ ਕਾਬਜ਼ ਧੜੇ ਦੀ ਇਸ਼ਾਵਾਂ ਅਨੁਸਾਰ ਫੈਸਲੇ ਕਰਦੇ ਰਹਿਣ ਉਨਾਂ ਚਿਰ ਤਾਂ ਇਹ ਸਰਬ ਉਚ ਸਿੰਘ ਸਾਹਿਬ ਹਨ, ਪਰ ਜਦੋਂ ਹੀ ਗੁਰੂ ਤੋਂ ਸੇਧ ਲੈ ਕੇ ਪੰਥਕ ਹਿਤਾਂ ਦੀ ਜਥੇਦਾਰ ਨੰਦਗੜ੍ਹ ਵਾਂਗ ਹਿੰਮਤ ਕਰ ਬੈਠਣ ਤਾਂ ਝੱਟ ਉਸ ਨੂੰ ਬੇਇੱਜਤੀ ਭਰੇ ਢੰਗ ਨਾਲ ਅਹੁੱਦੇ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ।

ਇਸ ਮੌਕੇ ਬੋਲਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਇਸ ਭੁਲੇਖੇ ਵਿੱਚ ਨਾ ਰਹੇ ਕਿ ਨੰਦਗੜ੍ਹ ਨੂੰ ਅਹੁਦੇ ਤੋਂ ਬਰਤਰਫ ਕਰਕੇ ਨਾਨਕਸ਼ਾਹੀ ਕੈਲੰਡਰ ਬਹਾਲ ਕਰਨ ਦੀ ਆਵਾਜ਼ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਦੀ ਕੌਮ ਨੂੰ ਲੋੜ ਕਿਉਂ ਹੈ ਇਸ ਵਿਸ਼ੇ ’ਤੇ ਸੰਗਤਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਪਹਿਲਾਂ ਨਾਲੋਂ ਵੀ ਤੇਜ ਕੀਤੀ ਜਾਵੇਗੀ ਅਤੇ ਇਸ ਟੀਚੇ ਦੀ ਪ੍ਰਪਤੀ ਲਈ ਗੁਰਮਤਿ ਸੇਵਾ ਲਹਿਰ ਵੱਲੋਂ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਦੇ ਅਧਾਰ ’ਤੇ ਨਾਨਕਸ਼ਾਹੀ ਸੰਮਤ 547 (ਸੰਨ 2015-16) ਦਾ ਕੈਲੰਡਰ ਛਾਪ ਕੇ ਵੰਡਿਆ ਜਾਵੇਗਾ।

ਸਹਿਜ ਪਾਠ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦਿੱਤੇ ਜਾਣ ਦੀ ਘੋਰ ਨਿੰਦਾ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੇਵਾ ਮੁਕਤ ਪ੍ਰੋ: (ਡਾ:) ਗੁਰਦਰਸ਼ਨ ਸਿੰਘ ਢਿੱਲੋਂ ਨੇ ਮੌਜੂਦਾ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ਦੀ ਤੁਲਨਾ ਧੀਰਮੱਲੀਆਂ ਨਾਲ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖਤ ਬੀੜ ਦੇ ਦਰਸ਼ਨ ਕਰਨ ਲਈ ਮੰਗਵਾਈ ਤਾਂ ਉਨ੍ਹਾਂ ਵੀ ਬੀੜ ਦੇਣ ਤੋਂ ਨਾਂਹ ਕੀਤੀ ਸੀ ਤੇ ਅੱਜ ਦੇ ਧੀਰਮੱਲੀਏ; ਤਖ਼ਤ ਦੇ ਇੱਕ ਸਾਬਕਾ ਜਥੇਦਾਰ ਜਿਸ ਨੂੰ ਕੱਲ੍ਹ ਤੱਕ ਸਰਬਉਚ ਕਿਹਾ ਜਾਂਦਾ ਸੀ ਨੂੰ ਸਹਿਜ ਪਾਠ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਨਾਂਹ ਕਰਕੇ ਧੀਰਮੱਲ ਤੋਂ ਵੀ ਅੱਗੇ ਨਿਕਲ ਗਏ ਹਨ। ਉਨ੍ਹਾਂ ਕਿਹਾ ਜੇ ਸਿੱਖ ਕੌਮ ਸ਼੍ਰੋਮਣੀ ਕਮੇਟੀ ਦੀ ਇਸ ਘਟੀਆ ਕਾਰਵਾਈ ਦਾ ਕੌਮ ਨੇ ਵਿਰੋਧ ਨਾ ਕੀਤਾ ਤਾਂ ਕੱਲ੍ਹ ਨੂੰ ਐਸੀ ਸਟੇਜ਼ ਆ ਸਕਦੀ ਹੈ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣ ਜਾਂ ਸਰੂਪ ਲੈਣ ਲਈ ਨਾਗਪੁਰ ਤੋਂ ਸਿਫਾਰਸ਼ ਕਰਵਾਉਣੀ ਹੈ। ਡਾ: ਢਿੱਲੋਂ ਨੇ ਕਿਹਾ ਰਾਜਨੀਤੀ ਕਾਰਨ ਸਿੱਖ ਧਰਮ ਨੂੰ ਰੋਲਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਦਿੱਲੀ ਚੋਣਾਂ ਵਿੱਚ ਭਾਜਪਾ-ਅਕਾਲੀ ਗਠਜੋੜ ਨੂੰ ਹਰਾਉਣ ਲਈ ਸਿੱਖਾਂ ਨੂੰ ‘ਆਪ’ ਦੀ ਮੱਦਦ ਕਰਨੀ ਚਾਹੀਦੀ ਹੈ।

ਸਾਬਕਾ ਆਈ.ਏ.ਐੱਸ ਸ: ਗੁਰਤੇਜ ਸਿੰਘ ਨੇ ਕਿਹਾ ਗੁਰੂ ਸਾਹਿਬ ਜੀ ਨੇ ਪੁਜਾਰੀਵਾਦ ਤੇ ਰਜਵਾੜਾਸ਼ਾਹੀ ਸਿਸਟਮ ਨੂੰ ਰੱਦ ਕੀਤਾ ਸੀ, ਪਰ ਅੱਜ ਦੇ ਰਜਵਾੜਿਆਂ ਨੇ ਜਥੇਦਾਰਾਂ ਦੇ ਰੂਪ ਵਿੱਚ ਪੁਜਾਰੀਵਾਦ ਮੁੜ ਸਿੱਖ ਕੌਮ ਦੇ ਸਿਰ ਮੜ੍ਹ ਦਿੱਤਾ ਹੈ। ਉਨ੍ਹਾਂ ਕਿਹਾ ਪੁਰਾਤਨ ਰਜਵਾੜਿਆਂ ਦਾ ਇੱਕੋ ਇੱਕ ਮਕਸਦ ਸੀ ਕਿ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦਾ ਰਾਜ ਕਾਇਮ ਰਹੇ। ਇਸ ਮਕਸਿਦ ਲਈ ਉਨ੍ਹਾਂ ਪੁਜਾਰੀਵਾਦ ਨੂੰ ਵਰਤਿਆ ਜਿਨ੍ਹਾਂ ਨੇ ਰਾਜਿਆਂ ਦੀ ਉਸਤਤ ਦੇ ਪੁਲ ਬੰਨ੍ਹਦਿਆਂ ਉਨ੍ਹਾਂ ਨੂੰ ਰੱਬ ਦੇ ਅਵਤਾਰ ਦੱਸਿਆ ਤੇ ਆਪਣਾ ਹੱਕ ਮੰਗ ਰਹੀ ਰਿਆਇਆ ਦੀ ਆਵਾਜ਼ ਬੰਦ ਕਰਵਾਉਣ ਲਈ ਉਨ੍ਹਾਂ ਵਿਰੁੱਧ ਫਤਵੇ ਜਾਰੀ ਕਰਵਾਏ। ਠੀਕ ਉਸੇ ਤਰ੍ਹਾਂ ਅੱਜ ਦੇ ਰਜਵਾੜਿਆਂ ਦੀ ਵੀ ਇਹੋ ਸੋਚ ਹੈ ਕਿ ਉਨ੍ਹਾਂ ਦੇ ਪੁੱਤ ਪੋਤੇ ਹੀ ਰਾਜ ’ਤੇ ਬੈਠਦੇ ਰਹਿਣ। ਉਨ੍ਹਾਂ ਨੇ ਸਿੱਖ ਧਰਮ ਵਿੱਚ ਜਥੇਦਾਰ ਰੂਪੀ ਪੁਜਾਰੀਵਾਦ ਸ਼੍ਰੇਣੀ ਖੜ੍ਹੀ ਕਰਕੇ ਉਨ੍ਹਾਂ ਨੂੰ ਸਰਬ ਉਚ ਕਹਿਣਾ ਸ਼ੁਰੂ ਕਰ ਦਿੱਤਾ ਤੇ ਬਦਲੇ ਵਿੱਚ ਉਨ੍ਹਾਂ ਤੋਂ ਮਨਮਰਜੀ ਦੇ ਹੁਕਮਨਾਮੇ ਜਾਰੀ ਕਰਵਾ ਕੇ ਉਨ੍ਹਾਂ ਦੇ ਫੈਸਲੇ ਨੂੰ ਇਲਾਹੀ ਹੁਕਮ ਪ੍ਰਚਾਰਿਆ। ਪਰ ਜੇ ਕਿਸੇ ਜਥੇਦਾਰ ਨੇ ਕਾਬਜ਼ ਧੜੇ ਦੀ ਰਾਇ ਤੋਂ ਉਲਟ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਸ਼ੁਰੂ ਕੀਤੀ ਤਾਂ ਉਸ ਨੂੰ ਬੇਇੱਜਤ ਢੰਗ ਨਾਲ ਅਹੁੱਦੇ ਤੋਂ ਵੱਖ ਕਰ ਦਿੱਤਾ ਜਾਂਦਾ ਹੈ। ਸਿੱਖ ਕੌਮ ਨੂੰ ਕਾਬਜ਼ ਧੜੇ ਦੇ ਇਸ ਵਰਤਾਰੇ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਜਥੇਦਾਰਾਂ ਦੀ ਹੋਂਦ ਉਨ੍ਹਾਂ ਦੇ ਨਿਯੁਕਤੀਕਾਰਾਂ ਦੇ ਰਹਿਮੋਕਰਮ ’ਤੇ ਨਿਰਭਰ ਕਰਦੀ ਹੈ ਉਨ੍ਹਾਂ ਤੋਂ ਨਿਜ਼ਾਤ ਪ੍ਰਾਪਤ ਕਰਕੇ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ। ਉਨ੍ਹਾਂ ਕਿਹਾ ਦਮਦਮਾ ਸਾਹਿਬ ਦੇ ਇਸੇ ਸਥਾਨ ਤੋਂ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਨੂੰ ਅਜਾਦ ਕਰਵਾਉੁਣ ਲਈ ਕੂਚ ਕੀਤਾ ਸੀ ਹੁਣ ਗਿਆਨੀ ਨੰਦਗੜ੍ਹ ਜੀ ਨੂੰ ਚਾਹੀਦਾ ਹੈ ਕਿ ਉਹ ਧਰਮ ਨੂੰ ਪੰਥ ਵਿਰੋਧੀਆਂ ਤੋਂ ਅਜਾਦ ਕਰਵਾਉਣ ਲਈ ਲਕੀਰ ਖਿੱਚਣ ਤਾਂ ਸਮੁੱਚਾ ਪੰਥ ਉਨ੍ਹਾਂ ਦੇ ਨਾਲ ਚੱਲਣ ਨੂੰ ਤਿਆਰ ਹੈ।

ਸਿੱਖ ਚਿੰਤਕ ਭਾਈ ਗੁਰਵਿੰਦਰਪਾਲ ਸਿੰਘ ਧਨੌਲਾ ਨੇ ਜਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਬਚਾਉਣ ਲਈ ਲਏ ਦ੍ਰਿੜ ਸਟੈਂਡ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਨੰਦਗੜ੍ਹ ਜੀ ਇੱਕੋ ਇੱਕ ਜਥੇਦਾਰ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗਲਤ ਤੌਰ ’ਤੇ ਕੀਤੀ ਸੇਵਾ ਮੁਕਤੀ ਉਪ੍ਰੰਤ ਉਨ੍ਹਾਂ ਨੂੰ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਵਿਦਵਾਨ ਮਾਨ ਸਨਮਾਨ ਨਾਲ ਉਨ੍ਹਾਂ ਦੇ ਘਰ ਛੱਡਣ ਜਾ ਰਹੇ ਹਨ ਨਹੀਂ ਤਾਂ ਪੰਥ ਦੀ ਹਾਲਤ ਇਹ ਹੈ ਕਿ ਜਥੇਦਾਰ ਬਣਾਉਣ ਸਮੇਂ ਤਾਂ ਉਨ੍ਹਾਂ ਨੂੰ ਬੜੇ ਮਾਨ ਸਨਮਾਨ ਦਿੱਤੇ ਜਾਂਦੇ ਹਨ ਪਰ ਬੇਇੱਜਤ ਕਰ ਕੇ ਕੱਢੇ ਜਾਣ ਉਪ੍ਰੰਤ ਉਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਜਾਂ ਪੰਥਕ ਹਿੱਤਾਂ ਵਿੱਚ ਕੋਈ ਵੀ ਪ੍ਰੋਗਰਾਮ ਦੇਣਗੇ ਤਾਂ ਉਹ ਧੜੇਬੰਦੀ ਅਤੇ ਨਿਜੀ ਹਿੱਤਾਂ ਤੋਂ ਉਪਰ ਉਠ ਕੇ ਪੂਰਾ ਸਮਰਥਨ ਦੇਣਗੇ।

ਦਲ ਖਾਲਸਾ ਦੇ ਪ੍ਰਧਾਨ ਭਾਈ ਹਰਚਰਨ ਸਿੰਘ ਧਾਮੀ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ ਨੂੰ ਅਹੁਦੇ ਤੋਂ ਲਾਹਿਆ ਨਹੀਂ ਗਿਆ ਬਲਕਿ ਉਨ੍ਹਾਂ ਨੇ ਸਿੱਖ ਕੌਮ ਦੀ ਵਿਲੱਖਣ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਅਹੁਦੇ ਦੀ ਸ਼ਹੀਦੀ ਦਿੱਤੀ ਹੈ। ਪੰਥ ਨੇ ਹਮੇਸ਼ਾਂ ਸ਼ਹੀਦੀਆਂ ਤੋਂ ਸੇਧ ਲੈ ਕੇ ਪੰਥਕ ਟੀਚਿਆਂ ਦੀ ਪ੍ਰਾਪਤੀ ਕੀਤੀ ਹੈ ਇਸੇ ਤਰ੍ਹਾਂ ਗਿਆਨੀ ਨੰਦਗੜ੍ਹ ਵੱਲੋਂ ਆਪਣੇ ਅਹੁੱਦੇ ਦੀ ਦਿੱਤੀ ਸ਼ਹੀਦੀ ਤੋਂ ਸੇਧ ਲੈ ਕੇ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕਰਵਾਉਣ, ਬੰਦੀਆਂ ਸਿੰਘਾਂ ਦੀ ਰਿਹਾਈ ਅਤੇ ਸਿੱਖ ਵੱਖਰੀ ਕੌਮ ਵਰਗੇ ਟੀਚੇ ਸਰ ਕਰੇਗੀ।

ਭਾਈ ਹਰਪਾਲ ਸਿੰਘ ਚੀਮਾ ਨੇ ਅਮੈਰਕਿਨ ਗੁਰਦੁਆਰਾ ਕਮੇਟੀ ਵੱਲੋਂ ਜਥੇਦਾਰ ਦੇ ਹੱਕ ਵਿੱਚ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ। ਸੰਦੇਸ਼ ਵਿੱਚ ਕਿਹਾ ਗਿਆ ਕਿ ਅਮੈਰਿਕਾ ਦੇ 73 ਗੁਰਦੁਆਰਿਆਂ ਦੀਆਂ ਕਮੇਟੀਆਂ ਨਾਨਕਸ਼ਾਹੀ ਕੈਲੰਡਰ ਪਹਿਲਾਂ ਹੀ ਲਾਗੂ ਕੀਤਾ ਹੋਇਆ ਅਤੇ ਅੱਗੋਂ ਤੋਂ ਵੀ ਇਸ ’ਤੇ ਪਹਿਰਾ ਦੇਣਗੇ।

ਭਾਈ ਬਲਦੇਵ ਸਿੰਘ ਸਿਰਸਾ ਨੇ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁੱਖੀ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਵਿਸ਼ਵਾਸ਼ ਦਿਵਾਇਆ ਕਿ ਟਕਸਾਲ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਵੇਗੀ। ਭਾਈ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧੜੇ ਦੀ ਮੱਸੇ ਰੰਗੜ ਅਤੇ ਮਸੰਦਾਂ ਨਾਲ ਤੁਲਨਾ ਕੀਤੀ ਜਾ ਰਹੀ ਹੈ, ਪਰ ਅਸਲ ਵਿੱਚ ਇਹ ਮੱਸਾ ਰੰਘੜ ਅਤੇ ਮਸੰਦਾਂ ਤੋਂ ਕਈ ਗੁਣਾਂ ਅੱਗੇ ਨਿਕਲ ਚੁੱਕੇ ਹਨ ਕਿਉਂਕਿ ਉਨ੍ਹਾਂ ਬੇਸ਼ੱਕ ਗੁਰਮਤਿ ਵਿਰੋਧੀ ਕੰਮ ਕੀਤੇ ਪਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਗੁਰੂ ਸਾਹਿਬ ਜੀ ਦੇ ਵਿਰੁੱਧ ਇੱਕ ਵੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਈ ਕਿਤਾਬ ਵਿੱਚ ਗੁਰੂ ਸਾਹਿਬ ਜੀ ਨੂੰ ਡਾਕੂ, ਲੁਟੇਰੇ, ਵਿਭਚਾਰੀ ਲਿਖਿਆ ਗਿਆ ਹੈ ਇਸ ਲਈ ਇਹ ਮੱਸਾ ਰੰਘੜ ਅਤੇ ਮਸੰਦਾਂ ਤੋਂ ਕਈ ਗੁਣਾਂ ਮਾੜੇ ਹਨ।

ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੰਸਥਾ ਅਮਰੀਕਾ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਦਲਜੀਤ ਸਿੰਘ ਇੰਡੀਆਨਾ ਨੇ ਕਿਹਾ ਅਮਰੀਕਾ ਦੇ 90-95% ਗੁਰਦੁਆਰਿਆਂ ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਹੈ ਅਤੇ ਉਹ ਕਦੀ ਵੀ ਬਿਕ੍ਰਮੀ ਕੈਲੰਡਰ ਮੁੜ ਤੋਂ ਕੌਮ ਦੇ ਸਿਰ ਮੜ੍ਹਨ ਦੀ ਇਜ਼ਾਜਤ ਨਹੀਂ ਦੇਣਗੇ। ਉਨ੍ਹਾਂ ਅਮਰੀਕਾ ਦੀਆਂ ਸੰਗਤਾਂ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਬੇਨਤੀ ਕੀਤੀ ਕਿ ਉਹ ਅਮਰੀਕਾ ਜਾਣ ਲਈ ਸਮਾਂ ਕੱਢਣ ਕਿਉਂਕਿ ਉਹ ਨਾਨਕਸ਼ਾਹੀ ਕੈਲੰਡਰ ਸਬੰਧੀ ਲਏ ਗਏ ਦ੍ਰਿੜ ਸਟੈਂਡ ਬਦਲੇ ਉਨ੍ਹਾਂ ਦਾ ਸਨਮਾਨ ਕਰਨਾ ਚਾਹੁੰਦੇ ਹਨ।

ਇਸੇ ਤਰ੍ਹਾਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਕਾਰਜਕਾਰਨੀ ਮੈਂਬਰ ਭਾਈ ਸਵਰਨ ਸਿੰਘ ਨੇ ਕਿਹਾ ਕਿ ਹਰਿਆਣਾ ਕਮੇਟੀ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਕਰੇਗੀ। ਉਨ੍ਹਾਂ ਵੀ ਜਥੇਦਾਰ ਨੰਦਗੜ੍ਹ ਨੂੰ ਬੇਨਤੀ ਕੀਤੀ ਕਿ ਹਰਿਆਣਾ ਕਮੇਟੀ 21 ਫਰਵਰੀ ਨੂੰ ਮਹਾਨ ਕੀਰਤਨ ਸਮਾਗਮ ਕਰਵਾ ਰਹੀ ਹੈ ਅਤੇ ਜੇ ਉਹ ਸਮਾਂ ਕੱਢਣ ਤਾਂ ਹਰਿਆਣਾ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਉਪ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਨੇ ਵੀ ਬੇਨਤੀ ਕੀਤੀ ਕਿ ਪਾਰਟੀ ਵੱਲੋਂ ਹਰ ਸਾਲ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਸੰਤ ਜਰਨੈਲ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਉਸ ਮੌਕੇ ਜਥੇਦਾਰ ਨੰਦਗੜ੍ਹ ਸਮਾਂ ਕੱਢਣ ਤਾਂ ਉਨ੍ਹਾਂ ਦਾ ਪਾਰਟੀ ਵੱਲੋਂ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲੇ ’ਤੇ ਫਤਹਿਗੜ੍ਹ ਸਾਹਿਬ ਵਿਖੇ ਪਾਰਟੀ ਵੱਲੋਂ ਪਹਿਲਾਂ ਵੀ ਨਾਨਕਸ਼ਾਹ ਕੈਲੰਡਰ ਛਪਵਾ ਕੇ ਵੰਡਿਆ ਗਿਆ ਹੈ ਅਤੇ ਉਹ ਇੱਥੇ ਵੀ ਵੱਡੀ ਗਿਣਤੀ ਵਿੱਚ ਕੈਲੰਡਰ ਵੰਡਣ ਲਈ ਲੈ ਕੇ ਆਏ ਹਨ।

ਏਕਨੂਰ ਖਾਲਸਾ ਫੌਜ ਦੇ ਭਾਈ ਗੁਰਭਾਗ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਲਾਗੂ ਕਰਵਾਉਣ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ ਅਤੇ ਵੱਧ ਰਹੇ ਡੇਰਾਵਾਦ ਨੂੰ ਠੱਲ੍ਹ ਪਾਉਣ ਲਈ ਜਥੇਦਾਰ ਦੀ ਸਰਪ੍ਰਸਤੀ ਹੇਠ ਏਕਨੂਰ ਖਾਲਸਾ ਫੌਜ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਚਾਹੀਦਾ ਤਾਂ ਇਹ ਸੀ ਕਿ ਇਸ ਸੇਵਾ ਬਦਲੇ ਜਥੇਦਾਰ ਨੰਦਗੜ੍ਹ ਜੀ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨ ਕੀਤਾ ਜਾਂਦਾ, ਪਰ ਹੋਇਆ ਇਸ ਦੇ ਉਲਟ ਕਿ ਜਿਹੜੇ ਸਿੱਖ ਰਹਿਤ ਮਰਿਆਦਾ ਤੋਂ ਆਕੀ ਹਨ, ਮਾਤਾ ਦੀਆਂ ਭੇਟਾਵਾਂ ਗਾਉਂਦੇ ਹਨ ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਲਈ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਲਈ ਗਿਆਨੀ ਨੰਦਗੜ੍ਹ ਹੁਣ ਵੀ ਪੰਥ ਦੇ ਜਥੇਦਾਰ ਹਨ ਅਤੇ ਪਹਿਲਾਂ ਨਾਲੋਂ ਵੀ ਵਧ ਚੜ੍ਹ ਕੇ ਉਨ੍ਹਾਂ ਦੀ ਅਗਵਾਈ ਹੇਠ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਿਆਦਾ ਸਬੰਧੀ ਕੌਮ ਨੂੰ ਜਾਗਰੂਕ ਕਰਦੇ ਰਹਿਣਗੇ।

ਇਸੇ ਤਰ੍ਹਾਂ ਦੇ ਵੀਚਾਰ ਪੇਸ਼ ਕਰਦਿਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨੇ ਕਿਹਾ ਜਿਹੜੇ ਖੁਦ ਸਿੱਖ ਰਹਿਤ ਮਰਿਆਦਾ ਤੋਂ ਆਕੀ ਹਨ ਉਨ੍ਹਾਂ ਨੇ ਇੱਕ ਐਸੇ ਸਥਾਨ ਜਿਥੇ ਸਿੱਖ ਰਹਿਤ ਮਰਿਆਦਾ ਦੀ ਇੱਕ ਵੀ ਮੱਦ ਲਾਗੂ ਨਹੀਂ ਹੈ, ਨਿਸ਼ਾਨ ਸਾਹਿਬ ਨਹੀਂ ਹੈ; ਉਥੇ ਬੈਠ ਕੇ ਜਥੇਦਾਰ ਨੰਦਗੜ੍ਹ ਨੂੰ ਜਥੇਦਾਰੀ ਤੋਂ ਹਟਾਉਣ ਦੀ ਮੰਗ ਕੀਤੀ ਜਿਸ ਨੂੰ ਪ੍ਰਵਾਨ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਬੇਸ਼ੱਕ ਇਨ੍ਹਾਂ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਹੈ ਪਰ ਜੋ ਅਸਲੀ ਪੰਥ ਹੈ ਉਹ ਨਕਲੀ ਪੰਥ ਦੇ ਇਸ ਪੰਥ ਵਿਰੋਧੀ ਫੈਸਲੇ ਨੂੰ ਮੁੱਢੋਂ ਰੱਦ ਕਰਦਾ ਹੈ ਇਸ ਲਈ ਸਾਡੇ ਲਈ ਜਥੇਦਾਰ ਨੰਦਗੜ੍ਹ ਹੀ ਪੰਥ ਦੇ ਜਥੇਦਾਰ ਹਨ ਅਤੇ ਰਹਿਣਗੇ।

ਪਹਿਰੇਦਾਰ ਦੇ ਮੁੱਖ ਸੰਪਾਦਕ ਸ: ਜਸਪਾਲ ਸਿੰਘ ਹੇਰਾਂ ਨੇ ਕਿਹਾ ਕਿ ਪੰਥ ਨੇ ਆਪਣੇ ਟੀਚੇ ਸਰ ਕਰਨੇ ਹਨ ਤਾਂ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਇੱਕ ਧੜੇ ਦੇ ਕਬਜ਼ੇ ਹੇਠੋਂ ਅਜਾਦ ਕਰਵਾਉਣਾ ਪਏਗਾ। ਇਸ ਲਈ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕੰਮਕਾਰ ਕਰਨ ਦੇ ਢੰਗ ਦੇ ਨਿਯਮ ਕਰਨ ਲਈ ਇੱਕ ਕਮੇਟੀ ਨਹੀਂ ਬਲਕਿ ਸਰਬਤ ਖਾਲਸੇ ਦੇ ਇਕੱਠ ਵਿੱਚ ਵੀਚਾਰ ਵਟਾਂਦਰੇ ਉਪ੍ਰੰਤ ਨਿਯਮ ਤਹਿ ਕੀਤੇ ਜਾਣੇ ਚਾਹੀਦੇ ਹਨ।

ਸਮਾਗਮ ਦੇ ਅਖੀਰ ’ਤੇ ਜਥੇਦਾਰ ਨੰਦਗੜ੍ਹ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਬਿਕ੍ਰਮੀ ਕੈਲੰਡਰ ਲਾਗੂ ਕਰਨ ਵਾਲੇ ਹੁਕਮਾਂ ’ਤੇ ਦਸਤਖਤ ਕਰਨ ਨਾਲੋਂ ਉਨ੍ਹਾਂ ਆਪਣੇ ਅਹੁਦੇ ਦੀ ਬਲੀ ਦੇਣ ਨੂੰ ਧੰਨਭਾਗ ਸਮਝਿਆ ਹੈ। ਉਨ੍ਹਾਂ ਨੇ ਸਿਰਫ ਰਾਹ ਵਿਖਾਇਆ ਇਸ ਨੂੰ ਅੱਗੇ ਤੋਰਨਾਂ ਸਮੁੱਚੇ ਪੰਥ ਦਾ ਕੰਮ ਹੈ। ਉਨ੍ਹਾਂ ਕਿਹਾ ਪੰਥ ਦੇ ਟੀਚੇ ਪ੍ਰਾਪਤ ਕਰਨ ਲਈ ਸਮੁਚਾ ਪੰਥ ਇਕੱਠਾ ਹੋ ਕੇ ਉਨ੍ਹਾਂ ਨੂੰ ਜੋ ਵੀ ਹੁਕਮ ਕਰੇਗਾ ਉਸ ਨੂੰ ਮੰਨਣ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਪੰਥਕ ਏਕਤਾ ਦਾ ਵਾਸਤਾ ਪਾਉਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਜੇ ਇਕੱਲੀ ਇਕੱਲੀ ਜਥੇਬੰਦੀ ਉਨ੍ਹਾਂ ਦਾ ਸਨਮਾਨ ਕਰਨ ਲਈ ਕੋਈ ਪ੍ਰੋਗਰਾਮ ਉਲੀਕਦੀ ਹੈ ਤਾਂ ਉਹ ਉਥੇ ਸਨਮਾਨ ਲੈਣ ਲਈ ਬਿਲਕੁਲ ਨਹੀਂ ਜਾਣਗੇ ਪਰ ਜੇ ਕੋਈ ਪ੍ਰੋਗਰਾਮ ਉਕੀਕਣ ਲਈ ਸਮੁੱਚੀਆਂ ਧਿਰਾਂ ਕੋਈ ਪੰਥਕ ਇਕੱਠ ਕਰਦੀਆਂ ਹਨ ਤਾਂ ਉਹ ਜਰੂਰ ਉਸ ਇਕੱਤ੍ਰਤਾ ਵਿੱਚ ਸ਼ਾਮਲ ਹੋਣਗੇ। ਜਥੇਦਾਰ ਨੰਦਗੜ੍ਹ ਨੇ ਸੱਦਾ ਦਿੱਤਾ ਜਿਹੜਾ ਸੰਵਿਧਾਨ ਸਿੱਖਾਂ ਦੀ ਵੱਖਰੀ ਹੋਂਦ ਮੰਨਣ ਤੋਂ ਇਨਕਾਰੀ ਹੈ, ਜਿਸ ਸੰਵਿਧਾਨ ਦੇ ਸਹਾਰੇ ਰਾਜ ਕਰ ਰਹੀਆਂ ਸਰਕਾਰਾਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਰਿਹਾਅ ਕਰਨ ਲਈ ਤਿਆਰ ਨਹੀਂ ਉਸ ਸੰਵਿਧਾਨ ਦੇ ਲਾਗੂ ਹੋਣ ਵਾਲੇ 26 ਜਨਵਰੀ ਦੇ ਦਿਨ ਸਾਰੇ ਸਿੱਖ ਰੋਸ ਵਜੋਂ ਆਪਣੇ ਘਰਾਂ, ਅਤੇ ਗੱਡੀਆਂ ਉਪਰ ਕਾਲੇ ਝੰਡੇ ਲਹਿਰਾਉਣ। ਗਿਆਨੀ ਨੰਦਗੜ੍ਹ ਦੇ ਇਸ ਸੱਦੇ ਨੂੰ ਹਾਜਰ ਸੰਗਤਾਂ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ।

ਅੰਤ ਵਿੱਚ ਏਕਨੂਰ ਖਾਲਸਾ ਫੌਜ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਮਾਲਵੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਸੰਤ ਜਰਨੈਲ ਸਿੰਘ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਭਾਈ ਪੰਥਪ੍ਰੀਤ ਸਿੰਘ ਗੁਰਮਤਿ ਸੇਵਾ ਲਹਿਰ, ਸ: ਜਸਪਾਲ ਸਿੰਘ ਹੇਰਾਂ ਸੰਪਾਦਕ ਪਹਿਰੇਦਾਰ, ਧਿਆਨ ਸਿੰਘ ਮੰਡ ਸ਼੍ਰੋ.ਅ.ਦ (ਅ), ਭਾਈ ਕੁਲਬੀਰ ਸਿੰਘ ਬੜਾ ਪਿੰਡ ਸ਼੍ਰੋ.ਅ.ਦ (ਪੰਚ ਪ੍ਰਧਾਨੀ), ਹਰਚਰਨ ਸਿੰਘ ਧਾਮੀ ਦਲ ਖ਼ਾਲਸਾ, ਕਿਰਪਾਲ ਸਿੰਘ ਕਨਵੀਨਰ ਨਾਨਕਸ਼ਾਹੀ ਤਾਲਮੇਲ ਕਮੇਟੀ ਬਠਿੰਡਾ, ਸੁਰਜੀਤ ਸਿੰਘ ਜ਼ੋਨਲ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਬਠਿੰਡਾ ਜ਼ੋਨ, ਸਵਰਨ ਸਿੰਘ ਹਰਿਆਣਾ ਕਮੇਟੀ ਨੇ ਆਪਣੀਆਂ ਆਪਣੀਆਂ ਜਥੇਬੰਦੀਆਂ ਅਤੇ ਅਦਾਰਿਆਂ ਵੱਲੋਂ ਜਥੇਦਾਰ ਨੰਦਗੜ੍ਹ ਨੂੰ ਸਨਮਾਨਤ ਕੀਤਾ। ਭਾਈ ਬਲਦੇਵ ਸਿੰਘ ਸਿਰਸਾ ਨੇ ਦਮਦਮੀ ਟਕਸਾਲ ਅਜਨਾਲਾ ਵੱਲੋਂ ਸਨਮਾਨਤ ਕੀਤਾ। ਪ੍ਰਿੰ: ਚਮਕੌਰ ਸਿੰਘ ਅਤੇ ਪ੍ਰਿੰ: ਰਘਵੀਰ ਸਿੰਘ ਨੇ ਵੀ ਆਪਣੇ ਤੌਰ ’ਤੇ ਜਥੇਦਾਰ ਨੰਦਗੜ੍ਹ ਨੂੰ ਸਨਮਾਨਤ ਕੀਤਾ। ਇਸ ਮੌਕੇ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਪ ਪ੍ਰਧਾਨ ਬਾਬਾ ਹਰਦੀਪ ਸਿੰਘ, ਗੁਰੂਸਰ ਮਹਿਰਾਜ, ਭਾਈ ਜਸਵੀਰ ਸਿੰਘ ਖੰਡੂਰ; ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕ ਭਾਈ ਗੁਰਨੇਕ ਸਿੰਘ, ਏਕਨੂਰ ਖ਼ਾਲਸਾ ਫੌਜ ਦੇ ਭਾਈ ਬਲਜਿੰਦਰ ਸਿੰਘ, ਭਾਈ ਬਲਜੀਤ ਸਿੰਘ ਗੰਗਾ, ਅਕਾਲ ਬੁੰਗਾ ਮਸਤੂਆਣਾ ਬਾਬਾ ਅਨੂਪ ਸਿੰਘ, ਸੇਵਾ ਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਦੇ ਮੈਨੇਜਰ ਭਾਈ ਭਰਪੂਰ ਸਿੰਘ, ਮਹਿਲ ਸਿੰਘ ਢੱਢਰੀਆਂ ਅਤੇ ਮਹਿੰਦਰ ਸਿੰਘ ਧਨੌਲਾ, ਬਾਬਾ ਅਨੂਪ ਸਿੰਘ ਆਦਿਕ ਵੀ ਹਾਜਰ ਸਨ।

ਸਮਾਗਮ ਦੀ ਸਮਾਪਤੀ ਉਪ੍ਰੰਤ ਸਮੁੱਚੀ ਸੰਗਤ ਇੱਕ ਮਾਰਚ ਦੇ ਰੂਪ ਵਿੱਚ ਜਥੇਦਾਰ ਨੰਦਗੜ੍ਹ ਨੂੰ ਸਨਮਾਨ ਸਾਹਿਤ ਉਨ੍ਹਾਂ ਵੱਲੋਂ ਬਠਿੰਡਾ ਵਿਖੇ ਕਿਰਾਏ’ਤੇ ਲਏ ਮਕਾਨ ਵਿੱਚ ਸਤਿਕਾਰ ਸਹਿਤ ਛੱਡ ਕੇ ਆਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top