Share on Facebook

Main News Page

ਸੱਚ ਉੱਤੇ ਕਾਲਖ ਸੁੱਟਣ ਵਾਲੇ, ਅੱਜ ਆਪਣਾ ਚਿਹਰਾ ਵਿਖਾਉਣ ਦੇ ਕਾਬਿਲ ਨਹੀਂ ਰਹੇ
-: ਇੰਦਰਜੀਤ ਸਿੰਘ, ਕਾਨਪੁਰ

ਕੰਡਿਆਂ ਭਰੇ, ਔਖੇ ਅਤੇ ਬਿਖੜੇ ਖੇਹੜਿਆਂ 'ਤੇ ਤੁਰਨਾਂ ਹਰ ਕਿਸੇ ਦੇ ਵੱਸ ਦਾ ਨਹੀਂ ਹੁੰਦਾ, ਲੇਕਿਨ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ।

ਮੈਂ ਅੱਜ ਤਕ ਨਾ ਤਾਂ ਕੇਜਰੀਵਾਲ ਨੂੰ ਮਿਲਿਆ ਹਾਂ ਅਤੇ ਨਾਂ ਹੀ ਉਸਨੂੰ ਵੇਖਿਆ ਹੈ, ਲੇਕਿਨ ਮੈਂ ਕੇਜਰੀਵਾਲ ਦੀ ਇਮਾਨਦਾਰੀ, ਸੱਚ 'ਤੇ ਪਹਿਰਾ ਦੇਣ ਦੀ ਤਾਕਤ ਅਤੇ ਸਿਸਟਮ ਨਾਲ ਲੜਨ ਦੇ ਜਨੂੰਨ ਦਾ ਮੁਰੀਦ ਹਾਂ। ਇਹ ਤਿੰਨੇ ਗੱਲਾਂ ਸੋਨੇ ਦੀ ਖਾਨ ਵਿਚੋ ਸੋਨਾਂ ਇਕੱਠਾ ਕਰਨ ਵਾਂਗ ਔਖੀਆਂ ਹੁੰਦੀਆਂ ਹਨ, ਜੋ ਹਰ ਕਿਸੇ ਦੇ ਵੱਸ ਦੀਆਂ ਨਹੀਂ ਹੁੰਦੀਆਂ।

ਚੰਗੇ ਮਨੁੱਖ ਨੂੰ ਅਜੋਕੇ ਸਮੇਂ ਅੰਦਰ ਲੋਕੀ ਪਾਗਲ ਅਤੇ ਜਨੂੰਨੀ ਕਹਿੰਦੇ ਹਨ। ਕਿਉਂਕਿ ਬਿਨਾਂ ਪਾਗਲਪਨ ਅਤੇ ਜਨੂੰਨ ਦੀਆਂ ਹੱਦਾਂ ਪਾਰ ਕੀਤਿਆਂ, ਸਿਸਟਮ ਬਦਲਿਆ ਨਹੀਂ ਕਰਦਾ। ਕੇਜਰੀਵਾਲ ਦੀ ਲੜਾਈ "ਸਿਸਟਮ" ਨਾਲ ਹੈ, ਜੋ ਸਭ ਤੋਂ ਔਖਾ ਕੰਮ ਹੈ।

ਕੇਜਰੀਵਾਲ ਕੁਰਸੀ ਲਈ ਸਿਆਸਤ ਨਹੀਂ ਕਰ ਰਿਹਾ, ਉਹ ਸਿਅਸਤ ਨੂੰ ਠੀਕ ਕਰਨ ਲਈ ਤੁਹਾਡੇ ਕੋਲੋਂ ਕੁਰਸੀ ਮੰਗ ਰਿਹਾ ਹੈ।

ਬਹੁਤ ਸਾਰੇ ਬੰਦੇ ਉਸ ਦਾ ਸਾਥ ਛੱਡ ਗਏ ਹਨ, ਕਿਉਂਕਿ ੳਨ੍ਹਾਂ ਦੇ ਚੇਹਰੇ ਧੁੱਪੇ ਫਿਰ ਫਿਰ ਕੇ ਕਾਲੇ ਹੋ ਗਏ ਸਨ। ਲੋਕੀਂ ਸੱਤਾ ਵਿੱਚ ਸੁੱਖ ਮਾਨਣ ਲਈ ਆਉਂਦੇ ਨੇ, ਮੂੰਹ ਕਾਲਾ ਕਰਵਾਉਣ ਲਈ ਨਹੀਂ। ਕੇਜਰੀਵਾਲ ਨੇ ਆਪਣਾ ਮੂੰਹ ਵੀ ਕਾਲਾ ਕਰਵਾਇਆ ਅਤੇ ਆਪਣਿਆਂ ਨੇ ਉਸ ਦਾ ਸਾਥ ਵੀ ਛਡਿਆ। ਅਪਣੇ ਬੱਚਿਆਂ ਤੋਂ ਦੂਰ ਰਹਿ ਕੇ ਉਹ ਲੜਾਈ ਲੜ ਰਿਹਾ ਹੈ। ਉਹ ਪਾਗਲਪਨ ਦੀ ਹੱਦ ਤਕ ਜਨੂੰਨੀ ਹੈ, ਉਹ ਸਿਸਟਮ ਦੇ ਖਿਲਾਫ ਇਕ ਉਤਸਾਹ ਨਾਲ ਅੱਜ ਵੀ ਭਰਿਆ ਹੋਇਆ ਹੈ। ਉਸ ਨੂੰ ਇਹ ਪਰਵਾਹ ਨਹੀਂ ਕਿ ਉਹ ਸਫਲ ਹੋਵੇਗਾ ਕਿ ਨਹੀਂ, ਉਸ ਨੂੰ ਤਾਂ ਆਪਣੇ ਅਖੀਰਲੇ ਸਾਹ ਤਕ ਸਿਸਟਮ ਨਾਲ ਲੜਨ ਦੀ ਫਿਕਰ ਹੈ। ਉਸ ਨੂੰ ਪਰਵਾਹ ਨਹੀਂ ਕਿ ਉਸ ਦਾ ਕੌਣ ਸਾਥ ਦੇ ਰਿਹਾ ਹੈ ਅਤੇ ਕੌਣ ਛੱਡ ਕੇ ਤੁਰ ਗਇਆ ਹੈ। ਉਹ ਤਾਂ ਰਵੀਂਦਰ ਨਾਥ ਟੈਗੋਰ ਦੇ "ਏਕਲਾ ਚਲੋ ਰੇ" ਦੇ ਨਾਰੇ 'ਤੇ ਤੁਰੀ ਜਾ ਰਿਹਾ ਹੈ। ਅੱਜ ਲੋਕਾਂ ਦੀ ਜੋ ਮਾਨਸਿਕਤਾ ਹੈ ਉਸ ਵਿੱਚ ਇਹੋ ਜਹੇ ਲੋਗ ਪਾਗਲ ਅਖਵਾਉਂਦੇ ਹਨ, ਲੇਕਿਨ ਪਾਗਲ ਪਨ ਹੀ ਇਕ ਐਸੀ ਮਾਨਸਿਕਤਾ ਹੁੰਦੀ ਹੈ ਜਿਸਤੇ ਕਿਸੇ ਦੀ ਕੋਈ ਗਲ ਦਾ ਅਸਰ ਨਹੀਂ ਹੁੰਦਾ।

ਕੰਡਿਆਂ ਭਰੇ, ਔਖੇ ਅਤੇ ਬਿਖੜੇ ਖੇਹੜੇ ਪਾਰ ਕਰਨੇ ਹਰ ਇਕ ਦੇ ਵੱਸ ਦੇ ਨਹੀਂ ਹੁੰਦੇ। ਅਸੀਂ ਸੁਖਿਆਰੇ ਹਾਂ, ਸੁੱਖ ਭਾਲਦੇ ਹਾਂ। ਸਾਨੂੰ ਕੀ ਪਤਾ ਕਿ ਕੰਡਿਆਂ ਭਰੇ ਰਸਤੇ ਕਿਵੇਂ ਪਾਰ ਕੀਤੇ ਜਾਂਦੇ ਹਨ।

ਸਿੱਖਾਂ ਨੂੰ ਆਰ.ਐਸ.ਐਸ ਦੇ ਮਨਸੂਬੇ, ਉਦੋਂ ਪਤਾ ਲਗਣਗੇ, ਜਦੋਂ ਉਹ ਮਰ ਮੁਕ ਚੁਕੇ ਹੋਣਗੇ। ਤੁਹਾਡਾ ਇਤਿਹਾਸ, ਤੁਹਾਡੇ ਸਕੂਲ ਦੀਆ ਕਿਤਾਬਾਂ, ਤੁਹਾਡੇ ਸਲੇਬਸ ਸਭ ਕੁਝ ਆਰ.ਐਸ.ਐਸ ਲਿੱਖ ਰਿਹਾ ਹੈ। ਕੀ ਤੁਹਾਨੂੰ ਹੋਸ਼ ਹੈ? ਕਿ ਤੁਸੀਂ ਉਸ ਚਾਦਰ ਦੇ ਉੱਤੇ ਖੜੇ ਹੋ, ਜਿਸਦੇ ਹੇਠਾਂ ਇੱਕ ਬਹੁਤ ਵੱਡਾ ਖੱਡਾ ਹੈ। ਸਿੱਖੀ ਕਿਸੇ ਵੇਲੇ ਵੀ ਚਰਮਰਾ ਕੇ ਬ੍ਰਾਹਮਣਵਾਦ ਦੇ ਇਸ ਖੱਡੇ ਵਿੱਚ ਡਿਗ ਸਕਦੀ ਹੈ। ਹੋਸ਼ ਕਰੋ ਖਾਲਸਾ ਜੀ! ਆਰ.ਐਸ.ਐਸ. ਨੇ ਤੁਹਾਡੇ ਥੱਲੋਂ ਜਮੀਨ ਖੋਖਲੀ ਕੀਤੀ ਹੋਈ ਹੈ। ਇਸ ਕੰਮ ਵਿੱਚ ਸਭਤੋਂ ਵੱਡਾ ਰੋਲ ਸਾਡੇ ਹੀ ਆਗੂ ਕਰ ਰਹੇ ਨੇ।

ਮੈਂ ਨਹੀਂ ਕਹਿੰਦਾ ਕਿ ਕੇਜਰੀਵਾਲ ਆ ਕੇ ਸਾਡੇ ਮਸਲਿਆਂ ਦਾ ਕੋਈ ਹੱਲ ਕਡ੍ਹ ਦੇਵੇਗਾ, ਲੇਕਿਨ ਜੇੜਹੀਆਂ ਪੰਥ ਵਿਰੋਧੀ ਤਾਕਤਾਂ ਸਾਡੇ ਧਾਰਮਿਕ ਅਦਾਰਿਆਂ ਅਤੇ ਸਿੱਖੀ ਉਤੇ ਕਾਬਿਜ ਹਨ, ੳਨ੍ਹਾਂ ਤੋਂ ਤਾਂ ਖਹਿੜਾ ਛੁਡਾਉਣ ਲਈ ਤਾਂ ਕੇਜਰੀਵਾਲ ਇਕ ਚੰਗਾ ਆਪਸ਼ਨ ਸਾਬਿਤ ਹੋ ਸਕਦਾ ਹੈ।

ਸਿੱਖੋ ! ਤੁਸੀਂ ਖੜੇ ਕਿਥੇ ਹੋ ? ਜਰਾ ਝਾਤ ਮਾਰੋ ? ਜੇ ਕੇਜਰੀਵਾਲ ਨਾਮ ਦਾ ਕੋਈ ਆਪਸ਼ਨ ਪੰਜਾਬ ਦੀ ਸਿਆਸਤ ਵਿੱਚ, ਸਿੱਖਾਂ ਨੂੰ ਮਿਲਿਆ ਹੈ, ਤਾਂ ਉਸ ਨੂੰ ਆਪ ਹੀ ਬਦਨਾਮ ਕਰ ਕੇ ਖਤਮ ਕਰ ਦੇਣਾਂ ਚਾਹੁੰਦੇ ਹੋ? ਕੁਝ ਤਾਂ ਸੋਚੋ ਵੀਰੋ !!! ਕੇਜਰੀਵਾਲ ਕੰਡਿਆਂ ਭਰੇ ਰਸਤੇ 'ਤੇ ਤੁਰ ਰਿਹਾ ਹੈ, ਵੇਖਣਾ ਇਹ ਹੈ ਕਿ ਅਸੀਂ ਉਸ ਦੇ ਉਸ ਰਾਹ ਤੋਂ ਕਿਨੇ ਕੰਡੇ ਚੁਣਕੇ, ਉਸ ਦੇ ਚਲਣ ਦਾ ਰਾਹ ਆਸਾਨ ਕਰਦੇ ਹਾਂ ! ਜੇ ਉਸ ਦੇ ਰਾਹ ਦੇ ਅਸੀਂ ਕੰਡੇ ਚੁਣ ਨਹੀਂ ਸਕਦੇ, ਤਾਂ ਘੱਟੋ ਘੱਟ ਹੋਰ ਕੰਡੇ ਤਾਂ ਨਾ ਬੀਜੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top