Share on Facebook

Main News Page

ਮੂੰਹ ਆਈ ਬਾਤ ਨਾ ਰਹਿੰਦੀ ਏ…
-: ਤਰਲੋਕ ਸਿੰਘ ‘ਹੁੰਦਲ’ ਬਰੈਂਮਟਨ- ਟੋਰਾਂਟੋ

ਦੋਂਹ ਕੁ ਹਫ਼ਤਿਆਂ ਦੇ ਸਮੇਂ ਅੰਦਰ ਅੰਦਰ, ਦੋ ਅਹਿਮ ਘਟਨਾਵਾਂ ਵਾਪਰੀਆਂ ਹਨ। ਸਿੱਖ ਧਰਮ ਨਾਲ ਸਬੰਧਤ ਪਹਿਲੀ ਗਿਆਨੀ ਬਲਵੰਤ ਸਿੰਘ ‘ਨੰਦਗੜ੍ਹ’, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਦੀ ਧੱਕੇਸ਼ਾਹੀ ਨਾਲ ਬਰਤਰਫੀ ਅਤੇ ਦੂਸਰੀ ਨਸ਼ਾ ਤਸਕਰੀ ਦੀ ਪੜਤਾਲ ਨਾਲ ਜੁੜੇ ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਰਿੰਜਣ ਸਿੰਘ ਦੀ ਜਲੰਧਰ ਤੋਂ ਕੋਲਕਤਾ ਦੀ ਅਚਨਚੇਤ ਬਦਲੀ।

ਨਿਰੰਜਣ ਸਿੰਘ ਜੀ ਦੀ ਬਦਲੀ ਨੂੰ ਵੱਡੇ ਵੱਡੇ ਰਾਜਨੀਤਕ ਲੋਕਾਂ ਦੇ ਨਸ਼ਾ-ਵਪਾਰ’ਚ ਫਸ ਜਾਣ ਦੇ ਡਰੋਂ ਉਨ੍ਹਾਂ ਨੂੰ ਅੱਧ-ਵਿਚਕਾਰੋਂ ਹੀ ਲਾਂਭੇ ਕਰਨ ਦੀ ਵਿਭਾਗੀ ਕੋਸ਼ਿਸ਼ ਹੋਈ ਸੀ, ਪਰ ਜਨਤਿਕ ਹਿਤਾਂ ਦੀ ਪਹਿਰੇਦਾਰ ਸੰਸਥਾ ਦੇ ਉਦਮ ਸਦਕਾ, ਕੇਵਲ 48 ਕੁ ਘੰਟਿਆਂ ਦੇ ਸਮੇਂ ਅੰਦਰ ਹੀ ਹਾਈ ਕੋਰਟ ਤੋਂ ਹੁਕਮ ਹਾਸਲ ਕਰਕੇ ਨਿਰੰਜਣ ਸਿੰਘ ਜੀ ਦੀ ਬਦਲੀ ਨੂੰ ਵਿਸ਼ਰਾਮ ਚਿੰਨ੍ਹ ਲੱਗ ਗਿਆ। ਭਾਵੇਂ ਇਸ ਵਿਭਾਗੀ ਕਾਰ-ਗੁਜਾਰੀ ਨਾਲ ਸਾਡਾ ਕੋਈ ਬਹੁਤਾ ਲੈਂਣ-ਦੇਂਣ ਨਹੀ ਹੈ, ਪਰ ਇਤਨਾ ਜ਼ਰੂਰ ਕਹਿ ਸਕਦੇ ਹਾਂ ਕਿ ਦਿੱਲੀ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਵਿੱਚ, ‘ਅਕਾਲੀ ਪਾਰਟੀ’ ਲਈ, ਆਪਣੇ “ਤਕੜੀ” ਦੇ ਨਿਸ਼ਾਨ ਉੱਤੇ ਚੋਣ ਲੜ੍ਹਨ ਹਿਤ, ਭਾਈਵਾਲ ਭਾਜਪਾ ਪਾਰਟੀ ਨਾਲ ਰਾਖਵੀਆਂ ਦੋਹਾਂ ਸੀਟਾਂ ਵਿੱਚੋਂ ਅਫਸਰ ਦੀ ਇਸ ਬਦਲੀ ਦੀ ਦੌੜ-ਭਜ ਨੇ ‘ਇੱਕ ਸੀਟ’ ਦੀ ਬਲੀ ਲੈ ਲਈ ਹੈ, ਯਾਨੀ ਕਿ ਅਕਾਲੀਆਂ ਦੀ ਦਾਹਵੇਦਾਰ ਇੱਕ ਹੋਰ ਸੀਟ ਉੱਤੇ ‘ਕਮਲ’ ਦਾ ਫੁੱਲ ਖਿੜ ਗਿਆ ਹੈ।

ਅਸਲ ਵਿਸ਼ੇ ਦੀ ਗੱਲ ਕਰੀਏ। ਗਿਆਨੀ ਬਲਵੰਤ ਸਿੰਘ ਜੀ ‘ਨੰਦਗੜ੍ਹ’ ਨੂੰ ਗੈਰ-ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਕੇ ਅਤੇ ਸਿੱਖਾਂ ਅੰਦਰ ਭਾਰੀ ਵਿਰੋਧਤਾ ਦੇ ਬਾਬਜੂਦ ਜਥੇਦਾਰ ਸਾਹਿਬ ਨੂੰ ਤਖਤ ਸਾਹਿਬ ਦੇ ਸਤਿਕਾਰਤ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਫੈਸਲੇ ਦੀ ਸ਼੍ਰੋਮਣੀ ਕਮੇਟੀ ਦੇ ਕੰਮ-ਚਲਾਊ ਆਂਕ੍ਰਿਤ ਕਮੇਟੀ ਦੇ ਕਈ ਮੈਂਬਰਾਂ ਵਲੋਂ ਵਿਰੋਧਤਾ ਵੀ ਹੋਈ। ਇਸ ਤਰ੍ਹਾਂ ਦੇ ਲਏ ਜਾਣ ਵਾਲੇ ਨਿਸ਼ਿਧ ਫੈਸਲੇ ਦੀਆਂ ਕੰਨਸੋਆਂ ਬਹੁਤ ਪਹਿਲੋਂ ਹੀ ਸਿੱਖ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ ਹੋਈਆਂ ਸਨ। ਉਦੋਂ ਤੋਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹਿ ਚੁੱਕੇ ਸ੍ਰ: ਪਰਮਜੀਤ ਸਿੰਘ ‘ਸਰਨਾ’ ਜੀ, ਅਖ਼ਬਾਰੀ ਬਿਆਨ-ਬਾਜੀ ਨਾਲ ਤੁਸੀਂ ਸਿੱਖ ਭਾਈਚਾਰੇ ਨੂੰ ਧਰਵਾਸ ਦਿੰਦੇ ਆ ਰਹੇ ਸੀ, ਕਿ ਅਜੇਹੇ ਫੈਸਲੇ ਦੇ ਵਿੱਰੁਧ ਆਪ‘ਸੁਪ੍ਰੀਮ ਕੋਰਟ’ ਦਾ ਦਰਵਾਜਾ ਖੜਕੜਾਉਂਣਗੇ? ਇੱਕ ਹੋਰ ਪ੍ਰਸਿੱਧ ਸਿੱਖ ਲੀਡਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ: ਮਨਜੀਤ ਸਿੰਘ ਜੀ ‘ਕਲੱਕਤਾ’ ਨੇ ਵੀ ਕਈ ਬਿਆਨ ਦਾਗੇ ਕਿ ‘ਡੰਗ-ਟਪਾਊ’ ਆਂਤ੍ਰਿਕ ਕਮੇਟੀ ਦੇ ਅਜਿਹੇ ਪੰਥਕ ਸਿਧਾਂਤਾਂ ਨੂੰ ਤਬਾਹ ਕਰਨ ਵਾਲੇ ਫੈਸਲੇ ਵਿਰੁਧ ਅਦਾਲਤ ਜਾਵਾਂਗੇ?

ਭਾਵੇਂ ਅਸੀਂ ਨਿੱਜੀ ਤੌਰ 'ਤੇ ਸਿੱਖ ਸਮਸਿਆਵਾਂ ਦੇ ਸਾਰਥਕ ਹੱਲ ਲਈ ਗੁਰੂ ਸਿਧਾਂਤ ਯਾਨੀ: ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥’ ਨੂੰ ਸਦਾ ਹੀ ਪਹਿਲ ਦੇਣ ਦੇ ਪੱਕੇ ਧਾਰਨੀ ਹਾਂ, ਪਰ ਖੁਦਕਰਜ਼ ਅਤੇ ਸੋੜੀ ਸੋਚ ਦੇ ਸਿੱਖ ਰਾਜਨੀਤਕ ਲੀਡਰਾਂ ਦੀਆਂ ਚਾਲਬਾਜੀਆਂ ਨੇ ਧਾਰਮਿਕ ਉਲਝਣਾਂ ਦੇ ਨਬੇੜੇ ਦਾ ਦੂਸਰਾ ਕੋਈ ਰਾਹ ਰਹਿਣ ਹੀ ਨਹੀਂ ਦਿੱਤਾ।

‘ਸਰਨਾ’ ਸਾਹਿਬ ਅਤੇ ਕਲੱਕਤਾ ਸਾਹਿਬ ਜੀ! ਤੁਸੀਂ ਸਿੱਖ ਆਗੂ ਭਲੀ ਭਾਂਤ ਜਾਣੂ ਹੋ, ਕਿ ‘ਆਰ. ਐਸ.ਐਸ ਦਾ ਦਸਤਾ ਬਣ ਕੇ ਅਖੌਤੀ ਸੰਤ ਸਮਾਜ, ਸਿੱਖ ਰਾਜਸੀ ਲੀਡਰਾਂ ਦੇ ਬਾਹੂ-ਬਲ ਨਾਲ ਸਿੱਖੀ ਦੇ ਸਿਰ’ਚ ਪੂਰੇ ਤਾਣ ਨਾਲ ਵਦਾਣਾਂ ਦੀਆਂ ਸੱਟਾਂ ਮਾਰ ਰਿਹਾ ਹੈ। ਸਾਧਾਰਨ ਸਿੱਖ ਲਈ ਇਹ ਪੀੜਾ ਅਸਹਿ ਹੈ ਅਤੇ ਕਿਸੇ ਠੋਸ ਹੱਲ ਲਈ ਤੁਹਾਡੇ ਵਰਗੇ ਆਗੂਆਂ ਦੇ ਮੂੰਹ ਵੱਲ ਤੱਕਦੀ ਪਈ ਹੈ। ਅਜ ਪੰਦਰ੍ਹਾਂ ਕੁ ਦਿਨ ਹੋ ਗਏ ਹਨ, ਜਥੇਦਾਰ ਨੰਦਗ੍ਹੜ ਸਾਹਿਬ ਨੂੰ ਬਰਖਾਸਤ ਕੀਤਿਆਂ? ਲੋਕਾਂ ਤਾਂ 48 ਘੰਟਿਆਂ ’ਚ ਹੀ ਸਟੇਅ ਲਿਆ ਕੇ ਸਰਕਾਰੀ ਹੁਕਮਾਂ ਨੂੰ ਚਿੱਤ ਕਰ ਸੁੱਟਿਆ, ਕੀ ਤੁਹਾਨੂੰ ਅਜੇ ਕਿਸੇ ਅਦਾਲਤ ਦਾ ਦਰਵਾਜਾ ਨਹੀਂ ਲੱਭਿਆ?

ਜਾਪਦੈ! ਤੁਹਾਨੂੰ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਣਨ ਦਾ ਹੀ ਚਾਅ ਹੈ। ਜੇ ਇਹ ਨਹੀਂ ਤਾਂ ਫਿਰ ਸਿੱਖ ਜਗਤ ਦੀਆਂ ਨਜਰਾਂ ’ਚ ਤੁਸੀਂ ਕੁਝ ਕਰ ਸਕਣਯੋਗ ਹੋ। ਕੁਝ ਕਰ ਕੇ ਵਿਖਾਈਏ। ਹੁਣ ਤਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸਾਹਿਬ ਤਖਤ ਸਾਹਿਬ ਦੀ ਜਥੇਦਾਰੀ ਨੂੰ ‘ਫਤਹਿ’ ਬੁੱਲਾ ਕੇ ਘਰ ਵੀ ਚਲੇ ਗਏ ਹਨ। ਤੁਸੀਂ ਕੀ ਸੋਚਦੇ ਪਏ ਹੋ? ‘ਈਦੋਂ ਬਾਅਦ ਕਿਸੇ ਨੇ ਤੰਬਾ ਫੂਕਣੈ? ਕਿਧਰੇ ਇਹ ਨਾ ਹੋਵੇ, ਜਿਵੇਂ ਕਿ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫੁਰਮਾ ਗਏ ਹਨ ਕਿ:- ‘ਹਮ ਕੀਆ ਹਮ ਕਰਹਗੇ ਹਮ ਮੂਰਖ ਗਵਾਰ॥’ (ਸਿਰੀ ਰਾਗੁ ਮ:3, ਅੰਕ-39)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top