Share on Facebook

Main News Page

ਸੁਰਖਿਅਤ ਘੇਰਾ-ਬੰਦੀ ਤੇ ਕੇਜਰੀਵਾਲ
-:
ਤਰਲੋਕ ਸਿੰਘ ‘ਹੁੰਦਲ’, ਟੋਰਾਂਟੋ-ਕਨੇਡਾ

‘ਆਮ ਆਦਮੀ ਪਾਰਟੀ ਦੇ ਸੰਚਾਲਕ’ ਤੇ ਮੁਖੀ ਅਰਵਿੰਦ ਕੇਜ਼ਰੀਵਾਲ ਜੀ ਦੇ “ਝਾੜੂ” ਨੇ ਦਿੱਲ਼ੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ 67 ਸੀਟਾਂ ਨੇ ਸ਼ਾਨਦਾਰ ਜਿੱਤ ਹਾਸਲ ਨੂੰ ਕੇਵਲ ਆਜ਼ਾਦੀ ਤੋਂ ਬਾਅਦ ਮਹਿਜ ਦਿੱਲੀ ਵਿੱਚ ਇਨਕਲਾਬੀ ਤਬਦੀਲੀ ਲਿਆਉਂਣ ਦੇ ਪ੍ਰਪੇਖ ਵਿੱਚ ਹੀ ਨਹੀਂ ਵੇਖਣਾ ਚਾਹੀਦਾ, ਸਗੋਂ ਇਸ ਨੇ ਭਾਰਤ ਦੇ ਰਾਜਸੀ ਢਾਂਚੇ ਦੇ ਬਦਲ ਲਈ ਦਹਾਕਿਆਂ ਤੋਂ ਜਦੋ-ਜਹਿਦ ਕਰਦੇ ਅਣਗੌਲੇ ਗਰੀਬ ਤੇ ਪੱਛੜੇ ਵਰਗ ਦੇ ਦਿਲਾਂ ’ਚ “ਬਹੁਤ ਕੁਝ ਕਰ ਸਕਣ” ਦੀ ਹਿੰਮਤ ਦੀ ਜੋਤ ਜਗਾਈ ਹੈ। ਰਾਜਨੀਤਕ ਪਲੇਟਫ਼ਾਰਮ ਤੇ ਨਿਰਸੰਦੇਹ, ਇਸ ਵੱਡੇ ਪਰਿਵਰਤਨ ਨੂੰ ਸਰਮਾਇਦਾਰੀ ਦੀ ਹਾਰ ਤੇ ਗਰੀਬ ਦੀ ਜਿੱਤ ਕਿਹਾ ਜਾ ਸਕਦਾ ਹੈ। ਧੱਕੜ-ਸ਼ਾਹ, ਪੂੰਜੀਪਤੀ ਤੇ ਪੱਕੀ ਜਿਤ ਦੇ ਦਾਹਵੇਦਾਰ ਅਕਾਲੀ ਪਾਰਟੀ ਦੇ ਚਾਰੇ ਕਾਰਕੁਨ ਬੜੀ ਬੁਰੀ ਤਰ੍ਹਾਂ ਹਾਰ ਗਏ ਤੇ ‘ਚਾਰ ਸਿੱਖ’ ਚੋਣਾਂ ਵਿੱਚ ਸੋਹਣੀ ਸਫ਼ਲਤਾ ਪ੍ਰਾਪਤ ਕਰ ਗਏ ਹਨ। ਸਭ ਨੂੰ ਢੇਰ ਸਾਰੀਆਂ ਮੁਬਾਰਕਾਂ।

ਤਰਕ ਸਹਿਤ ਸ੍ਰੀ ਅਰਵਿੰਦ ਕੇਜ਼ਰੀ ਵਾਲ ਨੇ ਜ਼ੈਡ ਸੁਰਖਿਅਤ ਘੇਰਾ-ਬੰਦੀ ਸੁਵਿਧਾ ਲੈਂਣ ਤੋਂ ਇਨਕਾਰ ਕਰ ਦਿੱਤਾ ਹੈ ਕਿ ‘ਉਹ’ ਆਮ ਆਦਮੀ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਆਮ ਆਦਮੀ ਹੀ ਉਸ ਦੀ ਸੁਰਖਿਆ ਹੈ। ਇਹ ਠੀਕ ਹੈ ਅਤੇ ਲੀਡਰ ਹੋਣਾ ਵੀ ਐਸਾ ਹੀ ਚਾਹੀਦਾ ਹੈ, ਤਾਂ ਜੁ ਰਾਜਸੀ ਲੋਕਾਂ ਤਾਂਈ ਹਰ ਲੋੜਵੰਦ ਵਿਅਕਤੀ ਦੀ ਪਹੁੰਚ ਸੁਖਾਲੀ ਹੋਵੇ। ਫਿਰਕਾਪ੍ਰਸਤ ਅਤੇ ਹਿੰਦੂਤਵੀ ਦਬਾਅ ਥੱਲੇ ਚਲ ਰਹੇ ਸਾਡੇ ਦੇਸ਼ ਦੇ ਹਾਲਾਤ ਇਸ ਪੱਖੋਂ ਬਹੁਤੇ ਭਰੋਸੇਯੋਗ ਨਹੀਂ ਹਨ।

ਅਜੇ ਕੱਲ ਹੀ ਹਿੰਦੂ ਮਹਾਂ ਸਭਾ ਦੇ ਮਹਾਂਰਥੀ ਤੇ ਦਿੱਲ਼ੀ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਸਵਾਮੀ ਓਮ ਨੇ ਇੱਕ ਖ਼ਤਰਨਾਕ ਬਿਆਨ ਦਾਗਿਆ ਹੈ, ਜੋ ਸ਼ੋਸ਼ਲ-ਮੀਡੀਆ ਤੇ ਯੂ-ਟੀਊਬ 'ਤੇ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਕਿ… ‘ਮੈਂ ਪਰਸੂ ਰਾਮ ਦਾ ਵੰਸ਼ਜ ਹਾਂ…ਨਥੂ ਰਾਮ ਗੌਡਸੇ ਸਾਡੀ ਪਾਰਟੀ ਦੇ ਮੈਂਬਰ ਸਨ… ਪਹਿਲੇ ਗਾਂਧੀ ਕੋ ਮਾਰਾ, ਅਬ ਕੇਜ਼ਰੀਵਾਲ ਕੋ ਮਾਰੇਂਗੇ’। ਉਕਤ ਵਿਵਾਦਪੂਰਨ ਬਿਆਨਕਾਰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਰੀਬੀਆਂ’ਚੋਂ ਜਾਣਿਆ ਜਾਂਦਾ ਹੈ। ਇੱਕ ਹੋਰ ਭਾਜਪਾਈ ਮੈਂਬਰ ਪਾਰਲੀਮੈਂਟ ਸ਼੍ਰੀਮਾਨ ਅਦਿਤਯ ਨਾਥ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ 60ਵੀਂ ਵਰ੍ਹੇ ਗੰਢ ਮੌਕੇ ਕਰਵਾਏ ਗਏ ਸਮਾਗਮ ਵਿੱਚ ਇਸਲਾਮ ਮੱਤ ਦੇ ਪ੍ਰਚਾਰਕਾਂ ਵੱਲ ਨਿਸ਼ਾਨਾ ਸੇਧਦੇ ਹੋਏ ਧਮਕੀ-ਭਰੇ ਲਹਿਜੇ’ਚ ਆਖਿਆ ਹੈ ਕਿ ‘ਮਸਜਿਦਾਂ ਵਿੱਚ ਨੰਦੀ, ਗੌਰੀ ਤੇ ਗਣੇਸ਼ ਦੀਆਂ ਮੂਰਤੀਆਂ ਲਵਾਵਾਂਗੇ’। ਸਭ ਚੁੱਪ ਹਨ।

ਪ੍ਰਧਾਨ ਮੰਤਰੀ ਜੀਓ! ਕਿਆ ਯਹੀ ਅੱਛੇ ਦਿਨੋਂ ਕਾ ਆਗਾਜ਼ ਹੈ?

ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮੇਰਿਕਾ ਦੇ ਸਤਿਕਾਰਯੋਗ ਰਾਸ਼ਟਰਪਤੀ ਬਰਾਕ ਓਬਾਮਾ ਜੀ ਦਾ ਭਾਰਤੀਯ ਗਣਤੰਤਰ-ਸਮਾਰੋਹ-2015 ਸਮੇਂ ਭਾਰਤ-ਫੇਰੀ ਉਪਰੰਤ ਵਾਪਸੀ ਵੇਲੇ ਹਿੰਦੋਸਤਾਨ ਦੀ ਧਰਤੀ 'ਤੇ ਕਹੇ ਸਿਖਿਆਦਾਇਕ ਸ਼ਬਦ ਕਿ “ਭਾਰਤ ਨੂੰ ਧਾਰਮਿਕ ਅਸਿਹਸ਼ੀਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ”। ਸੱਚ ਸਾਬਤ ਨਹੀਂ ਹੋ ਰਹੇ। ਉਨ੍ਹਾਂ ਨੇ ਵਾਪਸ ਜਾ ਕੇ ਅਮੇਰਿਕਾ ਦੀ ਜ਼ਮੀਨ ਤੇ ਵੀ ਇੱਕ ਵਾਰ ਫਿਰ ਇਹੋ ਤੌਖਲਾ ਜਾਹਰ ਕੀਤਾ ਹੈ।

ਦੇਸ਼ ਦੀ ਵੰਡ ਤੋਂ ਬਾਅਦ ਪੇਸ਼ੇ ਵਜੋਂ ਵਕੀਲ, ਪ੍ਰਸਿੱਧ ਸਿਆਸਤਦਾਨ ਅਤੇ ਪਾਕਿਸਤਾਨ ਦੇ ਬਾਨੀ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ, 14 ਅਗਸਤ-1947 ਨੂੰ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਬਣੇ ਸਨ ਅਤੇ ਮੌਤ ਤੱਕ ਯਾਨੀ 11 ਸਤੰਬਰ-1948 ਤੱਕ ਇਸ ਸਨਮਾਨਤ ਔਹਦੇ ਤੇ ਬਰਾਜਮਾਨ ਰਹੇ। ਆਪ ਜੀ ਨੂੰ ਅਜ ਵੀ ‘ਬਾਬਾ-ਏ-ਕੌਮ’ਆਖ ਕੇ ਵਡਿਆਇਆ ਜਾਂਦਾ ਹੈ। ਆਪ ਬਹੁਤ ਮਕਬੂਲ ਤੇ ਹਰਮਨ ਪਿਆਰੇ ਇਸਲਾਮੀ ਨੇਤਾ ਸਨ। ਪਾਕਿਸਤਾਨ ਦੇ ਲੋਕ ਆਪ ਜੀ ਦਾ ਦਿਲੋਂ ਪਿਆਰ ਤੇ ਡਾਢਾ ਸਤਿਕਾਰ ਕਰਦੇ ਸਨ। ਇਤਿਹਾਸ ਗਵਾਹ ਹੈ ਕਿ ਪਾਕਿਸਤਾਨ ਦੇ ਗਵਰਨਰ ਜਨਰਲ ਦਾ ਅਹੁਦਾ ਸੰਭਾਲ ਤੋਂ ਬਾਅਦ, ਆਪ ਜੀ ਨੇ ਲੋਕ-ਪ੍ਰੀਅਤਾ ਦੀ ਹੋਂਦ ਦੇ ਸਨਮੁਖ ਕਿਸੇ ਵੀ ‘ਸੁਰਖਿਅਤ ਘੇਰਾ-ਬੰਦੀ’ਦੀ ਆਗਿਆ ਨਹੀਂ ਸੀ ਦਿੱਤੀ। ਆਪ ਜੀ ਦਾ ਕਹਿਣ ਸੀ ਕਿ ‘ਮੇਰੇ ਹਰੇਕ ਦੇਸ਼-ਵਾਸੀ ਨੂੰ ਮੇਰੇ ਕੋਲ ਬੇਰੋਕ ਪਹੁੰਚ ਦਾ ਹਰ ਹੱਕ ਲਾਜਮੀ ਹਾਸਲ ਹੋਣਾ ਚਾਹੀਦਾ ਹੈ’। ਕਈ ਚਿਰ ਦੂਰ-ਦੂਰ ਤੱਕ,ਉਸ ਦੀ ਸਰਕਾਰੀ ਰਿਹਾਇਸ਼-ਗਾਹ ਉਦਾਲੇ ਪੁਲੀਸ ਤੇ ਸਰਕਾਰੀ ਸੁਹੀਆ ਏਜੈਂਸੀ ਦਾ ਪਰਿੰਦਾ ਵੀ ਨਹੀਂ ਸੀ ਫੜ੍ਹਕਦਾ ਰਿਹਾ। ਸਾਰੇ ਦਰ ਖੁੱਲ੍ਹੇ ਰੱਖੇ ਗਏ ਸਨ।

ਭਾਰਤ ਦੇ ਮਹਾਤਮਾ ਗਾਂਧੀ, ਜਿਨ੍ਹਾਂ ਦਾ ਪੂਰਾ ਨਾਂਅ ਮੋਹਨ ਦਾਸ, ਕਰਮਚੰਦ ਗਾਂਧੀ ਸੀ, ਵੀ ਸਹਿਜ ਅਵਸਥਾ ’ਚ ਵਿਚਰਨ ਵਾਲੇ ਬਹੁਤ ਹਰਮਨ ਪਿਆਰੇ ਕੌਮੀ ਨੇਤਾ ਸਨ। ਮਹਾਤਮਾ ਗਾਂਧੀ ਨੂੰ 30 ਜਨਵਰੀ-1948 ਦੀ ਸ਼ਾਮ 7.17 ਮਿੰਟ ਤੇ ਰਾਸ਼ਟ੍ਰੀਯ ਸੋਵਿੰਗ ਦਲ ਦੇ ਸਰਗਰਮ ਮੈਂਬਰ ਨਥੂ ਰਾਮ ਗੌਡਸੇ ਨੇ ਦਿੱਲੀ ’ਚ ਹੀ ਬਿਰਲਾ ਹਾਉਸ, ਪ੍ਰਾਰਥਨਾ ਸਭਾ ਦੀਆਂ ਦਹਲੀਜਾਂ 'ਤੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਗਾਂਧੀ ਜੀ ਦੇ ਕਾਤਲ, ਨਥੂ ਰਾਮ ਗੌਡਸੇ ਨੇ ਬਿਲਕੁਲ ਨੇੜਿਉਂ ਬਰੇਟਾ-ਐਂਮ-1934, ਸੈਮੀ ਆਟੋਮੈਟਿਕ ਪਿਸਟਲ ਨਾਲ ਤਿੰਨ ਗੋਲੀਆਂ ਦਾਗੀਆਂ ਸਨ। ਗਾਂਧੀ ਜੀ ਉੱਤੇ ਇਹ ਚੌਥਾ ਹਮਲਾ ਸੀ, ਜੋ ਜਾਨ-ਲੇਵਾ ਸਾਬਤ ਹੋਇਆ। ਮਾਰੂ ਵਾਰ ਸਦਕਾ ਧਰਤੀ ਉੱਤੇ ਡਿਗਦੇ ਗਾਂਧੀ ਜੀ ‘ਹੇ ਰਾਮ’ ਹੀ ਆਖ ਸਕੇ ਸਨ। 15 ਨਵੰਬਰ-1949 ਵਾਲੇ ਦਿਨ, ਦੋਸ਼ੀ ਨਥੂ ਰਾਮ ਗੌਡਸੇ ਨੂੰ ਅੰਬਾਲਾ ਜੇਲ੍ਹ’ਚ ਫਾਂਸੀ ਦਿੱਤੀ ਗਈ ਸੀ। ਅਜ ਕਲ, ਉਸੇ ਸੰਸਥਾ ਦੇ ਮੈਂਬਰ, ਮਹਾਤਮਾ ਗਾਂਧੀ ਦੇ ਕਾਤਲ ਨਥੂ ਰਾਮ ਗੌਡਸੇ ਦਾ ਬੁੱਤ ਲਾਉਂਣ ਲਈ ਚੋਖੇ ਯਤਨਸ਼ੀਲ ਹਨ, ਕਿਉਂਜੁ ਭਾਰਤ ਦੇਸ਼ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਇਸ ਬਾਰੇ ਸਤਿਕਾਰਯੋਗ ਓਬਾਮਾ ਜੀ ਗੰਭੀਰ ਖਦਸ਼ੇ ਜਾਹਰ ਕਰ ਚੁੱਕੇ ਹਨ।

ਅਸਲ ਗੱਲ,ਕਿ ਜਦੋਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਜੀ ਨੂੰ, ਮਹਾਤਮਾ ਗਾਂਧੀ ਦੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਦਿੱਤੀ ਗਈ, ਤਾਂ ਉਨ੍ਹਾਂ ਦੇ ਇਹੋ ਸ਼ਬਦ ਸਨ ਕਿ "You can have it" (‘ਯੂ ਕੈਂਨ ਹੈਵ ਇਟ’, ਭਾਵ ਕਿ ਤੁਸੀਂ ਸੁਰਖਿਅਤ ਘੇਰਾ-ਬੰਦੀ ਕਰ ਸਕਦੇ ਹੋ)।

ਸੋ, ਅਰਵਿੰਦ ਕੇਜ਼ਰੀਵਾਲ ਜੀ, ਸੇਵਾ ਲਈ ਸੁਰਖਿਆ ਭੀ ਜਰੂਰੀ ਹੈ। ਪੰਜਾਬ ਵਿੱਚ ਤਾਂ ਵਜੀਰਾਂ ਦੇ ਜੰਮਣ ਵਾਲੇ ਨਿਆਣੇ ਵੀ ਸੁਰਖਿਅਤ ਘੇਰਾ-ਬੰਦੀ ਚਾਹੁੰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top