Share on Facebook

Main News Page

ਧਰਮ ਦੇ ਸਮਾਜੀਕਰਨ ਦਾ ਪਰਿਣਾਮ
-: ਹਾਕਮ ਸਿੰਘ

ਹਰ ਧਰਮ ਅਧਿਆਤਮਿਕ ਵਿਚਾਰਧਾਰਾ 'ਤੇ ਆਧਾਰਤ ਹੈ। ਅਧਿਆਤਮਿਕ ਵਿਚਾਰਧਾਰਾ ਸੰਤ ਪੁਰਸ਼ਾਂ ਵੱਲੋਂ ਪ੍ਰਭੂ ਦੇ ਅਗੰਮ ਗਿਆਨ ਦਾ ਪ੍ਰਗਟਾਵਾ ਹੁੰਦੀ ਹੈ। ਸੰਤ ਪੁਰਸ਼ਾਂ ਦਾ ਪ੍ਰਗਟ ਕੀਤਾ ਅਧਿਆਤਮਿਕ ਗਿਆਨ ਸਿਆਣੇ ਅਤੇ ਸੁਲਝੇ ਹੋਏ ਵਿਅਕਤੀਆਂ ਨੂੰ ਆਕਰਸ਼ਤ ਅਤੇ ਪ੍ਰਭਾਵਤ ਕਰਦਾ ਹੈ। ਸਿਆਣੇ ਵਿਅਕਤੀ ਇਹ ਵਿਚਾਰ ਆਮ ਲੋਕਾਂ ਨਾਲ ਸਾਂਝੇ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਅਧਿਆਤਮਿਕ ਵਿਚਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਧਰਮ ਪ੍ਰਤੀ ਸ਼ਰਧਾ ਉਤੇਜਿਤ ਹੋ ਜਾਂਦੀ ਹੈ।

ਐਸੇ ਸ਼ਰਧਾਲੂਆਂ ਦੇ ਉਤਸ਼ਾਹ ਅਤੇ ਵੱਧ ਰਹਿਈਆਂ ਧਾਰਮਕ ਮੰਗਾਂ ਨੂੰ ਮੁੱਖ ਰੱਖਦੇ ਹੋਏ ਸਮਾਜਕ ਸ਼ਕਤੀਆਂ ਅਧਿਆਤਮਿਕ ਗਿਆਨ ਦੇ ਸੰਚਾਰ ਲਈ ਧਾਰਮਕ ਸੰਸਥਾਵਾਂ ਸਥਾਪਤ ਕਰ ਲੈਂਦੀਆਂ ਹਨ ਅਤੇ ਉਨ੍ਹਾਂ ਦੇ ਪ੍ਰਬੰਧ ਲਈ ਪੁਜਾਰੀ ਨਿਯੁਕਤ ਕਰ ਦਿੰਦੀਆਂ ਹਨ। ਪਰ ਧਾਰਮਕ ਸੰਸਥਾਵਾਂ ਅਧਿਆਤਮਿਕ ਗਿਆਨ ਦਾ ਸੰਚਾਰ ਕਰਨ ਦੇ ਯੋਗ ਨਹੀਂ ਹੁੰਦੀਆਂ, ਕਿਉਂਕਿ ਉਹ ਸਮਾਜਕ ਗਠਬੰਧਨ ਹੁੰਦੇ ਹਨ ਅਤੇ ਸਮਾਜ ਵਿਚ ਮਾਇਆ ਦੇ ਤ੍ਰੈ ਗੁਣਾਂ ਦੇ ਵਿਆਪਕ ਪ੍ਰਭਾਵ ਕਾਰਨ ਭੱਜ ਦੌੜ, ਚਿੰਤਾ ਅਤੇ ਅਸ਼ਾਂਤੀ ਦਾ ਪ੍ਰਵਾਹ ਚਲਦਾ ਰਹਿੰਦਾ ਹੈ ਜਦੋਂ ਕਿ ਅਧਿਆਤਮਿਕ ਗਿਆਨ ਦੇ ਪ੍ਰਕਾਸ਼ ਲਈ ਸ਼ਾਂਤ ਵਾਤਾਵਰਣ ਅਤੇ ਨਿਰਮਲ ਮਨ ਦੀ ਲੋੜ ਹੁੰਦੀ ਹੈ।

ਇਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਫੁਰਮਾਨ ਹਨ: “ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ॥ ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ॥“ (ਪੰ: ੬੦੩); “ਹਉਮੈ ਨਾਵੈ ਨਾਲ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ ਹਉਮੈ ਵਿਚਿ ਸੇਵਾ ਨਾ ਹੋਵਈ ਤਾ ਮਨੁ ਬਿਰਥਾ ਜਾਇ॥“ (ਪੰ: ੫੬੦) ਅਤੇ “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥ “(ਪੰ: ੬੯੩)। ਅਧਿਆਤਮਿਕ ਗਿਆਨ ਗ੍ਰਹਿਣ ਕਰਨ ਲਈ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣਾ ਜ਼ਰੂਰੀ ਹੁੰਦਾ ਹੈ।

ਅਧਿਆਤਮਿਕ ਗਿਆਨ ਮੂਲ ਰੂਪ ਵਿਚ ਪ੍ਰਭੂ, ਆਤਮਾ ਅਤੇ ਮਨੁੱਖੀ ਮਨ ਦੇ ਸਬੰਧਾਂ ਦਾ ਵਿਸ਼ਵਾਸ ਤੇ ਆਧਾਰਤ ਗਿਆਨ ਹੈ। ਇਹ ਵਿਅਕਤੀ ਨੂੰ ਸੰਬੋਧਨ ਹੈ ਸਮਾਜ ਨੂੰ ਨਹੀਂ। ਇਸ ਵਿਚ ਸਮਾਜ ਲਈ ਕੋਈ ਉਪਦੇਸ਼ ਨਹੀਂ ਹੈ। ਇਸ ਦਾ ਵਿਅਕਤੀ ਨੂੰ ਇਹ ਉਪਦੇਸ਼ ਹੈ ਕਿ ਉਹ ਪ੍ਰਭੂ ਨੂੰ ਸੰਸਾਰ ਵਿਚ ਭਾਲਣ ਦੀ ਥਾਂ ਆਪਣੇ ਮਨ ਵਿਚ ਹੀ ਗੁਰਸ਼ਬਦ ਦੀ ਓਟ ਲੈ ਕੇ ਲੱਭਣ ਦਾ ਜਤਨ ਕਰੇ। ਇਸ ਪ੍ਰਥਾਇ ਗੁਰਬਾਣੀ ਦੇ ਕਥਨ ਹਨ: “ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮ ਜਪਹੁ ਅੰਤਰਗਤਿ ਧਿਆਨੇ॥“ (ਪੰ: ੧੦੩੦); “ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ॥ ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ॥“ (ਪੰ: ੪੨੫); “ਬੰਦੇ ਖੋਜੁ ਦਿਲ ਹਰ ਰੋਜ ਨ ਫਿਰੁ ਪਰੇਸਾਨੀ ਮਾਹਿ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥“ (ਪੰ: ੭੨੭) ਅਤੇ “ਏ ਮਨੁ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ॥” (ਪੰ: ੧੧੧੩)। ਅਧਿਆਤਮਿਕ ਗਿਆਨ ਦੀ ਪ੍ਰਾਪਤੀ ਵਿਚ ਧਾਰਮਕ ਸੰਸਥਾਵਾਂ ਅਤੇ ਪੁਜਾਰੀ ਦੀ ਕੋਈ ਭੂਮਿਕਾ ਨਹੀਂ ਹੁੰਦੀ।

ਗੁਰਬਾਣੀ ਗੁਰਦੁਆਰੇ ਸਥਾਪਤ ਕਰਨ ਅਤੇ ਪੁਜਾਰੀ ਰੱਖਣ ਦਾ ਉਪਦੇਸ਼ ਨਹੀਂ ਕਰਦੀ। ਉਹ ਤੇ ਸ਼ਰਧਾਲੂਆਂ ਨੂੰ ਧਰਮਸ਼ਾਲ ਅਤੇ ਘਰ-ਘਰ ਵਿਚ ਧਰਮਸ਼ਾਲ ਸਥਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਦੇ ਨਾਲ ਹੀ ਗੁਰਬਾਣੀ ਸਤਸੰਗਤ ਦੀ ਮਹੱਤਤਾ ਦਾ ਵਰਣਨ ਕਰਦੀ ਹੈ: “ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ॥“ (ਪੰ: ੪੨੭); “ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ॥“ (ਪੰ: ੭੨); “ਸਤ ਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ॥“ (ਪੰ: ੧੨੪੪) ਅਤੇ “ਮਿਲਿ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸ॥” (ਪੰ: ੬੩੯)। ਗੁਰਬਾਣੀ ਅਨੁਸਾਰ ਸਤ ਸੰਗਤ ਅਧਿਆਤਮਿਕ ਜੀਵਨ ਦੇ ਧਾਰਨੀਆਂ ਦੀ ਸਭਾ ਹੁੰਦੀ ਹੈ।
ਅਧਿਆਤਮਿਕ ਗਿਆਨ ਦਾ ਸੰਚਾਰ ਅਧਿਆਤਮਿਕ ਜੀਵਨ ਦੇ ਧਾਰਨੀ ਹੀ ਕਰ ਸਕਦੇ ਹਨ ਗੁਰਦੁਆਰੇ ਦੇ ਪੁਜਾਰੀ ਜਾਂ ਧਾਰਮਕ ਵਿਦਵਾਨ ਨਹੀਂ ਕਿਉਂਕਿ ਉਨ੍ਹਾਂ ਨੂੰ ਹੀ ਅਧਿਆਤਮਿਕ ਗਿਆਨ ਦੀ ਸੂਝ ਹੁੰਦੀ ਹੈ। ਇਹ ਜਾਣਦੇ ਹੋਏ ਵੀ ਕਿ ਉਹ ਅਧਿਆਤਮਿਕ ਗਿਆਨ ਦਾ ਸੰਚਾਰ ਕਰਨ ਦੇ ਯੋਗ ਨਹੀਂ ਹਨ ਸਮਾਜਕ ਸ਼ਕਤੀਆਂ ਧਾਰਮਕ ਸੰਸਥਾਵਾਂ ਜਾਂ ਗੁਰਦੁਆਰੇ ਸਥਾਪਤ ਕਰ ਉਨ੍ਹਾਂ ਦੇ ਪ੍ਰਬੰਧ ਲਈ ਪੁਜਾਰੀ ਰੱਖ ਲੈਂਦੀਆਂ ਹਨ। ਪੁਜਾਰੀਆਂ ਨੂੰ ਧਰਮ ਦੇ ਅਧਿਆਤਮਿਕ ਗਿਆਨ ਦੀ ਬਹੁਤੀ ਜਾਣਕਾਰੀ ਨਹੀਂ ਹੁੰਦੀ। ਪਰ ਸਮਾਜਕ ਸੰਸਥਾਵਾਂ ਦੇ ਕਾਰਕੁਨ ਹੋਣ ਕਾਰਨ ਉਨ੍ਹਾਂ ਵਿਚ ਅਧਿਆਤਮਿਕ ਵਿਚਾਰਧਾਰਾ ਦਾ ਸਮਾਜੀਕਰਨ ਕਰਨ ਦੀ ਯੋਗਤਾ ਹੁੰਦੀ ਹੈ। ਇਸ ਲਈ ਉਹ ਸ਼ਰਧਾਲੂਆਂ ਨੂੰ ਪ੍ਰਭਾਵਤ ਕਰਨ ਅਤੇ ਸਮਾਜ ਵਿਚ ਆਪਣੀ ਧਾਰਮਕ ਹੈਸੀਅਤ ਨੂੰ ਅਦੁੱਤੀ ਬਨਾਉਣ ਲਈ ਆਪਣੇ ਧਾਰਮਕ ਵਿਹਾਰ ਨੂੰ ਪ੍ਰਭੂ ਦੇ ਗੁਣਾਂ ਅਤੇ ਅਧਿਆਤਮਿਕ ਗਿਆਨ ਵਿਅਕਤ ਕਰਨ ਵਾਲੇ ਪੈਗ਼ੰਬਰਾਂ, ਅਵਤਾਰਾਂ, ਦੇਵਤਿਆਂ ਜਾਂ ਗੁਰੂਆਂ ਦੇ ਨਾਵਾਂ ਨਾਲ ਸ਼ਿੰਗਾਰ ਲੈਂਦੇ ਹਨ। ਉਹ ਆਪਣੀਆਂ ਧਾਰਮਕ ਕਿਰਿਆਵਾਂ ਵਿਚ ਅਨੇਕ ਪ੍ਰਕਾਰ ਦੇ ਕਰਮ ਕਾਂਡ, ਕਰਾਮਾਤਾਂ, ਮਿਥਹਾਸਕ ਵਾਰਦਾਤਾਂ, ਵਹਿਮ, ਭਰਮ, ਰਹੱਸਵਾਦੀ ਬ੍ਰਿਤਾਂਤ ਅਤੇ ਰੂੜ੍ਹਵਾਦੀ ਵਿਸ਼ਵਾਸ ਸ਼ਾਮਲ ਕਰ ਲੈਂਦੇ ਹਨ। ਉਨ੍ਹਾਂ ਦੇ ਵਿਹਾਰ ਵਿਚ ਅਧਿਆਤਮਿਕ ਗਿਆਨ ਤੋਂ ਸਖਣਾ ਪ੍ਰਭੂ ਦਾ ਨਾਂ ਵਰਤਿਆ ਹੁੰਦਾ ਹੈ। ਧਾਰਮਕ ਸੰਸਥਾਵਾਂ ਦੀ ਪੂਜਾ ਵਿਧੀ ਵਿਚੋਂ ਪ੍ਰਭੂ ਦਾ ਉਪਦੇਸ਼ ਅਕਸਰ ਮਨਫ਼ੀ ਹੋਇਆ ਹੁੰਦਾ ਹੈ।

ਦਰ ਅਸਲ, ਪੁਜਾਰੀ ਪ੍ਰਭੂ ਦੀ ਥਾਂ ਅਧਿਆਤਮਿਕ ਗਿਆਨ ਵਿਅਕਤ ਕਰਨ ਵਾਲੇ ਅਵਤਾਰਾਂ, ਪੈਗੰਬਰਾਂ, ਗੁਰੂਆਂ ਜਾਂ ਦੇਵਤਿਆਂ ਦੀਆਂ ਮੂਰਤੀਆਂ, ਜਾਂ ਮੂਰਤਾਂ ਨੂੰ ਸ਼ਰਧਾਲੂਆਂ ਦੀ ਪੂਜਾ ਦਾ ਕੇਂਦਰ ਬਿੰਦੂ ਬਣਾਉਣ ਵਿਚ ਵਿਸ਼ਵਾਸ ਰੱਖਦੇ ਹਨ ਤਾਂ ਜੋ ਪ੍ਰਭੂ ਨੂੰ ਵਿਸਾਰ ਕੇ ਸ਼ਰਧਾਲੂਆਂ ਨੂੰ ਆਪਣੇ ਕਰਮ ਕਾਡਾਂ ਅਨੁਸਾਰ ਦੇਵੀ ਦੇਵਤਿਆਂ, ਅਵਤਾਰਾਂ ਅਤੇ ਗੁਰੂਆਂ ਦੇ ਚਿੰਨ੍ਹਾਂ ਦੇ ਪੂਜਕ ਬਣਾਇਆ ਜਾ ਸਕੇ। ਜਾਂ ਇਉਂ ਕਹੋ ਕਿ ਉਹ ਮਾਧਿਅਮ (ਮੂਰਤੀ) ਨੂੰ ਹੀ ਮੰਜ਼ਲ (ਪ੍ਰਭੂ) ਬਣਾ ਲੈਂਦੇ ਹਨ, ਜਦੋਂ ਕਿ ਹਰ ਅਵਤਾਰ, ਪੈਗੰਬਰ, ਸੰਤ ਪੁਰਸ਼ ਅਤੇ ਗੁਰੂ ਪ੍ਰਭੂ ਦਾ ਸਿਮਰਨ ਕਰਨ ਅਤੇ ਉਸ ਦੇ ਗੁਣ ਗਾਇਨ ਕਰਨ ਦਾ ਉਪਦੇਸ਼ ਕਰਦਾ ਹੈ। ਪਰ ਪੁਜਾਰੀ ਇਸ ਦੇ ਬਿਲਕੁਲ ਉਲਟ ਪ੍ਰਭੂ ਦੀ ਥਾਂ ਪ੍ਰਭੂ ਦੇ ਉਪਦੇਸ਼ ਨੂੰ ਵਿਅਕਤ ਕਰਨ ਵਾਲੇ ਦੀ ਮੂਰਤੀ ਜਾਂ ਗ੍ਰੰਥ ਨੂੰ ਪੂਜਾ ਦਾ ਕੇਂਦਰ ਬਣਾਉਂਦੇ ਹਨ। ਇਹ ਠੀਕ ਹੈ ਕਿ ਧਰਮ ਦਾ ਸਾਰਾ ਅਧਿਆਤਮਿਕ ਗਿਆਨ ਪੈਗੰਬਰਾਂ, ਗੁਰੂਆਂ ਅਤੇ ਭਗਤਾਂ ਦੁਆਰਾ ਹੀ ਵਿਅਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਮਨੁੱਖਤਾ ਤੇ ਵਡਮੁੱਲਾ ਪ੍ਰਉਪਕਾਰ ਕੀਤਾ ਹੈ। ਗੁਰਬਾਣੀ ਵਿਚ ਗੁਰੂ, ਸੰਤ, ਸਾਧ, ਗੁਰਮੁਖ ਅਤੇ ਬ੍ਰਹਮ ਗਿਆਨੀ ਦੀ ਬਹੁਤ ਮਹਿਮਾ ਕੀਤੀ ਗਈ ਹੈ। ਪਰ ਉਹ ਪ੍ਰਭੂ ਦੇ ਅਧਿਆਤਮਿਕ ਗਿਆਨ ਦੇ ਹਰਕਾਰੇ, ਮਨੁੱਖਤਾ ਦੇ ਰਹਿਬਰ ਅਤੇ ਸ਼ਰਧਾਲੂਆਂ ਦੇ ਸਤਕਾਰ ਦੇ ਪਾਤਰ ਹੁੰਦੇ ਹਨ, ਉਨ੍ਹਾਂ ਦੀ ਅਕਾਲ ਪੁਰਖ ਪ੍ਰਭੂ ਮੰਨ ਕੇ ਪੂਜਾ ਕਰਨੀ ਅਣਉੱਚਤ ਹੈ। ਇਸ ਪ੍ਰਥਾਇ ਗੁਰਬਾਣੀ ਦੇ ਸਪਸ਼ਟ ਕਥਨ ਹਨ: “ਏਕੋ ਰਵਿ ਰਹਿਆ ਸਭ ਠਾਈ॥ ਅਵਰੁ ਨ ਦੀਸੈ ਕਿਸੁ ਪੂਜ ਚੜਾਈ॥“ (ਪੰ: ੧੩੪੫) ਅਤੇ “ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ॥” (ਪੰ: ੯੧੦)

ਪੁਜਾਰੀ ਪੁਣਾਂ ਇਕ ਕਿੱਤਾ ਹੈ ਅਤੇ ਪੁਜਾਰੀ ਦੀ ਉਪਜੀਵਕਾ ਦਾ ਸਾਧਨ ਹੈ ਜਦੋਂ ਕਿ ਅਧਿਆਤਮਿਕ ਗਿਆਨ ਪ੍ਰਭੂ ਪ੍ਰਾਪਤੀ ਲਈ ਸੰਸਾਰਕ ਇੱਛਾਵਾਂ ਦਾ ਤਿਆਗ ਕਰਕੇ ਪ੍ਰਭੂ ਸਿਮਰਨ ਦਾ ਉਪਦੇਸ਼ ਹੈ। ਜ਼ਾਹਰ ਹੈ ਕਿ ਅਧਿਆਤਮਿਕ ਗਿਆਨ ਦੇ ਸੰਚਾਰ ਤੋਂ ਪੁਜਾਰੀ ਨੂੰ ਕਿਸੇ ਲਾਭ ਪ੍ਰਾਪਤੀ ਦੀ ਆਸ ਨਹੀਂ ਹੁੰਦੀ ਇਸ ਲਈ ਉਸ ਦਾ ਇਸ ਗਿਆਨ ਅਤੇ ਇਸ ਦੇ ਸੰਚਾਰ ਨਾਲ ਕੋਈ ਗਲਾਓ ਨਹੀਂ ਹੁੰਦਾ ਅਤੇ ਨਾ ਹੀ ਕੋਈ ਦਿਲਚਸਪੀ। ਇਸ ਦੇ ਉਲਟ ਅਵਤਾਰ, ਪੈਗੰਬਰ, ਦੇਵੀ-ਦੇਵਤੇ ਜਾਂ ਗੁਰੂ ਦੀ ਮੂਰਤ, ਮੂਰਤੀ ਜਾਂ ਗ੍ਰੰਥ ਪੁਜਾਰੀ ਲਈ ਅਨਦਾਤਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਪੂਜਾ ਵੀ ਹੋ ਸਕਦੀ ਹੈ ਅਤੇ ਉਸ ਪੂਜਾ ਤੋਂ ਲਾਭ ਦੀ ਪ੍ਰਾਪਤ ਹੁੰਦਾ ਹੈ ਜਦੋਂ ਕਿ ਪ੍ਰਭੂ ਦੀ ਮੂਰਤ ਜਾਂ ਮੂਰਤੀ ਬਣਾਉਣੀ ਅਤੇ ਉਸ ਦੀ ਪੂਜਾ ਕਰਨੀ ਸੰਭਵ ਨਹੀਂ। ਵੈਸੇ ਵੀ ਸ਼ਰਧਾਲੂਆਂ ਨੂੰ ਪ੍ਰਭਾਵਤ ਕਰਨ ਲਈ ਮਨੁੱਖਾ ਜੂਨੀ ਵਿਚ ਪਏ ਅਵਤਾਰਾਂ, ਪੈਗੰਬਰਾਂ ਅਤੇ ਗੁਰੂਆਂ ਦੇ ਇਤਹਾਸ ਅਤੇ ਮਿਥਿਹਾਸ ਨਾਲ ਮਨ ਮਰਜ਼ੀ ਦੀਆਂ ਕਰਾਮਾਤਾਂ ਅਤੇ ਕਹਾਣੀਆਂ ਜੋੜੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਮੂਰਤੀਆਂ ਅੱਗੇ ਸ਼ਰਧਾਲੂਆਂ ਦੀਆਂ ਧਨ, ਦੌਲਤ, ਸੰਤਾਨ, ਸੰਪਤੀ, ਆਦਿ ਦੀਆਂ ਸੰਸਾਰਕ ਕਾਮਨਾਵਾਂ ਪੂਰੀਆਂ ਕਰਨ ਲਈ ਅਰਦਾਸਾਂ ਵੀ ਕੀਤੀਆਂ ਜਾ ਸਕਦੀਆਂ ਹਨ। ਪੁਜਾਰੀ ਦੇ ਸਿਰਜੇ ਧਾਰਮਕ ਗੋਰਖ ਧੰਦੇ ਬਾਰੇ ਗੁਰਬਾਣੀ ਦੇ ਕਥਨ ਹਨ: "ਮਾਥੇ ਤਿਲਕੁ ਹਥਿ ਮਾਲਾ ਬਾਨਾ॥ ਲੋਗਨ ਰਾਮੁ ਖਿਲਉਨਾ ਜਾਨਾ॥ ਤੋਰਉ ਨ ਪਾਤੀ ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ ਨਿਹਫਲ ਸੇਵਾ॥" (ਪੰ: ੧੧੫੮) ਅਤੇ "ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥" (ਪੰ: ੬੩੭)

ਇਹ ਇਕ ਚਿੰਤਾਜਨਕ ਤੱਥ ਹੈ ਕਿ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਅਧਿਆਤਮਿਕ ਗਿਆਨ ਦਾ ਵਿਮੁੱਲਣ (Devalue) ਕਰ ਦਿੱਤਾ ਹੈ । ਪੁਜਾਰੀ ਸ਼ਰਧਾਲੂਆਂ ਨੂੰ ਇਹ ਭਰਮ ਪਾ ਦਿੰਦੇ ਹਨ ਕਿ ਜੋ ਕਰਮ ਕਾਂਡ ਉਹ ਕਰ ਰਹੇ ਹਨ ਉਹ ਅਧਿਆਤਮਿਕ ਗਿਆਨ ਹੀ ਹੈ। ਇਸ ਲਈ ਬਹੁਤੇ ਸ਼ਰਧਾਲੂ ਧਰਮ ਪ੍ਰਤੀ ਸ਼ਰਧਾ ਦੀ ਉਤੇਜਨਾ ਨੂੰ ਹੀ ਅਧਿਆਤਮਿਕ ਗਿਆਨ ਸਮਝ ਲੈਂਦੇ ਹਨ। ਐਸੀ ਸੋਚ ਬਿਲਕੁਲ ਹੀ ਤਰਕ ਹੀਣ ਹੈ। ਅਧਿਆਤਮਿਕ ਗਿਆਨ ਤਾਂ ਦੂਰ ਦੀ ਗੱਲ ਹੈ ਸੰਸਾਰਕ ਪ੍ਰਾਫੈਸ਼ਨ ਵਿਚ ਵੀ ਨਿਪੁੰਨਤਾ ਹਾਸਲ ਕਰਨ ਲਈ ਉਸ ਪ੍ਰਾਫੈਸ਼ਨ ਦੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚੋਂ ਸਿੱਖਿਆ ਲੈ ਕੇ ਉਸ ਦੀ ਖੋਜ ਜਾਂ ਅਭਿਆਸ ਕਰਨਾ ਪੈਂਦਾ ਹੈ। ਸਕੂਲ ਪੜ੍ਹਦਾ ਕੋਈ ਬੱਚਾ ਵੀ ਪ੍ਰੋਫੇਸ਼ਨਲ ਹੋਣ ਦਾ ਦਾਅਵਾ ਨਹੀਂ ਕਰਦਾ ਪਰ ਧਾਰਮਕ ਖੇਤਰ ਵਿਚ ਪੁਜਾਰੀ ਹਰ ਕਿਸੇ ਨੂੰ ਵਿਦਵਾਨ ਹੋਣ ਦਾ ਭਰਮ ਪਾ ਦਿੰਦੇ ਹਨ। ਜਦੋਂ ਕਿ ਸਚਾਈ ਇਹ ਹੈ ਕਿ ਧਾਰਮਕ ਜਾਣਕਾਰੀ ਪ੍ਰਾਪਤ ਕਰਨ ਲਈ ਵੀ ਪ੍ਰੋਫੇਸ਼ਨਲ ਨਿਪੁੰਨਤਾ ਪ੍ਰਾਪਤ ਕਰਨ ਜਿੰਨੀ ਹੀ ਪੜ੍ਹਾਈ ਅਤੇ ਅਭਿਆਸ ਕਰਨਾ ਪੈਂਦਾ ਹੈ। ਗੁਰਬਾਣੀ ਨੂੰ ਸਮਝਣ ਲਈ ਵੀ ਤਿੰਨ ਪੜਾ ਪਾਰ ਕਰਨੇ ਪੈਂਦੇ ਹਨ। ਉਹ ਹਨ; ਸਿੱਖ ਧਰਮ ਅਤੇ ਉਸ ਦੇ ਇਤਹਾਸ ਦੀ ਮੁਢਲੀ ਜਾਣਕਾਰੀ; ਧਰਮ ਅਤੇ ਉਸ ਦੇ ਇਤਹਾਸ ਦੀ ਉੱਚ ਵਿੱਦਿਆ, ਅਤੇ ਧਾਰਮਕ ਜੀਵਨ ਦਾ ਅਭਿਆਸ। ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਨਿਰੀ ਧਾਰਮਕ ਜਾਣਕਾਰੀ ਅਧਿਆਤਮਿਕ ਗਿਆਨ ਨਹੀਂ ਹੁੰਦੀ। ਕਿਉਂਕਿ ਗੁਰਬਾਣੀ ਅਨੁਸਾਰ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਤਿੰਨ ਪਰਿਸਥਿਤੀਆਂ ਤੇ ਨਿਰਭਰ ਕਰਦੀ ਹੈ। ਉਹ ਹਨ:

(੧) ਪ੍ਰਭੂ ਦੇ ਹੁਕਮ ਵਿਚ ਰਹਿੰਦੇ ਹੋਏ ਉਸ ਦਾ ਸਿਮਰਨ;
(੨) ਵਿਅਕਤੀ ਦੇ ਕਰਮ; ਅਤੇ
(੩) ਪ੍ਰਭੂ ਦੀ ਕਿਰਪਾ। ਇਸੇ ਲਈ ਗੁਰਬਾਣੀ ਅਧਿਆਤਮਿਕ ਗਿਆਨ ਨੂੰ ਬਹੁਤ ਉੱਤਮ ਮੰਨਦੀ ਹੈ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਬਹੁਤ ਕਠਨ ਦੱਸਦੀ ਹੈ।

ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ ਅਤੇ ਗੁਰਬਾਣੀ ਦੀ ਮੁਢਲੀ ਸਿੱਖਿਆ ਦੇਣ ਲਈ ਸੰਸਥਾਵਾਂ ਸਥਾਪਤ ਸਨ। ਉਨ੍ਹਾਂ ਸਿੱਖਿਆ ਕੇਂਦਰਾਂ ਵਿਚ ਹੀ ਗੁਰਬਾਣੀ ਵਿਚ ਰੁਚੀ ਰੱਖਣ ਵਾਲੇ ਸ਼ਰਧਾਲੂਆਂ ਨੂੰ ਵਧੀਕ ਜਾਣਕਾਰੀ ਦੇਣ ਦੇ ਵੀ ਪ੍ਰਬੰਧ ਸਨ। ਉਨ੍ਹਾਂ ਸਿੱਖਿਆ ਅਦਾਰਿਆਂ ਤੋਂ ਹੀ ਗੁਰਬਾਣੀ ਦੇ ਵਿਦਵਾਨ ਸਿੱਖਿਆ ਪ੍ਰਾਪਤ ਕਰਦੇ ਸਨ। ਗੁਰਦੁਆਰੇ ਵਾਸਤਵ ਵਿਚ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ, ਗੁਰਬਾਣੀ ਅਤੇ ਗੁਰ ਇਤਹਾਸ ਦੀ ਸਿੱਖਿਆ ਪਰਦਾਨ ਕਰਨ ਲਈ ਸਥਾਪਤ ਕੀਤੀਆਂ ਸੰਸਥਾਵਾਂ ਹੁੰਦੀਆਂ ਸਨ। ਕਈ ਗੁਰਦੁਆਰਿਆਂ ਦੇ ਪ੍ਰਬੰਧਕ ਸਿੱਖ ਧਰਮ ਦੇ ਵਿਦਵਾਨ ਹੁੰਦੇ ਸਨ। ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਵੀ ਕਈ ਗੁਰ ਅਸਥਾਨਾਂ ਵਿਚ ਗੁਰਬਾਣੀ ਸਿੱਖਿਆ ਦੀ ਵਿਵਸਥਾ ਕੀਤੀ ਹੋਈ ਸੀ ਜੋ ਸ਼੍ਰੋਮਣੀ ਕਮੇਟੀ ਨੇ ਖਤਮ ਕਰ ਦਿੱਤੀ ਸੀ। ਹੁਣ ਵਿਰਲਾ ਹੀ ਗੁਰਦੁਆਰਾ ਗੁਰਬਾਣੀ ਦੀ ਮੁਢਲੀ ਸਿੱਖਿਆ ਪਰਦਾਨ ਕਰਦਾ ਹੈ। ਗੁਰਦੁਆਰਿਆਂ ਵੱਲੋਂ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਦੀ ਉਪੇਖਿਆ ਕਰਨ ਤੇ ਹੀ ਮਿਸ਼ਨਰੀ ਸੰਸਥਾਵਾਂ ਨੇ ਗੁਰਬਾਣੀ ਸਿੱਖਿਆ ਦੇਣ ਦਾ ਉੱਦਮ ਆਰੰਭਿਆ ਹੈ। ਗੁਰਦੁਆਰੇ ਤੇ ਹੁਣ ਸਭਿਆਚਾਰਕ ਅਤੇ ਸ਼ਰਧਾਲੂਆਂ ਦੀ ਪੂਜਾ ਅਤੇ ਚੜ੍ਹਾਵੇ ਦੇ ਕੇਂਦਰ ਬਣ ਗਏ ਹਨ।

ਸਮਾਜ ਧਰਮ ਵਿਚ ਬਹੁਤ ਦਿਲਚਸਪੀ ਦਿਖਾਉਂਦਾ ਆਇਆ ਹੈ। ਇਸ ਦਿਲਚਸਪੀ ਦੇ ਕਾਰਨ ਤੇ ਇਥੇ ਸੰਖੇਪ ਵਿਚਾਰ ਕਰਨੀ ਉਚਿਤ ਹੋਵੇਗੀ। ਸਮਾਜ ਮਨੁੱਖ ਦੀ ਕਿਰਤ ਹੈ। ਇਸ ਦੀ ਸ਼ੁਰੂਆਤ ਪਰਵਾਰਾਂ ਦੇ ਸਮੂਹ ਤੋਂ ਹੋਈ ਹੈ। ਇਸ ਦਾ ਮਨੋਰਥ ਪਰਵਾਰਾਂ ਦੀ ਰਖਿਆ ਦਾ ਪ੍ਰਬੰਧ ਕਰਨਾ ਅਤੇ ਉਹਨਾਂ ਦੀਆਂ ਸਰੀਰਕ ਅਤੇ ਮਾਨਸਕ ਲੋੜਾਂ ਪੂਰੀਆਂ ਕਰਨ ਦੇ ਸੰਤੋਖ ਜਨਕ ਉਪਾ ਕਰਨਾ ਹੈ। ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਮਾਜ ਨੂੰ ਵਿਸ਼ੇਸ਼ ਅਤੇ ਅਸੀਮ (Absolute) ਅਧਿਕਾਰਾਂ ਦੀ ਲੋੜ ਪੈਂਦੀ ਹੈ। ਅਸਲ ਵਿਚ ਸਮਾਜ ਦੀ ਬਣਤਰ ਦਾ ਬੁਨਿਆਦੀ ਸਿਧਾਂਤ ਹੀ ਇਹ ਹੈ ਕਿ ਸਮਾਜ ਦੇ ਸਾਰੇ ਸਦੱਸਾਂ ਨੂੰ ਆਪਣੀ ਰਖਿਆ ਅਤੇ ਸਮੂਹਕ ਬੇਹਤਰੀ ਲਈ ਆਪਣੇ ਸੁਤੰਤਰ ਜੀਵਨ ਦੇ ਸਾਰੇ ਨਿਜੀ ਅਧਿਕਾਰ ਸਮਾਜ ਨੂੰ ਸੌਂਪਣੇ ਪੈਂਦੇ ਹਨ। ਸਮਾਜ ਵਿਚ ਦਾਖਲੇ ਦੀ ਸ਼ਰਤ ਹੀ ਮਨੁੱਖ ਦੀ ਗੁਲਾਮੀ ਹੈ ਪਰ ਇਸ ਗੁਲਾਮੀ ਨੂੰ ਵੱਡੀ ਪ੍ਰਾਪਤੀ ਸਮਝਿਆ ਜਾਂਦਾ ਹੈ। ਸਮਾਜ ਦੇ ਪ੍ਰਬੰਧਕਾਂ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਖਤਰਨਾਕ ਤੋਂ ਖਤਰਨਾਕ ਕੰਮ ਸੌਂਪ ਸਕਦੇ ਹਨ, ਉਸ ਨੂੰ ਜੇਲ੍ਹ ਵਿਚ ਪਾ ਕੇ ਉਸ ਦੀ ਹਰ ਗਤੀ ਵਿਧੀ ਤੇ ਰੋਕ ਲਾ ਸਕਦੇ ਹਨ, ਅਤੇ ਨਿਆਂ ਦੇ ਨਾਂ ਤੇ ਉਸ ਦੇ ਜੀਵਨ ਨੂੰ ਖਤਮ ਕਰ ਸਕਦੇ ਹਨ। ਸਮਾਜ ਦੇ ਪ੍ਰਬੰਧਕਾਂ ਨੂੰ ਅਸੀਮ ਅਧਿਕਾਰ ਵਰਤਣ ਵਿਚ ਅਕਸਰ ਔਕੜਾਂ ਪੇਸ਼ ਆਉਂਦੀਆਂ ਹਨ ਕਿਉਂਕਿ ਲੋਕਾਂ ਵਿਚ ਸਮਾਜਕ ਪ੍ਰਬੰਧਕਾਂ ਦੀਆਂ ਨੀਤੀਆਂ ਨੂੰ ਲੈ ਕੇ ਅਸੰਤੁਸ਼ਟਤਾ ਪੈਦਾ ਹੋਣੀ ਸੁਭਾਵਕ ਹੈ। ਐਸੀ ਅਸੰਤੁਸ਼ਟਤਾ ਬਹੁਤ ਵੇਰ ਬਗਾਵਤ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ। ਇਸ ਲਈ ਰਾਜ ਸਰਕਾਰਾਂ ਲੋਕਾਂ ਵਿਚ ਸਮਾਜਕ ਪ੍ਰਬੰਧ ਪ੍ਰਤੀ ਵਫ਼ਾਦਾਰੀ ਦੀ ਭਾਵਨਾ ਉਤੇਜਿਤ ਕਰਨ ਦੇ ਢੰਗ ਤਰੀਕੇ ਲੱਭਦੀਆਂ ਰਹਿੰਦੀਆਂ ਹਨ ਤਾਂ ਜੋ ਲੋਕਾਂ ਵਿਚ ਵਿਦਰੋਹ ਦੀ ਭਾਵਨਾ ਪੈਦਾ ਹੀ ਨਾ ਹੋ ਸਕੇ। ਅਧਿਆਤਮਿਕ ਗਿਆਨ ਦੇ ਵਿਸ਼ਵਾਸ ਤੋਂ ਉਤਪੰਨ ਹੋਈ ਸ਼ਰਧਾ ਦੀ ਕੋਈ ਸੀਮਾ ਨਹੀਂ ਹੁੰਦੀ। ਧਰਮ ਦਾ ਇਹ ਅਨੋਖਾ ਗੁਣ ਹੈ ਕਿ ਇਸ ਦੇ ਸ਼ਰਧਾਲੂ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਕੁੱਝ ਵੀ ਕਰਨ ਲਈ ਤਿਆਰ ਹੁੰਦੇ ਹਨ।

ਧਰਮ ਲਈ ਲੋਕਾਂ ਦੀ ਅਥਾਹ ਅਤੇ ਕਈ ਵੇਰ ਅੰਨ੍ਹੀਂ ਸ਼ਰਧਾ ਹੋਣ ਕਾਰਨ ਰਾਜਸੀ ਆਗੂ ਆਪਣੇ ਰਾਜ ਨੂੰ ਸਥਿਰ ਬਨਾਉਣ ਲਈ ਧਾਰਮਕ ਆਗੂਆਂ ਅਤੇ ਪੁਜਾਰੀਆਂ ਦੀ ਸਹਾਇਤਾ ਲੈਂਦੇ ਹਨ। ਉਨ੍ਹਾਂ ਨੂੰ ਰਾਜ ਭਾਗ ਵਿਚ ਭਾਈਵਾਲ ਬਣਾ ਕੇ ਉਹ ਪੁਜਾਰੀਆਂ ਰਾਹੀਂ ਲੋਕਾਂ ਨੂੰ ਇਹ ਵਿਸ਼ਵਾਸ ਦੁਆਉਣ ਦਾ ਪਰਿਆਸ ਕਰਦੇ ਹਨ ਕਿ ਉਨ੍ਹਾਂ ਦਾ ਰਾਜ ਅਤੇ ਪ੍ਰਬੰਧਕ ਪ੍ਰਭੂ ਵੱਲੋਂ ਪਰਵਾਣਤ ਹਨ ਅਤੇ ਉਨ੍ਹਾਂ ਦੇ ਹੁਕਮ ਨੂੰ ਮੰਨਣਾ ਹਰ ਨਾਗਰਿਕ ਦਾ ਧਾਰਮਕ ਕਰਤਵ ਹੈ। ਇਥੋਂ ਧਰਮ ਦੀ ਅਧਿਆਤਮਿਕ ਵਿਚਾਰਧਾਰਾ ਦੇ ਸਿਆਸੀਕਰਨ ਦਾ ਆਰੰਭ ਹੁੰਦਾ ਹੈ ਅਤੇ ਸਮਾਜ ਵਿਚ ਫਿਰਕੂ ਪੁਣੇ ਅਤੇ ਧਾਰਮਕ ਤਾਨਾਸ਼ਾਹੀ ਦੀਆਂ ਭਾਵਨਾਵਾਂ ਉਤੇਜਿਤ ਹੋਣ ਦੀ ਸੰਭਾਵਨਾ ਬਣਦੀ ਹੈ।

ਮਨੁੱਖਤਾ ਦਾ ਇਤਹਾਸ ਦੱਸਦਾ ਹੈ ਕਿ ਧਰਮਾਂ ਦੇ ਪੁਜਾਰੀ ਵਰਗਾਂ ਨੇ ਬਾਦਸ਼ਾਹਾਂ, ਰਾਜਿਆਂ ਅਤੇ ਸ਼ਾਸਕਾਂ ਨਾਲ ਰਲ ਕੇ ਆਮ ਕਿਰਤੀ ਲੋਕਾਂ ਤੇ ਅਸਹਿ ਅਤੇ ਅਕਿਹ ਜ਼ੁਲਮ ਢਾਏ ਹਨ। ਕਿਰਤੀ ਲੋਕਾਂ ਦੇ ਲੰਮੇ ਸੰਘਰਸ਼ਾਂ, ਇਨਕਲਾਬਾਂ ਅਤੇ ਉਹਨਾਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਹੀ ਬਹੁਤੇ ਇਕ ਪੁਰਖੇ ਰਾਜ ਸਮਾਪਤ ਹੋ ਗਏ ਹਨ, ਰਾਜਾਂ ਵਿਚ ਧਰਮ ਦੀ ਦਖ਼ਲ ਅੰਦਾਜ਼ੀ ਵਰਜਿਤ ਅਤੇ ਮੂਲ ਮਨੁੱਖੀ ਅਧਿਕਾਰਾਂ ਨੂੰ ਕਨੂੰਨੀ ਸੁਰੱਖਿਆ ਪ੍ਰਾਪਤ ਹੋ ਗਈ ਹੈ। ਅਜੋਕੀ ਰਾਜ ਪ੍ਰਣਾਲੀ ਵਿਚ ਧਰਮ ਇਕ ਨਿਜੀ ਅਧਿਕਾਰ ਬਣ ਕੇ ਰਹਿ ਗਿਆ ਹੈ ਅਤੇ ਬਹੁਤੇ ਰਾਜਾਂ ਵਿਚ ਧਰਮ ਨਿਰਪੇਖ ਸੰਵਿਧਾਨ ਲਾਗੂ ਹੋ ਗਏ ਹਨ।

ਅੰਤ ਵਿਚ... ਸਿੱਖ ਧਰਮ ਦੀ ਪੰਜਾਬ ਨੂੰ ਦੇਣ ਬਾਰੇ ਵੀ ਵਿਚਾਰ ਕਰ ਲੈਣੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਸ਼ਾ ਅਤੇ ਲਿਪੀ ਪੰਜਾਬ ਵਾਸੀਆਂ ਲਈ ਵਿਸ਼ੇਸ਼ ਮਾਨ ਦੀ ਗੱਲ ਹੈ। ਗੁਰਬਾਣੀ ਦੀ ਵਿਸ਼ਾਲ ਅਤੇ ਅਦੁੱਤੀ ਵਿਚਾਰਧਾਰਾ ਨੇ ਮਾਨਵਤਾ ਦੇ ਪਿਆਰ ਦੇ ਨਾਲ ਨਾਲ ਪੰਜਾਬੀਆਂ ਵਿਚ ਕੌਮੀ ਭਾਵਨਾ ਵੀ ਉਤੇਜਿਤ ਕੀਤੀ ਸੀ। ਗੁਰਬਾਣੀ ਪੰਜਾਬ ਵਾਸੀਆਂ ਤੇ ਧਾੜਵੀਆਂ ਵੱਲੋਂ ਨਿਰੰਤਰ ਪੈ ਰਹੀ ਮਾਰ ਦੀ ਪੀੜਾ ਦਾ ਪ੍ਰਗਟਾਵਾ ਕਰਦੀ ਹੈ। ਗੁਰਬਾਣੀ ਦੇ ਕਥਨ ਹਨ: “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥ ਆਪੇ ਦੋਸ ਨ ਦੇਈ ਕਰਤੇ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ॥“ (ਪੰ: ੩੬੦) ਅਤੇ “ਬਾਬਰਵਾਨੀ ਫਿਰਿ ਗਈ ਕੁਇਰ ਨ ਰੋਟੀ ਖਾਇ॥” (ਪੰ: ੪੧੭)। ਗੁਰਬਾਣੀ ਨੇ ਪੰਜਾਬੀ ਕੌਮ ਦੀ ਸੁੱਤੀ ਪਈ ਜ਼ਮੀਰ ਨੂੰ ਟੁੰਬਿਆ ਸੀ। ਗੁਰੂ ਸਾਹਿਬਾਨ ਨੇ ਆਪਣੇ ਸਿੱਖ ਸੇਵਕਾਂ ਤੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੀ ਸੁਰੱਖਿਆ ਅਤੇ ਸੇਵਾ ਦੀ ਵੀ ਆਸ ਕੀਤੀ ਸੀ। ਪਰ ਅੰਗ੍ਰੇਜ਼ੀ ਰਾਜ ਵਿਚ ਐਹਲਕਾਰਾਂ ਅਤੇ ਜਾਗੀਰਦਾਰਾਂ ਦੀਆਂ ਗ਼ੁਲਾਮ ਭਾਵਨਾਵਾਂ, ਸਿੱਖ ਪੁਜਾਰੀਆਂ ਅਤੇ ਆਗੂਆਂ ਦੇ ਸਵਾਰਥ, ਅਤੇ ਕਿਸਾਨਾਂ ਅਤੇ ਕਿਰਤੀਆਂ ਦੇ ਭੋਲੇਪਣ ਨੇ ਪੰਜਾਬੀ ਕੌਮ ਵਿਚ ਵੰਡੀਆਂ ਪਾ ਛੱਡੀਆਂ। ਅੰਗ੍ਰੇਜ਼ ਸਰਕਾਰ ਦੀਆਂ ਚਾਲਾਂ ਤੋਂ ਅਣਜਾਣ ਸਿੱਖ ਆਗੂਆਂ ਨੇ ਗੁਰਬਾਣੀ ਉਪਦੇਸ਼ ਦੇ ਵਿਪਰੀਤ ਪੰਜਾਬੀ ਕੌਮ ਦਾ ਸਾਥ ਛੱਡ ਕੇ ਆਪਣੇ ਆਪ ਨੂੰ ਇਕ ਵਖਰੀ ਸਿੱਖ ਕੌਮ ਹੋਣ ਦਾ ਵਿਸ਼ਵਾਸ ਪਾਲ ਲਿਆ। ਓਸ ਸਮੇ ਪੰਜਾਬੀ ਕੌਮ ਨੂੰ ਏਕਤਾ ਬਰਕਰਾਰ ਰੱਖਣ ਲਈ ਗੁਰਬਾਣੀ ਅਤੇ ਸਿੱਖ ਸੇਵਕਾਂ ਦੀ ਅਗਵਾਈ ਦੀ ਅਤਿਅੰਤ ਲੋੜ ਸੀ ਪਰ ਸਿੱਖ ਆਗੂਆਂ ਨੇ ਸਵਾਰਥ ਅਤੇ ਅਗਿਆਨਤਾ ਵਸ ਪੰਜਾਬੀ ਲੋਕਾਂ ਨਾਲ ਵਾਸਤਾ ਤੋੜ ਲਿਆ। ਸਹੀ ਆਗੂਆਂ ਦੀ ਘਾਟ ਕਾਰਨ ਪੰਜਾਬੀ ਕੌਮ ਅਨਾਥ ਹੋ ਗਈ ਅਤੇ ਪੰਜਾਬ ਟੁਕੜੇ-ਟੁਕੜੇ ਹੋ ਗਿਆ। ਪਾਕਿਸਤਾਨੀ ਅਤੇ ਹਿੰਦੁਸਤਾਨੀ ਪੰਜਾਬੀ ਆਗੂ ਨਫ਼ਰਤ ਦੀ ਅੱਗ ਵਿਚ ਸੜਨ ਲੱਗ ਪਏ ਅਤੇ ਸਿੱਖਾਂ ਨਾਲ ਵਿਤਕਰਾ ਹੋਣਾ ਸ਼ੁਰੂ ਹੋ ਗਿਆ। ਜਿਨ੍ਹਾਂ ਬਾਗ਼ਾਂ ਦੇ ਮਾਲੀ ਹੀ ਛੱਡ ਜਾਣ ਉਨ੍ਹਾਂ ਨੂੰ ਉਜੜਨ ਤੋਂ ਕੌਣ ਬਚਾ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top