Share on Facebook

Main News Page

ਸ਼੍ਰੋਮਣੀ ਕਮੇਟੀ ਸਿੱਖਾਂ ਦਾ ਸਰਬੱਤ ਖਾਲਸਾ ਨਹੀਂ, ਹੁਣ ਤਾਂ ਰਾਸ਼ਟਰੀ ਸੋਇਮ ਸੇਵਕ ਸੰਘ ਸੌਖੀ ਬਣ ਸਕਦੀ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪਿਛਲੇ ਕੁੱਝ ਦਿਨਾਂ ਤੋਂ ਸਿੱਖਾਂ ਦੇ ਉੱਲਝਦੇ ਮਸਲਿਆਂ ਅਤੇ ਆਰ.ਐਸ.ਐਸ. ਦੀ ਧੁਰ ਅੰਦਰ ਤੱਕ ਸਿੱਖ ਧਰਮ ਵਿੱਚ ਕੀਤੀ ਜਾ ਦਖਲ ਅੰਦਾਜੀ ਅਤੇ ਬਾਦਲ ਪਰਿਵਾਰ ਵੱਲੋਂ ਆਪਣੀ ਸੌੜੀ ਸਿਆਸਤ ਵਾਸਤੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਕਾਰਨ, ਸਿੱਖਾਂ ਮਨਾਂ ਅੰਦਰ ਆਪਣੇ ਧਰਮ ਸਿਧਾਂਤਾਂ ਨੂੰ ਲੈਕੇ ਕਾਫੀ ਚਿੰਤਾ ਹੋ ਰਹੀ ਹੈ। ਜਿਸਦੇ ਵਿੱਚੋਂ ਆਮ ਸਿੱਖ ਅਵਾਮ ਦੀ ਆਵਾਜ਼ ਉੱਠ ਰਹੀ ਹੈ ਕਿ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਿੱਖ ਜਜਬਾਤਾਂ ਦੀ ਤਰਜਮਾਨੀ ਨਹੀਂ ਕਰ ਰਹੀ, ਜਿਸ ਕਾਰਨ ਸਿੱਖ ਰੋਜ਼ ਖਵਾਰ ਹੋ ਰਹੇ ਹਨ ਅਤੇ ਆਮ ਸਿੱਖ ਸੰਗਤ ਇਸ ਦਾ ਪੱਕਾ ਹੱਲ ਸਰਬੱਤ ਖਾਲਸਾ ਰਾਹੀ ਲੱਭਣ ਵਾਸਤੇ ਕੋਸ਼ਿਸ਼ ਕਰਨ ਲੱਗ ਪਈ ਹੈ।

ਜਦੋਂ ਹਿੰਦੁਤਵ ਨੂੰ ਇਹ ਪਤਾ ਲੱਗਾ ਕਿ ਸਿੱਖ ਹੁਣ ਸਾਡੀ ਦਖਲ ਅੰਦਾਜੀ ਅਤੇ ਬੜੇ ਹੀ ਨਾਟਕੀ ਢੰਗ ਰਾਹੀ ਕੀਤੇ ਸਿੱਖ ਸੰਸਥਾਵਾਂ ਉੱਪਰ ਕਬਜ਼ੇ ਬਾਰੇ ਜਾਣ ਚੁੱਕੀ ਹੈ ਅਤੇ ਕਿਸੇ ਵੇਲੇ ਵੀ ਸਿੱਖ ਅਜਿਹੀ ਗੁਲਾਮੀ ਵਿਰੁੱਧ ਕਮਰਕੱਸੇ ਕਰਕੇ ਮੈਦਾਨ-ਏ-ਜੰਗ ਵਿੱਚ ਕੁੱਦ ਸਕਦੇ ਹਨ ਤਾਂ ਆਰ.ਐਸ.ਐਸ. ਨੇ ਆਪਣੀ ਸਿੱਖਾਂ ਵਿਚਲੀ ਫੋਰਸ ਨੂੰ ਸੁਚੇਤ ਕਰ ਦਿੱਤਾ ਹੈ, ਕਿ ਉਹ ਪ੍ਰਚਾਰ ਆਰੰਭ ਕਰ ਦੇਣ, ਕਿ ਸ਼੍ਰੋਮਣੀ ਕਮੇਟੀ ਹੀ ਸਰਬੱਤ ਖਾਲਸਾ ਹੈ। ਜਿਸਦੇ ਫਲਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦਾ ਬਿਆਨ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਆਪ ਵਿੱਚ ਹੀ ਇੱਕ ਸਰਬਤ ਖਾਲਸਾ ਹੈ ਅਤੇ ਸਿੱਖਾਂ ਦੀ ਪ੍ਰਤਿਨਿਧ ਜਮਾਤ ਹੈ।

ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ, ਜਿਸ ਨੂੰ ਸਿੱਖ ਪਾਰਲੀਮੈਂਟ ਵੀ ਆਖਿਆ ਜਾਂਦਾ ਹੈ। ਲੇਕਿਨ ਜੋ ਕੁੱਝ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜਾਂ ਜੋ ਕੁਝ ਉਥੇ ਹੋ ਰਿਹਾ ਹੈ, ਇਸ ਨੂੰ ਵੇਖ ਕੇ ਸਿੱਖ ਕਿਵੇ ਮੰਨ ਲੈਣ ਕਿ ਇਹ ਸਿੱਖਾਂ ਦੀ ਸਰਵਉੱਚ ਸੰਸਥਾ ਹੈ। ਹੁਣ ਦੀ ਤਾਜ਼ੀ ਕਾਰਗੁਜ਼ਾਰੀ ਵੇਖ ਕੇ ਤਾਂ ਇਹ ਹੀ ਆਖਣਾ ਵਾਜਿਬ ਹੋਵੇਗਾ ਕਿ ਇਹ ਸਾਧਾਂ ਦਾ ਇੱਕ ਸੁਮਰੀਮ ਡੇਰਾ ਜਾਂ ਫਿਰ ਨਾਗਪੁਰੀ ਸੋਚ ਦਾ ਉੱਪ ਦਫਤਰ ਹੈ, ਕਿਉਂਕਿ ਪਿਛਲੇ ਕੁੱਝ ਸਾਲਾਂ ਤੋਂ ਜਿੰਨੇ ਵੀ ਫੈਸਲੇ ਹੁੰਦੇ ਆ ਰਹੇ ਹਨ, ਉਹ ਸਿੱਧੇ ਤੌਰ ਤੇ ਡੇਰੇਦਾਰਾਂ ਨੂੰ ਲਾਭ ਦੇਣ ਵਾਲੇ ਹੀ ਹੋਏ ਹਨ ਜਾਂ ਫਿਰ ਭਗਵੇ ਲਾਣੇ ਦੀ ਸੋਚ ਨੂੰ ਸਮਰਪਿਤ ਹੋ ਕੇ ਕੀਤੇ ਗਏ ਹਨ। ਜਿਵੇ ਹੁਣ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਸੀ, ਉਸ ਵਿੱਚ ਪਹਿਲਾਂ ਤਾਂ ਸੋਧਾਂ ਬਿਨ੍ਹਾਂ ਸਿੱਖਾਂ ਦੀ ਰਾਇ ਤੋਂ ਸਿਰਫ ਆਰ.ਐਸ.ਐਸ. ਦੇ ਕਰਿੰਦੇ ਸਾਧ ਯੂਨੀਅਨ ਦੇ ਆਖੇ ਕੀਤੀਆਂ ਗਈਆਂ। ਜਦੋਂ ਗੁਰਪੁਰਬਾਂ ਨੂੰ ਲੈਕੇ ਸਾਧ ਅਤੇ ਆਰ.ਐਸ.ਐਸ. ਆਪਣੇ ਬੁਣੇ ਜਾਲ ਵਿੱਚ ਖੁਦ ਹੀ ਫਸਣ ਲੱਗੀ ਤਾਂ ਫਿਰ ਪੁਰਾਣੇ ਨਾਨਕਸ਼ਾਹੀ ਕੈਲੰਡਰ ਨੂੰ ਮੰਨ ਲੈਣ ਦੀ ਥਾਂ ਦੋਹਾਂ ਨੂੰ ਰੱਦ ਕਰਕੇ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੀ ਕੁਚਾਲ ਚੱਲੀ ਗਈ।

ਜੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਉੱਪਰ ਗੁਰੂ ਦੀ ਕਿਰਪਾ ਹੋਈ ਅਤੇ ਉਹਨਾਂ ਨੇ ਸਖਤ ਰੁਖ ਅਪਣਾਉਂਦਿਆਂ ਅਜਿਹੇ ਗੁਰਮਤੇ ਉੱਪਰ ਦਸਤਖਤ ਕਰਨ ਤੋਂ ਇਨਕਾਰ ਦਿੱਤਾ, ਜਿਹੜਾ ਆਖਣ ਨੂੰ ਗੁਰਮਤਾ ਸੀ, ਪਰ ਅਸਲੀਅਤ ਵਿੱਚ ਭਗਵਾਂ ਫਤਵਾ ਸੀ, ਤਦ ਵੀ ਸ਼੍ਰੋਮਣੀ ਕਮੇਟੀ ਨੇ ਆਰ.ਐਸ.ਐਸ. ਜਾਂ ਸਾਧ ਯੂਨੀਅਨ ਨੂੰ ਇਹ ਆਖਣ ਦੀ ਬਜਾਇ ਕਿ ਤਖਤ ਸਾਹਿਬਾਨਾਂ ਦੇ ਜਥੇਦਾਰ ਸਹਿਬਾਨ ਅਜਿਹੇ ਮਤੇ ਉੱਪਰ ਇੱਕਮਤ ਨਹੀਂ ਹਨ, ਇਸ ਵਾਸਤੇ ਇਹ ਕੈਲੰਡਰ ਹੁਣ ਰੱਦ ਨਹੀਂ ਹੋ ਸਕਦਾ। ਲੇਕਿਨ ਸ਼੍ਰੋਮਣੀ ਕਮੇਟੀ ਨੇ ਤਾਂ ਸਿੱਖਾਂ ਨੂੰ ਲਾਂਭੇ ਕਰਕੇ ਆਰ.ਐਸ.ਐਸ. ਦੀ ਖੁਸ਼ੀ ਲੈਣੀ ਸੀ, ਇਸ ਕਰਕੇ ਸੱਚ ਬੋਲਣ ਵਾਲੇ ਜਥੇਦਾਰ ਨੂੰ ਹੀ ਹਟਾਉਣ ਦੀ ਕੋਝੀ ਹਰਕਤ ਕਰ ਦਿੱਤੀ। ਜਿਸ ਕਰਕੇ ਸਿੱਖਾਂ ਦਾ ਭਰੋਸਾ ਹੁਣ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਸਮੇਂ ਅਗਵਾਈ ਕਰਨ ਵਾਲੀ ਟੀਮ ਉੱਤੋਂ ਬਿੱਲਕੁੱਲ ਖਤਮ ਹੋ ਗਿਆ ਹੈ।

ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਵਉਚ ਸੰਸਥਾ ਹੈ, ਪਰ ਇਸ ਨੂੰ ਚਲਾਉਣ ਵਾਲਿਆਂ ਦਾ ਕਿਰਦਾਰ ਇਸ ਸੰਸਥਾ ਦੇ ਮਿਆਰਾਂ ਸਾਹਮਣੇ ਤੁੱਛ ਵੀ ਨਹੀਂ ਰਿਹਾ। ਸਿਖਾਂ ਨੂੰ ਗਿਲਾ ਸ਼੍ਰੋਮਣੀ ਕਮੇਟੀ ਉੱਪਰ ਨਹੀਂ ਹੈ, ਜਿਹੜਾ ਰੋਹ ਜਾਂ ਰੋਸ ਹੈ ਉਹ ਇਸਦੇ ਪ੍ਰਬੰਧਕਾਂ ਉੱਪਰ ਹੈ, ਜਿਹੜੇ ਬਜੁਰਗਾਂ ਵੱਲੋਂ ਬਨਾਏ ਸਿਧਾਂਤਾਂ ਜਾਂ ਜਿਸ ਆਸ਼ੇ ਨੂੰ ਲੈਕੇ ਸਾਡੇ ਵਡਾਰੂਆਂ ਨੇ ਇਹ ਜੋਖਮ ਉਠਾਇਆ ਸੀ, ਨੂੰ ਅੱਖੋਂ ਪਰੋਖੇ ਕਰਕੇ ਗੁਰੂ ਸਿਧਾਂਤ ਦੀ ਥਾਂ ਕਿਸੇ ਭਗਵੀ ਸੋਚ ਦਾ ਮਾਧਿਅਮ ਬਣ ਚੁੱਕੇ ਹਨ। ਸਿਖਾਂ ਨੇ ਇੱਕ ਨਰਾਇਣੂ ਜਾਂ ਗਿਣਤੀ ਦੇ ਮਹੰਤਾਂ ਤੋਂ ਤੰਗ ਆ ਕੇ ਇੱਕ ਸੰਗਤੀ ਪ੍ਰਬੰਧ ਵਾਲੀ ਸੰਸਥਾ ਦੀ ਕਾਮਨਾ ਕੀਤੀ ਸੀ। ਪਰ ਅੱਜ ਸੰਗਤੀ ਪ੍ਰਬੰਧ ਕਿਥੇ ਹੈ। ਕੇਵਲ ਇੱਕ ਪਰਿਵਾਰ ਸਭ ਕੁੱਝ ਚਲਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਵੇਲੇ ਸਿੱਖਾਂ ਨੂੰ ਨਨਕਾਣਾ ਸਾਹਿਬ ਦੇ ਗੁਰਦਵਾਰੇ ਉੱਪਰ ਨਰਾਇਣੂ ਦੇ ਕਬਜ਼ੇ ਦਾ ਦੁੱਖ ਸੀ, ਲੇਕਿਨ ਅੱਜ ਇੱਕ ਨਹੀਂ ਸਾਰੇ ਹੀ ਗੁਰਦਵਾਰੇ ਵੀ ਨਹੀਂ, ਸਗੋਂ ਅਕਾਲ ਤਖਤ ਸਾਹਿਬ ਅਤੇ ਗੁਰਦਵਾਰਿਆਂ ਦੀ ਰਾਖੀ ਵਾਸਤੇ ਬਣਿਆ ਸੇਵਾ ਦਲ ( ਸ਼੍ਰੋਮਣੀ ਅਕਾਲੀ ਦਲ ) ਸਾਰਾ ਕੁਝ ਹੀ ਇੱਕ ਨਰਾਇਣੂ ਦੇ ਕਬਜ਼ੇ ਵਿੱਚ ਹੈ। ਸਿਰਫ ਇਹ ਵੀ ਨਹੀਂ ਕਿ ਅਜੋਕਾ ਨਰਾਇਣੂ ਸਿਰਫ ਆਪ ਹੀ ਦਖਲ ਅੰਦਾਜੀ ਕਰਦਾ ਹੋਵੇ, ਸਗੋਂ ਉਸ ਨੇ ਤਾਂ ਸਿੱਖਾਂ ਦੀ ਜਨਮਜਾਤ ਵਿਰੋਧੀ ਜਮਾਤ ਕੱਟੜਵਾਦੀ ਹਿੰਦੁਤਵ ਨੂੰ ਵੀ ਖੁੱਲੀ ਛੁੱਟੀ ਦੇ ਰੱਖੀ ਹੈ ਕਿ ਉਹ ਜਿਵੇ ਮਰਜ਼ੀ ਜਦੋਂ ਚਾਹੇ ਸਿੱਖਾਂ ਦੇ ਧਰਮ ਸਿਧਾਂਤਾਂ ਜਾਂ ਧਰਮ ਕਾਰਜਾਂ ਵਿੱਚ ਤਬਦੀਲੀਆਂ ਕਰੀ ਜਾਵੇ , ਫਿਰ ਸਿੱਖ ਸ਼੍ਰੋਮਣੀ ਕਮੇਟੀ ਨੂੰ ਕਿਵੇ ਸਰਬੱਤ ਖਾਲਸਾ ਮੰਨ ਸਕਦੇ ਹਨ ।

ਸ਼੍ਰੋਮਣੀ ਕਮੇਟੀ ਹਾਲੇ ਸੌ ਸਾਲ ਦੀ ਨਹੀਂ ਹੋਈ, ਪਰ ਸਰਬੱਤ ਖਾਲਸੇ ਦੀ ਉਮਰ ਤਿੰਨ ਸੌ ਸਾਲ ਦੀ ਹੋ ਚੁੱਕੀ ਹੈਇਤਿਹਾਸ ਗਵਾਹ ਹੈ ਗੁਰੂ ਕਲ ਤੋਂ ਬਾਅਦ ਸਿੱਖਾਂ ਨੂੰ ਜਦੋਂ ਬੜੇ ਕਠਿਨ ਹਾਲਾਤਾਂ ਵਿਚੋਂ ਗੁਜਰਨਾਂ ਪਿਆ ਤਾਂ ਉਸ ਸਮੇਂ ਸਿੱਖ ਅਗਲੀ ਰਣਨੀਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਵਾਸਤੇ ਸਰਬੱਤ ਖਾਲਸਾ ਹੀ ਬੁਲਾਉਂਦੇ ਸਨ। ਜਿਥੇ ਹੋਇਆ ਗੁਰਮਤਾ ਕੌਮੀ ਪ੍ਰੋਗ੍ਰਾਮ ਬਣ ਜਾਂਦਾ ਸੀ। ਜਿਸ ਨੂੰ ਲਾਗੂ ਕਰਨ ਵਾਸਤੇ ਸਿੱਖ ਆਪਣੀਆਂ ਜਾਨਾਂ ਵੀ ਕੁਰਬਾਨ ਕਰਦੇ ਸਨ। ਸਿੱਖਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਹੀਦ ਭਾਈ ਮਨੀ ਸਿੰਘ ਦਾ ਜੋ ਬੰਦ ਬੰਦ ਕੱਟਿਆ ਗਿਆ ਸੀ, ਉਹ ਵੀ ਸਰਬੱਤ ਖਾਸਲਾ ਬੁਲਾਏ ਜਾਣ ਦਾ ਮਾਮਲਾ ਸੀ। ਉਸ ਵੇਲੇ ਵੀ ਸਿੱਖਾਂ ਨੇ ਹਕੂਮਤ ਨੂੰ ਕੁੱਝ ਟੈਕਸ ਭਰਨ ਦੀ ਸ਼ਰਤ ਉੱਤੇ ਦਰਬਾਰ ਸਾਹਿਬ ਵਿਖੇ ਸਰਬੱਤ ਖਾਲਸਾ ਕਰਨ ਦਾ ਫੈਸਲਾ ਕਰ ਲਿਆ ਸੀ। ਪਰ ਹਕੂਮਤ ਨੇ ਬਦਨੀਤੀ ਵਰਤਦਿਆਂ ਅੰਦਰ ਖਾਤੇ ਸਾਰੀਆਂ ਫੌਜਾਂ ਨੂੰ ਗੁਪਤ ਆਦੇਸ਼ ਦੇ ਦਿੱਤੇ ਸਨ ਕਿ ਜਿਵੇ ਹੀ ਸਿੱਖ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਕੱਤਰ ਹੋਣ ਤਾਂ ਵੱਡਾ ਹਮਲਾ ਕਰਕੇ ਸਾਰੇ ਸਿੱਖ ਮਾਰ ਦਿੱਤੇ ਜਾਣ। ਪਰ ਸੂਝਵਾਨ ਅਤੇ ਗੁਰੂ ਸਾਹਿਬ ਦੀ ਪਾਰਸ ਵਰਗੀ ਸੋਚ ਦਾ ਸਪਰਸ਼ ਕਰਕੇ ਸੋਨਾ ਬਣ ਚੁੱਕੇ ਭਾਈ ਮਨੀ ਸਿੰਘ ਜੀ ਨੂੰ ਅਨਭਵ ਹੋ ਗਿਆ ਸੀ ਕਿ ਕੋਈ ਬੇਈਮਾਨੀ ਹੈ, ਉਹਨਾਂ ਨੇ ਤਰੁੰਤ ਸਿੱਖ ਜਥਿਆਂ ਨੂੰ ਸੁਨੇਹੇ ਭੇਜ ਦਿੱਤੇ ਕਿ ਕੋਈ ਵੀ ਅੰਮ੍ਰਿਤਸਰ ਸਾਹਿਬ ਨਾ ਆਵੇ, ਹਕੂਮਤ ਦੀ ਨੀਅਤ ਵਿੱਚ ਖੋਟ ਹੈ। ਇਸ ਕਰਕੇ ਕੋਈ ਵੀ ਸਰਬੱਤ ਖਾਲਸੇ ਵਿੱਚ ਨਾ ਆਇਆ ਅਤੇ ਤਿਲ ਫੁੱਲ ਇਕਠਾ ਨਾ ਹੋ ਸਕਿਆ ਅਤੇ ਹਕੂਮਤ ਦਾ ਟੈਕਸ ਦੇਣ ਜੋਗੀ ਮਾਇਆ ਨਹੀਂ ਸੀ। ਜਿਸ ਕਰਕੇ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਲਾਈ ਗਈ।

ਇਸ ਤੋਂ ਪਤਾ ਲੱਗਦਾ ਹੈ ਕਿ ਸਰਬੱਤ ਖਾਲਸਾ ਸਿੱਖਾਂ ਦੀ ਰਵਾਇਤ ਹੈ ਅਤੇ ਸਿੱਖ ਕੌਮ ਜਦੋਂ ਵੀ ਕਿਸੇ ਦੁਬਿਧਾ ਵਿੱਚ ਫਸੀ ਜਾਂ ਕਿਸੇ ਅਤਿ ਭਾਰੀ ਮੁਸ਼ਕਿਲ ਵਿੱਚ ਘਿਰੀ ਤਾਂ ਸਰਬੱਤ ਖਾਸਲਾ ਹੀ ਇੱਕ ਮਾਤਰ ਹੱਲ ਹੁੰਦਾ ਸੀ। ਅੱਜ ਵੀ ਸਿੱਖ ਕੌਮ ਕੁੱਝ ਅਜਿਹੇ ਹਾਲਾਤਾਂ ਵਿੱਚੋਂ ਹੀ ਲੰਘ ਰਹੀ ਹੈ ਅਤੇ ਹੁਣ ਮਹਿਸੂਸ ਹੁੰਦਾ ਹੈ ਕਿ ਸਿੱਖਾਂ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਸਖਤ ਜਰੂਰਤ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਵੱਲੋਂ ਦਿੱਤਾ ਬਿਆਨ ਕਿ ਸ਼੍ਰੋਮਣੀ ਕਮੇਟੀ ਹੀ ਸਰਬੱਤ ਖਾਲਸਾ ਹੈ।

ਪਹਿਲੀ ਗੱਲ ਤਾਂ ਇਹ ਬਿਆਨ ਸ. ਮੱਕੜ ਨੇ ਆਪਣੀ ਮਰਜ਼ੀ ਨਾਲ ਨਹੀਂ ਦਿੱਤਾ ਕਿਉਂਕਿ ਸਾਰਾ ਸਿੱਖ ਜਗਤ ਜਾਣਦਾ ਹੈ ਕਿ ਮੱਕੜ ਸਾਹਬ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਮੀਟਿੰਗ ਵਿੱਚ ਏਜੰਡੇ ਕਿਹੜੇ ਕਿਹੜੇ ਹਨ। ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਾਹਿਬ ਤੋਂ ਕੰਮ ਨਹੀਂ ਕਰ ਰਹੀ, ਸਗੋਂ ਚੰਡੀਗੜ੍ਹ ਦੀ ਗੁਲਾਮੀ ਵਿੱਚ ਵਿਚਰ ਰਹੀ ਹੈ। ਜਥੇਦਾਰ ਨੰਦਗੜ੍ਹ ਦੇ ਖਿਲਾਫ਼ ਵਾਲੀ ਮਹਾਂਦੋਸ਼ ਚਿੱਠੀ ਅਤੇ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਵਾਲਾ ਮਤਾ ਵੀ ਚੰਡੀਗੜ੍ਹ ਵਿਖੇ ਹੀ ਟਾਈਪ ਹੋ ਕੇ ਆਇਆ ਸੀ। ਮੱਕੜ ਸਾਹਿਬ ਨੂੰ ਤਾਂ ਬਣਿਆ ਬਣਾਇਆ ਮਤਾ ਹੀ ਮਿਲਦਾ ਹੈ, ਜਿਸ ਉੱਪਰ ਸਿਰਫ ਦਸਤਖਤ ਹੀ ਕਰਨੇ ਹੁੰਦੇ ਹਨ ਅਤੇ ਇਹ ਜੋ ਮਤੇ ਅੱਜਕੱਲ ਪਾਸ ਹੋ ਰਹੇ ਹਨ, ਸਿਰਫ ਚੰਡੀਗੜ੍ਹ ਨਹੀਂ ਅੱਗੋਂ ਨਾਗਪੁਰ ਅਤੇ ਸਾਧ ਯੂਨੀਅਨ ਦੀ ਸਲਾਹ ਨਾਲ ਪਾਸ ਹੋ ਕੇ ਆਉਂਦੇ ਹਨ।

ਫਿਰ ਕਿਵੇ ਮੰਨਿਆ ਜਾਵੇ ਕਿ ਸ਼੍ਰੋਮਣੀ ਕਮੇਟੀ ਸਰਬੱਤ ਖਾਲਸਾ ਹੈ। ਕਾਸ਼! ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਸਰਬੱਤ ਖਾਲਸਾ ਵਰਗੀ ਹੈਸੀਅਤ ਵਿੱਚ ਪੇਸ਼ ਕਰਨ ਦੇ ਕਾਬਲ ਹੋ ਜਾਂਦੀ ਤਾਂ ਸਿੱਖ ਪੰਥ ਨੂੰ ਆਹ ਦਿਨ ਕਦੇ ਨਾ ਵੇਖਣੇ ਪੈਂਦੇ ਕਿ ਬਿਨ੍ਹਾਂ ਨਿਸ਼ਾਨ ਸਾਹਿਬ ਵਾਲੇ ਡੇਰੇ ਵਿੱਚ ਗਿਰੀ ਅਤੇ ਸਵਾਮੀ ਨਾਮ ਲਿਖਵਾਉਣ ਵਾਲੇ ਭਗਵੀਆਂ ਗਿਲਤੀਆਂ ਬੰਨ ਕੇ ਗੇਰੂ ਰੰਗੇ ਸਾਧ ਸਿੱਖ ਵਿਦਵਾਨਾਂ ਦੇ ਖਿਲਾਫ਼ ਜਹਿਰ ਨਾ ਉਗਲਦੇ ਜਾਂ ਸਿੱਖਾਂ ਦਾ ਕੈਲੰਡਰ ਰੱਦ ਕਰਨ ਅਤੇ ਇੱਕ ਤਖਤ ਦੇ ਜਥੇਦਾਰ ਵਿਰੁਧ ਦੂਸ਼ਣਬਾਜ਼ੀ ਕਰਨ ਦੀ ਕਦੇ ਹਿੰਮਤ ਨਾ ਕਰਦੇ। ਅੱਜ ਸ਼੍ਰੋਮਣੀ ਕਮੇਟੀ ਉਹਨਾਂ ਲੋਕਾਂ ਦੀਆਂ ਗੱਲਾਂ ਨੂੰ ਪ੍ਰਵਾਨ ਕਰਵਾ ਕੇ ਕਿਵੇ ਕਹਿ ਸਕਦੀ ਹੈ ਕਿ ਇਹ ਸਰਬੱਤ ਖਾਲਸਾ ਦਾ ਰੂਪ ਹੈ।

ਹੁਣ ਸਿੱਖ ਜਾਗ੍ਰਿਤ ਹੋ ਚੁੱਕਿਆ ਹੈ। ਜਰੂਰੀ ਨਹੀਂ ਕਿ ਪੰਜਾਬ ਦੀ ਧਰਤੀ ਉੱਤੇ ਹੀ ਸਰਬੱਤ ਖਾਲਸਾ ਹੋਣਾ ਹੈ। ਜਦੋਂ ਦਰਬਾਰ ਸਾਹਿਬ ਜਾਂ ਹੋਰ ਗੁਰੂ ਅਸਥਾਨ ਸਿੱਖਾਂ ਕੋਲ ਨਹੀਂ ਹਕੂਮਤਾਂ ਦੇ ਕਬਜ਼ੇ ਵਿੱਚ ਸਨ ਜਾਂ ਢਾਹ ਦਿੱਤੇ ਗਏ ਸਨ, ਤਾਂ ਉਸ ਵੇਲੇ ਸਿੱਖ ਕਾਹਨੂੰਵਾਨ ਦੇ ਸ਼ੰਭਾਂ ਵਿੱਚ ਵੀ ਇਕੱਠੇ ਹੋਕੇ ਗੁਰਮਤੇ ਕਰਦੇ ਸਨ, ਜਿਹੜੇ ਸਰਬੱਤ ਖਾਲਸਾ ਦਾ ਹੀ ਰੂਪ ਸਨ। ਹੁਣ ਵੀ ਜੇ ਭਗਵੀ ਸੋਚ ਦੇ ਅਧੀਨ ਵਿਚਰਦਾ ਹਕੂਮਤੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੇ ਜਥੇਦਾਰ ਅਤੇ ਸਾਧ ਯੂਨੀਅਨ ਸਿੱਖਾਂ ਨੂੰ ਇਥੇ ਸਰਬੱਤ ਖਾਲਸਾ ਕਰਨ ਦੀ ਇਜ਼ਾਜਤ ਨਹੀਂ ਦੇਵੇਗੀ ਤਾਂ ਫਿਰ ਕਾਹਨੂੰਵਾਨ ਦੇ ਸ਼ੰਭ ਭਾਵ ਅਮਰੀਕਾ, ਕਨੇਡਾ, ਇੰਗਲੈੰਡ ਜਾਂ ਯੂਰਪ ਦੀ ਧਰਤੀ ਉੱਤੇ ਵੀ ਸਰਬੱਤ ਖਾਲਸਾ ਹੋ ਸਕਦਾ ਹੈ। ਜਿਸ ਨਾਲ ਕੌਮ ਆਪਣੇ ਭਵਿੱਖ ਦੇ ਪ੍ਰੋਗ੍ਰਾਮ ਉਲੀਕ ਸਕੇਗੀ। ਅਜੋਕੀ ਸ਼੍ਰੋਮਣੀ ਕਮੇਟੀ ਨੂੰ ਸਰਬੱਤ ਖਾਲਸਾ ਆਖਣਾ ਜਾਂ ਮੰਨਣਾ ਸਰਬੱਤ ਖਾਲਸਾ ਨਾਲ ਮਜ਼ਾਕ ਜਾਂ ਅਪਮਾਨ ਹੀ ਆਖਿਆ ਜਾ ਸਕਦਾ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top