Share on Facebook

Main News Page

ਸਿੱਖ ਕੌਮ !... ਕੁੱਝ ਲੁੱਟ ਲਈ ਭਗਵਿਆਂ ਅਤੇ ਬਾਦਲ ਦਲੀਆਂ ਨੇ, ਕੁੱਝ ਲੁੱਟ ਲਈ ਡੇਰੇਦਾਰਾਂ ਨੇ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਕੌਮ ਦੀ ਹਾਲਤ ਇਸ ਵੇਲੇ ਬੜੀ ਹੀ ਨਾਜ਼ਕ ਬਣੀ ਹੋਈ ਹੈ। ਜਦੋਂ ਇਹ ਪਤਾ ਨਹੀਂ ਲੱਗ ਰਿਹਾ ਕਿ ਦੁਸ਼ਮਨ ਕੌਣ ਹੈ ਅਤੇ ਸੱਜਣ ਕੌਣ ਹਨ, ਇਹ ਪਹਿਚਾਨ ਕਰਨੀ ਹੀ ਮੁਸ਼ਕਿਲ ਜਾਪਦੀ ਹੈ। ਕੌਮ ਜਿਸ ਸਰੀਰ ਨੂੰ ਕੇਸ ਦਾਹੜੇ ਵਾਲੇ ਸਿੱਖ ਵਜੋਂ ਵੇਖਕੇ ਉਸ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਚੇਹਰਾ ਵੇਖਣ ਦਾ ਯਤਨ ਕਰਦੀ ਹੈ ਤਾਂ ਉਹ ਅਗਲੇ ਪਲ ਹੀ ਪਿਰਥੀ ਚੰਦ ਬਣਕੇ ਖੜਾ ਹੁੰਦਾ ਹੈ। ਕੌਮ ਦੇ ਚਾਰੇ ਪਾਸੇ ਸ੍ਰੀ ਚੰਦਾਂ, ਪਿਰਥੀਆਂ, ਰਾਮ ਰਾਈਆਂ ਅਤੇ ਧੀਰਮੱਲੀਆਂ ਦਾ ਇੱਕ ਘੇਰਾ ਪੈ ਚੁੱਕਿਆ ਹੈ। ਜਿਸ ਕਰਕੇ ਸਿੱਖੀ ਨਾਲ ਪਿਆਰ ਰੱਖਣ ਵਾਲੇ ਲੋਕ ਇਸ ਵੇਲੇ ਕੌਮੀ ਭਵਿੱਖ ਨੂੰ ਲੈ ਕੇ ਚਿੰਤਾਤੁਰ ਹਨ ਕਿ ਜੇਕਰ ਇੰਜ ਹੀ ਕੌਮ ਆਪਣੇ ਘਰ ਅੰਦਰਲੇ ਦੁਸ਼ਮਨਾਂ ਦੀ ਪਹਿਚਾਨ ਕਰਨ ਵੇਲੇ ਧੋਖਾ ਖਾਂਦੀ ਰਹੀ ਤਾਂ ਪੰਥ ਦਾ ਕੀਹ ਬਣੇਗਾ।

ਅਜਿਹਾ ਬੇਸ਼ੱਕ ਆਦਿ ਕਾਲ ਤੋਂ ਹੀ ਚੱਲਦਾ ਆ ਰਿਹਾ ਹੈ, ਪਰ ਉਸ ਵੇਲੇ ਕੌਮ ਸੁਚੇਤ ਹੁੰਦੀ ਸੀ ਅਤੇ ਦੁਸ਼ਮਨ ਨੂੰ ਮਾਤ ਦੇ ਦੇਣ ਦੀ ਸ਼ਕਤੀ ਰੱਖਦੀ ਸੀ, ਲੇਕਿਨ ਅੱਜ ਕੌਮ ਸਿਰਫ ਅਵੇਸਲੀ ਹੀ ਨਹੀਂ ਆਖੀ ਜਾ ਸਕਦੀ, ਸਗੋਂ ਹੁਣ ਤਾਂ ਹਰ ਗੱਲ ਇਹ ਆਖਕੇ ਜਰ ਲਈ ਜਾਂਦੀ ਹੈ ਕਿ ਇਸ ਪੰਥ ਨੂੰ ਮਿਟਾਉਣ ਵਾਲੇ ਆਪ ਹੀ ਮਿਟ ਜਾਦੇ ਹਨ, ਲੇਕਿਨ ਪੰਥ ਹਮੇਸ਼ਾਂ ਚੜਦੀਕਲਾ ਵਿੱਚ ਹੀ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਪਰ ਪਤਾ ਨਹੀਂ ਸੱਚ ਸਮਝਦੇ ਹੋਏ ਵੀ ਸਿੱਖ ਕੌਮ ਏਨੀ ਅਵੇਸਲੀ ਕਿਉਂ ਹੋਈ ਪਈ ਹੈ, ਜਿਹੜੇ ਲੋਕ ਸਿੱਧੇ ਤੌਰ ਤੇ ਹੀ ਬਿਪ੍ਰਵਾਦੀਆਂ ਦੇ ਪਿੱਠੁ ਬਣ ਚੁੱਕੇ ਹਨ ਉਹਨਾਂ ਨੂੰ ਹਾਲੇ ਵੀ ਸਿੱਖ ਪੰਥ ਦਾ ਹਿੱਸਾ ਮੰਨੀ ਜਾਣਾ ਕਿਹੜੀ ਪੰਥ ਪ੍ਰਸਤੀ ਦਾ ਸਬੂਤ ਹੈ।

ਸਿੱਖਾਂ ਦੀਆਂ ਤਿੰਨ ਸੰਸਥਾਵਾਂ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਜਿਹੜੀਆਂ ਕਾਫੀ ਪੁਰਾਣੀਆਂ ਹਨ ਅਤੇ ਇੱਕ ਸੰਸਥਾ (ਅਕਾਲ ਤਖਤ ਸਾਹਿਬ) ਨੂੰ ਖੁਦ ਗੁਰੂ ਸਾਹਿਬ ਨੇ ਆਪਣੇ ਹੱਥੀ ਬਣਾਇਆ ਹੈ। ਦੂਜੀਆਂ ਵੀ ਸਾਡੇ ਬਜੁਰਗਾਂ ਨੇ ਬੜੀਆਂ ਕੁਰਬਾਨੀਆਂ ਕਰਕੇ ਹੋਂਦ ਵਿੱਚ ਲਿਆਂਦੀਆਂ ਹਨ। ਇੱਕ ਹੋਰ ਚੌਥੀ ਸੰਸਥਾ ਸਾਧ ਯੂਨੀਅਨ ਜਿਸ ਦਾ ਇਹ ਕੋਈ ਪਤਾ ਨਹੀਂ ਸੀ ਲਗ ਰਿਹਾ ਕਿ ਇਹ ਕਿਸ ਨੇ ਬਣਾਈ ਹੈ? ਹੁਣ ਕੁੱਝ ਦਿਨਾਂ ਤੋਂ ਪਤਾ ਲੱਗਿਆ ਹੈ ਕਿ ਜਿਵੇ ਕੋਇਲ ਧੋਖੇ ਨਾਲ ਕਾਂ ਦੇ ਆਹਲਣੇ ਵਿੱਚ ਆਂਡੇ ਦੇ ਜਾਂਦੀ ਹੈ ਅਤੇ ਕਾਉਣੀ ਵਿਚਾਰੀ ਆਂਡਿਆਂ ਉੱਤੇ ਤਪੱਸਿਆ ਕਰਦੀ ਹੈ, ਮਨ ਵਿੱਚ ਬਹੁਤ ਕੁੱਝ ਚਿਤਵਦੀ ਹੈ ਕਿ ਮੇਰੇ ਬੱਚੇ ਕੁੱਝ ਦਿਨਾਂ ਵਿੱਚ ਮੇਰੇ ਸਾਹਮਣੇ ਆਉਣਗੇ, ਬੱਚੇ ਨਿਕਲਦੇ ਹਨ, ਆਹਲਣੇ ਵਿੱਚ ਚੋਗਾ ਵੀ ਕਾਉਣੀ ਲਿਆ ਕੇ ਦਿੰਦੀ ਹੈ, ਪਰ ਜਿਸ ਦਿਨ ਉੱਡਣ ਸਿੱਖਦੇ ਹਨ ਅਤੇ ਪਹਿਲੀ ਉਡਾਣ ਵੇਲੇ ਹੀ ਆਲੇ ਦੁਆਲੇ ਕੋਇਲ ਬੋਲਣਾ ਆਰੰਭ ਕਰ ਦਿੰਦੀ ਹੈ। ਉਸ ਬੱਚੇ ਨੂੰ ਆਪਣੀ ਅਸਲ ਮਾਂ ਦੀ ਆਵਾਜ਼ ਖਿੱਚ ਪਾਉਂਦੀ ਹੈ ਅਤੇ ਉਹ ਉਸ ਦੀ ਬੋਲੀ ਬੋਲਦਾ ਹੈ। ਕਾਉਣੀ ਅਤੇ ਕਾਂ ਬਥੇਰਾ ਲੜਾਈ ਕਰਦੇ ਹਨ ਕਿ ਇਹ ਸਾਡਾ ਬੱਚਾ ਹੈ, ਪਰ ਅਖੀਰ ਨੂੰ ਬੱਚਾ ਹੀ ਕੋਇਲ ਦੇ ਮਗਰ ਲੱਗ ਕੇ ਉੱਡ ਜਾਂਦਾ ਹੈ ਤੇ ਕਾਉਣੀ ਅਤੇ ਕਾਂ ਨੂੰ ਪਛਤਾਵੇ ਤੋਂ ਬਿਨ੍ਹਾਂ ਕੁੱਝ ਪੱਲੇ ਨਹੀਂ ਪੈਂਦਾ।

ਅੱਜ ਪੰਥ ਨਾਲ ਵੀ ਇਵੇਂ ਹੀ ਹੋਇਆ ਹੈ ਕਿ ਆਰ.ਐਸ.ਐਸ. ਨੇ ਸਿੱਖਾਂ ਦੇ ਆਹਲਣੇ ਵਿੱਚ ਆਂਡੇ ਦਿੱਤੇ, ਜਿਸ ਵਿਚੋਂ ਕਾਲੇ ਨਹੀਂ, ਚਿੱਟੇ ਚਿੱਟੇ ਬੱਚੇ ਨਿਕਲੇ, ਕੁੱਝ ਕੁ ਨੀਲੇ ਵੀ ਨਿਕਲੇ, ਪੰਥ ਨੇ ਚੋਗਾ ਚੁਗਾਇਆ ਪਾਲਣ ਪੋਸਣ 'ਤੇ ਵੀ ਬੜਾ ਜੋਰ ਲਾਇਆ ਕਿ ਸਾਡੇ ਬੱਚੇ ਹਨ, ਬੜੀ ਭੱਜ ਨੱਠ ਹੁੰਦੀ ਰਹੀ, ਅਸੀਂ ਆਪਸ ਵਿੱਚ ਕਿਰਪਾਨਾਂ ਖਿੱਚੀਆਂ ਕਿ ਚਿੱਟੇ ਨੀਲੇ ਰੰਗ ਬਰੰਗੇ ਪੰਥ ਦੇ ਹੀ ਬੱਚੇ ਹਨ, ਕੋਈ ਨਿੰਦਿਆ ਨਾ ਕਰੋ, ਪਰ ਹੁਣ ਜਦੋਂ ਇਹ ਉਡਣ ਜੋਗੇ ਹੋ ਗਏ ਤਾਂ ਭਗਵੀ ਮਾਤਾ ਨੇ ਬਿਪਰਵਾਦੀ ਕੂਕਾਂ ਮਾਰਕੇ ਇਹਨਾਂ ਨੂੰ ਆਪਣੀ ਗੁੱਝੀ ਸ਼ਬਦਾਵਲੀ ਨਾਲ ਕੋਇਲ ਵਾਂਗੂ ਆਪਣੇ ਕੋਲ ਬੁਲਾ ਲਿਆ। ਪੰਥ ਕਾਂ ਅਤੇ ਕਾਉਣੀ ਵਾਂਗੂ ਵੇਖਦਾ ਹੀ ਰਹਿ ਗਿਆ, ਨਾਂ ਚਿੱਟੇ ਪੰਥ ਦੇ ਬਣੇ, ਨਾਂ ਨੀਲੇ ਬਣੇ, ਸਾਰੇ ਆਪਣੀ ਭਗਵੀ ਮਾਤਾ ਦੇ ਪਿੱਛੇ ਉਡਾਣ ਭਰਕੇ ਬਾਬੇ ਨਾਨਕ ਦਾ ਆਹਲਣਾ ਤਿਆਗਦੇ ਹੋਏ ਨਾਗਪੁਰ ਦੇ ਪਿੰਜਰੇ ਵਿੱਚ ਚੂਰੀ ਖਾਣ ਵਾਸਤੇ ਚਲੇ ਗਏ ਹਨ।

ਚਾਰ ਵਰੇ ਪਹਿਲਾਂ ਹੋਈਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਜਿਸ ਵੇਲੇ ਸਾਧ ਯੂਨੀਅਨ ਨੇ ਭਗਵੀ ਮਾਤਾ ਦਾ ਦੁੱਧ ਪੀਣ ਵਾਲੇ ਨੀਲਿਆਂ ਦੀ ਹਮਾਇਤ ਕੀਤੀ ਸੀ ਤਾਂ ਕੁੱਝ ਭੁਲੇਖਾ ਸੀ ਕਿ ਸ਼ਾਇਦ ਨੀਲਿਆਂ ਦੀ ਹਮਾਇਤ ਤੱਕ ਹੀ ਸੀਮਤ ਰਹਿ ਜਾਣਗੇ, ਪਰ ਜਦੋਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਆਈ ਤਾਂ ਚਿੱਟੇ ਨੀਲੇ ਇੱਕ ਹੋ ਗਏ, ਫਿਰ ਵੀ ਸਿੱਖਾਂ ਨੂੰ ਭੁਲੇਖਾ ਸੀ ਕਿ ਸ਼ਾਇਦ ਇਹ ਪਿਤਰੀ ਗੁਣਾਂ ਦੀ ਆਪਸੀ ਸਾਂਝ ਕਰਕੇ ਹੀ ਹੈ, ਪਰ ਹੁਣ ਜਦੋਂ ਸਿੱਧੇ ਤੌਰ ਉੱਤੇ ਦਿੱਲੀ ਦੀ ਚੋਣ ਵਿੱਚ ਭਾਜਪਾ ਦੀ ਹਮਾਇਤ ਸਾਧ ਯੂਨੀਅਨ ਨੇ ਕਰ ਦਿੱਤੀ ਹੈ ਤਾਂ ਸਿੱਖਾਂ ਨੂੰ ਪਤਾ ਲੱਗਿਆ ਹੈ ਕਿ ਭਗਵੀ ਕੋਇਲ ਦੀ ਪਹੁੰਚ ਕਿੱਥੇ ਤੀਕ ਹੈ।

ਸਾਧ ਯੂਨੀਅਨ ਦਾ ਵੀ ਸ਼ਾਇਦ ਏਡਾ ਵੱਡਾ ਗਿਲਾ ਨਾ ਹੁੰਦਾ, ਪਰ ਜਿਸ ਵੇਲੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਥੇਬੰਦੀ ਦੇ ਸਰਬਰਾਹ ਉਹਨਾਂ ਦੀ ਸ਼ਹਾਦਤ ਨੂੰ ਭਗਵੇ ਫਰੇਮ ਵਿਚ ਜੜਾਉਣ ਤੁਰ ਪੈਣ, ਫਿਰ ਸਿੱਖਾਂ ਦੇ ਹਿਰਦੇ ਛੇਕ ਹੋਣੇ ਕੁਦਰਤੀ ਹਨ। ਅੱਜ ਤੱਕ ਆਮ ਸਿੱਖਾਂ ਨੂੰ ਇੱਕ ਵੱਡਾ ਭੁਲੇਖਾ ਸੀ ਕਿ ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਹਮਲਾ ਅਤੇ ਨਵੰਬਰ 1984 ਵਿੱਚ, ਦਿੱਲੀ ਸਮੇਤ ਭਾਰਤ ਦੇ ਸੌ ਦੇ ਕਰੀਬ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਸਿਰਫ ਇੰਦਰਾ ਗਾਂਧੀ ਜਾਂ ਕਾਂਗਰਸ ਨੇ ਕੀਤਾ ਸੀ, ਪਰ ਹੁਣ ਜਦੋਂ ਇੱਕ ਪਾਸੇ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਲਿਖ ਕੇ ਹੀ ਮੰਨ ਲਿਆ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਰਵਾਉਣ ਦੀ ਕਮੀਨਗੀ ਵਾਲੀ ਹਰਕਤ ਵਿੱਚ ਭਾਜਪਾ ਵੀ ਪੂਰੀ ਹਿੱਸੇਦਾਰ ਸੀ, ਹੁਣ ਕੱਲ ਦੀਆਂ ਅਖਬਾਰਾਂ ਵਿੱਚ ਆਰ.ਐਸ.ਐਸ. ਨੇ ਖੁਦ ਮੰਨਿਆ ਹੈ ਕਿ ਦਿੱਲੀ ਕਤਲੇਆਮ ਵਿੱਚ ਭਾਜਪਾ ਅਤੇ ਸੰਘ ਦੇ ਵਰਕਰ ਵੀ ਸ਼ਾਮਲ ਸਨ, ਫਿਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਸਥਾ ਜਥਾ ਭਿੰਡਰਾਂ ( ਦਮਦਮੀ ਟਕਸਾਲ ) ਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਕੁਝ ਹੋਰ ਆਪੇ ਸੰਤ ਦੀ ਉਪਾਧੀ ਪ੍ਰਾਪਤ ਕਰਕੇ ਬ੍ਰਿਹਮਗਿਆਨੀ ਜਾਂ ਮਹਾਪੁਰਖ ਅਖਵਾਉਣ ਵਾਲੇ, ਕਿਹੜੇ ਮੁੰਹ ਨਾਲ ਬੀ.ਜੇ.ਪੀ. ਦੇ ਭਾਈਵਾਲ ਅਕਾਲੀ ਦਲ ਬਾਦਲ ਜਾਂ ਆਰ.ਐਸ.ਐਸ. ਦੀ ਮਦਦ ਕਰਦੇ ਹਨ।

ਇੱਕ ਪਾਸੇ ਇਹ ਲੋਕ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਸਿੱਖੀ ਦੀਆਂ ਦੁਸ਼ਮਨ ਤਾਕਤਾਂ ਦੇ ਮਗਰ ਲੱਗਕੇ, ਉਹਨਾਂ ਦੀ ਬੋਲੀ ਬੋਲਦੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਇਸ ਤੋਂ ਪਹਿਲਾਂ ਵੀ ਆਰ.ਐਸ.ਐਸ. ਦੇ ਮਰਹੂਮ ਮੁਖੀ ਸੁਦਰਸ਼ਨ ਨੇ ਵੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੈਡਕੁਆਟਰ ਚੌਂਕ ਮਹਿਤਾ ਵਿੱਚ ਆਪਣੇ ਭਗਵੇ ਚਰਨ ਪਾਏ ਸਨ ਅਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਪੁਲਿਸ ਮੁਖੀ ਵਜੋਂ ਜਾਣਿਆ ਜਾਂਦਾ ਡੀ.ਜੀ.ਪੀ. ਕੇ. ਪੀ.ਐਸ. ਗਿੱਲ ਵੀ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌੰਕ ਵਿੱਚ ਭਲਵਾਨੀ ਗੇੜਾ ਮਾਰ ਚੁੱਕਿਆ ਹੈ, ਫਿਰ ਹਾਲੇ ਵੀ ਸਿੱਖਾਂ ਨੂੰ ਕੋਈ ਸ਼ੱਕ ਰਹਿੰਦਾ ਹੈ ਤਾਂ ਫਿਰ ਰੱਬ ਹੀ ਰਾਖਾ ਹੈ ਸਿਖਾਂ ਦਾ। ਹੋਰ ਤਾਂ ਹੋਰ ਹੁਣ ਜਦੋਂ ਸੌਦਾ ਸਾਧ, ਜਿਸਦੇ ਖਿਲਾਫ਼ ਬੇਸ਼ੱਕ (ਉਤਲੇ ਮਨੋ ਹੀ ਸਹੀ) ਬਾਬਾ ਧੁੰਮਾਂ ਵੀ ਸੰਘਰਸ਼ ਦੀ ਅਗਵਾਈ ਕਰਨ ਵਾਲਿਆਂ ਵਿਚ ਸ਼ਾਮਲ ਸੀ, ਵੱਲੋਂ ਬੀ.ਜੇ.ਪੀ. ਦਾ ਸਮਰਥਨ ਕਰਨ ਤੋਂ ਬਾਅਦ ਵੀ ਜੇ ਸਾਧ ਯੂਨੀਅਨ ਬੀ.ਜੇ.ਪੀ. ਦੀ ਹਮਾਇਤ ਕਰਦੀ ਹੈ ਤਾਂ ਫਿਰ ਸਿੱਖਾਂ ਦੀਆਂ ਅੱਖਾਂ ਤੋਂ ਹਾਲੇ ਵੀ ਪੱਟੀ ਨਹੀਂ ਖੁੱਲ ਰਹੀ।

ਸਾਧ ਯੂਨੀਅਨ ਦੇ ਡੇਰੇ ਸਿੱਖਾਂ ਦੇ ਸਿਰ ਉੱਤੇ ਚੱਲਦੇ ਹਨ, ਪਰ ਤਕਰੀਬਨ ਸਾਰੇ ਹੀ ਡੇਰੇਦਾਰ ਸਿੱਖਾਂ ਦੀਆਂ ਹੀ ਜੜ੍ਹਾਂ ਵੱਢ ਰਹੇ ਹਨ। ਆਮ ਸਿੱਖ ਇਹਨਾਂ ਲੋਕਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ, ਇਹ ਸਮਝਦੇ ਹਨ ਕਿ ਸ਼ਾਇਦ ਇਹ ਉਹ ਸੰਤ ਹਨ, ਜਿਹਨਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੀ ਇੱਕ ਅਸ਼ਟਪਦੀ ਵਿੱਚ ਕੀਤਾ ਹੈ। ਹੁਣ ਜਦੋਂ ਕੈਲੰਡਰ ਦਾ ਮਾਮਲਾ ਆਇਆ ਤਾਂ ਸੰਤ ਜਾਂ ਬਾਬਾ ਅਖਵਾਉਣ ਵਾਲਿਆਂ ਵਿੱਚੋਂ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੋਂ ਬਾਅਦ ਦੋ ਹੀ ਨਿੱਤਰੇ ਇੱਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਬਾਬਾ ਦਲੇਰ ਸਿੰਘ ਖੇੜੀ ਵਾਲੇ, ਬਾਕੀ ਸਾਰੇ ਤਾਂ ਆਰ.ਐਸ.ਐਸ. ਦੇ ਬਣਕੇ ਹੀ ਰਹੇ।

ਸੋ, ਹੁਣ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿੱਥੇ ਆਰ.ਐਸ.ਐਸ., ਬੀ.ਜੇ.ਪੀ.ਅਕਾਲੀ ਦਲ ਬਾਦਲ, ਸਾਧ ਯੂਨੀਅਨ ਅਤੇ ਸੌਦਾ ਸਾਧ ਇਕੱਠੇ ਹਨ, ਉਥੇ ਪੰਥ ਦੀ ਗੱਲ ਹੋਣੀ ਕਦੇ ਸੁਫਨੇ ਵਿੱਚ ਵੀ ਕਿਆਸਨੀ ਮੁਸ਼ਕਿਲ ਹੀ ਨਹੀਂ ਸਗੋਂ ਨਾਮੁੰਮਕਿਨ ਹੈ। ਇਸ ਵਾਸਤੇ ਅਜਿਹੇ ਮੌਕੇ 'ਤੇ ਇੱਕ ਗੀਤ ਦੇ ਬੋਲ ਕਿ ‘‘ਕੁੱਝ ਲੁੱਟ ਲਈ ਮੈਂ ਪਿੰਡ ਦੇ ਪੰਚਾਂ ਕੁੱਝ ਲੁੱਟ ਲਈ ਸਰਦਾਰਾਂ ਨੇ’’ ਯਾਦ ਕਰਦਿਆਂ ਪੰਥ ਦੀ ਹਾਲਤ ਵੇਖ ਕੇ ਇੰਜ ਮਹਿਸੂਸ ਹੋਇਆ ਕਿ ਅੱਜ ਸਿੱਖ ਕੌਮ ਵੀ ਇੰਜ ਹੀ ਆਖਦੀ ਪ੍ਰਤੀਤ ਹੁੰਦੀ ਹੈ ਕਿ ‘‘ਕੁੱਝ ਲੁੱਟ ਲਈ ਭਗਵਿਆਂ ਅਤੇ ਬਾਦਲ ਦਲੀਆਂ ਨੇ, ਕੁੱਝ ਲੁੱਟ ਲਈ ਡੇਰੇਦਾਰਾਂ ਨੇ’’।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top