Share on Facebook

Main News Page

ਦਿੱਲੀ ਦੇ ਲੋਕ ਫ਼ਤਵੇ ਦਾ ਅਰਥ
-: ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਪਟਿਆਲਾ

7 ਫਰਵਰੀ 2015 ਨੂੰ ਦਿੱਲੀ ਵਿੱਚ ਵੋਟਾਂ ਪਈਆਂ ਸਨ, ਅੱਜ 10 ਫ਼ਰਵਰੀ ਨੂੰ ਨਤੀਜੇ ਆ ਚੁਕੇ ਹਨ। 70 ਵਿੱਚੋਂ 67 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰ ਲਈ ਹੈ। ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਉਸ ਸਾਰੀ ਟੀਮ ਨੂੰ ਵਧਾਈ ਜਿਸ ਨੇ ਆਪਣੇ ਵਿੱਚ ਲੋਕਾਈ ਦਾ ਵਿਸ਼ਵਾਸ ਦੁਬਾਰਾ ਪੈਦਾ ਕਰ ਦਿਖਾਇਆ ਹੈ।

ਭਾਰਤ ਵਿੱਚ ਇਹ ਪਹਿਲੀ ਵਾਰ ਸੰਭਵ ਹੋਇਆ ਹੈ ਕਿ ਇੱਕ ਲੋਕ ਕ੍ਰਾਂਤੀ ਤੋਂ ਲੋਕਾਈ ਦਾ ਮੋਹ ਭੰਗ ਹੋ ਜਾਣ ਤੋਂ ਬਾਅਦ ਫਿਰ ਦੁਬਾਰਾ ਲੋਕਾਂ ਨੇ ਪਹਿਲਾਂ ਨਾਲੋਂ ਵੀ ਤਕੜੇ ਬਹੁਮਤ ਨਾਲ ਉਸ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੋਵੇ। ਭਵਿੱਖ ਲਈ ਦਿੱਲੀ ਦੀਆਂ ਚੋਣਾਂ ਦੇ ਅਸਲ ਅਰਥ ਇਸੇ ਵਿੱਚੋਂ ਹੀ ਲੱਭਣੇ ਚਾਹੀਦੇ ਹਨ। ਮੈਂ ਸਮਝਦਾ ਹਾਂ ਕਿ ਇਹ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਨਾਲੋਂ ਨਾਲ ਲੋਕਾਂ ਦੀ ਮਾਨਸਿਕਤਾ ਵਿੱਚ ਆਏ ਭਾਰੀ ਬਦਲਾਓ ਅਤੇ ਅਸਲ ਦੇ ਮੂਲ ਨਾਲ ਜੁੜਨ ਦੀ ਕਵਾਇਦ ਦਾ ਆਰੰਭ ਹੈ। ਜੋ ਸਾਨੂੰ ਭਾਰਤ ਭਰ ਲਈ ਲੋਕ ਇੱਛਾਵਾਂ ਦੀ ਕਦਰ ਅਤੇ ਪੂਰਤੀ ਪ੍ਰਤੀ ਇੱਕ ਬਹੁਤ ਹੀ ਸੁਖਦਾਈ ਪਰਿਵਰਤਨ ਵੱਲ ਇਸ਼ਾਰਾ ਕਰਦਾ ਹੈ।ਅਮੂਮਨ ਭਾਰਤ ਅੰਦਰ ਲੋਕਾਈ ਦੀ ਮਨੋਬਿਰਤੀ ਨੂੰ ਸਥਾਪਕਤਾ, ਮੀਡੀਆ ਅਤੇ ਸੱਤਾ ਹਮੇਸ਼ਾਂ ਹੀ ਵਰਗਲਾ ਕੇ ਕਿਡਨੈਪ ਕਰ ਲਿਜਾਂਦੀ ਰਹੀ ਹੈ। ਇਸ ਵਾਰ ਦਿੱਲੀ ਦੇ ਲੋਕਾਂ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਨਾਲ ਹੀ ਨਾਲ ਅਬਲਾ ਬਣ ਚੁਕੇ ਲੋਕ ਤੰਤਰ ਨੂੰ ‘ਗੁੰਡਾ ਤੰਤਰ ਅਤੇ ਡਾਨ ਸਿਆਸਤ’ ਰਾਹੀਂ ਲਗਾਤਾਰ ਹੁੰਦੇ ‘ਰੇਪ’ ਤੋਂ ਬਚਾ ਲਿਆ ਹੈ। ਹੁਣ ਸ਼ਾਇਦ ਸਾਨੂੰ ਬਾਕੀ ਸੂਬਿਆਂ ਵਿੱਚ ਵੀ ਭਾਰਤੀ ਲੋਕ ਤੰਤਰ ਵਿੱਚ ਇੱਕ ਨਵੀਂ ਸਵੇਰ ਦਾ ਆਗਾਜ਼ ਹੁੰਦਾ ਦਿਸੇ…

ਬੀਬਾ ਕਿਰਨ ਬੇਦੀ ਮੇਰੀ ਸੋਚ ਮੁਤਾਬਕ ਭਾਰਤ ਅੰਦਰ ਇੱਕ ਵਿਸ਼ੇਸ਼ ਕਿਸਮ ਦੇ ਗਲੈਮੇਰਾਈਜ਼ ਅਹੰਕਾਰ ਦੀ ਰਹਿਨੁਮਾਈ ਕਰਦੀ ਸੀ। ਜੇ ਇਹ ਭਾਜਪਾਈ ਹੰਕਾਰ ਦੇ ਸ੍ਰੀ ਮੋਦੀ ਮਾਰਕਾ ਹੰਕਾਰ ਨਾਲ ਜੁੜ ਕੇ ਸੱਤਾ ਵਿੱਚ ਆ ਜਾਂਦਾ ਤਾਂ ਭਾਰਤ ਦੀ ਸਿਆਸਤ ਨੇ "ਸਥਾਪਕਤਾਵਾਦੀ ਨੌਕਰਸ਼ਾਹੀ ਕ੍ਰਿਤ ਤੰਤਰਵਾਦੀ ਸਿਆਸਤ” ਵਿੱਚ ਗਰਕ ਹੋ ਜਾਣਾ ਸੀ। ਦਿੱਲੀ ਦੇ ਲੋਕਾਂ ਦਾ ਸਮੁੱਚੇ ਭਾਰਤ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਭਾਰਤੀ ਲੋਕ ਤੰਤਰ ਨੂੰ ਇਸ ਉਲਝੀ ਤੰਦ ਵਾਦੀ ਬਿਮਾਰੀ ਤੋਂ ਬਚਾ ਲਿਆ ਹੈ।

ਇਹ ਪਰਖ ਦੀ ਘੜੀ ਹੈ। ਵਾਅਦੇ ਤਾਂ ‘ਆਪ’ ਸਰਕਾਰ ਜਲਦ ਪੂਰੇ ਕਰ ਦਏਗੀ, ਇਸ ਵਿੱਚ ਕੋਈ ਸ਼ਕ ਨਹੀਂ ਹੈ। ਨਿਜ਼ਾਮ ਦੇ ਬਦਲ ਲਈ ਕਿਹੜਾ ਸਰੂਪ ਜਨਮ ਲੈਂਦਾ ਹੈ ਇਹ ਹਾਲੇ ਵੇਖਣਾ ਹੋਵੇਗਾ। ਬਾਕੀ ਸਭ ਕੁਝ ਤਾਂ ਹਾਲੇ ਭਵਿੱਖ ਦੇ ਗਰਭ ਵਿੱਚ ਹੈ ਪਰ ਹਾਂ ਇਹ ਗੱਲ ਸਪਸ਼ਟ ਸਾਹਮਣੇ ਆ ਗਈ ਹੈ ਕਿ ‘ਅੰਨਾ ਹਜਾਰੇ ਦੀ ਟੀਮ’ ਅਤੇ ‘ਸ੍ਰੀ ਮੋਦੀ ਦੀ ਲੱਛੇਦਾਰ ਸਿਆਸਤ’ ਦੀ ਕਰਾਰੀ ਹਾਰ ਹੋ ਚੁਕੀ ਹੈ। ਸ੍ਰੀ ਮੋਦੀ ਦੇ ਜਾਦੂ ਦਾ ਰਾਵਣ, ਲੋਕਾਂ ਦੇ ਪਿਆਰ ਦੇ ਸੁਨੇਹੇ ਵਾਲੇ ਦਿਨ ਰਾਮ ਲੀਲਾ ਮੈਦਾਨ ਵਿੱਚ ਫੂਕ ਦਿੱਤਾ ਜਾਵੇਗਾ। ਸਭਿਅਤਾਵਾਂ ਦੇ ਵਖਰੇਵੇਂ ਨੂੰ ਮਿਟਾ ਕੇ ਧਾਰਮਿਕ ਏਕੇ ਨੂੰ ਸਥਾਪਿਤ ਕਰਨ ਵਾਲੀਆਂ ਤਾਕਤਾਂ ਦੀ ‘ਘਰ ਵਾਪਸੀ’ ਦਾ ਇਹ ਸਪਸ਼ਟ ਸੰਕੇਤ ਹੈ। ਜੋ ਲੋਕ ਭਾਰਤ ਨੂੰ ਅਸਹਿਣਸ਼ੀਲ, ਕੱਟੜਵਾਦੀ, ਤਾਨਾਸ਼ਾਹੀ ਲੋਕ ਤੰਤਰ ਦੀ ਨਵੀਂ ਫੜੀ ਚਾਬੁਕ ਨਾਲ ਅਣਡਿਠ ਵਿਕਾਸ ਦੇ ਘੋੜੇ ਤੇ ਸਰਪਟ ਦੋੜਾ ਕੇ 'ਹਿੰਦੁਤਵਾ' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤਤਪਰ ਸਨ, ਉਸ ਕੱਟੜਵਾਦੀ ਅਤੇ ਹੰਕਾਰ ਵਾਦੀ ਸੱਤਾ ਦੇ ਕੇਂਦਰ ਨੂੰ ਬਣਨ ਤੋਂ ਰੋਕਣ ਵੱਲ ਇਹ ਇੱਕ ਸੰਕੇਤ ਹੈ। ਭਾਰਤੀ ਨਾਗਰਿਕਾਂ ਨੂੰ ਇਸ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।ਭਾਰਤੀ ਸਿਆਸਤ ਨਵੀਂ ਦਿਸ਼ਾ ਵੱਲ ਕਦਮ ਪੁੱਟ ਚੁਕੀ ਹੈ। ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਅਜਿਹੀ ਲੋਕ ਕ੍ਰਾਂਤੀ ਦੀ ਜਨਮ ਭੂਮੀ ਦਿੱਲੀ ਬਣੀ ਹੈ। ਨਹੀਂ ਤਾਂ ਇਤਿਹਾਸ ਗਵਾਹ ਹੈ ਕਿ ਦਿੱਲੀ ਹਮੇਸ਼ਾਂ ਜ਼ੁਲਮ ਅਤੇ ਜਬਰ ਨਾਲ ਹੀ ਲੋਕਾਈ ਤੇ ਰਾਜ ਕਰਦੀ ਸਮੇਂ ਨੇ ਵੇਖੀ ਹੈ।

ਲੋਕਾਂ ਨੇ ਸੱਤਾ ਨਿਮਿਤ ਬਦਲ ਲੱਭਣ ਦੀ ਕੋਸ਼ਿਸ਼ ਨੂੰ ਸਫ਼ਲ ਬਣਾ ਦਿੱਤਾ ਹੈ। ਹੁਣ ਇਸ ਨਵੇਂ ਜਨਮੇ ਲੋਕ ਹਾਕਮ ਨੂੰ ਆਪਣੀ ਪ੍ਰਤੀਬੱਧਤਾ ਸਾਬਤ ਕਰਨੀ ਪਵੇਗੀ ਉਸ ਤੋਂ ਬਾਅਦ ਹੀ ਭਾਰਤ ਅੰਦਰ ਨਿਜ਼ਾਮ ਦੇ ਬਦਲ ਦੀਆਂ ਸੰਭਾਵਨਾਵਾਂ ਜਨਮ ਲੈਣਗੀਆਂ। ਦਿੱਲੀ ਚੋਣਾਂ ਦੇ ਨਤੀਜੇ ਇਸੇ ਵੱਲ ਸੰਕੇਤਕ ਹਨ।

10-2-2015


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top