Share on Facebook

Main News Page

ਸਿੱਖ ਪਹਿਚਾਣ ਲਈ ਵਿਸ਼ਵ ਵਿਆਪੀ ਮੁਹਿੰਮ ਦੀ ਲੋੜ
-: ਜਸਪਾਲ ਸਿੰਘ ਹੇਰਾਂ

ਅਮਰੀਕਾ ‘ਚ ਸਿੱਖਾਂ ਦੀ ਇੱਕ ਜੱਥੇਬੰਦੀ ਨੈਸ਼ਨਲ ਸਿੱਖ ਕੰਪੇਨ ਵਲੋਂ ਕਰਵਾਏ ਗਏ ਸਰਵੇਖਣ ਨਾਲ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਸਿੱਖਾਂ ਦੀ ਚਿੰਤਾ ‘ਚ ਵਾਧਾ ਹੋਣਾ ਸੁਭਾਵਿਕ ਹੈ। ਜਿਸ ਦੇਸ਼ ‘ਚ ਸਿੱਖਾਂ ਦੀ ਗਿਣਤੀ 5 ਲੱਖ ਦੇ ਕਰੀਬ ਹੈ ਅਤੇ ਮੱਹਤਵਪੂਰਨ ਅਹੁਦਿਆਂ ਤੱਕ ਵੀ ਪੁੱਜੇ ਹੋਏ ਹਨ। ਉਸ ਦੇਸ਼ ‘ਚ ਸਿੱਖਾਂ ਨਾਲ ਵਾਪਰੀ ਭਿਆਨਕ ਤ੍ਰਾਸਦੀ ਤੇ ਅਮਰੀਕਾ ਦਾ ਕੌਮੀ ਝੰਡਾ 5 ਦਿਨ ਝੁੱਕਿਆ ਰਹਿੰਦਾ ਹੈ, ਉਸ ਦੇਸ਼ ‘ਚ ਸਿੱਖਾਂ ਬਾਰੇ ਅਤੇ ਸਿੱਖ ਧਰਮ ਬਾਰੇ ਸਿਰਫ 11 ਫੀਸਦੀ ਅਮਰੀਕੀ ਹੀ ਚੰਗੀ ਜਾਣਕਾਰੀ ਰੱਖਦੇ ਹਨ। 60 ਫੀਸਦੀ ਅਮਰੀਕਨਾਂ ਨੂੰ ਸਿੱਖਾਂ ਦੇ ਵੱਖਰੇ ਧਰਮ ਬਾਰੇ, ਵੱਖਰੀ ਪਹਿਚਾਣ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।

ਅੱਜ ਜਦੋਂ ਸਿੱਖ ਵਿਸ਼ਵ ਵਿਆਪੀ ਕੌਮ ਬਣ ਚੁੱਕੀ ਹੈ, ਦੁਨੀਆਂ ਦੇ ਕੋਣੇ-ਕੋਣੇ ‘ਚ ਸਿੱਖ ਰਹਿੰਦੇ ਹਨ, ਉਨਾਂ ਦੀ ਹਰ ਦੇਸ਼ ‘ਚ ਮਹੱਤਵਪੂਰਨ ਹੋਂਦ ਤੇ ਉਸ ਦੇਸ਼ ਦੇ ਵਿਕਾਸ ‘ਚ ਮਹੱਤਵਪੂਰਨ ਯੋਗਦਾਨ ਵੀ ਹੈ। ਇਸਦੇ ਬਾਵਜੂਦ ਜੇ ਸਿੱਖਾਂ ਬਾਰੇ ਸਿੱਖ ਧਰਮ ਬਾਰੇ, ਉਥੋਂ ਦੇ ਬਹੁਗਿਣਤੀ ਲੋਕਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਤਾਂ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ। ਅਮਰੀਕਾ ਤੇ ਹੋਏ 9/11 ਹਮਲੇ ਤੋਂ ਬਾਅਦ ਸਿੱਖਾਂ ਤੇ ਮੁਸਲਮਾਨ ਹੋਣ ਦੇ ਭੁਲੇਖੇ ‘ਚ ਹੋਏ ਹਮਲਿਆਂ ਤੋਂ ਬਾਅਦ ਦੀ ਸਿੱਖ ਕੌਮ ਨੇ ਆਪਣੀ ਵੱਖਰੀ ਪਹਿਚਾਣ ਬਾਰੇ ਦੁਨੀਆਂ ਨੂੰ ਜਾਗਰੂਕ ਕਰਾਉਣ ਲਈ ਕੋਈ ਵਿਸ਼ੇਸ਼ ਯੋਜਨਾਬੰਦੀ ਨਹੀਂ ਉਲੀਕੀ। ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਸਿੱਖਾਂ ਦੀ ਵਿਸ਼ਵਵਿਆਪੀ ਹੋਂਦ ਕਾਰਣ, ਉਨਾਂ ਲਈ ਅਜਿਹੀ ਵਿਸ਼ਵ ਪੱਧਰੀ ਸੰਸਥਾ ਜਿਸਨੂੰ ਯੂ.ਐਨ.ਓ. ਵਜੋਂ ਮਾਨਤਾ ਹੋਵੇ, ਜਰੂਰ ਹੋਣੀ ਚਾਹੀਦੀ ਹੈ। ਤਾਂ ਕਿ ਸਿੱਖਾਂ ਨੂੰ ਦਰਪੇਸ਼ ਵਿਸ਼ਵ ਵਿਆਪੀ ਵੱਖ-ਵੱਖ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ। ਅੱਜ ਵੱਖ-ਵੱਖ ਦੇਸ਼ਾਂ ‘ਚ ਬੈਠੇ ਸਿੱਖਾਂ ਪਾਸ ਸਾਧਨਾਂ ਦੀ ਕਮੀ ਨਹੀਂ, ਸਰਮਾਏ ਦੀ ਕਮੀ ਨਹੀਂ, ਇਸ ਲਈ ਸਿੱਖ ਧਰਮ ਦੀ ਮਹਾਨਤਾ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ 21ਵੀਂ ਸਦੀ ਦੇ ਅਤਿ ਆਧੁਨਿਕ ਸੰਚਾਰ ਸਾਧਨਾਂ ਨਾਲ ਪ੍ਰਭਾਵਸ਼ਾਲੀ ਪ੍ਰਚਾਰ ਦੀ ਲਹਿਰ ਆਰੰਭਣੀ ਚਾਹੀਦੀ ਹੈ।

ਅੱਜ ਸਮਾਂ ਆ ਗਿਆ ਹੈ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ‘ਚ ਵਿਸ਼ਵ ਨੂੰ ਹਰ ਪੱਧਰ 'ਤੇ ਅਗਵਾਈ ਦੇਣ ਦੀ ਸਮਰੱਥਾ ਤੋਂ ਦੁਨੀਆਂ ਨੂੰ ਜਾਣੂ ਕਰਵਾਈਏ ਤਾਂ ਕਿ ਦੁਨੀਆਂ ਇਹ ਪ੍ਰਵਾਨ ਕਰਨ ਲੱਗ ਪਏ ਕਿ ਜੇ ਕਿਸੇ ਧਾਰਮਿਕ ਗ੍ਰੰਥ ‘ਚ ਵਿਸ਼ਵ ਦਾ ਸਾਂਝਾ ਗ੍ਰੰਥ ਬਣਨ ਦੀ ਸਮਰੱਥਾ ਹੈ, ਜਿਹੜਾ ਸੱਚੀਮੁੱਚੀ ਸੰਸਾਰ ਨੂੰ ਇੱਕ ਸਾਂਝੇ ਪਿੰਡ ‘ਚ ਬੰਨ ਕੇ ਰੱਖ ਸਕਦਾ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਿੱਖ ਧਰਮ ਦੇ ਮਹਾਨ ਸਿਧਾਂਤ, ਪ੍ਰੰਪਰਾਵਾਂ, ਵਿਰਸਾ ਤੇ ਇਤਿਹਾਸ ਤੋਂ ਦੁਨੀਆਂ ਨੂੰ ਜਾਣੂੰ ਕਰਵਾਉਣ ਦੀ ਲੋੜ ਹੈ।

ਦਸਤਾਰ ਦਾ, ਕੇਸਾਂ ਦਾ ਮੱਨੁਖੀ ਜੀਵਨ ‘ਚ ਰੂਹਾਨੀ, ਧਾਰਮਿਕ, ਸਮਾਜਿਕ ਤੇ ਵਿਗਿਆਨਿਕ ਮੱਹਤਵ ਹੈ। ਇਸ ਬਾਰੇ ਵੀ ਜਾਣੂ ਕਰਵਾਉਣ ਦੀ ਲੋੜ ਹੈ। ਸਾਡੀ ਕੌਮ ਗੁਰੂ ਘਰਾਂ ਤੇ ਕਰੋੜਾਂ-ਅਰਬਾਂ ਖਰਚ ਰਹੀ ਹੈ। ਨਗਰ ਕੀਰਤਨਾਂ, ਕੀਰਤਨ ਦਰਬਾਰਾਂ ’ਤੇ ਲੰਗਰਾਂ ਤੇ ਬੇਥਾਹ ਖਰਚ ਕੀਤਾ ਜਾ ਰਿਹਾ ਹੈ। ਪ੍ਰੰਤੂ ਅਸੀਂ ਆਪਣੇ ਮਹਾਨ ਧਰਮ ਦੇ ਸਿਧਾਂਤਾਂ ਨੂੰ, ਗੁਰਬਾਣੀ ਦੀ ਰੋਸ਼ਨੀ ਨੂੰ ਦੁਨੀਆਂ ਤੱਕ ਲੈ ਕੇ ਜਾਣ ਤੋਂ ਅਸਮਰੱਥ ਹਾਂ, ਜਿਸ ਕਾਰਣ ਦੁਨੀਆਂ ਨੂੰ ਅੱਜ ਵੀ ਸਾਡੇ ਧਰਮ ਅਤੇ ਸਾਡੀ ਵੱਖਰੀ ਪਹਿਚਾਣ ਦੀ ਕੋਈ ਜਾਣਕਾਰੀ ਹੀ ਨਹੀਂ। ਅਸੀਂ ਈਰਖਾ-ਵੱਸ, ਲਾਲਚ-ਵੱਸ, ਇਕ ਦੂਜੇ ਦੀਆਂ ਲੱਤਾ ਖਿੱਚਣ, ਪੱਗਾਂ ਲਾਹੁਣ ‘ਚ ਤਾਂ ਲੱਗੇ ਰਹਿੰਦੇ ਹਾਂ। ਪ੍ਰੰਤੂ ਆਪਣੀ ਕੌਮ ਦੀ ਆਨ-ਸ਼ਾਨ ਵਧਾਉਣ ਦਾ ਨਾ ਫਿਕਰ ਕਰਦੇ ਹਾਂ ਅਤੇ ਨਾ ਹੀ ਲੋੜ ਮਹਿਸੂਸ ਕਰਦੇ ਹਾਂ।

ਅੱਜ ਜਦੋਂ ਅਮਰੀਕਾ ਦੇ ਅੰਕੜੇ ਸਾਡੇ ਸਾਹਮਣੇ ਆ ਚੁੱਕੇ ਹਨ ਅਤੇ ਬਾਕੀ ਮੁਲਕਾਂ ‘ਚ ਵੀ ਅਜਿਹੀ ਹਾਲਤ ਹੀ ਹੋਵੇਗੀ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਤਾਂ ਕੌਮ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ, ਨਵੀਂ ਯੋਜਨਾਬੰਦੀ ਉਲੀਕ ਕੇ, ਸਿੱਖੀ ਦੇ ਪ੍ਰਚਾਰ ਲਈ ਜੁੱਟ ਜਾਣਾ ਚਾਹੀਦਾ ਹੈ। ਇਸ ਲਈ ਵਿਸ਼ਵ-ਪੱਧਰੀ ਸਿੱਖ ਸੰਸਥਾ ਸਭ ਤੋਂ ਜਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਵਿਸ਼ਵ ‘ਚ ਬੈਠੇ ਸਾਰੇ ਸਿੱਖ ਚਿੰਤਕ ਅਤੇ ਪੰਥ ਦਰਦੀ ਸਿਰ ਜੋੜ ਕੇ ਬੈਠਣ ਅਤੇ ਸਿੱਖ ਧਰਮ ਨੂੰ ਵਿਸ਼ਵ ਧਰਮ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸ਼ਵ ਗ੍ਰੰਥ ਦਾ ਦਰਜਾ ਦਿਵਾਉਣ ਲਈ ਮੁਹਿੰਮ ਦੀ ਅੱਜ ਹੀ ਆਰੰਭਤਾ ਕੀਤੀ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top