Share on Facebook

Main News Page

ਰੋਸੁ ਨ ਕੀਜੈ ਉਤਰੁ ਦੀਜੈ
ਸੌਦਾ ਸਾਧ ਦੀ ਫਿਲਮ ਦੀ ਇਸ਼ਤਿਹਾਰ-ਬਾਜ਼ੀ ਬਾਰੇ ਟੋਰਾਂਟੋ ਤੋਂ ਛਪਦੀਆਂ ਦੋ ਪੰਜਾਬੀ ਅਖ਼ਬਾਰਾਂ "ਹਮਦਰਦ" ਅਤੇ "ਅਜੀਤ ਸਪਤਾਹਿਕ" ਦੇ ਸੰਪਾਦਕ, ਕੀ ਸਿੱਖ ਭਾਈਚਾਰੇ ਨੂੰ ਜਵਾਬ ਦੇਣਗੇ ?
-: ਤਰਲੋਕ ਸਿੰਘ ‘ਹੁੰਦਲ’, ਟੋਰਾਂਟੋ-ਕਨੇਡਾ

ਇਹ ਹਕੀਕਤ ਹੈ ਕਿ ਡੇਰਾ ਸੱਚਾ ਸੌਦਾ, ਸਿਰਸਾ ਦੇ ਮੁਖੀ ਰਾਮ ਰਹੀਮ (ਜਿਸ ਨੇ ਆਪਣੇ ਨਾਅ ਨਾਲ ਕਈ ਧਰਮਾਂ ਦੇ ਸਤਿਕਾਰਤ ਅਲੰਕਾਰ ਜੋੜੇ ਰੱਖੇ ਹਨ) -ਇੱਕ ਵਿਵਾਦਤ ਵਿਅਕਤੀ ਹੈ। ਸਿੱਖਾਂ ਨੂੰ ਚਿੜਾਉਂਣ ਦੀ ਖਾਤਰ, ਜਿਸ ਦਿਨ ਤੋਂ ਇਸ ਵਿਅਕਤੀ ਨੇ ਇਨਸਾਨੀਅਤ ਤੋਂ ਗਿਰੇ ਹੋਏ ਨਿਸ਼ਿਧ ਕਾਰਨਾਮੇ ਕੀਤੇ ਹਨ, ਉਸ ਦਿਨ ਤੋਂ ਹੀ ਸਿੱਖਾਂ ਵਿੱਚ ਭਾਰੀ ਰੋਸ ਹੈ। ਹਰ ਇੱਕ ਨੂੰ ਯਾਦ ਹੈ ਕਿ ਇਸ ਨੇ ਕਈ ਵਰ੍ਹੇ ਪਹਿਲਾਂ, ਬੜੀ ਭੈੜੀ ਤੇ ਕੋਝੀ ਹਰੱਕਤ ਕਰਦਿਆਂ ਹੋਇਆਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੀ ਨਕਲ ਉਤਾਰਦਿਆਂ ਹੋਇਆਂ, ਉਨ੍ਹਾਂ ਦੀ ਕਹੀ ਜਾਂਦੀ ਤਸਵੀਰ ਵਿੱਚ ਪਹਿਨੀ ਜਿਹੀ ਪੁਸ਼ਾਕ ਪਹਿਨੀ ਅਤੇ ਪੰਜਾਬ ਦੀ ਧਰਤੀ ਦੇ ਸਲਾਬਤਪੁਰੇ (ਬਠਿੰਡਾ) ਵਿੱਚ ‘ਇੰਸਾਂ’ ਨਾਮੀ ਚੁਲਾਟੇ ਦੇਣ ਦਾ ਸੁਵਾਂਗ ਰਚਿਆ ਸੀ। ਬਸ ਫਿਰ ਉਸ ਦਿਨ ਤੋਂ ਹੀ ਸਿੱਖ ਭਾਈਚਾਰੇ ਅੰਦਰ ਜਬਰਦਸਤ ਇੱਕ ਵਿਦਰੋਹ ਦੀ ਲਹਿਰ ਪੈਦਾ ਹੋ ਗਈ ਸੀ।ਪਖੰਡੀ ਡੇਰੇਦਾਰ ਦੀ ਇਸ ਨਿਸ਼ਿਧ ਕਰਤੂਤ ਦੇ ਵਿਰੋਧ ਵਿੱਚ ਥਾਂ-ਪੁਰ-ਥਾਂ ਮੁਜਾਹਰੇ ਹੋਏ, ਪੁਸ਼ਟ ਖ਼ਬਰਾਂ ਗਵਾਹ ਹਨ ਕਿ ਸਾੜ-ਫੂਕ ਵੀ ਬਹੁਤ ਹੋਈ। ਬਹੁਤ ਥਾਈਂ ਪੰਜਾਬ ਦੇ ਕਸਬਿਆਂ, ਸ਼ਹਿਰਾਂ ਵਿੱਚ ਡੇਰੇਦਾਰਾਂ ਦੇ ਪੈਰੋਕਾਰਾਂ ਅਤੇ ਗੁਰੂ ਦੇ ਸਿੱਖਾਂ ਵਿੱਚ ਖੂਨੀ ਟਕਰਾ ਵੀ ਹੋਇਆ। ਸਿੱਖ ਬਰਾਦਰੀ ਦਾ ਬਹੁਤ ਭਾਰੀ ਨੁਕਸਾਨ ਹੋਇਆ। ਕਈ ਕੀਮਤੀ ਜਾਨਾਂ ਚਲੀਆਂ ਗਈਆਂ। ਵੋਟਾਂ ਦੇ ਭੁੱਖੇ ਸਿਆਸਤਦਾਨਾਂ ਨੇ ਆਖਿਰ, ਡੇਰੇਦਾਰਾਂ ਦਾ ਹੀ ਪੱਖ ਪੂਰਿਆ। ਅਫਸੋਸ! ਕਿ ਪੁਲੀਸ ਪਰਚੇ ਵੀ ਸਿੱਖਾਂ ਉੱਤੇ ਹੀ ਦਰਜ ਕੀਤੇ ਗਏ। ਡੇਰੇਦਾਰਾਂ ਨੂੰ ਪੁੱਛਿਆ ਤਕ ਨਾ।

ਇਹ ਵੀ ਠੋਸ ਹਕੀਕਤ ਹੈ ਕਿ ਉਕਤ ‘ਰਾਮ ਰਹੀਮ’ ਕਈ ਭਿਆਨਕ ਕਿਸਮ ਦੇ ਕੇਸਾਂ ਵਿੱਚ ਉੁਲਝਿਆ ਹੋਇਆ ਹੈ, ਅਤੇ ਆਪਣੀ ਜਾਨ ਬਚਾਉਂਣ ਲਈ ਰਾਜਨੀਤਕ ਆਕਾਵਾਂ ਦੀ ਮੁੱਠੀ-ਚਾਪੀ ਕਰਦਾ ਰਹਿੰਦਾ ਹੈ। ਨਿਰਸੰਦੇਹ, ਅਦਾਲਤੀ ਕਾਰਵਾਈਆਂ ਅਕਸਰ ਲੰਮੀਆਂ-ਲੰਮੇਰੀਆਂ ਹੋ ਜਾਂਦੀਆਂ ਹਨ,ਪਰ ‘ਉਸ ਦੇ ਘਰ ਵਿੱਚ ਦੇਰ ਹੈ,ਅੰਧੇਰ ਨਹੀਂ’। ਅਜੇ ਪਿੱਛਲੇ ਦਿਨ੍ਹੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਲਾਬਤਪੁਰੇ ਦੇ ਕੇਸ’ਚੋਂ ਚਲਾਕੀ ਨਾਲ ਬਰੀ ਹੋਣ ਦਾ ਸਾਰਾ ਰੀਕਾਰਡ ਪੰਜਾਬ ਸਰਕਾਰ ਤੋਂ ਮੰਗਿਆ ਹੈ।

ਇਹ ਵੀ ਹਕੀਕਤ ਹੈ,ਕਿ ਇਸ ਬੂਬਨੇ ਡੇਰੇਦਾਰ ਨੇ ਆਪਣੇ-ਆਪ ਨੂੰ ਈਸਾਈ ਮਤ ਦੇ ਮੋਢੀ ਦੇ ਬਰੋਬਰ ਖੜ੍ਹਾ ਕਰਨ ਹਿਤ “ਰੱਬ ਦਾ ਮਸੀਹਾ” {Messenger of God - MSG) ਦੇ ਨਾਂਅ ਥੱਲੇ ਇੱਕ ਫ਼ਿਲਮ ਦਾ ਨਿਰਮਾਣ ਕੀਤਾ ਹੈ। ਬੇਸ਼ਕ ਵੋਟਾਂ ਦੇ ਲਾਲਚੀ ਅਤੇ ਕੁਰਸੀ ਨੂੰ ਤਰਸੇ ਰਾਜਨੀਤਕ ਲੋਕਾਂ ਨੇ ਸਬੰਧਤ ਬੋਰਡ ਉਤੇ ਦਬਾ ਵਰਤ ਕੇ 13 ਫਰਵਰੀ-2015 ਤੋਂ ਇਸ ਫ਼ਿਲਮ ਦੀ ਪਰਦਰਸ਼ਨੀ ਦੀ ਆਗਿਆ ਲੈ ਦਿੱਤੀ ਹੈ, ਪਰ ਇਸ ਦੇ ਵਿਰੋਧ ਵਿੱਚ ਅਜੇ ਇੱਕ ਅਦਾਲਤੀ ਮੁੱਕਦਮਾ ਚਲਦਾ ਪਿਆ ਹੈ। ਸਿੱਖਾਂ ਸਮੇਤ ਹੋਰ ਵੀ ਕਈ ਵਰਗਾਂ ਦੇ ਲੋਕ ਇਸ ਫ਼ਿਲਮ ਦੀ ਡਟ ਕੇ ਮੁਖਾਲਫ਼ਤ ਕਰਦੇ ਦਿਸਦੇ ਹਨ। ਪੰਜਾਬ ਸਰਕਾਰ ਨੇ ਅੱਧ-ਪੱਚਧੇ ਮਨ ਨਾਲ ਉਕਤ ਫ਼ਿਲਮ ਦੀ ਨੁਮਾਇਸ਼ 'ਤੇ ਰੋਕ ਲਾਈ ਹੋਈ ਹੈ। ਪਰ ਕੋਈ ਯਕੀਂਨ ਨਾਲ ਨਹੀਂ ਕਹਿ ਸਕਦਾ, ਕਿ ਪੰਜਾਬ ਸਰਕਾਰ ਆਪਣੇ ਬਚਨਾਂ ਤੇ ਕਿਤਨਾ-ਕੁ ਚਿਰ ਕਾਇਮ ਰਹੇਗੀ। ਆਪਣੇ ਲੱਛੇਦਾਰ ਭਾਸ਼ਨਾਂ ਰਾਹੀਂ ਸਰਸਾ ਡੇਰੇ ਦੀਆਂ ਮੰਦ-ਕਰਤੂਤਾਂ ਦੇ ਵਿਰੋਧ ’ਚ ਸਿੱਖਾਂ ਨੂੰ ਭੜਕਾ ਕੇ ਮਰਵਾੳੇਂਣ ਵਾਲੇ ਸਾਡੇ ਸਾਧ-ਲਾਣੇ ਦੇ ਕਈ ਸਿੱਖ ਡੇਰੇਦਾਰ ਵੀ ਸਰਕਾਰ ਦੀ ਪਿੱਠ-ਪੂਰਦੇ ਦਿਸਦੇ ਹਨ।

13 ਫਰਵਰੀ ਨੂੰ ਰਲੀਜ ਹੋਣ ਵਾਲੀ ਸਾਧ ਦੀ ਉਕਤ ਐਮ.ਐਸ.ਜੀ (MSG) ਫਿਲਮ ਦੀ ਪੂਰੇ-ਪੰਨੇ, ਅਧ-ਪੰਨੇ ਦੀ ਇਸ਼ਤਿਹਾਰ-ਬਾਜੀ, ਕਨੇਡਾ, ਖਾਸਕਰ ਟੋਰਾਂਟੋ ਤੋਂ ਛਪਦੀਆਂ ਦੋ ਪੰਜਾਬੀ ਅਖ਼ਬਾਰਾਂ ਹਮਦਰਦ (6 ਫਰਵਰੀ, 2015) ਅਤੇ ਅਜੀਤ ਸਪਤਾਹਿਕ (5-11 ਫਰਵਰੀ, 2015) ਵਿੱਚ ਵੀ ਬਾਖ਼ੂਬੀ ਹੋਈ ਹੈ। ਵਿਸ਼ੇਸ਼ ਤੌਰ 'ਤੇ ਅਖਬਾਰਾਂ ਪੰਜਾਬੀ ਭਾਸ਼ਾ ਵਿੱਚ ਹੋਣ ਕਰਕੇ, ਸਿੱਖ ਭਾਈਚਾਰੇ ’ਚ ਹੀ ਪੜ੍ਹੀਆਂ ਜਾਂਦੀਆਂ ਹਨ। ਇਸ ਦੇ ਐਡੀਟਰ ਸਾਹਿਬ ਅਤੇ ਬਾਕੀ ਸਟਾਫ ਵੀ ਜਿਆਦਾਤਰ ਸਿੱਖਾਂ ’ਚੋਂ ਹੀ ਹਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਤੋਂ ਭਲੀਭਾਂਤ ਜਾਣੂ ਵੀ ਹਨ।

ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਐਡੀਟਰ ਸਾਹਿਬ ਜੀਓ! ਤੁਸੀਂ ਵੀ ਡੇਰੇ ਦੇ ਪੈਰੋਕਾਰਾਂ’ਚੋਂ ਹੋ ਅਤੇ ਨਾ ਹੀ ਇਹ ਮੰਨਿਆ ਜਾ ਸਕਦਾ ਹੈ ਇਹ ਪ੍ਰਕਾਸ਼ਕ ਸੰਸਥਾਵਾਂ ਆਰਥਿਕ ਪਖੋਂ ਕਮਜੋਰ ਨਹੀਂ ਹਨ। ਫਿਰ ਆਪ ਜੀ ਨੂੰ ਚੰਦ ਟੱਕਿਆਂ ਖਾਤਰ ਸਿੱਖੀ ਵਿਰੋਧੀ ਭਾਵਾਂ ਵਾਲੀ ਮਸ਼ਹੂਰੀ ਤੋਂ ਕੀ ਲਾਭ ਹੋਇਆ ਹੈ। ਜ਼ਰਾ ਦਸੋਗੇ?

ਹਮਦਰਦ (6 ਫਰਵਰੀ, 2015) ਅਜੀਤ ਸਪਤਾਹਿਕ (5-11 ਫਰਵਰੀ, 2015)

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top