Share on Facebook

Main News Page

ਬਾਨਾਰਸਿ ਕੇ ਠਗ
-: ਨਿਰਮਲ ਸਿੰਘ ਕੰਧਾਲਵੀ

ਇੰਝ ਜਾਪਦਾ ਹੈ ਜਿਵੇਂ ਕਿਸੇ ਸਾਜ਼ਸ਼ ਅਧੀਨ ਅਖਾਉਤੀ ਸਿੱਖ ਪ੍ਰਚਾਰਕਾਂ ਨੂੰ ਗੁਰਮਤਿ ਤੋਂ ਉਲਟ ਪ੍ਰਚਾਰ ਕਰਨ ਲਈ ਵਿਦੇਸ਼ਾਂ ‘ਚ ਭੇਜਿਆ ਜਾ ਰਿਹਾ ਹੋਵੇ। ਕੋਈ ਟਾਵਾਂ ਵਿਰਲਾ ਪ੍ਰਚਾਰਕ ਹੀ ਸਿੱਖ ਸਿਧਾਂਤ ਦੀ ਗੱਲ ਕਰਦਾ ਹੈ, ਨਹੀਂ ਤਾਂ ਇਹ ਅਖਾਉਤੀ ਪ੍ਰਚਾਰਕ ਘੁੰਮ-ਘੁੰਮਾ ਕੇ ਆਪਣੇ ਸਾਧ ਬਾਬਿਆਂ ਦੀਆਂ ਕਰਾਮਾਤਾਂ ਦੇ ਕਿੱਸੇ ਅਜਿਹੇ ਰੌਚਕ ਢੰਗ ਨਾਲ਼ ਸੁਣਾਉਂਦੇ ਹਨ, ਕਿ ਸੰਗਤਾਂ ‘ਮੰਤਰ-ਮੁਗਧ’ ਹੋ ਕੇ ਸੁਣੀ ਜਾਂਦੀਆਂ ਹਨ ਤੇ ਪ੍ਰਚਾਰਕ ਅੱਗੇ ਮਾਇਆ ਦੀ ਢੇਰੀ ਉੱਚੀ ਕਰੀ ਜਾਂਦੀਆਂ ਹਨ। ਅੱਖਾਂ ਬੰਦ ਕਰ ਕੇ ਸੰਗਤਾਂ ਸ਼ਾਇਦ ਪ੍ਰਚਾਰਕ ਵਲੋਂ ਪ੍ਰਚਾਰੇ ਜਾ ਰਹੇ ਬਾਬੇ ਦਾ ਆਪਣੇ ਬਾਬੇ ਨਾਲ਼ ਮੁਕਾਬਲਾ ਕਰਦੀਆਂ ਹਨ, ਕਿਉਂਕਿ ਕੋਈ ਵਿਰਲਾ ਸਿੱਖ ਹੀ ਹੋਵੇਗਾ ਜਿਸਦਾ ਅੱਜ ਕਲ ਕੋਈ ਬਾਬਾ ਨਾ ਹੋਵੇ। ਬਹੁਤੇ ਸਿੱਖ ਤਾਂ ਗੁਰੂ ਸਾਹਿਬ ਜੀ ਨੂੰ ਦਿਖਾਵੇ ਦੇ ਤੌਰ ‘ਤੇ ਹੀ ਮੰਨਦੇ ਹਨ। ਅਖੰਡ ਪਾਠ ਕਰਵਾ ਕੇ ਗੁਰੂ ਦਾ ਹੁਕਮਨਾਮਾ ਨਹੀਂ ਮੰਨਦੇ, ਸਗੋਂ ਸਾਧ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਂਦੇ ਹਨ।

ਹੁਣੇ ਜਿਹੇ ਹੀ ਇਕ ਗੁਰਦੁਆਰਾ ਸਾਹਿਬ ਵਿਚ ਇਕ ਕਥਾਕਾਰ ਨੂੰ ਸੁਣਨ ਦਾ ਮੌਕਾ ਮਿਲਿਆਉਸ ਦੀ ਕਥਾ ਇੰਜ ਸੀ ਜਿਵੇਂ ਕੋਈ ਟਾਕੀਆਂ ਵਾਲਾਂ ਕੰਬਲ ਹੋਵੇ। ਲੱਤ ਕਿਤਿਉਂ ਬਾਂਹ ਕਿਤਿਉਂਫਿਰ ਉਸ ਨੇ ਇਕ ਸਾਧ ਬਾਬੇ ਦੀ ਕਰਾਮਾਤ ਸੁਣਾਉਣੀ ਸ਼ੁਰੂ ਕਰ ਦਿਤੀ ਕਿ ਕਿਵੇਂ ਜਦੋਂ ਵੀ ਉਸ ਨੂੰ ਕੋਈ ਮੁਸ਼ਕਲ ਤੰਗ ਕਰਦੀ ਸੀ, ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਦਸਮ ਪਾਤਸ਼ਾਹ ਦਾ ਧਿਆਨ ਧਰਦਾ ਸੀ ਤੇ ਦਸਮ ਪਾਤਸ਼ਾਹ ਝੱਟ ਨੀਲੇ ਘੋੜੇ ਤੇ ਅਸਵਾਰ ਗੁਰੂ ਗ੍ਰੰਥ ਸਾਹਿਬ ਵਿਚੋਂ ਪ੍ਰਗਟ ਹੋ ਜਾਂਦੇ ਸਨ ਤੇ ਉਸ ਦਾ ਮਸਲਾ ਹੱਲ ਕਰ ਦਿੰਦੇ ਸਨ, ਜਿਵੇਂ ਗੁਰੂ ਸਾਹਿਬ ਜੀ ਇਸੇ ਲਈ ਹਰ ਵੇਲੇ ਤਿਆਰ ਬਰ ਤਿਆਰ ਘੋੜੇ ‘ਤੇ ਅਸਵਾਰ ਰਹਿੰਦੇ ਸਨ, ਕਿ ਪਤਾ ਨਹੀਂ ਕਿਹੜੇ ਵੇਲੇ ਇਸ ਸਾਧ ਨੇ ਆਵਾਜ਼ ਮਾਰ ਲੈਣੀ ਹੈ।

ਮੇਰੀ ਜਾਚੇ ਜਿਸ ਸਾਧ ਨੇ ਇਹ ਸਾਖੀ ਘੜੀ ਹੈ ਉਹ ਉਹਨਾਂ ਸਾਧਾਂ ਨਾਲ਼ੋਂ ਦੋ ਕਦਮ ਅੱਗੇ ਲੰਘਣਾ ਚਾਹੁੰਦਾ ਹੋਣੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ‘ਚੋਂ ਪ੍ਰਗਟ ਕਰ ਕੇ ਪ੍ਰਸ਼ਾਦਾ ਛਕਾਉਣਾ ਸ਼ੁਰੂ ਕੀਤਾ ਤੇ ਫੇਰ ਦਮਗਜੇ ਮਾਰਦਾ ਹੋਣੈ ਕਿ ਐਹ ਦੇਖੋ ਤੁਸੀਂ ਤਾਂ ਗੁਰੂ ਸਾਹਿਬ ਨੂੰ ਦੋ ਵੇਲੇ ਹੀ ਸੱਦਦੇ ਹੋ ਅਸੀਂ ਤਾਂ ਜਦੋਂ ਚਾਹੀਏ ਗੁਰੂ ਸਾਹਿਬ ਨੂੰ ਬੁਲਾ ਲੈਂਦੇ ਹਾਂ, ਤੇ ਉਹ ਵੀ ਸਣੇ ਘੋੜੇ ਤਿਆਰ ਬਰ ਤਿਆਰ। ਇਹਨਾਂ ਸਾਧਾਂ ਨੇ ਜਿਵੇਂ ਇਕ ਦੂਜੇ ਦੇ ਡੇਰੇ ਨਾਲ਼ੋਂ ਵੱਡੇ ਠਾਠਾਂ, ਵੱਡੀਆਂ ਕਾਰਾਂ, ਵਧੇਰੇ ‘ਸੰਗਤਾਂ’, ਵਿਦੇਸ਼ੀ ਗੇੜਿਆਂ ਦੀ ਦੌੜ ਲਗਾਈ ਹੋਈ ਹੈ, ਇਸੇ ਤਰ੍ਹਾਂ ਹੀ ਵੱਡੇ ਤੋਂ ਵੱਡਾ ਗਪੌੜ ਮਾਰਨ ਵਿੱਚ ਵੀ ਬਾਜ਼ੀ ਮਾਰਨਾ ਚਾਹੁੰਦੇ ਹਨ।

ਸਾਖੀ ਸੁਣਾਉਂਦਿਆਂ ਉਸ ਨੇ ਕਈ ਵਾਰ ਕਿਹਾ ਕਿ ਸੰਗਤਾਂ ਇੰਟਰਨੈੱਟ ‘ਤੇ ਜਾ ਕੇ ਸਭ ਕੁੱਝ ਆਪ ਪੜ੍ਹ ਸਕਦੀਆਂ ਹਨ। ਪਤਾ ਨਹੀਂ ਉਸ ਨੂੰ ਕਿਸਨੇ ਇਹ ‘ਗਿਆਨ’ ਕਰਵਾਇਆ ਹੋਇਆ ਸੀ ਕਿ ਇੰਟਰਨੈੱਟ ਦੀ ਹਰ ਗੱਲ ਪੱਥਰ ‘ਤੇ ਲੀਕ ਹੁੰਦੀ ਹੈ। ਫਿਰ ਉਸ ਨੇ ਇਕ ਹੋਰ ਸ਼ੋਸ਼ਾ ਛੱਡਿਆ ਕਿ ਇਕ ਵਾਰੀ ਗੁਰੂ ਸਾਹਿਬ ਪ੍ਰਗਟ ਤਾਂ ਹੋਏ, ਪਰ ਉਹਨੀਂ ਸਾਧ ਵਲ ਨੂੰ ਪਿੱਠ ਕਰੀ ਰੱਖੀ। ਸਾਧ ਨੇ ਨਾਲ਼ ਆਏ ਸਿੰਘ ਤੋਂ ਪੁੱਛਿਆ ਕਿ ਗੁਰੂ ਸਾਹਿਬ ਨੇ ਉਸ ਵਲ ਪਿੱਠ ਕਿਉਂ ਕੀਤੀ ਹੋਈ ਹੈ, ਤਾਂ ਉਹ ਸਿੰਘ ਕਹਿਣ ਲੱਗਾ, “ਤੂੰ ਜਾਪ ਸਾਹਿਬ ਤੇ ਸਵੱਯਾਂ ਦਾ ਪਾਠ ਨਹੀਂ ਕਰਦਾ, ਇਸ ਲਈ ਗੁਰੂ ਸਾਹਿਬ ਤੈਨੂੰ ਦਰਸ਼ਨ ਨਹੀਂ ਦੇ ਰਹੇ”। ਸਾਧ ਨੇ ਪਾਠ ਕਰਨ ਦਾ ਬਚਨ ਦਿਤਾ ਤੇ ਗੁਰੂ ਸਾਹਿਬ ਨੇ ਦਰਸ਼ਨ ਦਿਤੇ।

ਪਾਠਕ ਜਨੋਂ! ਆਪ ਜੀ ਸਮਝ ਹੀ ਗਏ ਹੋਵੋਗੇ ਕਿ ਇਸ ਵਾਰਤਾ ਦੀਆਂ ਜੜ੍ਹਾਂ ਕਿੱਥੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਕੀ ਅੱਜ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਪਤਾ ਹੀ ਨਹੀਂ ਸੀ ਕਿ ਇਹ ਸਾਧ ਜਾਪ ਸਾਹਿਬ ਤੇ ਸਵੱਯਾਂ ਦਾ ਪਾਠ ਨਹੀਂ ਕਰਦਾ? ਜਿਸ ਗੁਰੂ ਨੂੰ ਅਸੀਂ ਘਟ ਘਟ ਕਾ ਜਾਨਣਹਾਰ ਕਹਿੰਦੇ ਹਾਂ, ਕੀ ਇਸ ਸਾਧ ਨੇ ਅਤੇ ਉਸ ਦੇ ਚੇਲਿਆਂ ਨੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕੀਤੀ? ਗੁਰੂ ਸਾਹਿਬ ਪਹਿਲਾਂ ਕਿਉਂ ਦਰਸ਼ਨ ਦਿੰਦੇ ਰਹੇ?

ਪਾਠਕ ਜਨੋਂ! ਜਦ ਗੁਰੂ ਸਾਹਿਬ ਜੀ ਸਾਨੂੰ ਸ਼ਬਦ ਗੁਰੂ ਦੇ ਲੜ ਲਗਾ ਗਏ ਹਨ, ਤਾਂ ਇਹ ਸਾਧ ਦੇਹਾਂ ਦੇ ਮਗਰ ਕਿਉਂ ਪਏ ਹੋਏ ਹਨ? ਸਿੱਖ ਕੌਮ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਜਿਸ ਢੰਗ ਨਾਲ਼ ਇਹਨਾਂ ਸਾਧਾਂ ਨੇ ਗੁਰੂ-ਡੰਮ ਦਾ ਪ੍ਰਚਾਰ ਸ਼ੁਰੂ ਕਰ ਦਿਤਾ ਹੈ, ਉਹ ਸਿੱਖ ਸਿਧਾਂਤ ਲਈ ਬਹੁਤ ਖ਼ਤਰਨਾਕ ਹੈ। ਹੁਣ ਤਾਂ ਮਰੇ ਹੋਏ ਤੇ ਜਿਊਂਦੇ ਸਾਧਾਂ ਅਤੇ ਉਹਨਾਂ ਦੀਆਂ ਤਸਵੀਰਾਂ ਨੂੰ ‘ਮਹਾਰਾਜ ਦਾ ਸਰੂਪ’ ਕਹਿਣਾ, ਮਰੇ ਹੋਏ ਸਾਧਾਂ ਨੂੰ ਚੌਰ ਕਰਨਾ, ਸਾਧਾਂ ਦੀਆਂ ਤਸਵੀਰਾਂ ਪਾਲਕੀਆਂ ‘ਚ ਰੱਖ ਕੇ ‘ਨਗਰ ਕੀਰਤਨ’ ਕੱਢਣੇ, ਸਾਧਾਂ ਦੀਆਂ ਵਰਤੀਆਂ ਹੋਈਆਂ ਦੁਨਿਆਵੀ ਵਸਤਾਂ ਦੀ ਪੂਜਾ, ਮਨਮਤੀ ਰੀਤਾਂ ਦੇ ਪਾਠ ਆਦਿਕ ਆਮ ਵਰਤਾਰਾ ਹੁੰਦਾ ਜਾ ਰਿਹਾ ਹੈ। ਖ਼ਾਲਸਾ ਜੀ ਜਾਗੋ ਨਹੀਂ ਤਾਂ ਅਗਲੀ ਪੀੜ੍ਹੀ ਇਹਨਾਂ ਸਾਧਾਂ ਨੂੰ ਹੀ ਗੁਰੂ ਮੰਨਣ ਲੱਗ ਪਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top