Share on Facebook

Main News Page

ਪ੍ਰਕਾਸ਼ ਸਿੰਘ ਬਾਦਲ ਅਤੇ ਨੈਲਸਨ ਮੰਡੇਲਾ; ਹੈ ਕੋਈ ਮੁਕਾਬਲਾ ?
-: ਨਿਰਮਲ ਸਿੰਘ ਕੰਧਾਲਵੀ

ਬੀਬਾ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ਼ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਨ ਦਾ ਖ਼ਿਤਾਬ ਮਿਲਣ ‘ਤੇ ਬੋਲਦਿਆਂ ਸ੍ਰੀ ਬਾਦਲ ਦੀ ਤੁਲਨਾ ਸ੍ਰੀ ਨੈਲਸਨ ਮੰਡੇਲਾ ਨਾਲ਼ ਕੀਤੀ ਹੈ। ਸਗੋਂ ਸ੍ਰੀ ਬਾਦਲ ਦਾ ਜੇਲ੍ਹਾਂ ਵਿਚ ਰਹਿਣ ਦਾ ਸਮਾਂ 18 ਸਾਲ ਦੱਸਿਆ ਅਤੇ ਸ਼੍ਰੀ ਮੰਡੇਲਾ ਦਾ 16 ਸਾਲ। ਬੀਬਾ ਜੀ ਨੂੰ ਪਹਿਲਾਂ ਥੋੜ੍ਹਾ ਹੋਮ ਵਰਕ ਕਰ ਕੇ ਸਹੀ ਤੱਥ ਪਤਾ ਕਰ ਲੈਣੇ ਚਾਹੀਦੇ ਸਨ। ਸ੍ਰੀ ਨੈਲਸਨ ਮੰਡੇਲਾ ਨੇ ਕੁੱਲ 27 ਸਾਲ ਜੇਲ੍ਹਾਂ ‘ਚ ਗੁਜ਼ਾਰੇ ਸਨ ਤੇ ਉਹ ਵੀ ਬਾਮੁਸ਼ੱਕਤ ਸਜ਼ਾ ਨਾਲ਼।

ਸ੍ਰੀ ਬਾਦਲ ਦੀ ਸਜ਼ਾ ਦਾ ਮੁਕਾਬਲਾ ਕਿਸੇ ਵੀ ਹਾਲਤ ਵਿਚ ਨੈਲਸਨ ਮੰਡੇਲਾ ਨਾਲ਼ ਨਹੀਂ ਕੀਤਾ ਜਾ ਸਕਦਾ। ਭਾਰਤ ਵਿਚ ਬੱਚਾ ਬੱਚਾ ਜਾਣਦਾ ਹੈ ਕਿ ਉੱਥੇ ਵੱਡੇ ਕੱਦ ਵਾਲ਼ੇ ਸਿਆਸੀ ਕੈਦੀ ਕਿਸ ਤਰ੍ਹਾਂ ਦੀ ‘ਕੈਦ’ ਕੱਟਦੇ ਹਨ। ਕਈ ਵਾਰੀ ਤਾਂ ਇਹ ਸਿਆਸੀ ਲੋਕ ਆਪ ਜੇਲ੍ਹ ਵਿਚ ਜਾਂਦੇ ਹਨ। ਇਹ ਗੱਲਾਂ ਅਸੀਂ ਖ਼ੁਦ ਉਹਨਾਂ ‘ਕੈਦੀਆਂ’ ਤੋਂ ਕਈ ਸਾਲ ਪਹਿਲਾਂ ਸੁਣੀਆਂ ਸਨ ਜਿਹੜੇ ਇਹੋ ਜਿਹੇ ਡਰਾਮਿਆਂ ‘ਚ ਆਪ ਸ਼ਾਮਲ ਹੁੰਦੇ ਰਹੇ ਸਨ। ਸਜ਼ਾ ਦੇ ਇਹੋ ਜਿਹੇ ਡਰਾਮੇ ਇਹਨਾਂ ਲੀਡਰਾਂ ਦਾ ਕੱਦ- ਬੁੱਤ ਹੋਰ ਵਧਾ ਦਿੰਦੇ ਹਨ ਤੇ ਇਹ ਲੋਕਾਂ ਦੀ ਹਮਦਰਦੀ ਬਟੋਰਨ ਵਿਚ ਕਾਮਯਾਬ ਹੋ ਜਾਂਦੇ ਹਨ। ਜਿਸ ਦੇਸ਼ ਵਿਚ ਮੁਜਰਿਮ ਜੇਲ੍ਹਾਂ ‘ਚ ਬੈਠੇ ਹੀ ਆਪਣਾ ਕਾਰੋਬਾਰ ਚਲਾ ਸਕਦੇ ਹਨ, ਹਰ ਸੁਖ ਸਹੂਲਤ ਜੇਲ੍ਹ ਵਿਚ ਹੀ ਪ੍ਰਾਪਤ ਕਰ ਸਕਦੇ ਹਨ, ਉੱਥੇ ਇਹੋ ਜਿਹੇ ਲੀਡਰਾਂ ਨੂੰ ਤੱਤੀ ਵਾਅ ਲੱਗ ਸਕਦੀ ਹੈ। ਜੇਲ੍ਹ ਭੇਜਣੇ ਵਾਲ਼ਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਕੱਲ੍ਹ ਨੂੰ ਉਹਨਾਂ ਦੀ ਆਪਣੀ ਵਾਰੀ ਵੀ ਆ ਸਕਦੀ ਹੈ।

ਹਾਂ! ਅੰਗਰੇਜ਼ ਦੇ ਵੇਲੇ ਦੀਆਂ ਸਜ਼ਾਵਾਂ ਦੇ ਵੇਰਵੇ ਸੁਣਨ ਵਾਲਿਆਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਸਾਊਥ ਅਫ਼ਰੀਕਾ ਵਿਚ ਵੀ ਉਹੋ ਹੀ ਜ਼ਾਲਮ ਅੰਗਰੇਜ਼ ਰਾਜ ਕਰਦਾ ਸੀ। ਸੋ, ਬੀਬੀ ਜੀ, ਸਾਡੇ ਮੁਤਾਬਿਕ ਬਾਦਲ ਜੀ ਦੀ ਜੇਲ੍ਹ ਯਾਤਰਾ ਦਾ ਮੁਕਾਬਲਾ ਨੈਲਸਨ ਮੰਡੇਲਾ ਨਾਲ਼ ਕਰ ਕੇ ਨੈਲਸਨ ਮੰਡੇਲਾ ਦਾ ਕੱਦ ਤੁਸੀਂ ਘਟਾ ਨਹੀਂ ਸਕਦੇ ਤੇ ਨਾ ਹੀ ਬਾਦਲ ਸਾਹਿਬ ਦਾ ਵਧਾ ਸਕਦੇ ਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top