ਮੁਕਤਸਰ
ਸਾਹਿਬ – ਪੰਜਾਬ ਸਰਕਾਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ
ਬਲਵੰਤ ਸਿੰਘ ਨੰਦਗੜ੍ਹ ਦੇ ਬੇਟੇ ਸ਼ਿਵਰਾਜ ਸਿੰਘ ਦਾ ਤਬਾਦਲਾ ਕਰ
ਦਿੱਤਾ ਹੈ। ਉਹ ਮੁਕਤਸਰ ਦੀ ਸਬ ਜੇਲ੍ਹ ‘ਚ ਸੁਪਰੀਡੈਂਟ ਵਜੋਂ ਤਾਇਨਾਤ ਸੀ ਤੇ ਉਨ੍ਹਾਂ ਨੂੰ
ਬਦਲ ਕੇ ਗੁਰਦਾਸਪੁਰ ‘ਚ ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਲਗਾ ਦਿੱਤਾ ਗਿਆ ਹੈ।
ਤਬਾਦਲੇ ਬਾਰੇ ਪੁੱਛੇ ਜਾਣ ਤੇ ਸ਼ਿਵਰਾਜ ਸਿੰਘ ਨੇ ਕਿਹਾ ਕਿ “ਤੁਸੀਂ
ਸਭ ਜਾਣੀ ਜਾਣ ਹੋ ਕਿ ਮੈਂ ਇੱਕ ਸਰਕਾਰੀ ਅਧਿਕਾਰੀ ਹੁੰਦਿਆਂ ਹੋਇਆਂ ਸਰਕਾਰ ਦੇ ਹੁਕਮ ਦੀ
ਤਾਮੀਲ ਹੀ ਕਰ ਸਕਦਾ ਹਾਂ, ਹੋਰ ਕੁਝ ਨਹੀਂ ।”
ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸਟੈਂਡ ਲੈ ਕੇ ਬੀਤੇ ਸਮੇਂ ਤੋਂ
ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦੀਆਂ ਅੱਖਾਂ ਦੀ ਕਿਰਕਿਰੀ ਬਣੇ ਗਿਆਨੀ ਬਲਵੰਤ ਸਿੰਘ
ਨੰਦਗੜ ਜਿਨਾਂ ਨੂੰ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੀ ਅੰਤਿ੍ਰਗ ਕਮੇਟੀ ਦੀ ਇੱਕ ਮੀਟਿੰਗ ਤੋਂ
ਬਾਦ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ,ਨੂੰ ਇਕ ਵੱਡੇ
ਪੰਥਕ ਇਕੱਠ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕਾਫ਼ਲੇ ਦੇ ਰੂਪ ਵਿਚ ਘਰ ਪਹੁੰਚਾਇਆ। ਜਥੇਦਾਰ
ਨੰਦਗੜ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਰਵਾਨਗੀ ਇਤਿਹਾਸਿਕ ਰਹੀ ਕਿਉਂਕਿ ਲਗਭਗ ਸਾਰੀਆਂ ਪੰਥਕ
ਜਥੇਬੰਦੀਆਂ ਇਸ ਸਮੇਂ ਹਾਜ਼ਰ ਸਨ।
ਇਸ ਮੌਕੇ ਪੰਥਕ ਜਥੇਬੰਦੀਆਂ ਦੇ ਇਕੱਠ ਨੇ ਜਿੱਥੇ ਸ਼੍ਰੋਮਣੀ ਕਮੇਟੀ ਨੂੰ
ਕੌਮ ਵਿਰੋਧੀ ਜਥੇਦਾਰਾਂ ਤੋਂ ਮੁਕਤ ਕਰਾਉਣ ਦਾ ਪ੍ਰਣ ਲਿਆ ਉਥੇ ਹੀ ਪੰਥਕ ਆਗੂਆਂ ਦੇ ਨਿਸ਼ਾਨੇ
ਤੇ ਆਰ.ਐਸ.ਐਸ ਅਤੇ ਸ਼ੋ੍ਰਮਣੀ ਅਕਾਲੀ ਦਲ ਰਿਹਾ। ਪਹਿਲਾਂ ਜਥੇਦਾਰ ਨੰਦਗੜ ਨੇ ਰਿਹਾਇਸ਼ 'ਤੇ
ਰਖਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਕੀਤਾ।
ਭੋਗ ਮੌਕੇ ਬਾਦਲ ਵਿਰੋਧੀ ਸਿਆਸੀ ਜਥੇਬੰਦੀਆਂ ਤੋਂ ਇਲਾਵਾ ਕਈ ਧਾਰਮਿਕ ਜਥੇਬੰਦੀਆਂ ਅਤੇ ਸਿੱਖ
ਵਿਦਵਾਨਾਂ ਨੇ ਸ਼ਿਰਕਤ ਕੀਤੀ। ਭੋਗ ਸਮਾਗਮ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਸਮੁੱਚੇ ਹੀ
ਬੁਲਾਰਿਆਂ ਨੇ ਜਥੇਦਾਰ ਨੰਦਗੜ ਦੀ ਬਰਖਾਸਤਗੀ ਨੂੰ ਸਿੱਖਾਂ ਦੀ ਵੱਖਰੀ ਪਛਾਣ ਦੇ ਪ੍ਰਤੀਕ ਮੂਲ
ਨਾਨਕਸ਼ਾਹੀ ਕੈਲੰਡਰ ਦੀ ਆਰ.ਐੱਸ.ਐੱਸ ਦੇ ਇਸ਼ਾਰੇ 'ਤੇ ਬਲੀ ਲੈਣ ਦੀ ਕੜੀ ਦਾ ਹਿੱਸਾ ਦੱਸਿਆ।