Share on Facebook

Main News Page

ਜਥੇਦਾਰ ਜੀ, ਅੱਜ ਪੰਥ ਤੁਹਾਨੂੰ ਤਲਬ ਕਰਦਾ ਹੈ, ਜਵਾਬ ਦਿਓ !
ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਖੁੱਲਾ ਖ਼ੱਤ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਜ ਸਿੰਘ ਸਹਿਬਾਨ ਸਿੱਖਾਂ ਦੇ ਧਾਰਮਿਕ ਅਤੇ ਕੌਮੀ ਮਾਮਲਿਆਂ ਵਿੱਚ ਅਕਸਰ ਹੀ ਕਿਸੇ ਨਾ ਕਿਸੇ ਨੂੰ ਇਸ ਕਰਕੇ ਤਲਬ ਕਰਦੇ ਰਹਿੰਦੇ ਹਨ, ਕਿ ਉਸ ਨੇ ਕੋਈ ਅਵੱਗਿਆ ਕੀਤੀ ਹੈ ਅਤੇ ਫਿਰ ਉਹਨਾਂ ਨੂੰ ਤਨਖਾਹ ਲਾਈ ਜਾਂਦੀ ਹੈ। ਕੋਈ ਕੋਈ ਪੇਸ਼ ਹੋਣ ਤੋਂ ਆਕੀ ਵੀ ਹੋਇਆ ਜਾਂ ਪੇਸ਼ ਹੋ ਕੇ ਪੰਜ ਸਿੰਘ ਸਹਿਬਾਨ ਦੀ ਗੱਲ ਨਹੀਂ ਮੰਨੀ ਤਾਂ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਅਤੇ ਸਿੱਖ ਕੌਮ ਨੂੰ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਹਦਾਇਤ ਵੀ ਕੀਤੀ ਗਈ। ਇਹ ਵੱਖਰੀ ਗੱਲ ਹੈ ਕਿ ਕਿਸੇ ਅਜਿਹੇ ਫੈਸਲੇ ਪਿੱਛੇ ਕਿਸੇ ਪਰਿਵਾਰ ਦੀ ਸਿਆਸਤ ਜਾਂ ਕਿਸੇ ਰਾਜਨੀਤਿਕ ਪਾਰਟੀ ਦੇ ਹਿੱਤ ਦਿਖਾਈ ਦਿੱਤੇ ਜਾਂ ਕਿਤੇ ਆਰ.ਐਸ.ਐਸ. ਦੇ ਲੁਕਵੇਂ ਏਜੰਡੇ ਦੀ ਪੂਰਤੀ ਨਜਰ ਆਈ, ਤਾਂ ਸਿੱਖਾਂ ਨੇ ਅਜਿਹੇ ਹੁਕਮਨਾਮਿਆਂ ਦੀ ਪਰਵਾਹ ਵੀ ਨਹੀਂ ਕੀਤੀ, ਜਿਵੇ ਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਖਿਲਾਫ਼ ਜਾਰੀ ਕੀਤੇ ਹੁਕਮਨਾਮੇਂ ਦੀ ਸਿੱਖਾਂ ਨੇ ਬਹੁਤੀ ਪਰਵਾਹ ਨਹੀਂ ਕੀਤੀ।

ਇੱਕ ਮੌਕਾ ਅਜਿਹਾ ਸੀ ਕਿ ਸਿੱਖ ਕੌਮ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਜਦੋ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ, ਭਾਵੇਂ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨਹੀਂ ਸਨ, ਨੇ ਪੰਥਕ ਹੈਸੀਅਤ ਵਿਚ ਅਵੱਗਿਆ ਬਦਲੇ ਤਲਬ ਕੀਤਾ ਸੀ ਤਾਂ ਉਸ ਨੂੰ ਵੀ ਪੇਸ਼ ਹੋਣਾ ਪਿਆ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਜਾਣਦੇ ਸਨ ਕਿ ਇਸ ਪਿੱਛੇ ਕੋਈ ਹੋਰ ਬਿਪਰਵਾਦ ਜਾਂ ਕਿਸੇ ਦੇ ਨਿੱਜੀ ਹਿੱਤ ਨਹੀਂ ਹਨ ਅਤੇ ਅਜਿਹੇ ਹਲਾਤਾਂ ਵਿੱਚ ਗੁਰੂ ਨੂੰ ਸਮਰਪਿਤ ਹੋ ਕੇ ਲਏ ਗਏ ਫੈਸਲੇ ਕੌਮ ਰੱਬੀ ਹੁਕਮ ਵਜੋਂ ਮੰਨਦੀ ਹੈ। ਲੇਕਿਨ ਅੱਜ ਜਿਸ ਵੇਲੇ ਅਕਾਲ ਤਖਤ ਸਾਹਿਬ ਤੋਂ ਕੋਈ ਮਾਮਲਾ ਪਹੁੰਚਦਾ ਹੈ ਤਾਂ ਸਿੱਖਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਵਿਚ ਕੀਹ ਫੈਸਲਾ ਹੋਵੇਗਾ। ਅਖਬਾਰ ਵਾਲੇ ਦੋ ਦਿਨ ਪਹਿਲਾਂ ਹੀ ਲਿਖ ਦਿੰਦੇ ਹਨ। ਜਦੋਂ ਇਸ ਹਾਲਤ ਵਿੱਚ ਕੌਮ ਦੀ ਕਿਸਮਤ ਪਹੁੰਚ ਜਾਵੇ ਤਾਂ ਫਿਰ ਹੁਕਮ ਦੀ ਪਕੜ ਆਪਣੇ ਆਪ ਢਿੱਲੀ ਪੈ ਜਾਂਦੀ ਹੈ।

ਪਹਿਲਾਂ ਵੀ ਬਹੁਤ ਵਾਰੀ ਪਾਠਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਇੱਕ ਮਹਾਨ ਸੰਸਥਾ ਹੈ। ਜਿਸ ਦੀ ਉਸਾਰੀ ਅਤੇ ਹੋਂਦ ਪਿੱਛੇ ਵੱਡੇ ਮਕਸਦ ਹਨ ਅਤੇ ਜੇਕਰ ਸਿੱਖ ਕੌਮ ਇਸ ਨੂੰ ਅਧਾਰ ਬਣਾਕੇ ਆਪਣੇ ਕੌਮੀ ਫੈਸਲੇ ਲਵੇਗੀ ਤਾਂ ਕੋਈ ਦੁਸ਼ਵਾਰੀ ਕਦੇ ਨੇੜੇ ਵੀ ਨਹੀਂ ਫਟਕ ਸਕਦੀ, ਲੇਕਿਨ ਇਸ ਦੀ ਸੇਵਾ ਸੰਭਾਲ ਜਾਂ ਪ੍ਰਬੰਧ ਕਰਨ ਵਾਲੇ ਅਕਸਰ ਵਿਅਕਤੀ ਹੀ ਹੁੰਦੇ ਹਨ, ਉਂਜ ਤਾਂ ਹਰ ਮਨੁਖ ਇੱਕ ਬੰਦਾ ਹੀ ਹੈ ਜਿਹੜਾ ਚੰਗੇ ਕੰਮ ਕਰੇ ਉਸ ਨੂੰ ਲੋਕੀ ਦੇਵ ਪੁਰਸ਼ ਜਾਂ ਇਨਸਾਨ ਆਖਦੇ ਹਨ, ਜਿਹੜਾ ਮਾੜੀ ਕਾਗੁਜ਼ਾਰੀ ਦਿਖਾਵੇ ਉਸ ਨੂੰ ਹੈਵਾਨ ਜਾਂ ਰਾਕਸ਼ਸ ਬਿਰਤੀ ਵਾਲਾ ਆਦਮੀ ਕਿਹਾ ਜਾਂਦਾ ਹੈ। ਵੇਖਣ ਨੂੰ ਦੋਹੇ ਇਕੋ ਜਿਹੇ ਹੀ ਲਗਦੇ ਹਨ, ਪਰ ਅੰਤਰ ਆਤਮਾ ਵਿੱਚ ਵੱਡਾ ਫਰਕ ਹੁੰਦਾ ਹੈ। ਜਿਸ ਦੀ ਆਤਮਾ ਕਮਜੋਰ ਹੋਵੇ, ਉਹ ਫੈਸਲਾ ਲੈਣ ਵਿੱਚ ਝਿਜਕਦਾ ਵੀ ਹੈ ਅਤੇ ਬਹੁਤੀ ਵਾਰੀ ਕਿਸੇ ਦੇ ਪ੍ਰਭਾਵ ਥੱਲੇ ਅਜਿਹੇ ਫੈਸਲੇ ਕਰ ਬੈਠਦਾ ਹੈ ਜਿਸ ਨਾਲ ਉਹ ਇਤਿਹਾਸ ਵਿੱਚ ਖਲਨਾਇਕ ਹੋ ਨਿਬੜਦਾ ਹੈ। ਜਿਵੇ ਅਕਾਲ ਤਖਤ ਸਾਹਿਬ ਦਾ ਸਰਬਰਾਹ ਮਨੀ ਸਿੰਘ ( ਸ਼ਹੀਦ ਭਾਈ ਮਨੀ ਸਿੰਘ ਜੀ ਨਹੀਂ ਜਿਹਨਾਂ ਨੇ ਬੰਦ ਬੰਦ ਕਟਵਾਇਆ ਸੀ ) ਨੇ ਕੌਮ ਦੇ ਹੀਰੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਇਹ ਦੋਸ਼ ਲਾਕੇ ਪੰਥ ਵਿਚੋਂ ਛੇਕ ਦਿੱਤਾ ਸੀ ਕਿ ਤੁਸੀਂ ਆਪਣੀ ਨਿਤ ਦੀ ਧਾਰਮਿਕ ਮਰਿਯਾਦਾ ਸਨਾਤਨੀ ਰੀਤ ਨਾਲ ਨਹੀਂ ਨਿਭਾਉਂਦੇ, ਹੁਣ ਇਹ ਫੈਸਲਾ ਵੀ ਕਿਸੇ ਹੋਰ ਦੀ ਪੰਥ ਵਿਰੋਧੀ ਵਿਚਾਰਧਾਰਾ ਦਾ ਹਿੱਸਾ ਸੀ, ਲੇਕਿਨ ਸਿੱਖਾਂ ਨੇ ਉਸ ਸਮੇਂ ਸਿਰਫ ਇਸ ਪ੍ਰਭਾਵ ਵਿੱਚ ਇਸ ਨੂੰ ਮੰਨ ਲਿਆ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਹੈ।

ਇੰਜ ਹੀ ਅਕਾਲ ਤਖਤ ਸਾਹਿਬ ਦੇ ਇੱਕ ਹੋਰ ਸਰਬਰਾਹ ਅਰੂੜ ਸਿੰਘ ਨੇ ਜਲਿ੍ਹਆਂਵਾਲੇ ਬਾਗ ਵਿੱਚ ਨਿਹੱਥੇ ਭਾਰਤੀਆ ਉੱਤੇ ਗੋਲੀਆਂ ਚਲਾਕੇ ਹਜ਼ਾਰ ਦੇ ਕਰੀਬ ਭਾਰਤੀਆਂ ਨੂੰ ਸ਼ਹੀਦ ਕਰਨ ਵਾਲੇ ਜਰਨਲ ਅਡਵਾਇਰ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਸਿਰਪਾਓ ਦੇ ਦਿੱਤਾ ਸੀ। ਇਹ ਦੋਹੇ ਫੈਸਲੇ ਪੰਥਕ ਨਹੀਂ ਸਨ ਅਤੇ ਨਾਂ ਹੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਜਾਂ ਵਿਚਾਰਧਾਰਾ ਅਨੁਸਾਰ ਸਨ, ਸਗੋਂ ਇਹ ਤਾਂ ਪੂਰੀ ਤਰਾਂ ਸਿੱਖ ਵਿਰੋਧੀ, ਗੁਰੂ ਵਿਰੋਧੀ ਅਤੇ ਕੌਮ ਨੂੰ ਦੁਬਿਧਾ ਵਿੱਚ ਧਕੇਲਣ ਵਾਲੇ ਫੁਰਮਾਨ ਸਨ। ਜਿਸ ਕਰਕੇ ਅੱਜ ਹਰ ਕੋਈ ਲਾਹਨਤ ਪਾ ਰਿਹਾ ਹੈ। ਅੱਜ ਕੁੱਝ ਲੋਕ ਇਹ ਆਖਦੇ ਹਨ ਕਿ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਦੂਸਰੇ ਜਥੇਦਾਰ ਸਹਿਬਾਨ ਉੱਪਰ ਕੋਈ ਟਿੱਪਣੀ ਕਰਨੀ ਪੰਥ ਵਿਰੋਧੀ ਕਾਰਵਾਈ ਹੈ। ਜਿਹੜੇ ਸਿੱਖ ਅਜਿਹੇ ਰੂੜੀਵਾਦੀ ਖਿਆਲ ਦੇ ਮੁਰੀਦ ਹਨ, ਉਹਨਾਂ ਨੂੰ ਇੱਕ ਗੱਲ ਦਾ ਜਵਾਬ ਜਰੂਰ ਦੇਣਾ ਪਵੇਗਾ ਕਿ ਫਿਰ ਉਹ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਛੇਕਣ ਅਤੇ ਜਰਨਲ ਅਡਵਾਇਰ ਨੂੰ ਦਿਤੇ ਜਾਣ ਵਾਲੇ ਸਿਰੋਪਾਓ ਦੇ ਫੈਸਲਿਆਂ ਨੂੰ ਕਿਉਂ ਨਹੀਂ ਮੰਨਦੇ ?

ਅਸਲ ਵਿੱਚ ਅਕਾਲ ਤਖਤ ਸਾਹਿਬ ਵਰਗੇ ਰੂਹਾਨੀ ਤਖਤ ਦੀ ਸੇਵਾ ਕਰਨ ਵਾਸਤੇ ਗੁਰੂ ਪਿਆਰ ਨਿਰਭੈਤਾ ਅਤੇ ਰੂਹਾਨੀ ਸੂਝ ਦਾ ਹੋਣਾ ਅਤਿ ਲਾਜ਼ਮੀ ਹੈ, ਪਰ ਅੱਜ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਅਸਰ ਕਿਉਂ ਨਹੀਂ ਹੋ ਰਿਹਾ, ਸਿੱਖਾਂ ਵਿੱਚ ਇਹ ਪ੍ਰਭਾਵ ਕਿਉਂ ਬਣ ਗਿਆ ਕਿ ਜਥੇਦਾਰਾਂ ਵੱਲੋਂ ਕੀਤੇ ਫੈਸਲੇ ਪੰਥਕ ਨਹੀਂ ਹਨ, ਅਜਿਹਾ ਕਿਸ ਲਈ ਹੋ ਰਿਹਾ ਹੈ? ਅਗਰ ਇਸ ਸਵਾਲ ਦਾ ਜਵਾਬ ਆਪ ਜੀ ਦੇ ਸਮਝ ਆ ਜਾਵੇ ਤਾਂ ਅਕਾਲ ਤਖਤ ਸਾਹਿਬ ਦੀ ਸੋਭਾ ਉੱਤੋਂ ਸਾਡੀ ਮਲੀ ਕਾਲਖ ਲਹਿ ਜਾਵੇਗੀ ਅਤੇ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਵਿੱਚ ਸਿੱਖ ਭਰੋਸਾ ਕਰਨਾ ਆਰੰਭ ਕਰ ਦੇਣਗੇ।

ਅਨੇਕਾ ਅਹਿਮ ਮਸਲੇ ਜਿਹੜੇ ਤੁਸੀਂ ਅਖਬਾਰਾਂ ਵਿੱਚ ਨਿਤ ਪੜ੍ਹਦੇ ਹੋ, ਭਲੇ ਹੀ ਉਹ ਇੱਕ ਖਬਰ ਹੋਵੇ, ਪਰ ਉਸ ਵਿਚ ਪੰਥ ਜਾਂ ਸਿੱਖ ਕੌਮ ਦੀ ਤਰਾਸਦੀ ਦੀ ਕੋਈ ਤਸਵੀਰ ਜਰੁਰ ਨਜਰ ਆਉਂਦੀ ਹੈ, ਲੇਕਿਨ ਤੁਸੀਂ ਕਿਸੇ ਲਿਖਤੀ ਸ਼ਕਾਇਤ ਦੀ ਉਡੀਕ ਕਰਦੇ ਰਹਿੰਦੇ ਹੋ, ਇਹ ਸਿਰਫ ਤੁਹਾਡਾ ਇੱਕ ਬਹਾਨਾ ਹੁੰਦਾ ਹੈ। ਤੁਹਾਨੂੰ ਪਰਮਜੀਤ ਸਿੰਘ ਸਰਨਾ ਦੀ ਆਖੀ ਗੱਲ ਅਵੱਗਿਆ ਦਿਸਦੀ ਹੈ, ਕਦੇ ਤੁਹਾਨੂੰ ਪ੍ਰੋਫੈਸਰ ਦਰਸ਼ਨ ਸਿੰਘ ਧਾਰਮਿਕ ਅਵੱਗਿਆ ਕਰਦਾ ਦਿਸ ਜਾਂਦਾ ਹੈ, ਪਰ ਅੱਜ ਤੱਕ ਸ. ਪ੍ਰਕਾਸ਼ ਸਿੰਘ ਬਾਦਲ, ਉਸਦੇ ਪਰਿਵਾਰ ਜਾਂ ਪਾਰਟੀ ਦੀਆਂ ਗਲਤੀਆਂ, ਜਿਹੜੀਆਂ ਕੌਮ ਦਾ ਵੱਡਾ ਨੁਕਸਾਨ ਕਰ ਰਹੀਆਂ ਹਨ, ਉਹ ਨਜਰ ਕਿਉਂ ਨਹੀਂ ਆਈਆ? ਤੁਸੀਂ ਸੰਗਤ ਦਾ ਰੋਹ ਵੇਖਦਿਆਂ ਕਦੇ ਮਾੜੀ ਮੋਟੀ, ਪਤਲੀ ਪੋਲੀ ਬਿਆਨਬਾਜ਼ੀ ਤਾਂ ਜਰੂਰ ਕੀਤੀ, ਪਰ ਉਹਨਾਂ ਨੂੰ ਤਲਬ ਕਰਨ ਦੀ ਹਿੰਮਤ ਕਿਉਂ ਨਹੀਂ ਕੀਤੀ। ਕੀਹ ਤੁਹਾਨੂੰ ਇਹ ਨਹੀਂ ਪਤਾ ਲੱਗਾ ਕਿ ਸੁੱਚਾ ਸਿੰਘ ਲੰਗਾਹ ਨੇ ਸ਼੍ਰੋਮਣੀ ਕਮੇਟੀ ਮੈਂਬਰ ਹੁੰਦੇ ਹੋਏ ਆਪਣੇ ਘਰ ਇਕੋਤਰ ਸੌ ਰਮਾਇਣ ਦੇ ਅਖੰਡ ਪਾਠ ਕਰਵਾਏ ਸਨ, ਕੀਹ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਮਾਤਾ ਦੇ ਜਗਰਾਤੇ ਵਿੱਚ ਸਿਰ ਉੱਤੇ ਲਾਲ ਚੁੰਨੀ ਲੈਕੇ ਭੇਟਾਂ ਗਾਉਂਦਾ ਹੈ। ਪਰ ਤੁਸੀਂ ਕਦੇ ਵੀ ਤਲਬ ਕਰਨ ਦੀ ਹਿੰਮਤ ਨਹੀਂ ਕਰ ਸਕੇ।

ਬਾਕੀ ਸਾਰੀਆਂ ਗੱਲਾਂ ਛੱਡੋ ਬੱਸ ਇੱਕ ਗੱਲ ਤੁਹਾਨੂੰ ਪੰਥ ਦੇ ਕਟਿਹੜੇ ਵਿੱਚ ਖੜਾ ਕਰਦੀ ਹੈ ਕਿ ਜਿਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ ਤਾਂ ਉਸ ਵੇਲੇ ਇੱਕ ਇਹ ਫੈਸਲਾ ਹੋਇਆ ਸੀ ਕਿ ਆਰ.ਐਸ.ਐਸ. ਇੱਕ ਸਿੱਖ ਵਿਰੋਧੀ ਜਥੇਬੰਦੀ ਹੈ, ਜਿਹੜੀ ਸਿੱਖਾਂ ਨੂੰ ਨਿਗਲ ਜਾਣ ਦੀ ਠਾਣੀ ਬੈਠੀ ਹੈ, ਇਸ ਵਾਸਤੇ ਸਿੱਖਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਅਤੇ ਅਜਿਹੀ ਜਥੇਬੰਦੀ ਤੋਂ ਦੂਰ ਰਹਿਣਾ ਚਾਹੀਦਾ ਹੈ।

ਲੇਕਿਨ ਤੁਸੀਂ ਖੁਦ ਹੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਉਲੰਘਨ ਕੀਤਾ ਹੈ ਕਿਉਂਕਿ ਤੁਸੀਂ ਪਿਛਲੇ ਦਿਨੀ ਖੁਦ ਦਿੱਲੀ ਜਾਕੇ ਆਰ.ਐਸ.ਇਸ. ਦੇ ਬੰਦਿਆਂ ਨੂੰ ਮਿਲੇ ਅਤੇ ਫਿਰ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਆਰ.ਐਸ.ਐਸ. ਦੇ ਬੰਦਿਆਂ ਨਾਲ ਭਾਰਤ ਦੇ ਗ੍ਰਿਹ ਮੰਤਰੀ ਨੂੰ ਮਿਲਣ ਵਾਸਤੇ ਭੇਜਿਆ। ਬੇਸ਼ੱਕ ਤੁਸੀਂ ਇਹ ਕਹੋਗੇ ਕਿ ਅਸੀਂ ਤਾਂ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਮਿਲਣ ਗਏ ਸੀ, ਪਹਿਲੀ ਗੱਲ ਤਾਂ ਇਹ ਕਿ ਇਕ ਸਿੱਖ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਕਿਉਂ ਨਾ ਮਿਲਨ ਗਏ, ਲੇਕਿਨ ਜੇ ਅਜਿਹਾ ਕਰਨਾ ਵੀ ਸੀ ਤਾਂ ਕੀਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਕਿਸੇ ਅਕਾਲੀ ਆਗੂ ਨੂੰ ਵੀ ਭੇਜਿਆ ਜਾ ਸਕਦਾ ਸੀ। ਤਖਤਾਂ ਦੇ ਜਥੇਦਾਰ ਤਾਂ ਗੁਰੂ ਦਰਬਾਰ ਤੋਂ ਕੁੱਝ ਮੰਗਦੇ ਹਨ ਨਾਂ ਕਿ ਕਿ ਦਿੱਲੀ ਦਰਬਾਰ ਤੋਂ। ਅੱਜ ਤੱਕ ਮਿਸਾਲ ਹੈ ਕਿ ਕੋਈ ਜਥੇਦਾਰ ਕਿਸੇ ਸਰਕਾਰ ਨੂੰ ਮਿਲਣ ਨਹੀਂ ਗਿਆ, ਪਰ ਤੁਸੀਂ ਭਾਵ ਜਥੇਦਾਰ ਮੱਲ ਸਿੰਘ ਮਿਲਣ ਵੀ ਗਏ ਅਤੇ ਉਹ ਆਰ.ਐਸ.ਐਸ. ਦੇ ਰਾਹੀ, ਤੁਹਾਡਾ ਤਾਂ ਇਨਾਂ ਤਪ ਤੇਜ਼ ਚਾਹੀਦਾ ਹੈ ਕਿ ਸਰਕਾਰਾਂ ਖੁਦ ਚੱਲਕੇ ਮਿਲਣ ਆਉਣ।

ਅਗਲਾ ਸਵਾਲ ਤੁਹਾਡਾ ਇਹ ਹੋਵੇਗਾ ਕਿ ਤੂੰ ਭਾਵ ਦਾਸ ਲੇਖਕ ਕੌਣ ਹੁੰਦਾ ਹੈ ਸਾਨੂੰ ਸਵਾਲ ਪੁੱਛਣ ਵਾਲਾ ਜਾਂ ਇਹ ਆਖਣ ਵਾਲਾ ਕਿ ਪੰਥ ਤੁਹਾਨੂੰ ਤਲਬ ਕਰਦਾ ਹ, ਇਸ ਦੇ ਜਵਾਬ ਵਿੱਚ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਆਪਣੇ ਆਪ ਨੂੰ ਸਿੱਖਾਂ ਦੇ ਸਰਵਉਚ ਅਸਥਾਨ ਜਾਂ ਪਦਵੀਆਂ ਦੇ ਸੇਵਾਦਾਰ ਸਮਝਦੇ ਹੋ ਤਾਂ ਸਾਨੂੰ ਪੂਰਾ ਹੱਕ ਸਾਡੇ ਗੁਰੂ ਨੇ ਦਿੱਤਾ ਹੈ, ਤੁਹਾਨੂੰ ਸਵਾਲ ਕਰਨ ਦਾ ਵੀ ਅਤੇ ਤਲਬ ਕਰਨ ਦਾ ਵੀ ਕਿਉਂਕਿ ਜਿਸ ਵੇਲੇ ਦਸਮ ਪਿਤਾ ਨੇ ਕਿਸੇ ਪੀਰ ਦੀ ਮਜ਼ਾਰ ਵੱਲ ਆਪਣਾ ਤੀਰ ਝੁਕਾਇਆ ਸੀ ਤਾਂ ਉਸ ਵੇਲੇ ਸਿੱਖਾਂ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਸ਼ਾਇਦ ਗੁਰੂ ਸਾਹਿਬ ਨੇ ਪੀਰ ਦੀ ਕਬਰ ਨੂੰ ਸਿਜਦਾ ਕੀਤਾ ਹੈ ਤਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤਰੁੰਤ ਸਵਾਲ ਕੀਤਾ, ਕਿ ਪਾਤਸ਼ਾਹ ਇਹ ਕੀਹ ਇੱਕ ਪਾਸੇ ਸਾਨੂੰ ਹਦਾਇਤਾਂ ਕਰਦੇ ਹੋ ਕਿ ਮੜ੍ਰੀਆਂ ਜਾਂ ਕਬਰਾਂ ਨੂੰ ਨਹੀਂ ਪੂਜਣਾ ਅਤੇ ਦੂਜੇ ਪਾਸੇ ਖੁਦ ਇੱਕ ਪੀਰ ਦੀ ਕਬਰ ਨੂੰ ਸਿਜਦਾ ਕਰ ਰਹੇ ਹੋ ਤਾਂ ਸਤਿਗੁਰੁ ਬੜੇ ਪ੍ਰਸੰਨ ਹੋਏ ਅਤੇ ਕਿਹਾ ਗੁਰੂ ਖਾਲਸਾ ਜੀ ਗੋਬਿੰਦ ਸਿੰਘ ਨੂੰ ਖਿਮਾ ਕਰ ਦਿਓ!

ਪਰ ਮੈਂ ਇਹ ਦੇਖਣਾ ਹੀ ਚਾਹੁੰਦਾ ਸੀ ਕਿ ਮੇਰਾ ਖਾਲਸਾ, ਜਿਸ ਨੂੰ ਮੈਂ ਆਪਣਾ ਗੁਰੂ ਵੀ ਮੰਨਿਆ ਹੈ ਕੀਹ ਇਹ ਕਿਸੇ ਅਵੱਗਿਆ ਬਦਲੇ ਮੈਨੂੰ ਪੁੱਛਣ ਦੀ ਹਿੰਮਤ ਰੱਖਦਾ ਹੈ। ਇਸ ਵਾਸਤੇ ਮੈਨੂੰ ਹੁਣ ਤਸੱਲੀ ਹੋ ਗਈ ਹੈ ਕਿ ਮੇਰਾ ਖਾਲਸਾ ਨਿੱਡਰ ਅਤੇ ਸਿਧਾਂਤਾਂ ਦੀ ਰਾਖੀ ਵਾਲਾ ਬਣ ਗਿਆ ਹੈ।

ਇਸ ਲਈੇ ਜੇ ਸਿੱਖ ਗੁਰੂ ਗੋਬਿੰਦ ਸਿੰਘ ਨਾਲ ਇੰਜ ਕਰ ਸਕਦੇ ਹਨ ਤਾਂ ਫਿਰ ਤੁਹਾਨੂੰ ਵੀ ਪੁੱਛ ਸਕਦੇ ਹਨ ਕਿ ਤੁਸੀਂ ਜਥੇਦਾਰ ਵੇਦਾਂਤੀ ਜੀ ਵੇਲੇ ਪਾਸ ਗੁਰਮਤੇ ਦਾ ਉਲੰਘਣ ਕਰਕੇ ਸਿੱਖਾਂ ਦੀ ਦੁਸ਼ਮਨ ਜਮਾਤ ਆਰ.ਐਸ.ਐਸ. ਨੂੰ ਮਿਲਣ ਕਿਉਂ ਗਏ, ਇਹ ਸਿਰਫ ਦਾਸ ਲੇਖਕ ਦੀ ਕਲਮ ਦੇ ਚੰਦ ਸ਼ਬਦ ਨਹੀਂ, ਇਹ ਪੂਰੀ ਸਿੱਖ ਦੇ ਜਜਬਾਤਾਂ ਦੀ ਉਹ ਹੀ ਆਵਾਜ਼ ਹੈ, ਜੋ ਕਦੇ ਪੀਰ ਦੀ ਕਬਰ ਨੂੰ ਤੀਰ ਨਾਲ ਫਰਜ਼ੀ ਸਿਜਦਾ ਕਰਨ ਉੱਤੇ ਬੁਲੰਦ ਹੋਈ ਸੀ, ਤੁਹਾਨੂੰ ਇਸਦਾ ਜਵਾਬ ਪੰਥ ਦੀ ਕਚਿਹਰੀ ਵਿੱਚ ਦੇਣਾ ਹੀ ਪਵੇਗਾ। ਗੁਰੂ ਰਾਖ਼ਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top