Share on Facebook

Main News Page

ਸਿੱਖ ਪੰਥ ਵਿਲੱਖਣ ਰਹਿਤ ਮਰਿਆਦਾ ਦਾ ਧਾਰਨੀ ਨਿਰਾਲਾ ਧਰਮ ਮਾਰਗ ਹੈ, ਤਾਂ ਫਿਰ ਸਿੱਖਾਂ ਦਾ ਕੈਲੰਡਰ ਹਿੰਦੂਆਂ ਵਾਲਾ ਬਿਕਰਮੀ ਜਾਂ ਈਸਾਈਆਂ ਵਾਲਾ ਈਸਵੀ ਕਿਉਂ ਹੋਵੇ ?
-: ਡਾ. ਹਰਪਾਲ ਸਿੰਘ ਪੰਨੂੰ

ਟਿੱਪਣੀ: ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸ ਦਈਏ ਕਿ ਡਾ. ਹਰਪਾਲ ਸਿੰਘ ਪੰਨੂੰ, ਪ੍ਰੋ. ਇੰਦਰ ਸਿੰਘ ਘੱਗਾ ਜੀ ਦੇ ਭਰਾ ਹਨ, ਪਰ ਇਨ੍ਹਾਂ ਦੇ ਵੀਚਾਰ ਪ੍ਰੋ. ਘੱਗਾ ਨਾਲੋਂ ਹੋਰ ਵਿਸ਼ਿਆਂ 'ਤੇ ਬਹੁਤ ਅਲਗ ਹਨ, ਖ਼ਾਸ ਕਰਕੇ ਅਖੌਤੀ ਦਸਮ ਗ੍ਰੰਥ ਦੇ ਮੁੱਦੇ 'ਤੇ। ਪਰ ਡਾ. ਹਰਪਾਲ ਸਿੰਘ ਪੰਨੂੰ ਦੇ ਨਾਨਕਸ਼ਾਹੀ ਕੈਲੰਡਰ 'ਤੇ ਇਹ ਵਿਚਾਰ ਕਾਬਿਲੇ ਤਾਰੀਫ ਹਨ, ਜਿਹੜੇ ਉਮੀਦ ਤੋਂ ਉਲਟ ਹਨ। ਪਰ ਕਈ ਵਾਰੀ ਜਿਨ੍ਹਾਂ ਕੋਲੋਂ ਉਮੀਦ ਨਾ ਹੋਵੇ, ਉਹ ਇਸ ਤਰ੍ਹਾਂ ਦੀ ਸੁਲਝੀ ਹੋਈ ਗੱਲ ਕਰ ਜਾਣ ਤਾਂ ਚੰਗਾ ਲਗਦਾ ਹੈ। ... ਸੰਪਾਦਕ ਖ਼ਾਲਸਾ ਨਿਊਜ਼

ਭਵਿੱਖ ਵਿਚ ਇਕ ਦਿਨ ਆਏਗਾ ਜਦੋਂ ਲੋਕ ਹੱਸਿਆ ਕਰਨਗੇ ਕਿ ਕੈਲੰਡਰ ਦੇ ਵਿਗਿਆਨਕ ਮਸਲੇ ਨੂੰ ਵਿਗਿਆਨੀਆਂ ਦੀ ਮਦਦ ਨਾਲ ਹੱਲ ਕਰਨ ਦੀ ਥਾਂ ਖਾਲਸੇ ਆਪਸ ਵਿਚ ਜੂਝਣ ਲੱਗ ਪਏ ਸਨ, ਇਸ ਸਦਕਾ ਜਥੇਦਾਰਾਂ ਦੀਆਂ ਬਰਤਰਫੀਆਂ ਹੋ ਗਈਆਂ ਸਨ। ਗੁਰੂ-ਘਰਾਂ ਵਿਚ ਏ. ਸੀ. ਕਰੰਟ ਠੀਕ ਹੈ ਕਿ ਡੀ. ਸੀ. ਕਰੰਟ ਠੀਕ ਰਹੇ, ਇਸ ਦਾ ਫੈਸਲਾ ਇੰਜੀਨੀਅਰ ਕਰਨ ਕਿ ਸਿੰਘ ਸਾਹਿਬਾਨ? ਕੈਲੰਡਰ ਦਾ ਨਿਰਣਾ ਆਰਾਮ ਨਾਲ ਨਹੀਂ ਹੋਏਗਾ, ਕਿਉਂਕਿ ਮਸਲਾ ਉਲਝਿਆ ਨਾ ਤਾਂ ਸੁਲਝਾਉਣ ਲਈ ਲੀਡਰਾਂ ਦੀ ਅਹਿਮੀਅਤ ਨਹੀਂ ਰਹੇਗੀ।

ਸਿੱਖ ਮਿਸ਼ਨਰੀ ਪ੍ਰਚਾਰਕ ਅਤੇ ਵਿਭਿੰਨ ਅਕਾਦਮਿਕ ਸ਼ਾਖਾਵਾਂ ਦੇ ਵਿਦਵਾਨ ਸੰਸਾਰ ਨੂੰ ਅਕਸਰ ਫਖਰ ਨਾਲ ਦੱਸਦੇ ਰਹਿੰਦੇ ਹਨ ਕਿ ਧਰਮਾਂ ਵਿਚੋਂ ਸਭ ਤੋਂ ਨਵੀਨਤਮ, ਆਧੁਨਿਕ ਹੋਣ ਕਾਰਨ ਅਤੇ ਗੁਰੂ ਸਾਹਿਬਾਨ ਦੀ ਬੌਧਿਕ ਰੁਚੀ ਕਾਰਨ ਗੁਰਮਤਿ ਦਲੀਲ ਉਪਰ ਆਧਾਰਿਤ ਵਿਗਿਆਨਕ ਧਰਮ ਹੈ। ਇਸ ਦਾਅਵੇ ਦੀ ਹਵਾ ਕਦੀ ਪੁਜਾਰੀ ਕੱਢ ਦਿੰਦੇ ਹਨ, ਕਦੀ ਸਿਆਸੀ ਨੇਤਾ । ਹੁਣ ਖਾਲਸਾ ਕੈਲੰਡਰ ਦੇ ਮੁੱਦੇ ਉਪਰ ਜੋ ਰੋਲ-ਘਚੋਲਾ ਮਚਿਆ ਹੈ, ਉਹ ਨਿੰਦਣਯੋਗ ਅਤੇ ਸ਼ਰਮਨਾਕ ਹੈ।

ਪਾਲ ਸਿੰਘ ਪੁਰੇਵਾਲ ਵੱਲੋਂ ਮਿਹਨਤ ਨਾਲ ਤਿਆਰ ਕੀਤੇ ਵਿਗਿਆਨਕ ਕੈਲੰਡਰ ਨੂੰ ਭਲੇ ਸਿੰਘ ਸਾਹਿਬਾਨ ਨੇ ਸਰਬਸੰਮਤੀ ਨਾਲ ਲਾਗੂ ਕੀਤਾ ਸੀਇਸ ਨਾਲ ਇਕ ਵਾਰ ਸਾਨੂੰ ਵੀ ਇਹ ਭਰਮ ਹੋ ਗਿਆ ਸੀ ਕਿ ਸਮਾਂ ਆ ਗਿਆ ਹੈ ਅਕਲ ਅਤੇ ਦਲੀਲ ਦੀ ਕਦਰ ਹੋਣ ਲੱਗੀ ਹੈ, ਸਾਰਥਕ ਤਰਕ ਨੂੰ ਮਾਨਤਾ ਮਿਲੀ ਹੈ। ਥੋੜੇ੍ਹ ਸਮੇਂ ਬਾਅਦ ਇਸ ਵਿਰੁੱਧ ਸੰਤ ਸਮਾਜ ਨੇ ਸੋਟੀ ਚੁੱਕ ਲਈ, ਇਕ ਵੱਡਾ ਡੈਂਟ ਪਾਉਣ ਵਿਚ ਕਾਮਯਾਬੀ ਮਿਲ ਗਈ। ਮਾੜੀ-ਮੋਟੀ ਸਫਲਤਾ ਮਿਲਣ ਪਿੱਛੋਂ ਸੁਭਾਵਿਕ ਹੈ ਕਿ ਬਾਕੀ ਦੀ ਕਸਰ ਪੂਰੀ ਕਰਨ ਲਈ ਤਿਆਰੀ ਸ਼ੁਰੂ ਹੋ ਜਾਇਆ ਕਰਦੀ ਹੈ।

ਸਿੰਘ ਸਭਾ ਲਹਿਰ ਨੇ ਇਹ ਰੁਝਾਨ ਪੈਦਾ ਕੀਤਾ ਕਿ ਸਿੱਖ ਪੰਥ ਵਿਲੱਖਣ ਰਹਿਤ ਮਰਿਆਦਾ ਦਾ ਧਾਰਨੀ ਨਿਰਾਲਾ ਧਰਮ ਮਾਰਗ ਹੈ, ਜਿਸ ਦਾ ਫਲਸਫਾ, ਇਤਿਹਾਸ, ਰਹਿਤ ਮਰਿਆਦਾ ਅਤੇ ਸਮਾਜ-ਵਿਧਾਨ ਆਪਣੀ ਕਿਸਮ ਦਾ ਆਪ ਹੈ, ਸੁਤੰਤਰ ਅਤੇ ਨਿਵੇਕਲਾ ਹੈਜੇ ਸਾਰਾ ਕੁਝ ਵੱਖ-ਵੱਖ ਹੈ ਤਾਂ ਸਿੱਖਾਂ ਦੀ ਜੰਤਰੀ ਜਾਂ ਕੈਲੰਡਰ ਹਿੰਦੂਆਂ ਵਾਲਾ ਬਿਕਰਮੀ ਜਾਂ ਈਸਾਈਆਂ ਵਾਲਾ ਈਸਵੀ ਕਿਉਂ ਹੋਵੇ? ਮੁਸਲਮਾਨਾਂ ਦਾ ਹਿਜਰੀ ਕੈਲੰਡਰ ਹੈ, ਖਾਲਸਾ ਪੰਥ ਆਪਣਾ ਕੈਲੰਡਰ ਤਿਆਰ ਕਰੇਗਾ। ਵੈਸੇ ਇਨ੍ਹਾਂ ਸਾਰੇ ਕੈਲੰਡਰਾਂ ਨੂੰ ਹਿੰਦੂ, ਈਸਾਈ ਜਾਂ ਪਾਰਸੀ ਕੈਲੰਡਰ ਕਹਿਣਾ ਉਸੇ ਤਰ੍ਹਾਂ ਵਿਅਰਥ ਹੈ, ਜਿਵੇਂ ਕੋਈ ਧਰਤੀ, ਚੰਦ ਸੂਰਜ ਨੂੰ ਕਹੇ ਕਿ ਇਹ ਗ੍ਰਹਿ ਅਤੇ ਇਨ੍ਹਾਂ ਦੀਆਂ ਚਾਲਾਂ ਹਿੰਦੂ, ਸਿੱਖ ਜਾਂ ਈਸਾਈ ਚਾਲਾਂ ਹਨ। ਅਜਿਹਾ ਉਦੋਂ ਕਹਿ ਸਕਦੇ ਸਾਂ ਜੇ ਗ੍ਰਹਿ ਚਾਲਾਂ ਰਿਸ਼ੀਆਂ, ਗੁਰੂਆਂ ਜਾਂ ਪੈਗੰਬਰਾਂ ਨੇ ਨਿਸਚਿਤ ਕੀਤੀਆਂ ਹੁੰਦੀਆਂ। ਸਾਰੀ ਕੁਦਰਤ ਤੇ ਇਸ ਦੀਆਂ ਗਤੀਵਿਧੀਆਂ ਵਾਹਿਗੁਰੂ ਦੇ ਭਾਣੇ ਵਿਚ ਕਾਰਵਾਈ ਕਰ ਰਹੀਆਂ ਹਨ। ਇਨ੍ਹਾਂ ਦੀਆਂ ਗਤੀਆਂ ਦਾ ਵਿਗਿਆਨਕ ਅਧਿਐਨ ਕਰਦਿਆਂ ਪੁਰਾਤਨ ਤਾਰਾ-ਵਿਗਿਆਨੀਆਂ ਨੇ ਕੈਲੰਡਰ ਤਿਆਰ ਕੀਤੇ। ਇਨ੍ਹਾਂ ਕੈਲੰਡਰਾਂ ਉਪਰ ਆਧਾਰਿਤ ਕੋਈ ਵਿਵਾਦ ਛਿੜੇ ਤਾਂ ਸਿਆਣੇ ਬੰਦੇ ਬੈਠ ਕੇ ਵਿਚਾਰ-ਵਟਾਂਦਰਾ ਕਰਨ ਤੇ ਹੱਲ ਕੱਢਣ । ਇਥੇ ਸਮੱਸਿਆ ਦਾ ਹੱਲ ਕੱਢਣ ਦੀ ਥਾਂ ਤਖ਼ਤ ਦੇ ਜਥੇਦਾਰ ਨੂੰ ਕੱਢਣ ਦੀਆਂ ਕਾਰਵਾਈਆਂ ਹੁੰਦੀਆਂ ਦੇਖੀਆਂ ਤਾਂ ਅਸੀਂ ਸੋਚਿਆ ਪਾਠਕਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੀਏ

ਧਰਤੀ ਦੇ ਕੁਝ ਖਿੱਤੇ ਅਜਿਹੇ ਹਨ, ਜਿਥੇ ਭੁਚਾਲ ਵਧੀਕ ਆਉਂਦੇ ਹਨ, ਕਿਤੇ ਸਮੁੰਦਰੀ ਤੂਫਾਨਾਂ ਦੀਆਂ, ਕਿਸੇ ਹੋਰ ਥਾਂ ਜਵਾਲਾਮੁਖੀ ਫਟਣ ਦੀਆਂ ਸੰਭਾਵਨਾਵਾਂ ਹਨ। ਕਦੀ ਪ੍ਰਾਚੀਨ ਸਮੇਂ ਅਜਿਹਾ ਹੋਇਆ ਕਰਦਾ ਸੀ ਕਿ ਇਨ੍ਹਾਂ ਆਫਤਾਂ ਤੋਂ ਬਚਣ ਲਈ ਸਥਾਨਕ ਪ੍ਰਭਾਵਿਤ ਲੋਕ ਪੁਜਾਰੀਆਂ ਦੇ ਕਹਿਣ ਅਨੁਸਾਰ ਧਾਗੇ, ਤਵੀਤਸ ਟੂਣੇ ਕਰਦੇ ਸਨ। ਹੁਣ ਵਧੀਕ ਗਿਣਤੀ ਇਸ ਅੰਧ-ਵਿਸ਼ਵਾਸ ਤੋਂ ਮੁਕਤ ਹੋ ਚੁੱਕੀ ਹੈ। ਬੇਸ਼ੱਕ ਹਾਲੇ ਵੀ ਅਜਿਹੇ ਉਜਲ ਦਿਮਾਗ ਬੰਦੇ ਮਿਲ ਜਾਂਦੇ ਹਨ, ਜਿਨ੍ਹਾਂ ਅਨੁਸਾਰ ਪਟਿਆਲੇ ਦੀ ਨਦੀ ਨੱਥ-ਭੇਟਾ ਲੈਣ ਪਿੱਛੋਂ ਗੁੱਸਾ ਛੱਡ ਦਿਆ ਕਰਦੀ ਹੈ। ਜਿਸ ਤਰੀਕੇ ਸਿੱਖ ਕੈਲੰਡਰ ਦਾ ਵਿਵਾਦ ਤੂਲ ਫੜਦਾ ਜਾ ਰਿਹਾ ਹੈ, ਉਹ ਸੰਸਾਰ ਦੇ ਸਾਰੇ ਸੂਝਵਾਨ ਸਿੱਖਾਂ ਨੂੰ ਸ਼ਰਮਿੰਦਗੀ ਦੇ ਰਿਹਾ ਹੈ।

ਮੰਦਿਰ ਦਾ ਪੁਜਾਰੀ ਗ੍ਰਹਿਣ ਲੱਗਣ ਦੀ ਤਰੀਕ ਅਤੇ ਸਹੀ ਸਮਾਂ ਦੱਸ ਸਕਦਾ ਹੈ, ਪਰ ਉਹ ਗ੍ਰਹਿਣ ਨਾ ਅੱਗੇ-ਪਿੱਛੇ ਪਾ ਸਕਦਾ ਹੈ, ਨਾ ਰੋਕ ਸਕਦਾ ਹੈ। ਇਵੇਂ ਹੀ ਪਾਲ ਸਿੰਘ ਪੁਰੇਵਾਲ ਰਾਹੀਂ ਤਿਆਰ ਕੀਤੇ ਕੈਲੰਡਰ ਉਪਰ ਪੁਜਾਰੀਆਂ/ਸਿੰਘ ਸਾਹਿਬਾਨ, ਸੰਤ ਸਮਾਜ ਜਾਂ ਅਕਾਲੀ ਦਲ ਦੇ ਜਥੇਦਾਰਾਂ ਨੂੰ ਟਿੱਪਣੀਆਂ ਕਰਨ ਦਾ ਕਿਵੇਂ ਅਧਿਕਾਰ ਹੈ? ਇਹ ਉਨ੍ਹਾਂ ਦੇ ਕਾਰਜ ਖੇਤਰ ਵਿਚ ਕਿਵੇਂ ਆਉਂਦਾ ਹੈ? ਪਾਠਕਾਂ ਨੂੰ ਦੱਸ ਦਈਏ ਕਿ ਉੱਤਰੀ ਭਾਰਤ ਵਿਚ ਪ੍ਰਚੱਲਤ ਵੈਦਿਕ ਜੰਤਰੀ ਕੁਰਾਲੀ ਦੇ ਵਿਦਵਾਨ ਪੰਡਿਤ ਤਿਆਰ ਕਰਦੇ ਹਨ। ਇਹ ਜੰਤਰੀ ਦਹਾਕਾ ਪਹਿਲਾਂ ਤਿਆਰ ਹੋ ਜਾਂਦੀ ਹੈ, ਫਿਰ ਛਪ ਕੇ ਲੋੜਵੰਦਾਂ ਤੱਕ ਪੁੱਜਦੀ ਹੈ। ਇਹ ਜੰਤਰੀ ਸੂਰਜ ਅਤੇ ਚੰਦ ਦੋਵਾਂ ਦੀਆਂ ਗਤੀਆਂ ਉਪਰ ਆਧਾਰਿਤ ਹੈ, ਫਲਸਰੂਪ ਦੋ ਜੰਤਰੀਆਂ ਹਨ, ਕਿਉਂਕਿ ਦੋਵਾਂ ਦੀਆਂ ਪੁਲਾੜੀ ਚਾਲਾਂ ਭਿੰਨ-ਭਿੰਨ ਹਨ। ਇਸ ਜੰਤਰੀ ਵਿਚ ਅਕਸਰ ਵਿਵਾਦ ਪੈਦਾ ਨਹੀਂ ਹੁੰਦਾ, ਕੋਈ ਮੁਸ਼ਕਿਲ ਆਵੇ ਤਾਂ ਹੱਲ ਕਰ ਲਿਆ ਜਾਂਦਾ ਹੈ। ਅਕਾਲੀ ਦਲ ਵਾਂਗ ਖੰਡੇ ਨਹੀਂ ਖੜਕਾਏ ਜਾਂਦੇ, ਪੁਜਾਰੀਆਂ ਨੂੰ ਨੌਕਰੀਆਂ ਤੋਂ ਬਰਤਰਫ ਨਹੀਂ ਕੀਤਾ ਜਾਂਦਾ। ਇਸ ਕੈਲੰਡਰ ਕੇ ਹੱਕ ਅਤੇ ਵਿਰੋਧ ਵਿਚ ਦੋ ਧਿਰਾਂ ਦਾ ਆਪਸੀ ਝਗੜਾ ਕਿਵੇਂ ਤਰਕ ਸੰਗਤ ਹੋਇਆ?

ਵਧੀਕ ਪਾਠਕਾਂ ਨੂੰ ਸ਼ਾਇਦ ਪਤਾ ਨਾ ਹੋਵੇ, ਇਕ ਸਦੀ ਪਹਿਲਾਂ ਮਹਾਰਾਜਾ ਫ਼ਰੀਦਕੋਟ ਨੇ ਹਰਿਮੰਦਰ ਸਾਹਿਬ ਵਿਚ ਬਿਜਲੀ ਫਿਟ ਕਰਵਾਉਣ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਵੱਡਾ ਜਨਰੇਟਰ ਮੰਗਵਾ ਕੇ ਜਦੋਂ ਫਿਟਿੰਗ ਸ਼ੁਰੂ ਕਰਨ ਲੱਗੇ, ਤਦ ਪੁਜਾਰੀਆਂ ਨੇ ਇਸ ਦੇ ਵਿਰੋਧ ਵਿਚ ਸ਼ੋਰ ਪਾਇਆ-ਬਿਜਲੀ ਦਾ ਇਥੇ ਕੀ ਕੰਮ? ਫਲਾਣੇ ਹਿੰਦੂ ਮੰਦਿਰ ਅਤੇ ਫਲਾਣੇ ਈਸਾਈ ਗਿਰਜੇ ਵਿਚ ਬਿਜਲੀ ਨਹੀਂ ਹੈ, ਪਰ ਅੰਗਰੇਜ਼ ਦਰਬਾਰ ਸਾਹਿਬ ਨੂੰ ਭਿੱਟਣਾ ਚਾਹੁੰਦੇ ਹਨ । ਸੋ ਬਿਜਲੀ ਵਾਸਤੇ ਹਾਮੀ ਭਰ ਦਿੱਤੀ। ਦੂਜੀ ਦਲੀਲ-ਬਿਜਲੀ ਕਰੰਟ ਨਾਲ ਬੰਦੇ ਅਕਸਰ ਮਰਦੇ ਹਨ, ਪੰਜ-ਚਾਰ ਬੰਦੇ ਮਰ ਗਏ, ਸ਼ਰਧਾਲੂ ਮੱਥਾ ਟੇਕਣ ਨਹੀਂ ਆਉਣਗੇ। ਤੀਜੀ ਦਲੀਲ-ਧਰਮ ਮਨ ਦੀ ਸ਼ਾਂਤੀ ਵਾਸਤੇ ਹੋਇਆ ਕਰਦਾ ਹੈ, ਬਿਜਲੀ ਚੰਚਲ ਹੁੰਦੀ ਹੈ। ਇਸ ਦੀ ਚੰਚਲਤਾ ਸਦਕਾ ਮਨ ਇਕਾਗਰ ਕਦੀ ਨਹੀਂ ਹੋ ਸਕੇਗਾ… ਵਗੈਰਾ …ਵਗੈਰਾ।

ਹੁਣ ਅਸੀਂ ਦੇਖ ਰਹੇ ਹਾਂ ਜਲੌਅ ਦੀ ਰਾਤ ਬਿਜਲੀ ਦੀ ਕਰਾਮਾਤ ਵਰਤਦੀ ਹੈ, ਨਾ ਮੌਤਾਂ ਹੋਈਆਂ, ਨਾ ਸ਼ੁਰਧਾਲੂ ਮੱਥਾ ਟੇਕਣੋ ਹਟੇ ਤੇ ਨਾ ਮਨ ਵਿਚ ਚੰਚਲਤਾ ਦਾ ਵਸੇਬਾ ਹੋਇਆ। ਇਹ ਘਟਨਾ ਯਾਦ ਕਰਕੇ ਹਾਸਾ ਆ ਜਾਂਦਾ ਹੈ।

ਭਵਿੱਖ ਵਿਚ ਇਕ ਦਿਨ ਆਏਗਾ ਜਦੋਂ ਲੋਕ ਹੱਸਿਆ ਕਰਨਗੇ ਕਿ ਕੈਲੰਡਰ ਦੇ ਵਿਗਿਆਨਕ ਮਸਲੇ ਨੂੰ ਵਿਗਿਆਨੀਆਂ ਦੀ ਮਦਦ ਨਾਲ ਹੱਲ ਕਰਨ ਦੀ ਥਾਂ ਖਾਲਸੇ ਆਪਸ ਵਿਚ ਜੂਝਣ ਲੱਗ ਪਏ ਸਨ, ਇਸ ਸਦਕਾ ਜਥੇਦਾਰਾਂ ਦੀਆਂ ਬਰਤਰਫੀਆਂ ਹੋ ਗਈਆਂ ਸਨ। ਗੁਰੂ-ਘਰਾਂ ਵਿਚ ਏ. ਸੀ. ਕਰੰਟ ਠੀਕ ਹੈ ਕਿ ਡੀ. ਸੀ. ਕਰੰਟ ਠੀਕ ਰਹੇ, ਇਸ ਦਾ ਫੈਸਲਾ ਇੰਜੀਨੀਅਰ ਕਰਨ ਕਿ ਸਿੰਘ ਸਾਹਿਬਾਨ? ਕੈਲੰਡਰ ਦਾ ਨਿਰਣਾ ਆਰਾਮ ਨਾਲ ਨਹੀਂ ਹੋਏਗਾ, ਕਿਉਂਕਿ ਮਸਲਾ ਉਲਝਿਆ ਨਾ ਤਾਂ ਸੁਲਝਾਉਣ ਲਈ ਲੀਡਰਾਂ ਦੀ ਅਹਿਮੀਅਤ ਨਹੀਂ ਰਹੇਗੀ।

Source : http://sikhsangharsh.com/?p=21599


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top