Share on Facebook

Main News Page

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੀ ਭਾਰਤ ਫੇਰੀ ਦਾ ਨਿਚੋੜ, ਮੋਦੀ ਨੂੰ ਨਸੀਹਤ, ਹਿੰਦੁਤਵ ਨੂੰ ਚਿਤਾਵਨੀ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

26 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਮਿਸਟਰ ਬਰਾਕ ਉਬਾਮਾ ਦੀ ਫੇਰੀ ਨੂੰ ਲੈਕੇ ਭਾਰਤ ਸਰਕਾਰ ਨੇ ਤਾਂ ਪੱਬਾਂ ਭਾਰ ਹੋਣਾ ਹੀ ਸੀ ਕਿਉਂਕਿ ਦੁਨੀਆ ਦੀ ਵੱਡੀ ਤਾਕਤ ਅਮਰੀਕਾ ਦਾ ਮੁਖੀ ਆ ਰਿਹਾ ਸੀ, ਪਰ ਨਾਲ ਨਾਲ ਹਿੰਦੂਤਵੀ ਜਥੇਬੰਦੀਆਂ ਅਤੇ ਭਗਵਾ ਮੀਡੀਆ ਵੀ ਬੜੀਆਂ ਵੱਡੀਆਂ ਵੱਡੀਆਂ ਸੁਰਖੀਆਂ ਨਾਲ ਉਬਾਮਾ ਦੇ ਦੌਰੇ ਨੂੰ ਪ੍ਰਚਾਰ ਰਿਹਾ ਸੀ। ਉਬਾਮਾ ਦਾ ਭਾਰਤ ਆਉਣਾ ਇਹ ਤਾਂ ਅਮਰੀਕੀ ਏਜੰਸੀਆਂ ਜਾਣਦੀਆਂ ਹਨ ਜਾਂ ਅਮਰੀਕਾ ਦੇ ਨੀਤੀਘਾੜੇ ਹੀ ਜਾਣਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਆਉਣ ਦਾ ਸੱਦਾ ਕਿਉਂ ਜਾਂ ਕਿਵੇ ਪ੍ਰਵਾਨ ਕੀਤਾ ਸੀ।

ਲੇਕਿਨ ਇਸ ਪਿੱਛੇ ਜਿਹੜੀ ਆਰ.ਐਸ ਐਸ. ਅਤੇ ਮੋਦੀ ਦੀ ਨੀਤੀ ਸੀ, ਉਸ ਵਿੱਚ ਇੱਕ ਸ਼ਾਤ੍ਰਪੁਨਾ ਜਾਂ ਸ਼ਰਾਰਤ ਲੁਕੀ ਹੋਈ ਸੀ। ਭਾਰਤ ਵਿੱਚਲੇ ਕੱਟੜਵਾਦੀ ਹਿੰਦੁਤਵ ਨੂੰ ਵੱਡਾ ਗਿਲਾ ਸੀ ਕਿ ਮਨੁੱਖੀ ਹੱਕਾਂ ਦਾ ਹਨਣ ਕਰਨ ਬਦਲੇ ਅਮਰੀਕਾ ਨੇ ਇਕ ਵਾਰ ਨਰਿੰਦਰ ਮੋਦੀ ਨੂੰ ਵੀਜਾ ਦੇਣ ਤੋਂ ਨਾਹ ਕਰ ਦਿੱਤੀ ਸੀ। ਪਰ ਘੱਟ ਗਿਣਤੀਆਂ ਉੱਪਰ ਜ਼ੁਲਮ ਕਰਨ ਵਾਲਾ ਕੋਈ ਇੱਕ ਆਗੂ ਨਹੀਂ, ਸਗੋਂ ਇਹ ਤਾਂ ਕੱਟੜਵਾਦੀ ਹਿੰਦੁਤਵ ਦੀ ਇੱਕ ਨੀਤੀ ਹੈ ਅਤੇ ਆਰ.ਐਸ.ਐਸ. ਦਾ ਏਜੰਡਾ ਹੈ। ਬੇਸ਼ੱਕ ਅੱਜ ਵੋਧਰਾ ਕਾਂਡ ਵਿੱਚ ਮੋਦੀ ਨੂੰ ਹੀ ਦੋਸ਼ੀ ਸਮਝਿਆ ਜਾਂਦਾ ਹੈ, ਲੇਕਿਨ ਇਸ ਕਾਂਡ ਨੂੰ ਅੰਜਾਮ ਦੇਣ ਪਿਛੇ ਆਰ.ਐਸ.ਐਸ. ਦਾ ਦਿਮਾਗ ਕੰਮ ਕਰਦਾ ਸੀ। ਇਸ ਵਾਸਤੇ ਮੋਦੀ ਨੂੰ ਵੀਜ਼ਾ ਨਾ ਮਿਲਣ ਦੀ ਬਦਨਾਮੀ ਨੂੰ ਸਾਰਾ ਕੱਟੜਵਾਦੀ ਹਿੰਦੂਤਵ ਆਪਣੀ ਵੀ ਬਦਨਾਮੀ ਸਮਝਦਾ ਸੀ। ਇਸ ਕਾਰਨ ਹੀ ਆਰ.ਐਸ.ਐਸ. ਨੇ ਸਾਰਾ ਜੋਰ ਲਾ ਕੇ ਮੋਦੀ ਨੂੰ ਹੀ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਹੈ ਤਾਂ ਕਿ ਕੱਲ ਕਲੋਤਰ ਨੂੰ ਜਦੋਂ ਕਦੇ ਵੋਧਰਾ ਕਾਂਡ ਦੀਆਂ ਪਰਤਾਂ ਖੁੱਲਣ ਤਾਂ ਇਸਦੀਆਂ ਤਾਰਾਂ ਨਾਗਪੁਰ ਜਾਂਦੀਆਂ ਨਜਰ ਨਾ ਆ ਜਾਣ ਅਤੇ ਹੁਣ ਮਿਸਟਰ ਕਲੀਨ ਬਨਣ ਵਾਸਤੇ ਅਤੇ ਕੌਮਾਂਤਰੀ ਪੱਧਰ ਉੱਪਰ ਹੋਈ ਬਦਨਾਮੀ ਨੂੰ ਢਕਣ ਵਾਸਤੇ ਮਿਸਟਰ ਬਰਾਕ ਉਬਾਮਾ ਨੂੰ ਗਣਤੰਤਰ ਦਿਵਸ ਉੱਤੇ ਸੱਦਾ ਦਿੱਤਾ ਗਿਆ ਸੀ।

ਪਹਿਲਾਂ ਵੀ ਜਦੋਂ ਨਰਿੰਦਰ ਮੋਦੀ ਅਮਰੀਕਾ ਦੌਰੇ ਉੱਪਰ ਗਿਆ ਸੀ ਤਾਂ ਉਸ ਵੇਲੇ ਆਰ.ਐਸ.ਐਸ. ਨੇ ਲੱਖਾਂ ਡਾਲਰ ਖਰਚ ਕਰਕੇ ਅਮਰੀਕਾ ਵਿੱਚ ਮੋਦੀ ਦੇ ਹੱਕ ਵਿੱਚ ਇੱਕ ਲਹਿਰ ਖੜੀ ਕਰਨ ਦਾ ਯਤਨ ਕੀਤਾ ਸੀ। ਜਿਸ ਨੂੰ ਸਿੱਖ ਜਥੇਬੰਦੀਆਂ ਨੇ ਮੋਦੀ ਵਿਰੋਧੀ ਮੁਹਿੰਮ ਚਲਾਕੇ ਉਸ ਦੀ ਫੂਕ ਕੱਢ ਦਿੱਤੀ ਸੀ ਅਤੇ ਇੱਕ ਲੋਕ ਅਦਾਲਤ ਵਿੱਚ ਮੋਦੀ ਦਾ ਪੁਤਲਾ ਖੜਾ ਕਰਕੇ ਸਾਰੇ ਅਮਰੀਕੀ ਮੀਡੀਆ ਨੂੰ ਦੱਸ ਦਿੱਤਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੁਸਲਿਮ ਭਾਈਚਾਰੇ ਦੀ ਨਸਲਕੁਸ਼ੀ ਕਰਵਾਈ ਹੈ ਅਤੇ ਨਾਲ ਹੀ ਨਰਿੰਦਰ ਮੋਦੀ ਦੀ ਪਾਰਟੀ ਬੀ.ਜੇ.ਪੀ. ਅਤੇ ਨਾਨੀ ਆਰ.ਐਸ.ਐਸ. ਦੇ ਵੀ ਪੋਤੜੇ ਫਰੋਲ ਦਿੱਤੇ ਸਨ ਕਿ ਕਿਵੇ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਜਬਰੀ ਹਿੰਦੂ ਬਣਾਉਣ ਦੀਆਂ ਸਕੀਮਾਂ ਹੋ ਰਹੀਆਂ ਹਨ। ਪਰ ਭਾਰਤ ਦੇ ਭਗਵੇਂ ਮੀਡੀਆ ਨੇ ਭਾਰਤੀ ਟੀ.ਵੀ. ਚੈਨਲਾਂ ਤੋਂ ਅਤੇ ਅਖਬਾਰਾਂ ਰਾਹੀ ਧੁੰਆਂਧਾਰ ਪ੍ਰਚਾਰ ਕੀਤਾ ਕਿ ‘‘ਨਰਿੰਦਰ ਮੋਦੀ ਕੋ ਵੀਜ਼ੇ ਸੇ ਇਨਕਾਰ ਕਰਨੇ ਵਾਲੇ ਅਮਰੀਕਾ ਕੋ ਮੋਦੀ ਕੇ ਲੀਏ ਬਿਛਾਣੀ ਪੜੀ ਰੈਡ ਕਾਰਪਿਟ’’ ਬੇਸ਼ੱਕ ਇਹ ਭਗਵਾ ਮੀਡੀਆ ਜੋਰ ਜੋਰ ਨਾਲ ਝੂਠ ਬੋਲਕੇ ਕੁੱਝ ਭਾਰਤੀ ਲੋਕਾਂ ਨੂੰ ਤਾਂ ਮੂਰਖ ਬਣਾ ਸਕਦਾ ਹੈ।

ਲੇਕਿਨ ਸੰਸਾਰ ਭਰ ਦੇ ਲੋਕ ਜਾਣਦੇ ਹਨ ਕਿ ਅਮਰੀਕਾ ਨੇ ਨਰਿੰਦਰ ਮੋਦੀ ਦਾ ਕੋਈ ਸਵਾਗਤ ਨਹੀਂ ਕੀਤਾ, ਜੋ ਕੁੱਝ ਵੀ ਸਵਾਗਤ ਵਿੱਚ ਹੋਇਆ ਉਹ ਇੱਕ ਰਸਮੀਂ ਕਾਰਵਾਈ ਸੀ। ਜਿਹੜੀ ਯੂ.ਐਨ.ਓ. ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਲੇ ਹਰੇਕ ਦੇਸ਼ ਦੇ ਮੁਖੀ ਵਾਸਤੇ ਕੀਤਾ ਜਾਂਦਾ ਹੈ ਅਤੇ ਯੂ.ਐਨ.ਓ. ਦਾ ਦਫਤਰ ਕਿਸੇ ਦੇਸ਼ ਭਾਵ ਅਮਰੀਕਾ ਦੀ ਜਗੀਰ ਨਹੀਂ, ਉਹ ਤਾਂ ਸੰਸਾਰ ਭਰ ਦੀ ਸਾਂਝੀ ਥਾਂ ਹੈ, ਉਥੇ ਜਿਹਨਾਂ ਦੇਸ਼ਾਂ ਖਿਲਾਫ਼ ਅਮਰੀਕਾ ਜੰਗ ਲੜ ਰਿਹਾ ਹੈ, ਉਹਨਾਂ ਦੇਸ਼ਾਂ ਦੇ ਪ੍ਰਤਿਨਿਧ ਵੀ ਬਿਨਾ ਕਿਸੇ ਖੌਫ਼ ਜਾਂ ਵਿਤਕਰੇ ਤੋਂ ਆ ਜਾ ਸਕਦੇ ਹਨ। ਇਸ ਲਈ ਮੋਦੀ ਦੇ ਅਮਰੀਕੀ ਦੌਰੇ ਤੋਂ ਬਾਅਦ ਆਰ.ਐਸ.ਐਸ. ਅਤੇ ਭਾਰਤੀ ਖੁਫੀਆ ਤੰਤਰ ਸਾਰੀ ਸਥਿਤੀ ਸਮਝਦੇ ਸਨ ਅਤੇ ਉਹਨਾਂ ਨੂੰ ਇੰਜ ਮਹਿਸੂਸ ਹੋਇਆ ਕਿ ਸਾਡੀ ਪੂਰੀ ਗੱਲ ਨਹੀਂ ਬਣੀ। ਇਸ ਕਰਕੇ ਹੀ ਮੋਦੀ ਦੇ ਦਾਗ ਧੋਣ ਅਤੇ ਇੱਕ ਕੱਟੜਵਾਦੀ ਸਰਕਾਰ ਅਤੇ ਕੱਟੜਵਾਦੀ ਨੇਤਾ ਨੂੰ ਮਾਨਤਾ ਦਿਵਾਉਣ ਵਾਸਤੇ ਗਣਤੰਤਰ ਦਿਵਸ ਦਾ ਚਕਰਵਿਊ ਬਣਾਇਆ ਗਿਆ ਸੀ, ਜਿਥੇ ਮਿਸਟਰ ਬਰਾਕ ਉਬਾਮਾ ਨੂੰ ਫਸਾਉਣ ਦੀ ਤਜਵੀਜ ਸੀ।

ਲੇਕਿਨ ਅਮਰੀਕੀ ਬਹੁਤ ਸਿਆਣੇ ਹਨ ਅਤੇ ਹਮੇਸ਼ਾਂ ਆਪਣੇ ਮੁਲਕ ਵਿੱਚ ਵੱਸਦੀਆਂ ਘੱਟ ਗਿਣਤੀਆਂ ਦੇ ਮਾਨ ਸਨਮਾਨ ਅਤੇ ਹੱਕਾਂ ਦਾ ਖਾਸ ਖਿਆਲ ਰਖਦੇ ਹਨ। ਬੇਸ਼ੱਕ ਕੁੱਝ ਲੋਕਾਂ ਦਾ ਸਭਿਆਚਾਰ ਜਾਂ ਧਰਮ ਭਾਵੇ ਅਮਰੀਕਾ ਵਿੱਚ ਪੈਦਾ ਨਹੀਂ ਹੋਇਆ, ਪਰ ਅਮਰੀਕਾ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਹੱਕ ਦਿੱਤੇ ਹੋਏ ਹਨ। ਉਥੇ ਕਿਸੇ ਨਾਲ ਨਸਲੀ ਵਿਤਕਰਾ ਨਹੀਂ ਕੀਤਾ ਜਾਂਦਾ ਜਿਵੇ ਅੱਜ ਭਾਰਤ ਵਿੱਚ ਹੋ ਰਿਹਾ ਹੈ। ਜੇ ਮਿਸਟਰ ਬਰਾਕ ਉਬਾਮਾ ਭਾਰਤ ਆਏ ਹਨ ਤਾਂ ਉਹ ਆਪਣੇ ਦੇਸ਼ ਦੀ ਨੀਤੀ ਦਾ ਉਲੰਘਨ ਨਹੀਂ ਕਰ ਸਕਦੇ ਕਿਉਂਕਿ ਉਹ ਅਮਰੀਕੀ ਲੋਕਾਂ ਨੂੰ ਜਵਾਬਦੇਹ ਹਨ ਅਤੇ ਉਥੇ ਵੱਸਦੀਆਂ ਸਾਰੀਆਂ ਕੌਮਾਂ ਅਤੇ ਭਾਈਚਾਰੇ ਅੱਗੇ ਵੀ ਉਹਨਾਂ ਦੀ ਜਵਾਬਦੇਹੀ ਹੋ ਸਕਦੀ ਹੈ। ਭਾਰਤ ਵਾਲਾ ਕੰਮ ਨਹੀਂ ਕਿ ਇੱਥੋਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਜਾਂ ਪ੍ਰਵੀਨ ਤੋਗੜੀਆ ਵਰਗੇ ਕੱਟੜਵਾਦੀ ਲੋਕਾਂ ਅੱਗੇ ਹੀ ਜਵਾਬਦੇਹ ਹੋਵੇ? ਇਸ ਲਈ ਉਹ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰਖਕੇ ਹੀ ਆਪਣੇ ਪ੍ਰੋਗ੍ਰਾਮ ਬਣਾਉਂਦੇ ਹਨ।

ਅਜੋਕਾ ਭਾਰਤੀ ਦੌਰਾ ਬੇਸ਼ੱਕ ਲੋਕਾਂ ਨੂੰ ਸਿਰਫ ਗਣਤੰਤਰ ਦਿਵਸ ਦੇ ਮਹਿਮਾਨ ਵਜੋਂ ਹੀ ਨਜਰ ਆਉਂਦਾ ਹੋਵੇ, ਪਰ ਦੋਹੇ ਧਿਰਾਂ ਨੇ ਆਪਣੇ ਆਪਣੇ ਹਿਸਾਬ ਨਾਲ ਮਤਲਬ ਕੱਢੇ ਹਨ। ਹਿੰਦੁਤਵ ਨੂੰ ਇਹ ਲੱਗਦਾ ਹੈ ਹੁਣ ਕੱਟੜਵਾਦੀ ਹਿੰਦੂ ਤਵੀ ਨੇਤਾ ਨਰਿੰਦਰ ਮੋਦੀ ਅਤੇ ਭਾਰਤ ਦੀ ਭਗਵੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਭਾਰਤ ਬੁਲਾ ਕੇ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਜਿਸ ਨਾਲ ਭਗਵੀ ਸਰਕਾਰ ਉੱਤੇ ਮੋਹਰ ਲੱਗ ਗਈ ਹੈ ਅਤੇ ਹੁਣ ਤੱਕ ਜੋ ਭਗਵਿਆਂ ਨੇ ਘੱਟ ਗਿਣਤੀਆਂ ਦਾ ਸੋਸ਼ਣ ਕੀਤਾ ਸੀ, ਸ਼ਾਇਦ ਉਹ ਢੱਕਿਆ ਗਿਆ ਹੈ ਅਤੇ ਅੱਗੋਂ ਘੱਟ ਗਿਣਤੀਆਂ ਦੇ ਹੱਕਾਂ ਦੇ ਹਨਣ ਉੱਤੇ ਸੰਸਾਰ ਦੀ ਮੋਹਰ ਲੱਗ ਗਈ ਹੈ। ਦੂਜੇ ਪਾਸੇ ਅਮਰੀਕੀ ਸੋਚਦੇ ਹਨ ਕਿ ਅਸੀਂ ਆਪਣਾ ਸੌਦਾ ਵੇਚਣਾ ਹੈ ਅਸੀਂ ਆਪਣਾ ਗਾਹਕ ਪੱਕਾ ਕਰ ਲਿਆ ਹੈ।

ਕੌਣ ਜਿੱਤਿਆ ਅੰਦਾਜ਼ਾ ਤੁਸੀਂ ਲਾ ਲਵੋ, ਜੱਟ ਅਤੇ ਮਰਾਸੀ ਦੇ ਆਪਸੀ ਚੁਟਕਲੇ ਬੜੇ ਪ੍ਰਚਲਤ ਹਨ, ਜਿਸ ਵਿੱਚੋਂ ਮੈਨੂੰ ਇੱਕ ਗੱਲ ਯਾਦ ਗਈ ਕਿ ਇੱਕ ਮਰਾਸੀ ਫੱਗਣ ਦੇ ਦਿਨਾਂ ਵਿੱਚ ਜੱਟ ਕੋਲ ਆ ਕੇ ਕਹਿਣ ਲੱਗਾ ਪਰਬਾ ਮਣ ਧੌਣ ਦਾਣੇ ( ਕਣਕ ਜਾਂ ਮੱਕੀ ) ਹੀ ਦੇ ਦੇਹ ਨਿਆਣੇ ਭੁੱਖੇ ਬੈਠੇ ਹਨ। ਜਦੋਂ ਵਾਢੀ ਹੋਵੇਗੀ, ਸਵਾਏ ਵਾਪਿਸ ਕਰ ਦੇਵਾਂਗਾ, ਭਾਵ ਮਣ ਦੇ ਸਵਾ ਮਣ ਦੇ ਦੇਵਾਂਗਾ। ਜੱਟ ਨੇ ਨਾਹ ਕਰ ਦਿੱਤੀ। ਮਰਾਸੀ ਨੇ ਫਿਰ ਕਿਹਾ ਡੂਢੇ ( ਡੇਢ ਗੁਣਾਂ ) ਦੇ ਦੇਵਾਂਗਾ, ਜੱਟ ਫਿਰ ਵੀ ਸਿਰ ਮਾਰ ਗਿਆ। ਅਖੀਰ ਕੋਈ ਚਾਰਾ ਨਾ ਚਲਦਾ ਵੇਖ ਕੇ ਮਰਾਸੀ ਨੇ ਕਿਹਾ ਚੰਗਾ ਦੁਗਣੇ ਲੈ ਲਵੀ, ਜੱਟ ਨੇ ਸੋਚਿਆ ਦੋ ਮਹੀਨੇ ਨੂੰ ਕਣਕ ਪੱਕ ਜਾਣੀ ਹੈ ਤੇ ਇਹ ਦੁਗਣੇ ਦਿੰਦਾ ਹੈ, ਸੌਦਾ ਕੋਈ ਮਾੜਾ ਨਹੀਂ ਤਾਂ ਉਸ ਨੇ ਕਿਹਾ ਠੀਕ ਐ ਲੈ ਜਾਹ ਮਰਾਸੀ ਮਣ ਕਣਕ ਸਿਰ ਉੱਪਰ ਚੁੱਕ ਕੇ ਹੱਸਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਕੋਈ ਹੋਰ ਮਿਲ ਪਿਆ ਉਸ ਨੇ ਹਾਸੇ ਦਾ ਕਾਰਨ ਪੁੱਛਿਆ ਤਾਂ ਮਰਾਸੀ ਆਖਣ ਲੱਗਾ ਕਿ ਜੱਟ ਆਪਣੀ ਥਾਂ ਤੇ ਖੁਸ਼ ਸੀ ਕਿ ਮੇਰੀ ਮਣ ਕਣਕ ਦੁਗਣੀ ਹੋ ਗਈ ਹੈ। ਪਰ ਮੈਂ ਵੀ ਆਪਣੀ ਥਾਂ ਖੁਸ਼ ਹਾ ਅਤੇ ਹੱਸਦਾ ਤਾਂ ਹਾ ਕਿ ਆਪਾਂ ਕਿਹੜੀ ਮੋੜਣੀ ਐ? ਆਪਾਂ ਨੂੰ ਮਣ ਹੀ ਨਫੇ ਦੀ ਹੈ।

ਇਸ ਲਈ ਦੋਹੇ ਧਿਰਾਂ ਆਪਣੀ ਆਪਣੀ ਥਾਂ ਉੱਤੇ ਖੁਸ਼ ਹਨ, ਅੱਜ ਸੰਸਾਰ ਇੱਕ ਪਿੰਡ ਹੈ ਅਤੇ ਆਦਾਨ ਪ੍ਰਦਾਨ ਹੋਣਾ ਇੱਕ ਪਰਕਿਰਿਆ ਹੈ। ਪ੍ਰਧਾਨ ਮੰਤਰੀ ਕੋਈ ਹੋਵੇ ਦੇਸ਼ਾਂ ਦੇ ਲੈਣ ਦੇਣ ਸਮਝੌਤੇ ਚੱਲਦੇ ਹੀ ਰਹਿਣੇ ਹਨ ਅਤੇ ਚੱਲਦੇ ਆ ਵੀ ਰਹੇ ਹਨ, ਲੇਕਿਨ ਜੋ ਕੁੱਝ ਹਿੰਦੁਤਵ ਨੂੰ ਆਸ ਸੀ ਕਿ ਬਰਾਕ ਉਬਾਮਾ ਕੱਟੜਵਾਦੀ ਸਰਕਾਰ ਦੀਆਂ ਸਿਫਤਾਂ ਦੇ ਪੁਲ ਬੰਨ ਕੇ ਜਾਵੇਗਾ ਅਤੇ ਭਗਵੇਂ ਭਾਰਤ ਦੀਆਂ ਅਜੋਕੀਆਂ ਘੱਟ ਗਿਣਤੀ ਵਿਰੋਧੀ ਨੀਤੀਆਂ ਉੱਪਰ ਮੋਹਰ ਲਗਾ ਕੇ ਜਾਵੇਗਾ, ਉਸ ਗੱਲ ਦਾ ਬਰਾਕ ਉਬਾਮਾ ਨੇ ਬਹੁਤ ਹੀ ਖਿਆਲ ਰੱਖਿਆ ਹੈ। ਬੇਸ਼ੱਕ ਨਰਿੰਦਰ ਮੋਦੀ ਦੀ ਸਰਕਾਰ ਅਤੇ ਆਰ.ਐਸ.ਐਸ. ਨੇ ਬੜੇ ਹੀ ਸ਼ਾਤਰ ਦਿਮਾਗ ਨਾਲ, ਸਾਰੀਆਂ ਕੌਮਾਂ ਵਿੱਚੋਂ ਆਪਣੇ ਗੁਰਗੇ ਲੱਭਕੇ ਉਹਨਾਂ ਨੂੰ ਵੱਡੇ ਸਨਮਾਨ ਦਿੱਤੇ, ਜਿਵੇ ਸਿੱਖ ਵਿਰੋਧੀ ਕਾਰਜ਼ ਕਰਨ ਵਾਲੇ ਸ. ਪ੍ਰਕਾਸ਼ ਸਿਹੁੰ ਬਾਦਲ ਨੂੰ ਪਦਮ ਵਿਭੂਸ਼ਣ ਅਤੇ ਕੁੱਝ ਹੋਰ ਲੋਕਾਂ ਨੂੰ ਸਨਮਾਨ ਦੇ ਕੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਇਥੇ ਵੀ ਅਮਰੀਕਾ ਵਾਂਗੂੰ ਸਭ ਦਾ ਬਰਾਬਰ ਅਧਿਕਾਰ ਹੈ।

ਪਰ ਅਮਰੀਕੀ ਏਜੰਸੀਆਂ ਨੇ ਬਰਾਕ ਉਬਾਮਾ ਨੂੰ ਅੰਦਰਲੀ ਜਾਣਕਾਰੀ ਦਿੱਤੀ ਹੋਈ ਸੀ। ਐਵੇਂ ਨਹੀਂ ਅਮਰੀਕਾ ਨੇ ਕੁੱਝ ਸਿੱਖਾਂ ਦਾ ਕਿਸੇ ਸਿਰ ਫਿਰੇ ਅਮਰੀਕੀ ਵੱਲੋਂ ਗੁਰਦਵਾਰੇ ਵਿੱਚ ਗੋਲੀਆਂ ਚਲਾ ਕੇ ਕਤਲ ਕਰ ਦੇਣ ਉੱਪਰੰਤ ਰਾਸ਼ਟਰੀ ਤੌਰ 'ਤੇ ਸੋਗ ਮਨਾਉਂਦਿਆਂ ਪੰਜ ਦਿਨ ਵਾਸਤੇ ਅਮਰੀਕਾ ਦੇ ਰਾਸ਼ਟਰੀ ਝੰਡੇ ਝੁਕਾ ਦਿੱਤੇ ਸਨ। ਅਸਲ ਵਿੱਚ ਉਹ ਸਿੱਖ ਗੁਰੂ ਸਹਿਬਾਨ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਸੀ। ਬੇਸ਼ੱਕ ਮੁਸਲਿਮ ਕੱਟੜਵਾਦੀ ਜਮਾਤ ਨੇ ਵਰਲਡ ਟਰੇਡ ਸੈਂਟਰ ਉਡਾ ਕੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮਾਰ ਕੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰ ਅਮਰੀਕਾ ਨੇ ਕਿਸੇ ਮੁਸਲਿਮ ਨੂੰ ਸਿਰਫ ਮੁਸਲਿਮ ਹੋਣ ਪਿਛੇ ਤੰਗ ਨਹੀਂ ਕੀਤਾ। ਜਿਵੇ ਭਾਰਤ ਵਿੱਚ ਤਾਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਦੇ ਨਾਮ ਹੇਠ ਹਜ਼ਾਰਾਂ ਬੇਗੁਨਾਹ ਸਿੱਖ ਬੱਚੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤੇ ਗਏ, ਲੇਕਿਨ ਅਮਰੀਕਾ ਨੇ ਕਦੇ ਕਿਸੇ ਮੁਸਲਮਾਨ ਨੂੰ ਇਸ ਤਰਾਂ ਨਹੀਂ ਮਾਰਿਆ ਅਤੇ ਅਮਰੀਕਾ ਨੂੰ ਹਮੇਸ਼ਾ ਕਿਸੇ ਦੇ ਹੱਕਾਂ ਦਾ ਕਿਸੇ ਤਾਕਤ ਵੱਲੋਂ ਹਨਣ ਕੀਤੇ ਜਾਣ ਉੱਤੇ ਇਤਰਾਜ਼ ਰਹਿੰਦਾ ਹੈ। ਇਸ ਕਰਕੇ ਜਿਹੜੀ ਖੀਰ ਹਿੰਦੂਤਵ ਨੇ ਲੋਕਤੰਤਰ ਦੇ ਚੁੱਲੇ ਵਿੱਚ ਘੱਟ ਗਿਣਤੀਆਂ ਦਾ ਬਾਲਣ ਬਾਲ ਕੇ ਤਿਆਰ ਕੀਤੀ ਸੀ ਅਤੇ ਵਿੱਚ ਬਾਦਲ ,ਅਮਿਤਾਬ ਅਤੇ ਅਡਵਾਨੀ ਵਰਗੇ ਕਾਜੂ ਪਾ ਕੇ ਉਬਾਮਾ ਨੂੰ ਪੇਸ਼ ਕੀਤੀ ਸੀ, ਪਰ ਉਬਾਮਾ ਨੇ ਉਸ ਉੱਤੇ ਇਹ ਆਖ ਕੇ ਸਵਾਹ ਧੂੜ ਦਿੱਤੀ ਕਿ ਦੇਸ਼ ਨੂੰ ਧਾਰਮਿਕ ਕੱਟੜਤਾ ਤੋਂ ਪਾਸੇ ਰੱਖੋ, ਭਾਵ ਖੀਰ ਬਣਾਉਣੀ ਹੈ ਤਾਂ ਚਿੱਟੀ ਬਣਾਓ, ਭਗਵੀ ਖੀਰ ਨਾਲ ਦੁਨੀਆ ਸਹਿਮਤ ਨਹੀਂ ਹੈ। ਗੁਰੂ ਰਾਖਾ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top