.jpg)
ਨਵੀਂ ਦਿੱਲੀ,
10 ਫ਼ਰਵਰੀ: ਕੌਮੀ ਰਾਜਧਾਨੀ 'ਚ 'ਮੋਦੀ ਰੱਥ' ਦਾ ਰਾਹ ਰੋਕਦਿਆਂ ਅਰਵਿੰਦ ਕੇਜਰੀਵਾਲ
ਦੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਅਤੇ ਹੂੰਝਾ-ਫੇਰੂ ਜਿੱਤ
ਹਾਸਲ ਕੀਤੀ ਹੈ। 9 ਮਹੀਨੇ ਪਹਿਲਾਂ 'ਮੋਦੀ ਲਹਿਰ' 'ਤੇ ਸਵਾਰ ਹੋ ਕੇ ਲੋਕ ਸਭਾ ਚੋਣਾਂ
ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਭਾਜਪਾ, ਆਮ ਆਦਮੀ ਪਾਰਟੀ ਦੀ ਸੁਨਾਮੀ ਅੱਗੇ
ਟਿਕ ਨਾ ਸਕੀ।
ਦਿੱਲੀ 'ਤੇ 15 ਸਾਲ ਲਗਾਤਾਰ ਰਾਜ ਕਰਨ ਵਾਲੀ ਕਾਂਗਰਸ ਦਾ ਤਾਂ ਪੱਤਾ
ਹੀ ਸਾਫ਼ ਹੋ ਗਿਆ। ਭਾਜਪਾ ਨੇ ਦਿੱਲੀ ਦਾ ਕਿਲ੍ਹਾ ਫ਼ਤਿਹ ਕਰਨ ਲਈ ਪ੍ਰਧਾਨ ਮੰਤਰੀ,
ਮੰਤਰੀਆਂ, ਸੰਸਦ ਮੈਂਬਰਾਂ ਤੇ ਹੋਰ ਸਾਰੇ ਸਾਧਨਾਂ ਨਾਲ ਪੂਰਾ ਜ਼ੋਰ ਲਾਇਆ ਹੋਇਆ ਸੀ
ਪਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹੀ ਦੂਸਰੀ ਵਾਰ ਮੌਕਾ ਦੇਣਾ ਬਿਹਤਰ ਸਮਝਿਆ ਅਤੇ
ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਬੁਰੀ ਤਰ੍ਹਾਂ ਰੱਦ ਕਰ ਦਿਤਾ।
70 ਮੈਂਬਰੀ ਦਿੱਲੀ ਵਿਧਾਨ ਸਭਾ
ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ 67 ਅਤੇ ਭਾਜਪਾ ਨੂੰ ਮਹਿਜ਼ 3 ਸੀਟਾਂ ਮਿਲੀਆਂ
ਹਨ, ਜਿਸ ਨਾਲ ਉਹ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਹੀਂ ਕਰ ਸਕੇਗੀ। ਉਧਰ
ਕਾਂਗਰਸ ਅਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ
ਉਮੀਦਵਾਰ ਕਿਰਨ ਬੇਦੀ ਵੀ ਅਪਣੀ ਸੀਟ ਜਿੱਤ ਨਾ ਸਕੀ। ਦੇਰ ਸ਼ਾਮ ਵਿਧਾਇਕਾਂ ਨੇ
ਅਰਵਿੰਦ ਕੇਜਰੀਵਾਲ ਨੂੰ ਅਪਣਾ ਨੇਤਾ ਚੁਣ ਲਿਆ ਅਤੇ ਕੇਜਰੀਵਾਲ ਨੇ ਰਾਜਪਾਲ ਨਜੀਬ
ਜੰਗ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿਤਾ।
ਚੋਣਾਂ ਵਿਚ ਭਗਵਾਂ ਪਾਰਟੀ ਨੂੰ ਸੌਦਾ ਸਾਧ
ਦੀ ਹਮਾਇਤ ਵੀ ਕੋਈ ਫ਼ਾਇਦਾ ਨਾ ਦੇ ਸਕੀ, ਹਾਲਾਂਕਿ ਸੌਦਾ ਸਾਧ ਨੇ ਦਾਅਵਾ ਕੀਤਾ ਸੀ
ਕਿ ਉਨ੍ਹਾਂ ਦੇ ਦਿੱਲੀ ਵਿਚ 20 ਲੱਖ ਪੈਰੋਕਾਰ ਹਨ।
ਜਿੱਤ ਦੇ ਰੁਝਾਨ ਆਉਂਦੇ ਸਾਰ ਹੀ ਆਮ ਆਦਮੀ ਪਾਰਟੀ ਦੇ ਸਾਰੇ
ਹੀ ਦਫ਼ਤਰਾਂ ਵਿਚ ਜਸ਼ਨ ਸ਼ੁਰੂ ਹੋ ਗਏ। ਪਾਰਟੀ ਦੇ ਸਮਰਥਕ ਗਾਣਿਆਂ ਦੀਆਂ ਧੁਨਾਂ ਅਤੇ
ਢੋਲ ਦੇ ਡੱਗੇ 'ਤੇ ਸਾਰਾ ਦਿਨ ਨਚਦੇ-ਟਪਦੇ ਰਹੇ। ਹੋਰ ਕਈ ਰਾਜਾਂ ਵਿਚ ਵੀ ਆਪ ਦੇ
ਸਮਰਥਕ ਜਸ਼ਨ ਮਨਾ ਰਹੇ ਹਨ। 46 ਸਾਲਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ
ਉਮੀਦ ਨਹੀਂ ਸੀ ਕਿ ਉਹ ਏਨੀਆਂ ਸੀਟਾਂ ਲੈ ਜਾਣਗੇ। 'ਆਪ' ਨੇ ਪਿਛਲੀ ਵਾਰ 28 ਸੀਟਾਂ
ਜਿੱਤੀਆਂ ਸਨ।
ਆਮ ਆਦਮੀ ਪਾਰਟੀ ਦੇ ਤੂਫ਼ਾਨ ਨੇ
ਭਾਜਪਾ ਅਤੇ ਕਾਂਗਰਸ ਦੇ ਵੱਡੇ ਵੱਡੇ ਥੰਮਾਂ ਨੂੰ ਢਹਿ-ਢੇਰੀ ਕਰ ਦਿਤਾ ਹੈ।
ਭਾਜਪਾ ਆਗੂਆਂ ਨੇ ਅਪਣੀ ਹਾਰ ਪ੍ਰਵਾਨ ਕਰ ਲਈ ਪਰ ਇਹ ਵੀ ਕਿਹਾ ਹੈ ਕਿ ਇਹ ਹਾਰ ਮੋਦੀ
ਦੀ ਕਾਰਗੁਜ਼ਾਰੀ ਵਿਰੁਧ ਨਹੀਂ। ਅਤੀਤ 'ਚ ਪਹਿਲਾਂ ਕਿਸੇ ਪਾਰਟੀ ਨੂੰ ਅਜਿਹੀ ਲਾਮਿਸਾਲ
ਜਿੱਤ ਹਾਸਲ ਨਹੀਂ ਹੋਈ। ਸਿਰਫ਼ 1989 ਵਿਚ ਇਕ ਵਾਰ ਸਿਕਮ ਸੰਘਰਸ਼ ਪਰਿਸ਼ਦ ਨੇ ਵਿਧਾਨ
ਸਭਾ ਦੀਆਂ ਸਾਰੀਆਂ 32 ਸੀਟਾਂ ਜਿੱਤੀਆਂ ਸਨ।
ਅਰਵਿੰਦ ਕੇਜਰੀਵਾਲ ਖ਼ੁਦ ਨਵੀਂ ਦਿੱਲੀ ਦੀ ਵਕਾਰੀ ਸੀਟ ਤੋਂ
31500 ਵੋਟਾਂ ਦੇ ਭਾਰੀ ਫ਼ਰਕ ਨਾਲ ਜੇਤੂ ਰਹੇ ਹਨ। ਉਨ੍ਹਾਂ ਭਾਜਪਾ ਦੀ ਉਮੀਦਵਾਰ
ਨੁਪੂਰ ਸ਼ਰਮਾ ਨੂੰ ਹਰਾਇਆ। ਸਾਬਕਾ ਮੰਤਰੀ ਅਤੇ ਕਾਂਗਰਸ ਉਮੀਦਵਾਰ ਕਿਰਨ ਵਾਲੀਆ ਸਿਰਫ਼
47 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੀ ਹੈ।
ਭਾਜਪਾ ਦੀ ਹਾਲਤ ਉਦੋਂ ਹੋਰ ਵੀ ਸ਼ਰਮਨਾਕ ਬਣ ਗਈ ਜਦ ਮੁੱਖ
ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਵੀ ਅਪਣੀ ਸੀਟ ਤੋਂ ਹਾਰ ਗਈ। ਲੋਕ ਸਭਾ ਚੋਣਾਂ
ਤੋਂ ਬਾਅਦ ਭਾਜਪਾ ਨੇ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਸੂਬਿਆਂ ਵਿਚ ਸਰਕਾਰਾਂ ਬਣਾਈਆਂ
ਹਨ ਅਤੇ ਜੰਮੂ ਤੇ ਕਸ਼ਮੀਰ ਵਿਚ ਦੂਜੇ ਨੰਬਰ 'ਤੇ ਰਹੀ ਹੈ ਪਰ ਦਿੱਲੀ ਵਿਚ ਭਾਜਪਾ ਨੂੰ
ਸ਼ਰਮਨਾਕ ਹਾਰ ਨਸੀਬ ਹੋਈ ਹੈ। ਆਪ ਨੇ ਕਿਹਾ ਹੈ ਕਿ ਭਾਜਪਾ ਨੂੰ ਵਿਧਾਨ ਸਭਾ ਵਿਚ
ਵਿਰੋਧੀ ਧਿਰ ਦਾ ਰੁਤਬਾ ਦਿਤਾ ਜਾਵੇਗਾ। ਅਰਵਿੰਦ ਕੇਜਰੀਵਾਲ 14 ਫ਼ਰਵਰੀ ਨੂੰ ਮੁੱਖ
ਮੰਤਰੀ ਅਹੁਦੇ ਦੀ ਸਹੁੰ ਚੁਕਣਗੇ।
.jpg)