Share on Facebook

Main News Page

ਐ ਪੰਜਾਬ ! ਕੌਣ ਕਰੂਗਾ ਤੇਰੇ ਪਾਣੀਆਂ ਦੀ ਰਾਖੀ….. ..?
-: ਗੁਰਿੰਦਰਪਾਲ ਸਿੰਘ ਧਨੌਲਾ 93161-76519

ਪਾਣੀ ਕੁਦਰਤੀ ਨਿਆਮਤ ਹੈ। ਗੁਰੂ ਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਪਾਣੀ ਨੂੰ ਬਹੁਤ ਅਹਿਮੀਅਤ ਦਿੱਤੀ ਹੈ ਅਤੇ ਇਸ ਗੱਲ ਨੂੰ ਬੜਾ ਸਪੱਸ਼ਟ ਕੀਤਾ ਹੈ ਕਿ ਪਾਣੀ ਹੀ ਜੀਵਨ ਦਾ ਆਧਾਰ ਹੈ ਅਤੇ ਦੁਨੀਆਂ ਵਿੱਚ ਵਿਚਰਦਿਆਂ ਸਭਨੀਂ ਥਾਈਂ ਇਨਸਾਨ ਦਾ ਵਾਹ ਪਾਣੀ ਨਾਲ ਰਹਿੰਦਾ ਹੈ। ਜਿਸ ਧਰਤੀ, ਸੂਬੇ ਜਾਂ ਦੇਸ਼ ਕੋਲ ਪਾਣੀ ਨਹੀਂ, ਉਥੇ ਹਰਿਆਲੀ ਨਹੀਂ ਹੁੰਦੀ ਅਤੇ ਲੋਕ ਖੁਸ਼ਹਾਲੀ ਦਾ ਆਨੰਦ ਨਹੀਂ ਮਾਣ ਸਕਦੇ। ਇਸ ਕਰਕੇ ਪੁਰਾਤਨ ਕਾਲ ਵਿੱਚ ਵੀ ਜਦੋਂ ਮਨੁੱਖ ਕਬੀਲਿਆਂ ਦੀ ਸ਼ਕਲ ਵਿਚ ਰਹਿੰਦਾ ਸੀ, ਤਦ ਵੀ ਪਾਣੀ ਦੇ ਨੇੜੇ ਦਾ ਟਿਕਾਣਾ ਦੇਖ ਕੇ ਆਪਣਾ ਪੜਾਅ ਕਰਦਾ ਸੀ ਅਤੇ ਬਹੁਤ ਵਾਰੀ ਪਾਣੀ ਨੂੰ ਲੈ ਕੇ ਲੋਕਾਂ ਵਿੱਚ ਵੱਡੇ ਝਗੜੇ ਵੀ ਹੋਏ ਹਨ। ਇਕ ਇਹ ਵੀ ਇਤਿਹਾਸਕ ਸੱਚਾਈ ਹੈ ਕਿ ਵੱਡੇ ਜੰਗਜੂ ਜਰਨੈਲ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲਾਂ ਦੇ ਹਮਲਿਆਂ ਦਾ ਜਵਾਬ ਦੇਣ ਸਮੇਂ ਹੋਏ ਯੁੱਧ ਵਿੱਚ ਗੁਰੂ ਸਾਹਿਬ ਨੇ ਵੀ ਹਮੇਸ਼ਾ ਪਾਣੀ ਵਾਲਾ ਟਿਕਾਣਾ ਹੀ ਮੱਲਿਆ ਅਤੇ ਬਹੁਤੀ ਥਾਈਂ ਦੁਸ਼ਮਣ ਦੀ ਵੱਡੀ ਗਿਣਤੀ ਪਾਣੀ ਨਾ ਮਿਲਣ ਕਰਕੇ ਜੰਗ ਦੇ ਮੈਦਾਨ ਵਿੱਚੋਂ ਉਖੜਦੀ ਰਹੀ। ਇਸ ਕਰਕੇ ਜਿਥੇ ਪੁਰਾਣੇ ਸਮੇਂ ਵਿੱਚ ਪਾਣੀ ਦੀ ਵਰਤੋਂ ਦੀ ਅਹਿਮੀਅਤ ਦਾ ਪਤਾ ਲਗਦਾ ਹੈ, ਉਥੇ ਪਾਣੀ ਕਰਕੇ ਹੋਏ ਝਗੜਿਆਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ।

ਜਿਵੇਂ ਜਿਵੇਂ ਦੁਨੀਆਂ ਤਰੱਕੀ ਕਰਦੀ ਗਈ, ਮਨੁੱਖ ਨੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਵਾਸਤੇ ਅਤੇ ਪਾਣੀ ਦੀ ਸ਼ਕਤੀ ਦੀ ਵਰਤੋਂ ਨਾਲ ਸ਼ੁਰੂ ਵਿਚ ਆਟਾ ਪੀਸਣ ਵਾਲੇ ਘਰਾਟ ਅਤੇ ਫਿਰ ਪਣ-ਬਿਜਲੀ ਪਲਾਂਟ ਹੋਂਦ ਵਿਚ ਲਿਆਂਦੇ, ਜਿਸ ਨਾਲ ਪਾਣੀ ਦੀ ਅਹਿਮੀਅਤ ਅਤੇ ਲੋੜ ਅਜੋਕੇ ਯੁੱਗ ਵਿੱਚ ਹੋਰ ਵੀ ਮਹੱਤਵਪੂਰਨ ਹੋ ਨਿੱਬੜੀ। ਜਿਵੇਂ-ਜਿਵੇਂ ਲੋਕਾਂ ਵਿੱਚ ਜਾਗ੍ਰਤੀ ਆਈ, ਪਾਣੀ ਦੀ ਵਰਤੋਂ ਅਤੇ ਸੰਭਾਲ ਨੂੰ ਲੈ ਕੇ ਝਗੜਿਆਂ ਵਿੱਚ ਹੁੰਦਾ ਵਾਧਾ ਵੇਖ ਕੇ ਦੁਨੀਆਂ ਭਰ ਦੇ ਵਿੱਚ ਪਾਣੀ ਵਾਸਤੇ, ਇਕੋ ਕਾਨੂੰਨ ਲਾਗੂ ਕੀਤਾ ਗਿਆ, ਜਿਸਨੂੰ ‘ਰਿਪੇਰੀਅਨ ਲਾਅ’ ਦਾ ਨਾਂਅ ਦਿੱਤਾ ਗਿਆ, ਭਾਵ ਪਾਣੀਆਂ ਦਾ ਕੌਮਾਂਤਰੀ ਕਾਨੂੰਨ। ਇਸਦੀ ਵਿਆਖਿਆ ਵਿੱਚ ਬੜਾ ਸਪੱਸ਼ਟ ਲਿਖਿਆ ਹੈ ਕਿ ਜਿਸ ਸੂਬੇ, ਦੇਸ਼ ਜਾਂ ਧਰਤੀ ਉੱਪਰੋਂ ਦਰਿਆ ¦ਘਦੇ ਹਨ ਅਤੇ ਜਿਹੜੇ ਲੋਕ ਇਨ੍ਹਾਂ ਦਰਿਆਵਾਂ ਦੇ ਪਾਣੀਆਂ ਦੀ ਮਾਰ ਝੱਲਦੇ ਹਨ ਅਤੇ ਕਈ ਵਾਰੀ ਮਹਾਂਮਾਰੀ ਦੇ ਅੰਜ਼ਾਮ ਤੱਕ ਵੀ ਦੇਖਦੇ ਹਨ ਤਾਂ ਪਾਣੀ ’ਤੇ ਹੱਕ ਵੀ ਉਨ੍ਹਾਂ ਲੋਕਾਂ ਦਾ ਹੀ ਹੁੰਦਾ ਹੈ। ਇਥੋ ਤੱਕ ਕਿ ਇਹ ਕਾਨੂੰਨ ਇਹ ਵੀ ਦਰਸਾਉਂਦਾ ਹੈ ਕਿ ਜਿਹੜੇ ਲੋਕ ਦਰਿਆਵਾਂ ਦੇ ਕੰਢਿਆਂ ਦੇ ਬਾਸ਼ਿੰਦੇ ਹਨ ਜਾਂ ਜਿਹੜੀ ਜ਼ਮੀਨ ਦਰਿਆਵਾਂ ਦੇ ਬਿਲਕੁਲ ਨੇੜੇ ਹੈ, ਭਾਵੇਂ ਕਿ ਉਹ ਵੀ ਉਸੇ ਹੀ ਸੂਬੇ ਦਾ ਹਿੱਸਾ ਹੀ ਕਿਉਂ ਨਾ ਹੋਵੇ ਪਰ ਪਾਣੀ ਦੀ ਵਰਤੋਂ ਅਤੇ ਮਾਲਕੀ ਦਾ ਹੱਕ ਵੀ ਪਹਿਲਾਂ ਉਸਦੇ ਹਿੱਸੇ ਜਾਂਦਾ ਹੈ। ਸੰਸਾਰ ਭਰ ਵਿਚ ਪਾਣੀ ਦੇ ਝਗੜੇ ਇਸੇ ਆਧਾਰ ਉੱਤੇ ਹੱਲ ਕੀਤੇ ਗਏ ਹਨ।

ਲੇਕਿਨ ਆਜ਼ਾਦ ਭਾਰਤ ਵਿੱਚ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸਦਾ ਸਾਰਾ ਪਾਣੀ ‘ਰਿਪੇਰੀਅਨ ਲਾਅਦਾ ਉਲੰਘਣ ਕਰਕੇ ਜਬਰਦਸਤੀ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਜਿਸ ਸਮੇਂ ਪੰਜਾਬੀ ਸੂਬਾ ਹੋਂਦ ਵਿਚ ਆਇਆ, ਉਸਦੇ ਕੁਝ ਦਿਨ ਬਾਅਦ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਕੁਝ ਪਿੰਡਾਂ ਨੂੰ, ਜਿੱਥੇ ਕਿ ਭਾਖੜਾ ਡੈਮ ਬਣਿਆ ਹੋਇਆ ਹੈ, ਨੂੰ ਪੰਜਾਬ ਨਾਲੋਂ ਤੋੜ ਕੇ ਹਿਮਾਚਲ ਦਾ ਹਿੱਸਾ ਬਣਾ ਦਿੱਤਾ, ਤਾਂ ਕਿ ਭਾਖੜਾ ਡੈਮ ਜਾਂ ਪੰਜਾਬ ਦੇ ਪਾਣੀ ਦਾ ਕੰਟਰੋਲ ਪੰਜਾਬੀਆਂ ਜਾਂ ਸਿੱਖਾਂ ਦੇ ਹੱਥ ਵਿੱਚ ਨਾ ਰਹਿ ਜਾਵੇ।

ਪੰਜਾਬ ਦੇ ਪਾਣੀ ਦੀ ਪਹਿਲੀ ਲੁੱਟ ਰਾਜਸਥਾਨ, ਕੈਨਾਲ, ਹਰੀ ਕੇ ਡੈਮ ਵਿਚੋਂ ਕੱਢ ਕੇ ਕੀਤੀ ਗਈ ਅਤੇ ਦੂਸਰੀ ਲੁੱਟ ਭਾਖੜਾ ਦੇ ਪਾਣੀ ਦਾ ਵੱਡਾ ਹਿੱਸਾ ਹਰਿਆਣਾ ਨੂੰ ਦੇ ਦਿੱਤਾ ਗਿਆ। ਲੇਕਿਨ ਹਕੂਮਤ ਨੂੰ ਫਿਰ ਵੀ ਸਬਰ ਨਹੀਂ ਆਇਆ ਅਤੇ ਪੰਜਾਬ ਨੂੰ ਇਸ ਕਰਕੇ ਕਿ ਪੰਜਾਬ ਸਿੱਖਾਂ ਦੀ ਧਰਤੀ ਹੈ, ਨੂੰ ਬੰਜਰ ਭੋਇੰ ਬਣਾਉਣ ਵਾਸਤੇ ਸਤਿਲੁਜ ਯਮੁਨਾ ਲਿੰਕ ਨਹਿਰ ਕੱਢਣ ਦਾ ਫੈਸਲਾ ਕੀਤਾ ਗਿਆ। ਇਸ ਵਿਚ ਵੀ ਪਾਣੀਆਂ ਦੇ ਕੌਮਾਂਤਰੀ ਕਾਨੂੰਨ ਨੂੰ ਲਾਂਭੇ ਰੱਖ ਕੇ ਰਾਜਨੀਤਕ ਫੈਸਲਾ ਪੰਜਾਬ ’ਤੇ ਠੋਸਿਆ ਗਿਆ ਕਿ ਹਰਿਆਣਾ ਵੀ ਕਿਸੇ ਵੇਲੇ ਪੰਜਾਬ ਦਾ ਹਿੱਸਾ ਸੀ। ਇਸ ਕਰਕੇ ਹਰਿਆਣਾ ਨੂੰ ਹੋਰ ਪਾਣੀ ਦੇਣਾ ਬਣਦਾ ਹੈ। ਜਦੋਂਕਿ ‘ਰਿਪੇਰੀਅਨ ਲਾਅ’ ਅਨੁਸਾਰ ਪਾਣੀ ’ਤੇ ਹੱਕ ਪਾਣੀ ਦੇ ਨਾਲ ਲਗਦੇ ਇਲਾਕੇ ਦਾ ਹੀ ਹੁੰਦਾ ਹੈ।

ਐਮਰਜੈਂਸੀ ਦੇ ਖਿਲਾਫ਼ ਅਕਾਲੀਆਂ ਅਤੇ ਪੰਜਾਬੀਆਂ ਵੱਲੋਂ ਵੱਡਾ ਸੰਘਰਸ਼ ਲੜੇ ਜਾਣ ਅਤੇ ਇੰਦਰਾ ਗਾਂਧੀ ਦੀ ਗੱਦੀ ਖਿਸਕ ਜਾਣ ਉਪਰੰਤ, ਕੁਝ ਦਿਨ ਜੇਲ੍ਹ ਜਾਣ ਦੇ ਰੰਜ਼ ਕਰਕੇ ਇੰਦਰਾ ਗਾਂਧੀ ਨੇ ਪੰਜਾਬੀਆਂ ਅਤੇ ਅਕਾਲੀਆਂ ਨੂੰ ਸਖ਼ਤ ਦਿਖਾਉਣ ਲਈ 1982 ਵਿਚ ਸਤਿਲੁਜ-ਯਮੁਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਣਾ ਸੀ, ਤਾਂ ਅਕਾਲੀਆਂ ਨੇ ਇਸਦੇ ਵਿਰੋਧ ਵਿਚ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਦਿਆਂ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਕਪੂਰੀ ਪਿੰਡ ਵਿਖੇ ਸੰਘਰਸ਼ ਆਰੰਭ ਕੀਤਾ ਸੀ, ਜਿਹੜਾ ਬਾਅਦ ਵਿਚ ਪੰਜਾਬ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਮਤੇ ਵਿਚ ਤਬਦੀਲ ਹੋ ਕੇ ਧਰਮ-ਯੁੱਧ ਮੋਰਚਾ ਬਣ ਗਿਆ, ਜਿਸਦੀ ਅਗਵਾਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਗਈ ਅਤੇ ਨਾਲ ਹੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਇਕ ਵੱਡੀ ਪੰਥਕ ਧਿਰ ਵਜੋਂ ਧਰਮ-ਯੁੱਧ ਮੋਰਚੇ ਦਾ ਹਿੱਸਾ ਬਣੇ। ਇਸ ਕਰਕੇ ਹੀ ਸਤਿਲੁਜ-ਯਮੁਨਾ ਨਹਿਰ ਦੀ ਉਸਾਰੀ ਆਰੰਭ ਨਾ ਹੋ ਸਕੀ।

ਲੇਕਿਨ ਜਦੋਂ ਇੰਦਰਾ ਗਾਂਧੀ ਨੇ ਧਰਮ-ਯੁੱਧ ਮੋਰਚੇ ਨੂੰ ਖ਼ਤਮ ਕਰਨ ਵਾਸਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦਿੱਤਾ ਤਾਂ ਉਸ ਵਿਚ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸ਼ਹੀਦੀ ਪਾ ਗਏ ਪਰ ਸੰਤ ਲੌਂਗੋਵਾਲ ਸਮੇਤ ਬਹੁਤ ਸਾਰੇ ਅਕਾਲੀ ਲੀਡਰ ਗ੍ਰਿਫ਼ਤਾਰ ਕਰ ਲਏ ਗਏ। ਉਨ੍ਹਾਂ ਨਜ਼ਰਬੰਦ ਲੀਡਰਾਂ ਨਾਲ ਗੱਲਬਾਤ ਕਰਕੇ ਕੇਂਦਰ ਦੀ ਬੇਈਮਾਨ ਹਕੂਮਤ ਨੇ ਇਕ ਪੰਜਾਬ ਸਮਝੌਤਾ ਅਮਲ ਵਿਚ ਲਿਆਂਦਾ, ਜਿਸਦੀ ਇਕ ਮੱਦ ਇਹ ਵੀ ਸੀ ਕਿ ਸਤਿਲੁਜ-ਯਮੁਨਾ ਨਹਿਰ ਮੁਕੰਮਲ ਕੀਤੀ ਜਾਵੇ। ਰਾਜੀਵ ਗਾਂਧੀ ਨਾਲ ਇਹ ਸਮਝੌਤਾ ਕਰਨ ਵੇਲੇ ਤਿੰਨ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ, ਸ. ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਸ਼ਾਮਿਲ ਸਨ ਪਰ ਇਸ ਸਮਝੌਤੇ ਨਾਲ ਸਿੱਖਾਂ ਦੇ ਜਜ਼ਬਾਤ ਇਕਦਮ ਉਬਾਲਾ ਮਾਰ ਗਏ ਅਤੇ ਪੰਜਾਬ ਦੇ ਪਾਣੀਆਂ ਪ੍ਰਤੀ ਦਿਖਾਈ ਗੈਰ-ਜ਼ਿੰਮੇਵਾਰੀ ਕਰਕੇ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਕਰ ਦਿੱਤਾ ਗਿਆ ਪਰ ਕੇਂਦਰ ਸਰਕਾਰ ਨੇ ਇਸ ਨਹਿਰ ਦੀ ਉਸਾਰੀ ਨੂੰ ਆਰੰਭ ਕਰ ਦਿੱਤਾ ਤਾਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਦੇ ਕੇ ਪਾਣੀ ਜਿੰਨਾ ਹੀ ਆਪਣਾ ਖ਼ੂਨ ਵਹਾ ਕੇ ਇਸ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ। ਇਹ ਗੱਲ ਵੀ ਸਮਝਣਯੋਗ ਹੈ ਕਿ ਪੰਜਾਬ ਵਿਚ ਜਿੰਨਾ ਵੀ ਬੇਗੁਨਾਹ ਸਿੱਖਾਂ ਦਾ ਕਤਲੇਆਮ ਹੋਇਆ, ਉਸ ਵਿਚ ਬਹੁਤੀਆਂ ਜਾਨਾਂ ਪਾਣੀ ਦੀ ਰਾਖੀ ਦੇ ਮਾਮਲੇ ਵਿਚ ਹੀ ਗਈਆਂ ਹਨ। ਇਹ ਕਹਿਣਾ ਵੀ ਬਹੁਤ ਦਰੁਸਤ ਹੈ ਕਿ ਪੰਜਾਬ ਦੇ ਅਣਖੀ ਸਿੱਖ ਨੌਜਵਾਨਾਂ ਨੇ ਆਪਣੇ ਸਿਰਾਂ ਦਾ ਬੰਨ੍ਹ ਲਾ ਕੇ ਪੰਜਾਬ ਦਾ ਪਾਣੀ ਬਾਹਰ ਜਾਣ ਤੋਂ ਰੋਕਿਆ ਹੈ।

ਪਰ ਇਥੇ ਇਹ ਵੀ ਵਰਣਨਯੋਗ ਹੈ ਕਿ ਪੰਜਾਬ ਦੇ ਅਕਾਲੀ, ਜਿਨ੍ਹਾਂ ਨੇ ਧਰਮ-ਯੁੱਧ ਮੋਰਚਾ ਆਰੰਭ ਕੀਤਾ ਸੀ, ਨੇ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ ਕਰਨ ਤੋਂ ਮੂੰਹ ਮੋੜ ਲਿਆ ਹੈ। ਅੱਜ ਪੰਜਾਬ ਵਿਚ ਰਾਜ ਕਰਦੇ ਅਕਾਲੀ ਉਸ ਲਹੂ ਭਰੀ ਨਹਿਰ ਨੂੰ ਅਤੇ ਉਸਦੇ ਅੱਗੇ ਲੱਗੇ ਸਿੱਖ ਨੌਜਵਾਨਾਂ ਦੇ ਬੰਨ੍ਹ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਪਰਿਵਾਰਕ ਸਿਆਸਤ ਤੱਕ ਮਹਿਦੂਦ ਹੋ ਕੇ ਰਹਿ ਗਏ ਹਨ, ਜਦੋਂਕਿ ਦੂਜੇ ਪਾਸੇ ਸਾਡੇ ਪਾਣੀ ਨੂੰ ਖੋਹਣ ਵਾਲੇ ਲੋਕ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੇ ਹਨ ਜਾਂ ਭਾਜਪਾ ਦੀ ਸਰਕਾਰ ਹੋਵੇ, ਬੇਸ਼ੱਕ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਦਾ ਯੋਗੇਂਦਰ ਯਾਦਵ ਹੋਵੇ, ਪਰ ਪੰਜਾਬ ਦਾ ਪਾਣੀ ਖੋਹਣ ਲਈ ਸਾਰਿਆਂ ਦੀ ਪਹੁੰਚ ਇਕੋ ਜਿਹੀ ਹੈ। ਇਸ ਮਾਮਲੇ ਉੱਤੇ ਸਾਰੇ ਹੀ ਸਾਡੇ ਦੁਸ਼ਮਣ ਨਜ਼ਰ ਆਉਂਦੇ ਹਨ।

ਪਿਛਲੇ ਦਿਨੀਂ ਹਰਿਆਣਾ ਦੀ ਆਰ.ਐਸ.ਐਸ. ਅਤੇ ਬੀ.ਜੇ.ਪੀ. ਸਰਕਾਰ ਵੱਲੋਂ ਆਪਣੇ ਸੌ ਦਿਨ ਪੂਰੇ ਹੋਣ ਉੱਤੇ ਜੋ ਬਿਆਨ ਦਿੱਤਾ ਹੈ ਕਿ ਉਹ ਸਤਿਲੁਜ-ਯਮੁਨਾ ਨਹਿਰ ਰਾਹੀਂ ਪਾਣੀ ਪ੍ਰਾਪਤ ਕਰਨ ਅਤੇ ਚੰਡੀਗੜ੍ਹ ’ਤੇ ਆਪਣਾ ਦਾਅਵਾ ਜਤਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ, ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਪਾਣੀਆਂ ਦੇ ਡਾਕੂ ਸੁੱਤੇ ਨਹੀਂ, ਜਦੋਂਕਿ ਪੰਜਾਬ ਦੇ ਪਾਣੀਆਂ ਦੇ ਪਹਿਰੇਦਾਰ ਪਰਿਵਾਰਕ ਸਿਆਸਤ ਦੀ ਕਾਲੀ ਐਨਕ ਲਾ ਕੇ ਸਭ ਕਾਸੇ ਤੋਂ ਅਣਜਾਣ ਬਣੇ ਬੈਠੇ ਹਨ। ਅੱਜ ਇਹ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੇ ਵਾਰਸ ਮਰ ਚੁੱਕੇ ਹਨ ਜਾਂ ਉਹ ਆਪਣੀ ਜ਼ਮੀਰ ਅਤੇ ਅਣਖ ਨੂੰ ਗਹਿਣੇ ਰੱਖ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦਾ ਚੇਤਾ ਭੁੱਲ ਚੁੱਕਿਆ ਹੈ।

ਸੋ, ਅੱਜ ਇਹ ਹਾਲਤ ਵੇਖ ਕੇ ਇਹ ਕਹਿਣਾ ਹੀ ਵਾਜਿਬ ਹੈ ਕਿ ਐ ਪੰਜਾਬ! ਤੇਰੇ ਪਾਣੀਆਂ ਦੀ ਕੌਣ ਕਰੂਗਾ ਰਾਖੀ? ਗੁਰੂ ਰਾਖਾ!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top