Share on Facebook

Main News Page

ਮਿਟਾਈਆਂ ਜਾ ਰਹੀਆਂ ਇਤਿਹਾਸਿਕ ਨਿਸ਼ਾਨੀਆਂ ਬਾਰੇ ਸਿੱਖ ਕੌਮ ਚੁੱਪ ਕਿਉਂ ਧਾਰੀ ਬੈਠੀ ਹੈ ?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕਿਸੇ ਵੀ ਕੌਮ ਦੇ ਇਤਹਾਸ ਵਿਚਲੀਆਂ ਕੁਰਬਾਨੀਆਂ ਜਾਂ ਕਾਰਗੁਜਾਰੀ ਨੂੰ ਆਉਂਦੀਆਂ ਪੀੜੀਆਂ ਵਿੱਚ ਜਿਊਂਦਾ ਰੱਖਣ ਲਈ ਇਤਿਹਾਸਿਕ ਇਮਾਰਤਾਂ ਜਾਂ ਵਸਤਾ ਪ੍ਰੇਰਨਾਂ ਦਾ ਸਾਧਨ ਬਣਦੀਆਂ ਹਨ ਅਤੇ ਗਵਾਹੀ ਭਰਦੀਆਂ ਹਨ ਕਿ ਜੋ ਕੁੱਝ ਇਤਹਾਸ ਦੇ ਪੰਨਿਆਂ ਉਪਰ ਅੰਕਿਤ ਹੈ, ਉਸ ਨੂੰ ਅਸੀ ਆਪਣੇ ਅੱਖੀ ਡਿੱਠਾ ਅਤੇ ਹੱਡੀ ਹੰਢਾਇਆ ਹੈ। ਕਿਸੇ ਵੀ ਕੌਮ ਨੂੰ ਜੇ ਪਤਨ ਦੇ ਕਿਨਾਰੇ ਲਿਜਾਣਾ ਹੋਵੇ ਤਾਂ ਸਭ ਤੋ ਪਹਿਲਾ ਕੰਮ ਉਸ ਨੂੰ ਵਿਰਸੇ ਨਾਲੋ ਤੋੜਣਾਂ ਹੋੁਦਾ ਹੈ, ਕਿਉਂਕਿ ਪੁਰਾਤਨ ਇਮਾਰਤਾਂ ਵਿੱਚ ਜੋ ਇਤਿਹਾਸ ਸਮੋਇਆ ਹੁੰਦਾ ਹੈ। ਉਸ ਨੂੰ ਤੱਕ ਕੇ ਜਿਉਂ ਹੀ ਵਿਰਸੇ ਦੀ ਯਾਦ ਆਉਂਦੀ ਹੈ ਤਾਂ ਇੱਕ ਵਾਰ ਇੰਨਸਾਨ ਦਾ ਖੂਨ ਖੌਲ ਜਾਂਦਾ ਹੈ ਅਤੇ ਰੂਹ ਝੰਜੋੜੀ ਜਾਂਦੀ ਹੈ।

ਬੇਸ਼ੱਕ ਕਿਤਾਬਾਂ ਵਿੱਚ ਕੋਈ ਕਿਸੇ ਘਟਨਾਂ ਦਾ ਜਿਕਰ ਪੜੇ ਤਾਂ ਉਸ ਨੂੰ ਕਿਸੇ ਦੀ ਕਾਲਪਨਿਕ ਕਹਾਣੀ ਜਾਂ ਨਾਵਲ ਪ੍ਰਤੀਤ ਹੁੰਦਾ ਹੈ। ਪਰ ਜਦੋਂ ਕੋਈ ਵਿਆਕਤੀ ਕਿਤਾਬਾਂ ਵਿੱਚੋਂ ਪੜੇ ਕਿਸੇ ਇਤਿਹਾਸਿਕ ਘਟਨਾਂ ਦੇ ਸਥਾਨ ਅਤੇ ਸਰੋਤਾਂ ਨੂੰ ਅੱਖੀਂ ਵੇਖਦਾ ਹੈ ਤਾਂ ਜਿੱਥੇ ਉਸ ਨੂੰ ਘਟਨਾਂ ਸੱਚੀ ਹੋਣ ਦਾ ਭਰੋਸਾ ਬੱਝਦਾ ਹੈ, ਉਥੇ ਉਹ ਆਪਣੇ ਅੰਦਰ ਉਸ ਇਤਿਹਾਸ ਨੂੰ ਚਿਤਵਦਿਆਂ ਭਵਿੱਖ ਵਿੱਚ ਕੁੱਝ ਕਰ ਵਿਖਾਉਣ ਦਾ ਜਾਂ ਆਪਣੇ ਵਡਾਰੂਆਂ ਦੇ ਨਕਸੇ ਕਦਮ 'ਤੇ ਚੱਲਣ ਦਾ ਮਨ ਵੀ ਬਣਾਉਦਾ ਹੈ। ਇਸ ਕਰਕੇ ਹਕੂਮਤੀ ਨਿਜਾਮ ਹਮੇਸ਼ਾ ਜਿਸ ਕੌਮ ਨੂੰ ਬਰਬਾਦ ਕਰਨ ਦੀ ਵਿਉਂਤਬੰਦੀ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਇਤਿਹਾਸਿਕ ਸਰੋਤਾਂ ਨੂੰ ਮਿਟਾਉਣ ਦਾ ਅਮਲ ਅਰੰਭ ਕਰਦਾ ਹੈ ਜਿਵੇਂ ਕਿ ਅੱਜ ਕੱਲ੍ਹ ਭਾਰਤ ਦੇਸ਼ ਵਿਚਲਾ ਕੱਟੜਵਾਦੀ ਹਿੰਦੂ ਨਿਜਾਮ ਸਿੱਖ ਕੌਮ ਨੂੰ ਮਿਟਾਉਣ ਲਈ ਡਾਢੇ ਯਤਨ ਕਰ ਰਿਹਾ ਹੈ।

ਜੇਕਰ ਇਤਿਹਾਸਿਕ ਸਰੋਤ ਜਾਂ ਸਥਾਨ ਸਿੱਧੇ ਤੌਰ 'ਤੇ ਢਾਹੁਣੇ ਜਾਂ ਤੋੜਣੇ ਸੰਭਵ ਨਾਂ ਹੋਣ ਤਾਂ ਫਿਰ ਇੰਨ੍ਹਾਂ ਅਸਥਾਨਾਂ ਜਾਂ ਸਰੋਤਾਂ ਨੂੰ ਬਦਲ ਦਿੱਤਾ ਜਾਂਦਾ ਹੈ। ਖਾਸ ਕਰਕੇ ਲਿਖਤੀ ਇਤਿਹਾਸ ਦੇ ਮੁਕਾਬਲੇ ਅਜਿਹੀਆਂ ਕਿਤਾਬਾਂ ਜਾਂ ਗ੍ਰੰਥ ਲਿਖੇ ਜਾਂਦੇ ਹਨ, ਜਿਨ੍ਹਾਂ ਦੇ ਨਾਮ ਅਤੇ ਘਟਨਾਵਾਂ ਵਿੱਚ ਕਾਫੀ ਸੁਮੇਲਤਾ ਹੁੰਦੀ ਹੈ। ਪਰ ਕੁੱਝ ਖਾਸ ਘਟਨਾਵਾਂ ਨੂੰ ਬਿਆਨ ਕਰਦਿਆਂ ਅਜਿਹੀਆਂ ਕਰਾਮਾਤੀ ਜਾਂ ਅਲੌਕਾਰੀ ਲਿਖਤਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ, ਜਿਸ ਨੂੰ ਪੜ੍ਹਕੇ ਕੌਮ ਵਿੱਚ ਵੰਡੀਆਂ ਪੈ ਜਾਂਦੀਆਂ ਹਨ। ਕੁੱਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜੇਕਰ ਸਾਡੇ ਇਤਿਹਾਸ ਵਿੱਚੋਂ ਇਹ ਕਰਾਮਾਤ ਬਾਹਰ ਕੱਢ ਦਿੱਤੀ ਗਈ ਤਾਂ ਸ਼ਾਇਦ ਸਾਡੇ ਆਗੂ ਜਾਂ ਰਹਿਬਰ ਇਤਿਹਾਸ ਵਿੱਚ ਦੂਜਿਆਂ ਦੇ ਮੁਕਾਬਲੇ ਬੌਣੇ ਨਾਂ ਦਿੱਸਣ ਲੱਗ ਪੈਣ? ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਅਜਿਹੀਆਂ ਕਰਾਮਾਂਤਾਂ ਗੁਰੂ ਨਾਨਕ ਦੀ ਕੌਮੀ ਵਿਚਾਰਧਾਰਾਂ ਵਿੱਚ ਪ੍ਰਵਾਨੀਆਂ ਨਹੀਂ ਜਾਂਦੀਆਂ।

ਇੰਝ ਹੀ ਕਿਸੇ ਪੁਰਾਤਨ ਇਤਿਹਾਸਿਕ ਅਸਥਾਨ ਨੂੰ ਕਈ ਬਾਰ ਇਹ ਕਹਿਕੇ ਕਿ ਇਹ ਅਸਥਾਨ ਛੋਟਾ ਹੈ, ਹੁਣ ਸੰਗਤ ਬਹੁਤ ਜਿਆਦਾ ਹੈ, ਇਸ ਵਾਸਤੇ ਅਸਥਾਂਨ ਵੱਡਾ ਬਣਾਉਣ ਦੀ ਲੋੜ ਹੈ ਜਾਂ ਕਈ ਵਾਰ ਇਹ ਵੀ ਤਰੀਕਾ ਅਪਣਾਇਆ ਜਾਂਦਾ ਹੈ ਕਿ ਇਹ ਇਮਾਰਤ ਬੜੀਆਂ ਛੋਟੀਆਂ ਇੱਟਾਂ ਦੀ ਕਲੀ ਚੂਨੇ ਨਾਲ ਬਣੀ ਹੋਈ ਹੁਣ ਖਸਤਾ ਹਾਲਤ ਵਿੱਚ ਹੈ, ਇਸ ਵਾਸਤੇ ਇਸ ਜਗ•ਾ ਬੜੀ ਸੋਹਣੀ ਸੰਗਮਰਮਰੀ ਇਮਾਰਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕਿਸੇ ਵੀ ਬਹਾਨੇ ਨਾਲ ਇੱਕ ਇੱਕ ਕਰਕੇ ਇਤਿਹਾਸਿਕ ਅਸਥਾਨਾ ਦਾ ਭੋਗ ਪਾ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆ ਇਤਿਹਾਸਿਕ ਇਮਾਰਤਾਂ ਨੂੰ ਵੀ ਮਿਟਾਉਣ ਲਈ ਸਾਜ਼ਿਸ਼ਾਂ ਜਾਰੀ ਹਨ।

ਮੈਂਨੂੰ ਇੱਕ ਵਾਰ ਉਸ ਸਮੇ ਬਹੁਤ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਦੱਖਣੀ ਭਾਰਤ ਤੋ ਆਏ ਨੌਂ ਬੁੱਧੀਜੀਵੀਆਂ, ਜਿਹੜੇ ਕਿ ਸਾਰੇ ਹੀ ਗੈਰ ਸਿੱਖ ਸਨ, ਨੂੰ ਮੈਂ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਵਾਸਤੇ ਬੜੀ ਸ਼ਰਧਾ ਅਤੇ ਚਾਅ ਨਾਲ ਲੈਕੇ ਤੁਰ ਪਿਆ। ਸਭ ਤੋ ਪਹਿਲਾਂ ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਫਤਿਹਗੜ੍ਹ ਸਹਿਬ ਵਿਖੇ, ਜਿਸ ਸਮੇਂ ਭੋਰਾ ਸਹਿਬ ਵਿੱਚ ਮੱਥਾ ਟੇਕਣ ਲੱਗੇ ਤਾਂ ਉੱਪਰ ਲਿਖਿਆ ਇਤਿਹਾਸ ਪੜ੍ਹਕੇ ਉਨ੍ਹਾਂ ਬੁੱਧੀਜੀਵੀਆਂ ਨੇ ਮੈਂਨੂੰ ਪੁੱਛਿਆ ਕਿ ‘ਕਿਆ ਯੇਹ ਵੁਹ ਦੀਵਾਰ ਹੈ’ ਤਾਂ ਮੇਰਾ ਸਿਰ ਥੱਲੇ ਨੂੰ ਝੁੱਕ ਗਿਆ ਅਤੇ ਮਲਵੀ ਜਿਹੀ ਜੀਭ ਨਾਲ ਜਵਾਬ ਦਿੱਤਾ ਕਿ ਨਹੀਂ ‘ਯੇ ਵੋਹ ਨਹੀਂ ਹਮਨੇ ਇਸਕਾ ਦੁਬਾਰਾ ਨਿਰਮਾਨ ਕੀਆ ਹੈ’ ਉਨ੍ਹਾਂ ਬੁੱਧੀਜੀਵੀਆਂ ਨੇ ਮੱਥੇ 'ਤੇ ਤਿਊੜੀਆਂ ਪਾ ਕੇ ਮੇਰੇ ਵੱਲ ਤੱਕਿਆ ਤੇ ਕਿਹਾ "ਕਿਆ ਤੁਮ ਪਾਗਲ ਲੋਗ ਹੋ ਜਿਨ੍ਹਹੋਂ ਨੇ ਉਨ ਇਤਿਹਾਸਿਕ ਨਿਸ਼ਾਨੋਂ ਕੋ ਮਿਟਾ ਡਾਲਾ ਹੈ। ਅਗਰ ਯਹਾ ਆਪ ਸੋਨੇ ਕੀ ਈਂਟੋਂ ਕੀ ਦੀਵਾਰ ਵੀ ਬਣਾ ਦੇਂ ਤਭ ਭੀ ਵੋਹ ਖੁਸ਼ਬੂ ਪੈਦਾ ਨਹੀਂ ਕਰ ਸਕਤੇ’ ਉਸ ਵੇਲੇ ਮੈਂਨੂੰ ਧਰਤੀ ਵਿਹਲ ਨਹੀਂ ਦੇ ਰਹੀ ਸੀ।

ਫਿਰ ਮੈਂ ਥਿੜਕਦੇ ਕਦਮੀ ਉਨ੍ਹਾਂ ਸਾਰੇ ਵਿਦਵਾਨਾਂ ਨੂੰ ਨਾਲ ਲੈ ਕੇ ਜਿਸ ਵੇਲੇ ਠੰਡੇ ਬੁਰਜ ਪਾਹੁੰਚਿਆ ਤਾਂ ਉੱਥੇ ਵੀ ਉਹਨ੍ਹਾਂ ਨੇ ਉਹੀ ਸੁਆਲ ਕੀਤਾ, ਜਿਸ ਨਾਲ ਮੇਰੀ ਬੇਸ਼ਰਮੀ ਦੀ ਪੰਡ ਬਹੁਤ ਭਾਰੀ ਹੋ ਗਈ ਅਤੇ ਮੇਰੇ ਵੱਲੋ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਸੁਣਾਏ ਗੁਰੂ ਇਤਿਹਾਸ ਅਤੇ ਸਿੱਖ ਕੌਮ ਦੀ ਸਿਫਤਾਂ ਤੇ ਮੇਰੇ ਮਨ ਵਿੱਚ ਵੀ ਸ਼ੱਕ ਜਿਹਾ ਹੋਣ ਲੱਗ ਪਿਆ ਸੀ ਕਿਉਂਕਿ ਉਹ ਸਾਰੇ ਵਿਦਵਾਨ ਵਾਰ ਵਾਰ ਇਹੀ ਪੁੱਛ ਰਹੇ ਸਨ ਕਿ ਜੋ ਆਪ ਬਤਾ ਰਹੇ ਥੇ ਵੋਹ ਤੋ ਸਭ ਮਿਟਾ ਦੀਆ ਗਿਆ ਹੈ। ਬਣੇ ਪ੍ਰੋਗਰਾਮ ਅਨੁਸਾਰ ਅਸੀ ਉਥੋ ਚਮਕੌਰ ਸਹਿਬ ਨੂੰ ਰਵਾਨਾ ਹੋਏ ਸਾਰੇ ਰਸਤੇ ਮੈਂ ਚੁੱਪ, ਪਰ ਅੰਦਰੋ ਆਪਣੀ ਕੌਮ ਦੇ ਆਗੂਆਂ ਨੂੰ ਕੋਸਦਾ ਜਾ ਰਿਹਾ ਸੀ। ਚਮਕੌਰ ਸਹਿਬ ਪਾਹੁੰਦਿਆ ਹੀ ਜਦੋਂ ਕੱਚੀ ਗੜੀ ਬਾਰੇ ਉਨ੍ਹਾਂ ਵਿਦਵਾਨਾਂ ਨੇ ਮੈਂਨੂੰ ਪੁਛਿਆ ਤਾਂ ਮੈਂਨੂੰ ਇੰਝ ਲੱਗਦਾ ਸੀ ਕਿ ਜਿਵੇ ਮੇਰਾ ਸਾਹ ਰੁਕਦਾ ਹੋਵੇ। ਮੈਂ ਉਨ੍ਹਾਂ ਨੂੰ ਬਹੁਤ ਸਮਝਾਇਆ ਕਿ ਸਾਡੀ ਕੌਮ ਅੰਦਰ ਵੀ ਕੁਝ ਲੋਕ ਅਜਿਹੇ ਹਨ ਜਿਹੜੇ ਸਿੱਖ ਵਿਰੋਧੀਆਂ ਦਾ ੲੈਜੰਡਾ ਲੈਕੇ ਕੰਮ ਕਰ ਰਹੇ ਹਨ ਤਾਂ ਸਾਰੇ ਵਿਦਵਾਨਾਂ ਨੇ ਇੱਕੋ ਗੱਲ ਕਹੀ ਕਿ ਕਿਆ ਕੋਈ ਐਸਾ ਇਤਿਹਾਸਿਕ ਅਸਥਾਨ ਹੈ, ਜੋ ਸ਼ੁਰੂ ਸੇ ਵੈਸਾ ਹੀ ਹੋ? ਨਹੀਂ ਤੋ ਗੁਰਦੁਆਰਾ ਤੋ ਹਰ ਜਗਾ ਏਕ ਹੀ ਹੈ ਹਮੇ ਕੋਈ ਪੁਰਾਤਨ ਬਣਾ ਹੁਆ ਅਸਥਾਨ ਦਿਖਾਊ। ਬਸ ਫਿਰ ਮੈਂਨੂੰ ਕਿਸੇ ਬਹਾਨੇ ਇਸ ਯਾਤਰਾ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ।

ਬਹੁਤ ਸਾਰੇ ਇਤਿਹਾਸਿਕ ਸਰੋਤ ਕਾਰ ਸੇਵਾ ਦੇ ਨਾਂਮ ਥੱਲੇ ਖਤਮ ਕਰ ਦਿੱਤੇ ਗਏ ਹਨ। ਕੁਝ ਮਹੀਨੇ ਪਹਿਲਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਪਿਆ ਥੇਹ ਵੀ ਕਾਰਸੇਵਾ ਵਾਲੇ ਬਾਬਿਆਂ ਨੇ ਚੁੱਕਣਾ ਆਰੰਭ ਕਰ ਦਿੱਤਾ ਸੀ। ਜਿਸ 'ਤੇ ਦਾਸ ਲੇਖਕ ਨੇ ਸ੍ਰ. ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਕੋਲ ਰੌਲਾ ਪਾਇਆ ਕਿ ਇਸ ਨੂੰ ਤੁਰੰਤ ਬਚਾਇਆ ਜਾਵੇ, ਕਿਉਂਕਿ ਇਹ ਸਿਰਫ ਮਿੱਟੀ ਅਤੇ ਇੱਟਾਂ ਦਾ ਢੇਰ ਨਹੀਂ, ਸਗੋਂ ਇਹ ਤਾਂ ਜਾਬਰ ਸਲਤਨਤ ਦੀ ਢੇਰੀ ਲਾਈ ਹੋਈ ਹੈ।

ਇਸ ਤਰ੍ਹਾਂ ਹੀ ਦਰਬਾਰ ਸਹਿਬ ਦੇ ਹਮਲੇ ਪਿੱਛੋ ਦਰਬਾਰ ਸਹਿਬ ਦੇ ਆਲੇ ਦੁਆਲੇ ਗਲਿਆਰਾ ਬਣਾਉਣ ਦੇ ਨਾਂ ਹੇਠ ਅਮ੍ਰਿਤਸਰ ਸਹਿਬ ਸ਼ਹਿਰ ਦੀ ਪੁਰਾਤਨ ਸੁੰਦਰਤਾ ਅਤੇ ਦਿੱਖ ਖਤਮ ਕਰ ਦਿੱਤੀ ਗਈ ਹੈ। ਜਿਸ ਸਮੇ ਗੁਰੂ ਸਹਿਬ ਨੇ ਅੰਮ੍ਰਿਤਸਰ ਸਾਹਿਬ ਵਸਾਇਆ ਸੀ ਤਾਂ ਇਸ ਵਿੱਚ ਵਪਾਰਿਕ ਅਤੇ ਮਾਨਵ ਏਕਤਾ ਦੀ ਨੀਤੀ ਅਧੀਨ ਗੁਰੂ ਬਜਾਰ ਦੀ ਸਿਰਜਨਾਂ ਵੀ ਕੀਤੀ ਗਈ ਸੀ। ਜਿਸ ਵਿਚ ਬਵੰਜਾ ਜਾਤੀਆਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ ਸੀ। ਪਰ ਅੱਜ ਉਸ ਬਜਾਰ ਦੀ ਦਿੱਖ ਵਿਗਾੜੀ ਹੀ ਨਹੀਂ ਸਗੋਂ ਪਤਨ ਕਿਨਾਰੇ ਕਰ ਦਿੱਤੀ ਹੈ । ਇੰਝ ਹੀ ਹੁਣ ਦਰਬਾਰ ਸਾਹਿਬ ਵਿਚਲੀ ਪਾਣੀ ਦੀ ਟੈਂਕੀ ਨੂੰ ਵੀ ਗਿਰਾਇਆ ਜਾਂ ਰਿਹਾ ਹੈ, ਜਿਸ ਉਪਰ 1984 ਦੇ ਫੌਜੀ ਹਮਲੇ ਦੇ ਨਿਸ਼ਾਨ ਸਨ। ਜੇ ਭਾਰਤੀ ਨਿਜਾਮ ਅੱਜ ਤੱਕ ਜਲਿ੍ਹਆਂ ਵਾਲੇ ਬਾਗ ਦੇ ਵਿੱਚ 1919 ਦੇ ਸਾਕੇ ਦੌਰਾਂਨ ਚਲਾਈਆਂ, ਜਰਨਲ ਡਾਇਰ ਦੀਆਂ ਗੋਲੀਆਂ ਦੇ ਨਿਸ਼ਾਨ ਸੰਭਾਲੀ ਬੈਠਾ ਹੈ ਤਾਂ ਸਿੱਖ ਆਪਣੇ ਉਪਰ ਹਮਲੇ ਦੇ ਨਿਸ਼ਾਨ ਮਟਾਉਣ ਦੀ ਇਜਾਜਤ ਕਿਉਂ ਦੇ ਰਹੇ ਹਨ? ਜੇਕਰ ਸਰਕਾਰ ਅੰਮ੍ਰਿਤਸਰ ਸਹਿਬ ਦੇ ਵਿੱਚ ਸਰਧਾਲੂਆਂ ਦੀ ਬਹੁਤਾਤ ਨੂੰ ਵੇਖਦਿਆਂ ਬਜਾਰਾਂ ਨੂੰ ਚੌੜਾ ਕਰਨ ਬਾਰੇ ਸੋਚਦੀ ਹੈ ਤਾਂ ਇਸ ਦੇ ਬਦਲੇ ਸਰਕਾਰ ਨੂੰ ਇਸ ਜਗਾ ਵੱਡੀਆਂ ਗੱਡੀਆਂ ਆਊਣ ਦੀ ਮਨਾਹੀ ਕਰਕੇ ਸਰਧਾਲੂਆਂ ਵਾਸਤੇ ਸ੍ਰੋਮਣੀ ਕਮੇਟੀ ਦੀ ਮੱਦਦ ਨਾਲ ਬੈਟਰੀ ਵਾਲੀਆਂ ਪ੍ਰਦੂਸ਼ਣ ਰਹਿਤ ਛੋਟੀਆਂ ਗੱਡੀਆਂ ਦਾ ਇੰਤਜਾਂਮ ਕਰਨਾ ਚਾਹੀਦਾ ਹੈ ਅਤੇ ਰਸਤਿਆਂ ਵਿੱਚ ਇੱਕ ਪਾਸੜ ਟ੍ਰੈਫਿਕ ਦੀ ਵਿਵਸਥਾ ਕਰਨੀ ਚਾਹੀਦੀ ਹੈ। ਜੇ ਸਰਕਾਰ ਇੱਕ ਬਾਦਸਾਹ ਦੀ ਪਤਨੀ ਦੀ ਯਾਦ ਵਿੱਚ ਬਣੇ ਤਾਜ ਮਹਿਲ ਵਾਸਤੇ ਇੰਨ੍ਹਾਂ ਕੁੱਝ ਕਰ ਸਕਦੀ ਹੈ ਤਾਂ ਇੱਕ ਪਾਤਸਾਹ ਵੱਲੋ ਵਰੋਸਾਏ ਸਰਵ ਸਾਂਝੇ ਅਸਥਾਂਨ ਲਈ ਕਿਉਂ ਨਹੀਂ ਕੀਤਾ ਜਾ ਸਕਦਾ?

ਪਹਿਲੀ ਗੱਲ ਤਾਂ ਕੋਈ ਇਤਿਹਾਸਿਕ ਅਸਥਾਨ ਕਾਰਸੇਵਾ ਵਾਲੇ ਬਾਬਿਆਂ ਨੇ ਅਸਲੀ ਦਿੱਖ ਵਿੱਚ ਰਹਿਣ ਹੀ ਨਹੀਂ ਦਿੱਤਾ। ਫਿਰ ਵੀ ਜੇਕਰ ਕੋਈ ਅਸਥਾਨ ਹਾਲੇ ਕਾਰਸੇਵਾ ਵਾਲਿਆਂ ਜਾਂ ਭਾਰਤੀ ਨਿਜਾਂਮ ਦੀ ਨਜਰ ਤੋ ਬਚਿਆ ਹੋਇਆ ਹੈ ਤਾਂ ਸਾਨੂੰ ਉਸ ਦੀ ਸੰਭਾਲ ਕਰ ਲੈਣੀ ਚਾਹੀਦੀ ਹੈ। ਜੇ ਲੋੜ ਹੋਵੇ ਤਾ ਉਸ ਦੇ ਨਾਲ ਕੋਈ ਹੋਰ ਇਮਾਰਤ ਉਸਾਰ ਲੈਣੀ ਚਾਂਹੀਦੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਖ ਇਤਿਹਾਸ ਜਾਂ ਅਸਥਾਨ ਤਾਂ ਸਿਰਫ਼ ਚਾਰ ਜਾਂ ਪੰਜ ਸਦੀਆਂ ਪੁਰਾਣੇ ਹੀ ਹਨ, ਫਿਰ ਇਨ੍ਹਾਂ ਨੂੰ ਨਵੀ ਦਿੱਖ ਦੇਣ ਦੀ ਲੋੜ ਕਿਉਂ ਪੈ ਗਈ ਹੈ। ਜਦੋਂ ਕਿ ਭਾਰਤ ਅੰਦਰ ਹੀ ਬਹੁਤ ਸਾਰੇ ਹਿੰਦੂ ਮੰਦਰ ਹਜਾਰ ਸਾਲ ਤੋ ਵੀ ਵੱਧ ਪੁਰਾਣੇ ਹਨ, ਪਰ ਉਨ੍ਹਾਂ ਨੇ ਕਦੇ ਕਾਰਸੇਵਾ ਨਹੀਂ ਕੀਤੀ, ਫਿਰ ਸਿੱਖਾਂ ਨੇ ਅਜਿਹੀਆਂ ਗਲਤੀਆਂ, ਜਿਹੜੀਆਂ ਇਤਿਹਾਸ ਨੂੰ ਮਿਟਾ ਰਹੀਆਂ ਹਨ, ਦਾ ਠੇਕਾ ਕਿਉਂ ਲੈ ਲਿਆ ਹੈ।

ਇਸ ਵਾਸਤੇ ਕੌਮ ਨੂੰ ਜਾਗਣਾ ਚਾਹੀਦਾ ਹੈ ਅਤੇ ਆਪਣੇ ਇਤਿਹਾਸਿਕ ਅਸਥਾਨਾਂ ਅਤੇ ਸਰੋਤਾਂ ਦੀ ਰਾਖੀ ਕਰਨੀ ਚਾਹੀਦੀ ਹੈ। ਇਸ ਵੇਲੇ ਸਾਡੀ ਜਿੰਮੇਵਾਰੀ ਇਸ ਕਰਕੇ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਸਾਡੇ ਧਾਰਮਿਕ ਅਤੇ ਰਾਜਨੀਤਿਕ ਆਗੂ ਇਸ ਵੇਲੇ ਸਿੱਖਾਂ ਦੀ ਮੂਲੋਂ ਹੀ ਵਿਰੋਧੀ ਜਮਾਤ ਆਰ. ਐਸ. ਐਸ. ਦੇ ਕਰਿੰਦੇ ਬਣ ਚੁੱਕੇ ਹਨ। ਆਉ, ਇਸ ਨੇਕ ਕੰਮ ਦੀ ਸ਼ੁਰੂਆਤ ਦਰਬਾਰ ਸਹਿਬ ਵਿਖੇ ਤੋੜੀ ਜਾ ਰਹੀ ਪਾਣੀ ਟੈਂਕੀ ਦਾ ਬਚਾਅ ਕਰਕੇ ਕਰੀਏ।

ਗੁਰੂ ਰਾਖਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top