Share on Facebook

Main News Page

ਸਿੰਘੋ, ਤੋਤੋ ਵਾਂਗ ਗੁਲਾਮੀ ਪ੍ਰਵਾਨ ਕਰਨੀ ਹੈ, ਜਾਂ ਬਾਜ਼ ਵਾਂਗ ਆਜ਼ਾਦ ਰਹਿਣਾ ਹੈ ?
-: ਗੁਰਜਾਪ ਸਿੰਘ

ਗੁਰਮਤਿ ਨੇ ਸਰੀਰਾਂ ਨੂੰ ਕੈਦ ਕਰ ਲੈਣਾ ਨੂੰ ਗੁਲਾਮੀ ਨਹੀਂ ਕਿਹਾ, ਗੁਰਮਤਿ ਨੇ ਗੁਲਾਮੀ ਉਸ ਨੂੰ ਕਿਹਾ ਜੋ ਆਪਣੀ ਸੋਚ ਨੂੰ ਦੂਜੇ ਦੇ ਅਧੀਨ ਕਰ ਲਵੇ, ਆਪਣੀ ਜ਼ਮੀਰ ਨੂੰ ਗੈਰ ਦੇ ਪੈਰਾਂ ਵਿੱਚ ਸੁੱਟ ਦੇਵੇ, ਭਾਵ ਮਾਨਸਿਕ ਤੌਰ 'ਤੇ ਖਤਮ ਹੋ ਜਾਵੇ... ਗੁਰੂ ਸਾਹਿਬਾਨ ਸਮੇਂ ਭਾਂਵੇ ਰਾਜ ਮੁਗਲਾਂ ਦਾ ਸੀ, ਸ਼ਾਹੀ ਫੁਰਮਾਨ ਮੁਗਲ ਸਰਕਾਰਾਂ ਦੇ ਸਨ, ਦੇਸ਼ ਵਿੱਚ ਸਿੱਕੇ ਮੁਗਲ ਸਰਕਾਰ ਦੇ ਚੱਲਦੇ ਸਨ ਜਹਾਂਗੀਰ, ਔਰੰਗਜੇਬ ਵਰਗੇ ਬਾਦਸਾਹ ਹੋਏ, ਪਰ ਗੁਰੂ ਸਾਹਿਬਾਂ ਨੇ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਨੇ ਹਰ ਬੁਰਾਈ ਦਾ, ਜ਼ੁਲਮ ਦਾ ਵਿਰੋਧ ਕੀਤਾ, ਗੁਰੂ ਸਾਹਿਬਾਂ ਨੇ ਸਿਧਾਂਤ ਨੂੰ ਹੀ ਉੱਚਾ ਰੱਖਿਆ ਤੇ ਸਿਧਾਂਤ ਲਈ ਹੀ ਸ਼ਹਾਦਤਾਂ ਪਾਈਆਂ। ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਨੇ ਜੰਗਲਾਂ ਵਿੱਚ ਰਹਿਣਾ ਪ੍ਰਵਾਨ ਕਰ ਲਿਆ, ਦਰਖਤਾਂ ਦੇ ਪੱਤੇ ਖਾਣੇ ਪਰਵਾਨ ਲਏ, ਠੰਡੀਆਂ ਰਾਤਾਂ ਵਿੱਚ ਗੁਜਰਨਾ ਪ੍ਰਵਾਨ ਕਰ ਲਿਆ, ਪਰ ਗੁਲਾਮੀ ਕਬੂਲ ਨਹੀਂ ਕੀਤੀ, ਆਪਣੇ ਅਕੀਦੇ ਤੋਂ ਦੂਰ ਨਹੀਂ ਹੋਏ।

ਮੁਗਲ ਸਰਕਾਰਾਂ ਨੇ ਸਿੱਖਾਂ ਨੂੰ ਸਰੀਰਿਕ ਤੌਰ 'ਤੇ ਖਤਮ ਕਰਨ ਲਈ ਹਰ ਤਰੀਕਾ ਅਪਨਾਅ ਕੇ ਦੇਖ ਲਿਆ, ਕਾਲ ਕੋਠੜੀਆ ਵਿੱਚ ਪਾ ਕੇ, ਬੰਦ - ਬੰਦ ਕੱਟ ਕੇ, ਚਰਖੜੀਆਂ 'ਤੇ ਚਾੜ ਕੇ, ਖੋਪਰੀਆਂ ਲਾਹ ਕੇ ਜੰਬੂਰਾਂ ਨਾਲ ਮਾਸ ਅਲੱਗ ਕਰ ਦਿੱਤਾ, ਪਰ ਸਿੱਖਾਂ ਨੂੰ ਉਹ ਗੁਲਾਮ ਨਾ ਬਣਾ ਸਕੇ, ਕਿੳੁਂਕਿ ਉਹ ਸਿੱਖਾਂ ਨੂੰ ਉਨ੍ਹਾਂ ਦੀ ਜੜ੍ਹ ਨਾਲੋ ਤੋੜ ਨਾ ਸਕੇ... ਜੇ ਇੱਕ ਸਿੱਖ ਨੂੰ ਮਾਰਦੇ ਸਨ, ਤੇ ਪੰਜ ਸਿੱਖ ਹੋਰ ਤਿਆਰ ਹੋ ਜਾਂਦੇ, ਸਿੱਖਾਂ ਵਿੱਚ ਇਹ ਸਪਰਿਟ ਕੌਣ ਭਰਦਾ ਸੀ, ਇਹ ਸਪਰਿਟ ਗੁਰੂ ਭਰਦਾ ਸੀ।

ਸਿੱਖਾਂ ਨੇ ਗੁਰੂ ਦੇ ਸਿਧਾਂਤ ਨੂੰ ਸਦਾ ਬਰਕਰਾਰ ਰੱਖਿਆ, ਜਿਸ ਕਰਕੇ ਕੋਈ ਵੀ ਸਰਕਾਰ ਸਿੱਖਾਂ ਦੀ ਸੋਚ ਨੂੰ ਕਾਬੂ ਨਾ ਕਰ ਸਕੀ...
ਸਿੱਖਾਂ ਨੂੰ ਮਾਨਿਸਕ ਤੌਰ 'ਤੇ ਮਾਰਨ ਵਿੱਚ ਅਸਫਲ ਰਹੀ ਅਤੇ ਰਹੇਗੀ...

ਅੱਜ ਜਿਸ ਦੁਸਮਣ ਨਾਲ ਸਿੱਖਾਂ ਦਾ ਵਾਹ ਪਿਆ ਹੈ, ਇਹ ਦੁਸਮਣ ਬਹੁਤ ਹੀ ਕਮੀਨਾ, ਚਾਲਬਾਜ਼, ਦਗੇਬਾਜ਼, ਸ਼ਾਤਰ ਦਿਮਾਗ ਹੈ। ਇਸ ਨੇ ਸਿੱਖ ਕੌਮ ਨੂੰ ਸਰੀਰਿਕ ਤੌਰ 'ਤੇ ਵੀ ਮਾਰਿਆ ਤੇ ਜਦੋਂ ਇਹ ਇਸ ਵਿੱਚ ਕਾਮਯਾਬ ਨਾ ਹੋ ਸਕਿਆ ਤੇ ਹੁਣ ਇਸ ਨੇ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਖਤਮ ਕਰਨ ਦਾ ਬੀੜਾ ਚੁੱਕ ਲਿਆ ਹੈ, ਜਿਸ ਵਿੱਚ ਇਹ ਕਾਮਯਾਬ ਹੋ ਰਿਹਾ ਹੈ...

ਮੈ ਦੋ ਪੰਛੀਆਂ ਦੀਆਂ ਉਦਾਰਹਣਾਂ ਸਿੱਖ ਕੌਮ ਦੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ ਕਿ ਮਾਨਸਿਕ ਤੌਰ 'ਤੇ ਦੁਸਮਣ ਦੇ ਗੁਲਾਮ ਨਹੀਂ ਬਣਨਾ ਸਦਾ ਸੁਚੇਤ ਰਹਿਣਾ ਹੈ, ਆਪਣਾ ਅਕੀਦਾ ਕਦੇ ਵੀ ਨਹੀਂ ਭੁੱਲਣਾ, ਆਪਣੀ ਸੋਚ ਨੂੰ ਸਦਾ ਉੱਚੀ ਰੱਖਣਾ ਹੈ, ਤਾਂ ਜੋ ਦੁਸਮਣ ਤੇਰੀ ਉੱਚੀ ਸੋਚ ਤੱਕ ਪਹੁੰਚ ਨਾ ਸਕੇ...

ਤੋਤਾ ਬਹੁਤ ਹੀ ਸੁੰਦਰ ਪੰਛੀ ਹੈ, ਹਰ ਇੱਕ ਦੇ ਦਿਲ ਨੂੰ ਮੋਹ ਲੈਦਾ ਹੈ, ਉੱਚੀਆਂ ਉਡਾਰੀ ਵਾਲਾ ਮਾਰਨ ਇਹ ਪੰਛੀ ਆਪਣੇ ਕਾਫਲੇ ਨਾਲ ਖੂਬਸੂਰਤ ਬਾਗਾਂ ਵਿੱਚ ਮਿੱਠੇ - ਮਿੱਠੇ ਫਲ ਖਾਂਦਾ ਹੈ, ਪਰ ਜਦੋਂ ਸ਼ਿਕਾਰੀ ਇਸ ਨੂੰ ਆਪਣੇ ਪਿੰਜਰੇ ਵਿੱਚ ਇਸ ਤੋਤੇ ਨੂੰ ਫੜ ਕੇ ਪਾ ਲੈਂਦਾ ਹੈ, ਸਭ ਤੋਂ ਪਹਿਲਾ ਉਹ ਸ਼ਿਕਾਰੀ ਇਸ ਦੀ ਬੋਲੀ, ਸੋਚ 'ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ। ਸ਼ਿਕਾਰੀ ਨੂੰ ਪਤਾ ਹੈ ਕਿ ਜੇ ਇਸ ਦੀ ਸੋਚ ਬੋਲੀ ਮੇਰੇ ਅਧੀਨ ਹੋ ਜਾਵੇਗੀ ਤੇ ਫਿਰ ਭਾਂਵੇ ਇਹ ਸਰੀਰਕ ਤੌਰ 'ਤੇ ਖੁੱਲੇ ਆਮ ਪਿੰਜਰੇ ਵਿੱਚੋਂ ਬਾਹਰ ਵੀ ਘੁੰਮੀ ਜਾਵੇ ਤੇ ਇਸ ਤੋਂ ਮੈਨੂੰ ਖਤਰਾ ਨਹੀਂ, ਨਾਹੀ ਇਹ ਮੇਰੀ ਕੈਦ ਵਿੱਚੋਂ ਭੱਜ ਪਾਏਗਾ... ਸ਼ਿਕਾਰੀ ਉਸ ਤੋਤੋ ਨੂੰ ਮਿੱਠੀ - ਮਿੱਠੀ ਚੂਰੀ ਖਵਾ ਕੇ ਉਸ ਦੀ ਬੋਲੀ ਸੋਚ ਸਭ ਕੁਝ ਖਤਮ ਕਰ ਦਿੰਦਾ ਹੈ, ਜੋ ਸ਼ਿਕਾਰੀ ਬੋਲਦਾ ਹੈ, ਤੋਤਾ ਵੀ ਉਹੀ ਬੋਲਦਾ ਹੈ। ਹੁਣ ਤੋਤਾ ਪਿੰਜਰੇ ਵਿੱਚੋ ਬਾਹਰ ਵੀ ਆ ਜਾਵੇਗਾ ਤਾਂ ਉਹ ਉੱਡ ਨਹੀਂ ਸਕਦਾ, ਸਭ ਕੁਝ ਭੁੱਲ ਜਾਂਦਾ ਹੈ, ਉਹ ਆਪਣੇ ਕਾਫਲੇ, ਆਜ਼ਾਦੀ, ਉੱਚੀ ਉਡਾਰੀ ਸਭ ਕੁਝ ਭੁੱਲ ਜਾਂਦਾ ਹੈ, ਪਿੰਜਰੇ ਤੋਂ ਬਾਹਰ ਬੈਠੀ ਬਿੱਲੀ ਤੋਂ ਵੀ ਉਹ ਆਪਣਾ ਬਚਾਅ ਨਹੀਂ ਕਰ ਸਕਦਾ, ਕਿਉਂਕਿ ਉਹ ਉਡਾਰੀ ਮਾਰਨੀ ਭੁੱਲ ਗਿਆ। ਆਖਰ ਉਹ ਬਿੱਲੀ ਦਾ ਭੋਜਨ ਬਣ ਜਾਂਦਾ ਹੈ...

ਦੂਸਰੇ ਪਾਸੇ ਬਾਜ਼, ਜੋ ਅਹਿਜਾ ਪੰਛੀ ਹੈ ਜੋ ਆਪਣੀ ਸੋਚ ਨੂੰ ਕਿਸੇ ਦੇ ਅਧੀਨ ਨਹੀਂ ਕਰਦਾ, ਅਣਖ ਤੇ ਆਜ਼ਾਦੀ ਨਾਲ ਰਹਿਣਾ ਚਾਹੁੰਦਾ ਹੈ ਜੇ ਕਦੇ ਕੋਈ ਸ਼ਿਕਾਰੀ ਬਾਜ਼ ਨੂੰ ਕੈਦ ਕਰ ਲਵੇ ਤਾਂ ਬਾਜ਼ ਆਜ਼ਾਦ ਹੋਣ ਲਈ ਆਪਣੇ ਖੰਬ ਤੁੜਵਾ ਲੈਦਾ ਹੈ, ਪਿੰਜਰੇ ਦੀਆਂ ਸਲਾਖਾਂ ਵਿੱਚ ਆਪਣੇ ਪੰਜੇ ਮਾਰ ਮਾਰ ਕੇ ਜ਼ਖਮੀ ਕਰ ਲੈਂਦਾ ਹੈ, ਪਰ ਕਦੇ ਵੀ ਗੁਲਾਮੀ ਨਹੀਂ ਮੰਨਦਾ, ਕਦੇ ਵੀ ਆਪਣੀ ਉੱਚੀ ਉਡਾਰੀ ਮਾਰਨੀ ਤੇ ਸਿਕਾਰ ਕਰਨਾ ਨਹੀਂ ਭੁੱਲਦਾ, ਭਾਂਵੇ ਕਿ ਉਹ ਪਿੰਜਰੇ ਵਿੱਚ ਪੈ ਜਾਵੇ, ਪਰ ਉਹ ਕਦੇ ਮਨੋ ਗੁਲਾਮੀ ਨਹੀਂ ਕਬੂਲਦਾ... ਬਾਜ਼ ਅਣਖ ਤੇ ਆਜ਼ਾਦੀ ਦਾ ਪ੍ਰਤੀਕ ਹੈ,. ਇਸੇ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥਾਂ 'ਤੇ ਬਾਜ਼ ਨੂੰ ਬੈਠਣਾ ਕਬੂਲ ਹੋਇਆ ਹੈ...

ਸਿੱਖਾਂ ਦਾ ਦੁਸਮਣ ਬ੍ਰਾਹਮਣ ਹੈ, ਯਾਦ ਰਹੇ ਗੁਰੂ ਸਾਹਿਬਾਨ ਦਾ ਵਿਰੋਧ ਕਿਸੇ ਬ੍ਰਾਹਮਣ ਜਾਤ ਨਹੀਂ ਸੀ, ਸਗੋਂ ਬੁਰਾਈ ਨਾਲ ਸੀ, ਜੋ ਸਭ ਦੀ ਸੋਚ ਨੂੰ ਗੁਲਾਮ ਬਣਾਉਂਦੀ ਸੀ, ਜਾਤਾਂ ਪਾਤਾਂ, ਛੂਤ-ਛਾਤ ਅਨੇਕਾਂ ਬੁਰਾਈਆਂ ਨੂੰ ਜਨਮ ਦਿੰਦੀ ਸੀ, ਸਤਿਗੁਰਾਂ ਨੇ ਇਸ ਦਾ ਰੱਜ ਕੇ ਵਿਰੋਧ ਕੀਤਾ ਸੀ। ਬ੍ਰਾਹਮਣ ਦੇ ਵਿੱਚੋਂ ਪ੍ਰਗਟ ਹੋਈ ਬੁਰਾਈ ਨੂੰ ਹੀ ਬਿਪਰਵਾਦ / ਬ੍ਰਾਹਮਣਵਾਦ ਕਹਿੰਦੇ ਨੇ... ਅੱਜ ਇਹ ਬਿਪਰ ਸਿੱਖੀ ਦਾ ਸਭ ਤੋਂ ਵੱਡਾ ਦੁਸਮਣ ਬਣ ਕੇ ਸਾਹਮਣੇ ਆਇਆ ਹੈ, ਇਸ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਹਰ ਤਰੀਕਾ ਅਪਨਾਇਆ, ਸਰੀਰਿਕ ਤੌਰ 'ਤੇ ਵੀ ਮਾਰ ਕੇ ਦੇਖਿਆ, ਪਰ ਸਿੱਖ ਖਤਮ ਨਾ ਹੋਏ... ਹੁਣ ਇਹ ਸਮਝ ਗਿਆ ਕਿ ਜੇ ਇਸ ਕੌਮ ਨੂੰ ਖਤਮ ਕਰਨਾ ਹੈ ਤਾਂ ਇਸ ਨੂੰ ਇਸ ਦੇ ਧੁਰੇ ਨਾਲੋਂ ਅਲੱਗ ਕਰ ਦਿਉ, ਜਿੱਥੋਂ ਇਸ ਨੂੰ ਆਤਮਿਕ ਜੀਵਨ ਮਿਲਦਾ ਹੈ। ਉਸ ਨੇ ਸਿਰ 'ਤੇ ਕੇਸ ਰੱਖੇ, ਕਿਰਪਾਨ ਪਾਈ, ਪਰ ਕਿਰਪਾਨ ਸ਼ਸਤਰ ਨਾ ਸਮਝੇ, ਇੱਕ ਕਰਮਕਾਂਡ ਬਣਾ ਦਿਉ। ਇਸ ਨੂੰ ਗੁਰੂ ਦੀ ਸੋਚ ਨਾਲੋਂ ਤੋੜ ਕੇ ਬਿਪਰਨ ਕੀ ਰੀਤ ਵਿੱਚ ਸੁੱਟ ਦਿਉ, ਇਹ ਕੇਸ ਰੱਖ ਕੇ ਕਿਰਪਾਨ ਪਾ ਕੇ ਸਿੱਖ ਨਹੀਂ, ਸਗੋਂ ਕੇਸਾਧਾਰੀ ਬ੍ਰਾਹਮਣ ਹੀ ਹੋਵੇਗਾ, ਜਿਸ ਤੋਂ ਸਾਨੂੰ ਕੋਈ ਖਤਰਾ ਨਹੀਂ ਹੋਵੇਗਾ... ਬਿਪਰ ਨੇ ਗੁਰੂ ਦੀ ਸੋਚ ਨਾਲੋਂ ਤੋੜਣ ਲਈ ਵੱਗਾਂ ਦੇ ਵੱਗ ਸਾਧ ਹੋਂਦ ਵਿੱਚ ਲਿਆਂਦੇ। ਵੱਡੇ -੨ ਵੱਡੇ ਡੇਰੇ ਬਣਾ ਦਿੱਤੇ ਗਏ, ਸਿੱਖੀ ਭੇਸ਼ ਵਿੱਚ ਇਹ ਬਿਪਰ ਸੋਚ ਰੱਖਣ ਵਾਲੇ ਸਾਧਾਂ ਨੇ ਸਿੱਖਾਂ ਨੂੰ ਮਿੱਠੀਆਂ ਮਿੱਠੀਆਂ ਚੂਰੀਆਂ ਖਵਾਉਣੀਆਂ ਸ਼ੁਰੂ ਕਰ ਦਿੱਤੀਆਂ, ਖੰਡੇ ਦੀ ਪਾਹੁਲ ਤੇ ਹੋਰ ਪ੍ਰਚਾਰ ਰਾਹੀਂ ਅਖੰਡ ਪਾਠਾਂ ਦੀ ਲੜੀਆਂ ਚਲਾ ਕੇ, ਕਹਿਣ ਤੋਂ ਭਾਵ ਕਿ ਜੋ ਕਰਮ ਕਾਂਡ ਬ੍ਰਾਹਮਣ ਕਰਦਾ ਸੀ, ਉਹ ਸਿੱਖਾਂ ਵਿੱਚ ਇਨ੍ਹਾਂ ਬ੍ਰਾਹਮਣੀ ਸੋਚ ਦੇ ਧਾਰਨੀ ਸਾਧਾਂ ਨੇ ਸਿੱਖਾਂ ਵਿੱਚ ਵਾੜ ਦਿੱਤਾ।

ਦੁਸਮਣ ਨੇ ਜੋ ਹੀਲਾ ਵਰਤਣਾ ਸੀ ਵਰਤਿਆ... ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਣ ਲਈ ਬਹੁਤ ਕੋਸ਼ੀਸ਼ਾਂ ਹੋ ਰਹੀਆਂ ਨੇ... ਬਿਪਰ ਦੀ ਇਹ ਸੋਚ ਹੈ ਕਿ ਇਨ੍ਹਾਂ ਦੀ ਸੋਚ ਤੇ ਬੋਲੀ 'ਤੇ ਕਬਜਾ ਹੋ ਜਾਵੇ, ਤਾਂ ਇਨ੍ਹਾਂ ਵਿੱਚ ਕਿਤੇ ਵੀ ਅਣਖ ਤੇ ਅਾਜ਼ਾਦੀ ਦੀ ਚਿੰਗਾਰੀ ਰਹਿ ਨਾ ਜਾਵੇ, ਇਹ ਕੌਮ ਬਿਲਕੁਲ ਨਾਮਰਦ ਖੱਸੀ ਹੋ ਜਾਵੇ... ਖੰਡੇ ਦੀ ਪਾਹੁਲ ਨੂੰ ਇਨ੍ਹਾਂ ਨੇ ਬ੍ਰਾਹਮਣੀ ਪਿਉਂਦ ਚਾੜ ਦਿੱਤੀ, ਤਾਂ ਜੋ ਇਹ ਅੱਖਾਂ ਬੰਦ ਕਰ ਤੇ ਹੱਥ ਮਾਲਾ ਫੜਣ ਜੋਗੇ ਰਹਿ ਜਾਣ, ਇਨ੍ਹਾਂ ਵਿੱਚੋਂ ਕੋਈ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲਵਾ ਨਾ ਬਣ ਸਕੇ... ਕਿਸੇ ਕੌਮ ਦਾ ਭੱਵਿਖ ਦੇਖਣਾ ਹੋਵੇ ਤਾਂ ਉਸ ਕੌਮ ਦੀ ਨਵੀਂ ਨਸਲ ਤੋਂ ਦੇਖ ਕੇ ਅੰਦਾਜਾ ਲਗਇਆ ਜਾ ਸਕਦਾ ਹੈ। ਇਸੇ ਲਈ ਸ਼ਾਤਰ ਦਿਮਾਗ ਦੁਸ਼ਮਣ ਨੇ ਸਿੱਖੀ ਦਾ ਘਰ ਪੰਜਾਬ ਨੂੰ ਨਸ਼ੇ ਵਿੱਚ ਪਾ ਕੇ, ਨੌਜਵਾਨਾਂ ਨੂੰ ਉਨਾਂ ਦੇ ਵਿਰਸੇ ਤੋਂ ਦੂਰ ਕਰਨਾ, ਇਸ ਸ਼ਾਤਰ ਦਿਮਾਗ ਦੁਸ਼ਮਣ ਦੀ ਹੀ ਦੂਰ ਦ੍ਰਿਸ਼ਟੀ ਹੈ, ਜਿਸ ਵਿੱਚ ਤਖਤਾਂ 'ਤੇ ਕਾਬਜ ਪੁਜਾਰੀ ਤੇ ਸਿੱਖ ਦੇ ਭੇਸ ਵਿੱਚ ਲੁਕੇ ਬੁੱਕਲ ਦੇ ਸੱਪ ਇਨਾਂ ਦਾ ਸਾਥ ਦੇ ਰਹੇ ਨੇ... ਚੰਦ ਕੁ ਟਕੁੜਿਆ ਵਿੱਚ ਵਿੱਕ ਕੇ ਪੂਰੀ ਕੌਮ ਨੂੰ ਤਬਾਹ ਕਰਨ ਵਿੱਚ ਇਨ੍ਹਾਂ ਬਿਪਰਾਂ ਦੇ ਨਾਲ ਖੜੇ ਨੇ... ਸੰਤ ਸਮਾਜ ਜਿਸ ਨੂੰ ਸੱਪ ਸਮਾਜ ਵੀ ਕਿਹਾ ਜਾਂਦਾ ਹੈ, ਇਨ੍ਹਾਂ ਦੀ ਸੋਚ ਉਸ ਤੋਤੋ ਵਾਂਗ ਹੀ ਹੈ, ਦੇਖਣ ਨੂੰ ਤਾਂ ਸਿੱਖ ਨੇ, ਪਰ ਆਪਣੀ ਸੋਚ ਗੈਰਾਂ ਦੇ ਪੈਰਾਂ ਵਿੱਚ ਸੁੱਟ ਚੁੱਕੇ ਨੇ, ਜਿਹੜੇ ਕੇ ਦੁਸ਼ਮਣ ਨੇ ਪੂਰੀ ਤਰਾਂ ਖੱਸੀ ਕਰਕੇ ਆਪਣੇ ਫਾਇਦੇ ਲਈ ਸਿੱਖਾਂ ਵਿੱਚ ਵਾੜੇ ਹੋਏ ਨੇ ਤਾਂ ਜੋ ਸਿੱਖਾਂ ਨੂੰ ਗੁੰਮਰਾਹ ਕਰਦੇ ਰਹਿਣ...

ਆਹ ਪੀਲੀਆਂ ਨੀਲੀਆਂ ਪੱਗਾਂ ਵਾਲੇ ਮਹਿਤਾ, ਚਵਾਲਾ, ਵਿਰਸਾ ਸਿੰਹੁ ਵਲਟੋਹਾ, ਜਸਵੀਰ ਰੋਡੇ... ਹੋਰ ਪਤਾ ਨਹੀਂ ਕਿੰਨੇ ਕੁ ਨੇ ਜੋ ਇਨਾ ਸਿੱਖੀ ਨੂੰ ਖਤਮ ਕਰਨ ਵਾਲੇ ਸ਼ਿਕਾਰੀ ਦੀ ਚੂਰੀ ਖਾਹ ਕੇ ਬਿਲਕੁਲ ਨਕਾਰਾ ਹੋ ਗਏ ਨੇ, ਪਰ ਗੱਲਾਂ ਸਿੱਖੀ ਵਾਲੀਆਂ ਕਰਦੇ ਨੇ। ਇਹ ਲੋਕ ਦੁਸਮਣ ਨੇ ਖੁੱਲੇ ਆਮ ਛੱਡੇ ਨੇ ਕਿਉਂ? ਕਾਰਣ ਇਹੀ ਕਿ ਅਣਖ ਆਜ਼ਾਦੀ ਵਾਲੀ ਗੱਲ ਨਹੀਂ ਕਰ ਸਕਦੇ ਤੇ ਸਾਨੂੰ ਇਨ੍ਹਾਂ ਤੋਂ ਕੋਈ ਖਤਰਾ ਨਹੀਂ ਹੈ... ਉੱਧਰ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਪਿੰਜਰੇ ਵਿੱਚ ਪੈ ਕੇ ਵੀ ਆਪਣੇ ਅਕੀਦੇ ਨੂੰ ਸਿਧਾਂਤ ਨੂੰ ਨਹੀਂ ਭੁੱਲਦਾ, ਜਿਹੜਾ ਆਜ਼ਾਦੀ ਤੇ ਅਣਖ ਨਾਲ ਰਹਿਣਾ ਚਾਹੁੰਦਾ ਹੈ, ਉਸ ਦੇ ਸਰੀਰ ਨੂੰ ਤਾਂ ਭਾਂਵੇ ਕੈਦ ਕਰ ਲਿਆ, ਪਰ ਸੋਚ ਨੂੰ ਗੁਲਾਮ ਨਹੀਂ ਕਰ ਸਕੇ...ਦੁਸ਼ਮਣ ਉਸ ਤੋਂ ਭੈਅ ਕਿਉ ਖਾਹ ਰਿਹਾ ਹੈ, ਉਸ ਦੇ ਹੱਥਾਂ ਨੂੰ ਹੱਥਕੜੀੳਾਂ ਪੈਰਾਂ ਨੂੰ ਬੇੜੀਆਂ ਪਾ ਦਿੱਤੀਆਂ ਨੇ ਕਿਉਂ?

ਦੁਸ਼ਮਣ ਜਾਣਦਾ ਹੈ ਕਿ ਇਸ ਵਿੱਚ ਆਜ਼ਾਦੀ, ਅਣਖ ਗੁਰੂ ਦੀ ਸੋਚ ਖਤਮ ਨਹੀਂ ਹੋਈ, ਜਿੰਨਾਂ ਚਿਰ ਇਹ ਇਸ ਦੀ ਸੋਚ ਖਤਮ ਨਹੀਂ ਹੁੰਦੀ, ਉਨਾਂ ਚਿਰ ਇਹ ਸਾਡੇ ਲਈ ਖਤਰਾ ਹੈ... ਕਿਉਂਕਿ ਸੋਚ ਹੀ ਅੱਗੇ ਲੱਖਾਂ ਸੋਚਾਂ ਨੂੰ ਜਨਮ ਦਿੰਦੀ ਹੈ, ਭਾਂਵੇ ਉਹ ਸਰੀਰਿਕ ਤੌਰ ਖਤਮ ਹੀ ਹੋ ਜਾਵੇ, ਪਰ ਮਾਨਸਿਕ ਸੋਚ ਉਸ ਦੀ ਸਦਾ ਹੀ ਅਮਰ ਰਹਿੰਦੀ ਹੈ, ਜੋ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰਾਂ ਕਰਦੀ ਹੈ... ਜੋ ਮਾਨਸਿਕ ਤੌਰ 'ਤੇ ਮਰ ਜਾਵੇ, ਉਹ ਸਰੀਰਿਕ ਤੌਰ 'ਤੇ ਜਿਉਂਦਾ ਵੀ ਹੈ, ਉਹ ਅਸਲ ਵਿੱਚ ਜਿਉਂਦੀ ਲਾਸ਼ ਹੈ। ਗੁਰਮਤਿ ਨੇ ਇਸ ਨੂੰ ਮੁਰਦਾ ਮੰਨਿਆ ਹੈ ਤੇ ਕਿਹਾ ਹੈ ਕਿ ਜਿਉਂਦਾ ਉਹੀ ਹੈ ਜੋ ਮਾਨਸਿਕ ਤੌਰ 'ਤੇ ਖਤਮ ਨਹੀਂ ਹੋਇਆ।

ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਕਿਹਾ ਸੀ ਕਿ ਮੈਂ ਸਰੀਰਿਕ ਮੌਤ ਨਹੀਂ ਮੰਨਦਾ, ਆਤਮਿਕ ਮੌਤ ਨੂੰ ਮੈਂ ਮੌਤ ਮੰਨਦਾ ਹਾਂ... ਸਿੰਘੋ, ਗੁਰੂ ਗ੍ਰੰਥ ਸਾਹਿਬ ਸਾਡੇ ਜੀਵਨ ਦਾ ਆਧਾਰ ਨੇ, ਸਾਡਾ ਜੀਵਨ ਹਨ ਜਿੰਦਗੀ ਦੀ ਹਰ ਸੇਧ ਗੁਰੂ ਤੋਂ ਹੀ ਲੈਣੀ ਹੈ। ਜੇ ਜੀਣਾ ਹੈ, ਤਾਂ ਕਿਵੇਂ ਜੀਣਾ ਹੈ, ਜੇ ਮਰਨਾ ਹੈ, ਤਾਂ ਕਿਵੇਂ ਮਰਨਾ ਹੈ... ਸਾਨੂੰ ਦੁਸ਼ਮਣ ਜੇਲਾਂ ਵਿੱਚ ਸਾੜ ਕੇ, ਫਾਂਸੀ ਦੇ ਰੱਸਿਆਂ 'ਤੇ ਚਾੜ ਕੇ, ਝੂਠੇ ਮੁਕਾਬਲੇ ਬਣਾ ਕੇ ਮਾਰ ਲਵੇ, ਅਸੀਂ ਮਰ ਨਹੀਂ ਸਕਦੇ... ਮਰਾਂਗੇ ਉਸ ਸਮੇਂ ਜਦ ਉਹ ਸਾਡੀ ਸੋਚ ਨੂੰ ਕਾਬੂ ਕਰਨ ਵਿੱਚ ਸਫਲ ਹੋ ਗਿਆ। ਜਦੋਂ ਅਸੀਂ ਆਪਣੀ ਜ਼ਮੀਰ, ਅਣਖ ਉਸ ਦੇ ਪੈਰਾਂ ਵਿੱਚ ਸੁੱਟ ਦਿੱਤੀ...

ਆਉ ਸੁਚੇਤ ਹੋਈਏ, ਗੁਰਮਤਿ ਦੀ ਸੋਚ ਅਪਨਾਈਏ, ਜੋ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਸਹਾਈ ਹੋਵੇਗੀ... ਆਪਣੀ ਕਲਮ ਨੂੰ ਭਾਈ ਗਜਿੰਦਰ ਸਿੰਘ ਦੀ ਲਿਖੀ ਕਾਵਿਤਾ ਦੇ ਚਾਰ ਕੁ ਸ਼ਬਦ ਲਿਖ ਕੇ ਬੰਦ ਕਰਦਾ ਹਾਂ...

ਅਸੀਂ ਚਾਨਣ ਦੇ ਵਿਓਪਾਰੀ
ਹਨੇਰੇ ਨਾਲ ਨਾਤਾ ਕੀ

ਅਸੀਂ ਆਜ਼ਾਦ ਰੂਹਾਂ ਹਾਂ
ਕਿਸੇ ਪਿੰਜਰੇ ਨੂੰ ਜਾਤਾ ਕੀ

ਭਾਵੇਂ ਸੋਨੇ ਦਾ ਹੋਵੇ
ਪਿੰਜਰਾ, ਐਪਰ ਫਿਰ ਵੀ ਪਿੰਜਰਾ ਹੈ

ਜੇ ਪੈਰੀਂ ਬੇੜੀਆਂ ਹੋਵਣ
ਤਾਂ ਕੰਗਲਾ ਕੀ, ਤੇ ਦਾਤਾ ਕੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top