Share on Facebook

Main News Page

ਭਾਰਤ ਧਾਰਮਿਕ ਲੀਹਾਂ ਤੇ ਅੱਡੋਪਾਟੀ ਤੋਂ ਗੁਰੇਜ਼ ਕਰੇ: ਓਬਾਮਾ
ਬਰਾਕ ਓਬਾਮਾ ਨੇ ਭਾਰਤ ਤੋਂ ਵਾਪਸੀ ਮੌਕੇ ਵਿਦਾਇਗੀ ਭਾਸ਼ਨ ‘ਚ ਮੋਦੀ ਸਰਕਾਰ ਨੂੰ ਹਿੰਦੂ ਕੱਟੜਵਾਦੀਆਂ ਦੀਆਂ ਸਰਗਰਮੀਆਂ ਨੂੰ ਨੱਥ ਪਾਉਣ ਸਬੰਧੀ ਦਿੱਤਾ ਸੂਖ਼ਮ ਸੰਕੇਤ
ਨਵੀਂ ਦਿੱਲੀ। ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਤੋਂ ਵਾਪਸੀ ਮੌਕੇ ਵਿਦਾਇਗੀ ਭਾਸ਼ਨ ‘ਚ ਮੋਦੀ ਸਰਕਾਰ ਨੂੰ ਹਿੰਦੂ ਕੱਟੜਵਾਦੀਆਂ ਦੀਆਂ ਸਰਗਰਮੀਆਂ ਨੂੰ ਨੱਥ ਪਾਉਣ ਸਬੰਧੀ ਦਿੱਤਾ ਸੂਖ਼ਮ ਸੰਕੇਤ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਆਗੂ ਦੇ ਤਿੰਨ ਰੋਜ਼ਾ ਦੌਰੇ ਦੌਰਾਨ ਹਰ ਮੌਕੇ ਚੜ੍ਹ ਚੜ੍ਹ ਕੇ ਬੋਲਣ ਦੇ ਚਾਅ ਦੀ ਇੱਕ ਤਰ੍ਹਾਂ ਨਾਲ ਫੂਕ ਕੱਢ ਦਿੱਤੀ।

ਇੱਥੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿੱਚ ਬਰਾਕ ਓਬਾਮਾ ਨੇ ਧਾਰਮਿਕ ਆਜ਼ਾਦੀ ਅਤੇ ਸਹਿਨਸ਼ੀਲਤਾ ਲਈ ਜ਼ੋਰਦਾਰ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਤਿੰਨ ਦਿਨਾਂ ਦੇ ਦੌਰੇ ਨੂੰ ਸਮੇਟਦਿਆਂ ਭਾਰਤ ਲਈ ਸਭ ਤੋਂ ਵੱਧ ਵਿਵਾਦ ਵਾਲੇ ਵਿਸ਼ੇ ਨੂੰ ਛੋਹਿਆ। ਸ੍ਰੀ ਓਬਾਮਾ ਨੇ ਸਿਰੀਂ ਫੋਰਟ ਆਡੀਟੋਰੀਅਮ ‘ਚ ਕੋਈ 2000 ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਭਾਰਤ ਧਾਰਮਿਕ ਲੀਹਾਂ ਤੇ ਅੱਡੋਪਾਟੀ ਨਹੀਂ ਹੁੰਦਾ ਤਾਂ ਇਹ ਕਾਮਯਾਬ ਹੋ ਜਾਵੇਗਾ ਇਸ ਲਈ ਧਾਰਮਿਕ ਆਜ਼ਾਦੀ ਦੀ ਕਦਰ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ।

ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਤੁਹਾਡੇ ਸੰਵਿਧਾਨ ਦੀ ਧਾਰਾ 25 ਨਾਗਰਿਕਾਂ ਨੂੰ ਆਜ਼ਾਦੀ ਨਾਲ ਆਪਣੇ ਧਰਮ ਦੀ ਅਕੀਦਤ ਅਤੇ ਪ੍ਰਚਾਰ ਦੀ ਆਜ਼ਾਦੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੋਹਾਂ ਮੁਲਕਾਂ ਵਿਚ ਸਾਰੇ ਹੀ ਮੁਲਕਾਂ ਵਿਚ ਬੁਨਿਆਦੀ ਆਜ਼ਾਦੀ ਬਰਕਰਾਰ ਰੱਖਣਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਪਰ ਹਰੇਕ ਵਿਅਕਤੀ ਦੀ ਵੀ ਜਿੰਮੇਵਾਰੀ ਹੈ।

ਅਮਰੀਕੀ ਰਾਸ਼ਟਰਪਤੀ ਦੀ ਇਹ ਟਿੱਪਣੀ ਉਸ ਵਕਤ ਬਹੁਤ ਹੀ ਮਹੱਤਵਪੂਰਨ ਹੈ ਜਦ ਨਰਿੰਦਰ ਮੋਦੀ ਦੀ ਸਰਕਾਰ ਉਪਰ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਇਹ ਇਲਜ਼ਾਮ ਲੱਗ ਰਹੇ ਹਨ ਕਿ ਇਹ ਹਿੰਦੂ ਪੱਖੀ ਗਤੀਵਿਧੀਆਂ ਰੋਕਣ ‘ਚ ਨਾਕਾਮ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਆਪਣੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੂੰ ਭੜਕਾਊ ਬਿਆਨ ਦੇਣ ਤੇ ਖ਼ਬਰਦਾਰ ਕੀਤਾ ਸੀ ਜੋ ਸਰਕਾਰ ਦੇ ਆਰਥਿਕ ਏਜੰਡੇ ਵੱਲੋਂ ਧਿਆਨ ਹਟਾਉਂਦੇ ਹਨ। ਰਾਸ਼ਟਰਪਤੀ ਓਬਾਮਾ ਨੇ ਆਪਣੇ ਭਾਸ਼ਣ ਵਿਚ ਅਮਰੀਕਾ ‘ਚ ਇਕ ਘੱਟ ਗਿਣਤੀ ਦੇ ਮੈਂਬਰ ਵਜੋਂ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ "ਇਕ ਸਮਾਂ ਸੀ ਜਦ ਮੇਰੀ ਚਮੜੀ ਦੇ ਰੰਗ ਕਰਕੇ ਮੇਰੇ ਨਾਲ ਵੱਖਰਾ ਵਰਤਾਓ ਕੀਤਾ ਜਾਂਦਾ ਰਿਹਾ ਜਿਹੜੇ ਲੋਕ ਮੈਨੂੰ ਜਾਣਦੇ ਨਹੀਂ ਸਨ, ਹਮੇਸ਼ਾ ਮੇਰੇ ਧਰਮ ਉਪਰ ਕਿੰਤੂ ਕਰਦੇ ਰਹੇ। ਉਹ ਕਹਿੰਦੇ ਸਨ ਕਿ ਮੈਂ ਵੱਖਰੇ ਧਰਮ ਨਾਲ ਸਬੰਧਤ ਹਾਂ।" ਉਨ੍ਹਾਂ ਕਿਹਾ ਕਿ ਇਹ ਵੀ ਅਫਵਾਹ ਉਡਾਈ ਗਈ ਕਿ ਮੈਂ ਮੁਸਲਿਮ ਹਾਂ ਨਾ ਕਿ ਈਸਾਈ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਕੋਲ ਆਪਣੇ ਧਰਮ ਅਤੇ ਵਿਸ਼ਵਾਸ ਮੁਤਾਬਿਕ ਪੂਜਾ ਅਰਚਨਾ ਕਰਨ ਦਾ ਪੂਰਾ ਹੱਕ ਹੈ।

ਆਪਣੇ ਦੌਰੇ ਦੌਰਾਨ ਬਰਾਕ ਓਬਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਬੜੇ ਨਿੱਘ ਅਤੇ ਖਲੂਸ ਨਾਲ ਮਿਲੇ, ਜਿਨ੍ਹਾਂ ਨੂੰ ਗੁਜਰਾਤ ਵਿਚ 2002 ਦੇ ਦੰਗਿਆਂ ਤੋਂ ਬਾਅਦ ਪੂਰਾ ਇਕ ਦਹਾਕਾ ਅਮਰੀਕਾ ‘ਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ।

ਰਾਸ਼ਟਰਪਤੀ ਓਬਾਮਾ ਨੇ ਅੱਜ ਆਪਣੇ 40 ਮਿੰਟ ਦੇ ਭਾਸ਼ਣ ਵਿਚ ਕਈ ਥਾਈਂ ਹਿੰਦੀ ਦੀਆਂ ਤੁਕਾਂ ਦਾ ਇਸਤੇਮਾਲ ਕੀਤਾ। ਆਡੀਟੋਰੀਅਮ ਸਰੋਤਿਆਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ ਜਾਂ ਉਨ੍ਹਾਂ ਸ਼ਾਹਰੁੱਖ ਖਾਨ ਦੀ ਫਿਲਮ ਦਿਲ ਵਾਲੇ ਦੁਹਲਨੀਆ ਲੇ ਜਾਏਂਗੇ ਦਾ ਡਾਇਲਾਗ ਬੋਲਿਆ। "ਸਿਨੋਰੀਤਾ… ਬਡੇ ਬਡੇ ਦਸ਼ੋ ਮੇਂ.." ਉਨ੍ਹਾਂ ਨੇ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਇਸ ਦੀਆਂ ਫੈਸਲਾਕੁੰਨ ਭਾਈਵਾਲੀਆਂ ਵਿਚੋਂ ਇਕ ਦਸਿਆ।

ਏਜੀਪੀਸੀ (ਅਮੈਰੀਕਨ ਗੁਰੂਦਆਰਾ ਪ੍ਰਬੰਧਕ ਕਮੇਟੀ) ਨੇ ਭਾਰਤ ਵਿਚ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣ ‘ਤੇ ਓਬਾਮਾ ਦਾ ਕੀਤਾ ਧੰਨਵਾਦ

ਕਿਹਾ ‘ਭਾਰਤ ਨੂੰ ਓਬਾਮਾ ਦੀ ਧਰਮ ਦੇ ਨਾਂ ਉੱਤੇ ਵੰਡੀਆਂ ਨਾ ਪਾਉਣ ਦੀ ਨਸੀਅਤ ਸਹੀ’

ਫਰੀਮੌਂਟ/ ਬਿਊਰੋ ਨਿਊਜ਼: ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਭਾਰਤ ਅਪਣੇ ਦੌਰੇ ਦੇ ਅਖ਼ੀਰ ਉੱਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭਾਰਤ ‘ਚ ਧਾਰਮਿਕ ਅਜ਼ਾਦੀ ਦੇ ਉਠਾਏ ਮੁੱਦੇ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਓਬਾਮਾ ਨੇ ਭਾਰਤ ਨੂੰ ਧਰਮ ਦੇ ਨਾਂਅ ‘ਤੇ ਵੰਡੀਆਂ ਨਾ ਪਾਉਣ ਦੀ ਨਸੀਅਤ ਦੇ ਕੇ ਸਹੀ ਫੈਸਲਾ ਕੀਤਾ ਹੈ।

ਏਜੀਪੀਸੀ ਵਲੋਂ ਇੱਥੇ ਜਾਰੀ ਇੱਕ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਰਾਸ਼ਟਰਪਤੀ ਵੱਲੋਂ ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਧਾਰਾ ‘ਚ ਹਰ ਵਿਅਕਤੀ ਨੂੰ ਧਾਰਮਿਕ ਅਜ਼ਾਦੀ ਦਿੱਤੀ ਗਈ ਹੈ ਅਤੇ ਹਰੇਕ ਨਾਗਰਿਕ ਆਪਣੀ ਮਰਜੀ ਨਾਲ ਕਿਸੇ ਵੀ ਧਰਮ ‘ਚ ਵਿਸ਼ਵਾਸ਼ ਤੇ ਉਸਨੂੰ ਮੰਨਣ, ਅਪਨਾਉਣ ਅਤੇ ਪ੍ਰਚਾਰ ਕਰਨ ਦੀ ਅਜ਼ਾਦੀ ਦਿੰਦਾ ਹੈ। ਓਬਾਮਾ ਨੇ ਕਿਹਾ ਕਿ ਭਾਰਤ ਨੂੰ ਚਾਹੀਦਾ ਹੈ ਕਿ ਉਹ ਇਸ ਧਾਰਾ ਨੂੰ ਪੂਰਨ ਤੌਰ ‘ਤੇ ਅਪਨਾਉਣ ਤਾਂ ਹੀ ਭਾਰਤ ਦੇਸ਼ ਇਕਜੁੱਟ ਰਹਿ ਸਕਦਾ ਹੈ।

ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਡੀਨੇਟਰ ਡਾ.ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅਮਰੀਕਾ ‘ਚ ਸਿੱਖਾਂ ਨੇ ਹਮੇਸ਼ਾਂ ਹੀ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਹਰੇਕ ਤਰੀਕੇ ਨਾਲ ਲਾਗੂ ਕਰਨ ਦੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਨੇ ਵੀ ਇਸੇ ਮੁੱਦੇ ਨੂੰ ਬੜੇ ਵੱਡੇ ਪੱਧਰ ‘ਤੇ ਉਠਾ ਕੇ ਆਪਣੀ ਸਿੱਖਾਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਜਤਾਇਆ ਹੈ ਜਿਸਦੇ ਲਈ ਉਹ ਰਾਸ਼ਟਰਪਤੀ ਦੇ ਅਤਿ ਧੰਨਵਾਦੀ ਹਨ।

ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੀ ਇਸ ਗੱਲ ਦੇ ਧਾਰਨੀ ਹਨ ਕਿ ਭਾਰਤ ‘ਚ ਘੱਟ ਗਿਣਤੀਆਂ ‘ਤੇ ਵਿਤਕਰਾ ਹੁੰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹਨ ਅਤੇ ਉਨ੍ਹਾਂ ਨੂੰ ਧਾਰਮਿਕ ਅਜ਼ਾਦੀ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਮੁਤਾਬਕ ਨਾਗਰਿਕਾਂ ਦੀ ਧਾਰਮਿਕ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਕੁਝ ਲੋਕ ਧਰਮ ਦੇ ਨਾਂਅ ਹੇਠ ਹਿੰਸਾ ਅਤੇ ਅਸਹਿਨਸ਼ੀਲਤਾ ਫੈਲਾਅ ਰਹੇ ਹਨ। ਜਿਸ ਤੋਂ ਖ਼ਬਰਦਾਰ ਕਰਕੇ ਰਾਸ਼ਟਰਪਤੀ ਨੇ ਸਿੱਖਾਂ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਓਬਾਮਾ ਨੇ ਹਮੇਸ਼ਾਂ ਹੀ ਸਿੱਖਾਂ ਦੇ ਮੁੱਦਿਆਂ ‘ਤੇ ਉਨ੍ਹਾਂ ਨੂੰ ਸਹੀ ਠਹਿਰਾਇਆ ਹੈ। ਜਿਸ ਦੇ ਉਦਾਹਰਣ ਅਮਰੀਕਾ ‘ਚ 9/11 ਅੱਤਵਾਦੀ ਹਮਲਿਆਂ ਤੋਂ ਬਾਅਦ ਸਿੱਖਾਂ ‘ਤੇ ਹੋਏ ਨਸਲੀ ਹਮਲਿਆਂ ‘ਤੇ ਠੱਲ੍ਹ ਪਾਉਣਾ ਹੈ।

ਉਨ੍ਹਾਂ ਕਿਹਾ ਕਿ ਓਬਾਮਾ ਸਿੱਖਾਂ ਦੇ ਮੁੱਦਿਆਂ ਤੋਂ ਭਲੀਭਾਂਤ ਜਾਣੂ ਹਨ ਅਤੇ ਉਹਨਾਂ ਰਾਸ਼ਟਰਪਤੀ ਤੋਂ ਇਲਾਵਾ ਹੋਰ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਜਿਨ੍ਹਾਂ ‘ਚ ‘ਸਿੱਖਸ ਫ਼ਾਰ ਜਸਟਿਸ’, ‘ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ’, ‘ਫ਼ਰੈਂਡਸ ਆਫ਼ ਕਾਕਸ’ ਮੁੱਖ ਹਨ, ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸਿੱਖ ਕੌਮ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ, ਸਹੀ ਪੱਧਰ ‘ਤੇ ਉਠਾ ਕੇ ਧਾਰਮਿਕ ਸੁਰੱਖਿਆ ਦੇ ਮੁੱਦੇ ਨੂੰ ਉਚ ਪੱਧਰ ਤੱਕ ਉਜਾਗਰ ਕੀਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top