Share on Facebook

Main News Page

ਪੰਜਾਬੀ ਅਤੇ ਸਿੱਖ ਹੁਣ ਸਿਆਸੀ ਲੋਕਾਂ ਅਤੇ ਗੁੰਡਿਆਂ ਵਿੱਚਲਾ ਫ਼ਰਕ ਸਮਝਣ ਤੋਂ ਅਸਮਰਥ ਹਨ...?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਵਜੀਰ ਅਤੇ ਫਕੀਰ ਵਿੱਚ ਕੋਈ ਅੰਤਰ ਨਹੀਂ ਹੁੰਦਾ। ਫਕੀਰ ਅਧਿਆਤਮਿਕ ਸ਼ਕਤੀ ਨਾਲ ਲੋਕਾਂ ਦੀ ਸੋਚ ਨੂੰ ਸਾਫ਼ ਕਰਦਾ ਹੈ ਅਤੇ ਵਜੀਰ ਰਾਜਸੀ ਤਾਕਤ ਨਾਲ ਲੋਕਾਂ ਦੇ ਦਰਦ ਘਟਾਉਣ ਵਿੱਚ ਯੋਗਦਾਨ ਪਾਉਂਦਾ ਹੈ। ਪਰ ਦੋਹੇਂ ਉਨਾਂ ਚਿਰ ਹੀ ਕਾਮਯਾਬ ਰਹਿ ਸਕਦੇ ਹਨ, ਜਿੰਨਾਂ ਚਿਰ ਰੱਬੀ ਰਜ਼ਾ ਦੇ ਉਲੰਘਨ ਤੋਂ ਬਚਦਿਆਂ ਆਪਣੇ ਆਪ ਨੂੰ ਸਾਬਤ ਰੱਖ ਲੈਣ। ਜਦੋਂ ਇਹ ਦੋਵੇ ਥਿੜਕ ਜਾਣ ਤਾਂ ਫਿਰ ਏਨੀ ਡੂੰਘੀ ਖੱਡ ਵਿੱਚ ਜਾ ਡਿਗਦੇ ਹਨ ਕਿ ਇਤਿਹਾਸ ਹੀ ਬਦਲ ਜਾਂਦਾ ਹੈ। ਵਜੀਰ ਤੋਂ ਭਾਵ ਹੈ ਕਿ ਰਾਜਸੀ ਤੌਰ ਉੱਤੇ ਵਿਚਰਨ ਵਾਲਾ ਕੋਈ ਵੀ ਵਿਅਕਤੀ ਜਰੂਰੀ ਨਹੀਂ ਕਿ ਉਹ ਮੰਤਰੀ ਹੀ ਹੋਵੇ, ਸਗੋਂ ਉਹ ਕਿਸੇ ਵੀ ਰੁਤਬੇ ਉੱਤੇ ਕਿਉਂ ਨਾ ਹੋਵੇ, ਉਸਦੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਨੂੰ ਸੰਵਿਧਾਨਕ ਨਿਆਂ, ਕਾਨੂੰਨ, ਇਨਸਾਨੀ ਕਦਰਾਂ ਕੀਮਤਾਂ ਅਤੇ ਸਮਾਜਿਕ ਅਸੂਲਾਂ ਦਾ ਖਿਆਲ ਹੀ ਨਹੀਂ ਰਖਣਾ ਪੈਂਦਾ ਸਗੋਂ ਪਾਲਣਾ ਵੀ ਕਰਨੀ ਹੁੰਦੀ ਹੈ। ਅਜਿਹਾ ਸਮਾਜ ਵਿੱਚ ਅੱਗੇ ਲੱਗ ਕੇ ਤੁਰਨ ਵਾਰੇ ਹਰ ਬਸ਼ਰ ਵਾਸਤੇ ਜਰੂਰੀ ਹੁੰਦਾ ਹੈ।

ਇਤਿਹਾਸ ਵਿੱਚੋਂ ਪੜ੍ਹਕੇ ਪਤਾ ਲੱਗਦਾ ਹੈ ਕਿ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਕ ਪਾਸੇ ਛੇ ਫੁੱਟ ਦੇ ਬੰਦੇ ਨੂੰ ਖੰਡੇ ਦੇ ਵਾਰ ਨਾਲ ਧਰਤੀ ਵਿਚ ਗੱਡ ਦੇਣ ਉੱਤੇ ਰਤਾ ਭਰ ਅਫਸੋਸ ਨਹੀਂ ਕਰਦੇ ਸਨ, ਪਰ ਦੂਜੇ ਪਾਸੇ ਆਪਣੇ ਸਪੁੱਤਰ ਗੁਰੂ ਹਰ ਰਾਇ ਜੀ, ਜਿਸ ਸਮੇਂ ਖੇਡਦੇ ਖੇਡਦੇ ਆਪਣੇ ਗੁਰੂ ਪਿਤਾ ਦੇ ਅੱਗੇ ਭੱਜ ਰਹੇ ਸਨ ਤਾਂ ਪੁਸ਼ਾਕ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆਂ ਤਾਂ ਮੀਰੀ ਪੀਰੀ ਦੇ ਮਾਲਿਕ ਨੇ ਉਸੇ ਵੇਲੇ ਹਦਾਇਤ ਕੀਤੀ ਕਿ "ਲਾਲ ਜੀ ਦਾਮਨ ਸੰਭਾਲ ਕੇ ਚੱਲੋ ਵੇਖੋ ਇੱਕ ਫੁੱਲ ਟੁੱਟ ਗਿਆ ਹੈ" ਫੁੱਲ ਦਾ ਅਫਸੋਸ ਹੈ, ਪਰ ਉਸ ਬੰਦੇ ਦਾ ਨਹੀਂ ਜਿਸ ਨੂੰ ਖੰਡੇ ਦੇ ਵਾਰ ਨਾਲ ਚਾਰ ਖਾਨੇ ਚਿੱਤ ਕੀਤਾ ਹੋਵੇ। ਇਹ ਹੈ ਇੱਕ ਅਵਸਥਾ ਕਿ ਜਿੱਥੇ ਕੋਈ ਕੁਦਰਤ ਦੇ ਬਣਾਏ ਨਿਯਮਾਂ ਜਾਂ ਸਮਾਜਿਕ ਅਸੂਲਾਂ ਦਾ ਉਲੰਘਨ ਕਰੇ ਉਥੇ ਕਿਸੇ ਦੀ ਜਾਨ ਦੀ ਕੀਮਤ ਨਹੀਂ, ਪਰ ਜਿੱਥੇ ਬੇਅਸੂਲੀ ਕਰਕੇ ਫੁੱਲ ਟੁੱਟਿਆ ਹੋਵੇ ਉਥੇ ਗਿਲਾ ਵੀ ਹੈ, ਅੱਗੇ ਤੋਂ ਨਸੀਹਤ ਵੀ ਹੈ ਕਿ ਅਜਿਹਾ ਨਹੀਂ ਕਰਨਾ, ਦਾਮਨ ਸਾਂਭ ਕੇ ਚਲਣ ਦੀ ਤਕੀਦ ਵੀ ਹੈ।

ਸਿੱਖ ਸਿਆਸਤ ਜਾਂ ਪੰਥਕ ਸਿਆਸਤ ਹਮੇਸ਼ਾਂ ਮੀਰੀ ਪੀਰੀ ਦੇ ਸੁਮੇਲ ਨਾਲ ਇੱਕ ਅਸੂਲੀ ਸਿਆਸਤ ਬਣਕੇ ਹੀ ਰਹੀ ਹੈ। ਕਿਸੇ ਵੇਲੇ ਅਕਾਲੀਆਂ ਦੇ ਰਾਜ ਵਿੱਚ ਅਫਸਰ ਚੌਕੰਨੇ ਹੋ ਜਾਂਦੇ ਸਨ ਅਤੇ ਕੋਈ ਰਿਸ਼ਵਤ ਲੈਣ ਨੂੰ ਤਿਆਰ ਨਹੀਂ ਹੁੰਦਾ ਸੀ। ਜਥੇਦਾਰਾਂ ਦਾ ਆਪਣਾ ਭੈਅ ਹੁੰਦਾ ਸੀ ਥਾਣੇ ਵਿੱਚ ਬੰਦਾ ਛੁਡਵਾਉਣ ਗਿਆਂ ਜਥੇਦਾਰਾਂ ਵਾਸਤੇ ਅਕਸਰ ਮੁਲਾਜਮ ਆਖਦੇ ਸਨ ਕਿ ਹੁਣ ਕੀਹ ਲਭਣਾ ਹੈ ਇਥੇ, ਇਹ ਤਾਂ ਜਥੇਦਾਰ ਨੂੰ ਨਾਲ ਲਈ ਆਉਂਦੇ ਹਨ। ਲੋਕਾਂ ਦਾ ਇੱਕ ਭਰੋਸਾ ਸੀ ਅਕਾਲੀ ਆਉਣਗੇ ਤਾਂ ਕਿਸੇ ਉੱਤੇ ਝੂਠਾ ਕੇਸ ਦਰਜ਼ ਨਹੀਂ ਹੋਵੇਗਾ ਕੋਈ ਅਫਸਰ ਵਧੀਕੀ ਨਹੀਂ ਕਰੇਗਾ। ਇਹ ਸਤਿਕਾਰ ਸੀ ਕਦੇ ਅਕਾਲੀ ਦਲ ਦਾ, ਪਰ ਅੱਜ ਜਿਹੜੀ ਹਾਲਤ ਹੈ ਅਕਾਲੀ ਦਲ ਦੀ ਉਹ ਇਹ ਹੈ ਕਿ ਮੈਂ ਇੱਕ ਵਾਰੀ ਆਪਣੇ ਚਾਚੇ ਦੇ ਕਲਾਸ ਫੈਲੋ ਇੱਕ ਐਸ. ਐਸ. ਪੀ. ਕੋਲ ਬੈਠਾ ਸੀ ਕਿ ਕਿਸੇ ਦਾ ਫੋਨ ਆਇਆ ਕਿ ਫਲਾਨਾ ਸਿਹੁੰ ਵੱਡੇ ਅਕਾਲੀ ਦੀ ਘਰਵਾਲੀ ਨੇ ਇਥੋਂ ਲੰਘਣਾ ਹੈ ਤਾਂ ਉਸ ਅਧਿਕਾਰੀ ਦੀ ਚਾਹ ਲੰਘਣੀ ਔਖੀ ਹੋ ਗਈ ਅਤੇ ਆਪਣੇ ਫੋਨ ਉਰਿੇਟਰ ਨੂੰ ਪੁਛਣ ਲੱਗਾ ਕਿ ਕਿਤੇ ਆਪਣੇ ਸ਼ਹਿਰ ਵਿਚ ਰੁਕਣਾ ਤਾਂ ਨਹੀਂ ? ਮੈਂ ਮਲਵੀਂ ਜਿਹੀ ਜੀਭ ਨਾਲ ਪੁੱਛ ਹੀ ਲਿਆ ਕਿ ਚਾਚਾ ਜੀ ਇਹ ਕਿਉਂ ਪੁਛਦੇ ਹੋ ਤੇ ਨਾਲ ਹੀ ਐਸ.ਐਸ.ਪੀ. ਸਾਹਿਬ ਆਖਣ ਲੱਗੇ ਬੇਟਾ ਤੇਰੇ ਤੋਂ ਕੀਹ ਲਕੋਣਾਂ ਹੈ, ਬੇਸ਼ੱਕ ਤੀਜੇ ਦਿਨ ਆਵੇ ਲੱਖ ਦੋ ਲੱਖ ਤਾਂ ਮੱਥਾ ਟੇਕਣਾ ਹੀ ਪੈਂਦਾ ਹੈ। ਏਨੀ ਆਖਕੇ ਐਸ.ਐਸ.ਪੀ. ਨੇ ਆਪਣੇ ਮੁਤਹਿਤ ਇੱਕ ਹੋਰ ਐਸ..ਪੀ. ਨੂੰ ਫੋਨ ਕੀਤਾ ਕਿ ਮੈਨੂੰ ਜਰੂਰੀ ਜਾਣਾ ਪੈ ਗਿਆ ਹੈ ਜੇ ਲਕਸ਼ਮੀ ਜੀ (ਬੀਬੀ ਜੀ) ਰੁਕੇ ਤਾਂ ਤੂੰ ਵੇਖ ਲਵੀ, ਮੇਰਾ ਦੱਸ ਦੇਣਾ ਕਿ ਬੇਟਾ ਜਾਂ ਬੇਟੀ ਬੀਮਾਰ ਹੋ ਗਈ, ਹੁਣੇ ਸੁਨੇਹਾ ਆਇਆ ਸੀ, ਥੋੜੀ ਦੇਰ ਵਾਸਤੇ ਗਏ ਹਨ। ਚਾਹ ਵਿੱਚੇ ਛੱਡਕੇ ਉਹ ਅਫਸਰ ਘਰੋਂ ਬਾਹਰ ਨੂੰ ਚੱਲ ਪਿਆ।

ਇੰਜ ਹੀ ਇੱਕ ਦਿਨ ਮੇਰੇ ਕੋਲ ਸਾਡੇ ਇਲਾਕੇ ਦਾ ਇੱਕ ਵਿਅਕਤੀ ਆਇਆ ਕਿ ਤਹਿਸੀਲਦਾਰ ਮੇਰੀ ਰਜਿਸਟਰੀ ਨਹੀਂ ਕਰਦਾ, ਛੇ ਹਜ਼ਾਰ ਰੁਪੈ ਮੰਗਦਾ ਹੈ, ਮੇਰੀ ਮਦਦ ਕਰੋ। ਮੈਂ ਉਸ ਦੇ ਨਾਲ ਹੀ ਤਹਿਸੀਲ ਦਫਤਰ ਵਿੱਚ ਆ ਗਿਆ ਅਤੇ ਤਹਿਸੀਲਦਾਰ ਦੇ ਅੱਗੇ ਰਜਿਸਟਰੀ ਰੱਖ ਦਿੱਤੀ ਤਾਂ ਤਹਿਸੀਲਦਾਰ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਦੋ ਕੱਪ ਚਾਹ ਦੇ ਦੇਹ ਸਾਨੂੰ ਅਤੇ ਦਰਵਾਜ਼ਾ ਬੰਦ ਕਰਦੇ ਕੋਈ ਅੰਦਰ ਨਾ ਆਵੇ, ਜਿਹੜਾ ਮੇਰੇ ਨਾਲ ਗਿਆ ਸੀ ਉਸ ਨੂੰ ਵੀ ਕਿਹਾ ਕਿ ਤੁਸੀਂ ਦਸ ਮਿੰਟ ਬਾਹਰ ਇੰਤਜ਼ਾਰ ਕਰੋ। ਫਿਰ ਤਹਿਸੀਲਦਾਰ ਨੇ ਆਪਣਾ ਦੁੱਖ ਰੋਇਆ ਤੇ ਕਿਹਾ ਲਿਆਓ ਤੁਹਾਡੀ ਰਜਿਸਟਰੀ ਮੁਫਤ ਕਰ ਦਿੰਦਾ ਹਾਂ, ਪਰ ਤੁਸੀਂ ਦੱਸੋ ਕਿ ਮੈਂ ਮੁਫਤ ਰਜਿਸਟਰੀ ਕਿਵੇ ਕਰਾਂ? ਉਸ ਤਹਿਸੀਲਦਾਰ ਨੇ ਦੱਸਿਆ ਕਿ ਮਹੀਨੇ ਦੇ ਦਿਨ ਤੀਹ ਹੁੰਦੇ ਹਨ, ਅੱਠ ਸ਼ਨੀਵਾਰ ਐਤਵਾਰ, ਇੱਕ ਦੋ ਸਰਕਾਰੀ ਛੁੱਟੀਆਂ, ਇੱਕ ਅੱਧਾ ਕਿਸੇ ਪਾਰਟੀ ਵੱਲੋਂ ਬੰਦ ਦਾ ਸੱਦਾ, ਇੱਕ ਦਿਨ ਐਸ.ਡੀ.ਐਮ ਸਾਹਿਬ ਅਤੇ ਇੱਕ ਦਿਨ ਡੀ.ਸੀ. ਸਾਹਿਬ ਦੀ ਮੀਟਿੰਗ, ਇੱਕ ਦੋ ਦਿਨ ਇਲਾਕੇ ਦਾ ਦੌਰਾ ਵੀ ਕਰਨਾ ਹੁੰਦਾ ਹੈ, ਦੋ ਦਿਨ ਕੋਈ ਵੀ ਆਈ.ਪੀ. ਜਾਂ ਮੰਤਰੀ ਸਾਹਿਬ ਵੀ ਆ ਜਾਂਦੇ ਹਨ, ਫਿਰ ਅਸੀਂ ਵੀ ਇਨਸਾਨ ਹਾਂ ਕਦੇ ਬੀਮਾਰ ਠਿਮਾਰ ਵੀ ਹੋ ਜਾਈਦਾ ਹੈ ਜਾਂ ਕੋਈ ਘਰੇਲੂ ਕੰਮ ਵਾਸਤੇ ਛੁੱਟੀ ਵੀ ਲੈਣੀ ਪੈਂਦੀ ਹੈ, ਇੰਜ ਅਠਾਰਾਂ ਦਿਨ ਕੱਢ ਲਵੋ ਤੀਹ ਵਿੱਚੋਂ ਬਾਕੀ ਬਾਰਾਂ ਬਚੇ ਅਤੇ ਅਸੀਂ ਦੋ ਤਹਿਸੀਲਦਾਰ ਹਾਂ ਮੈਂ ਅਤੇ ਨਾਇਬ ਸਾਹਿਬ, ਸਾਡੇ ਕੋਲ ਵੰਡਵੇ ਛੇ ਛੇ ਦਿਨ ਆਏ । ਇੱਕ ਵਿਧਾਨਸਭਾ ਦੀ ਚੋਣ ਹਾਰਿਆ ਅਕਾਲੀ ਮੈਨੂੰ ਇੱਥੇ ਲੈਕੇ ਹੁਣ ਉਸਨੂੰ ਮਹੀਨੇ ਦਾ ਅੱਸੀ ਹਜ਼ਾਰ ਦੇਣਾ ਹੀ ਪੈਂਦਾ ਹੈ, ਹਰ ਮਹੀਨੇ ਇੱਕ ਦਿਨ ਵੀ ਉੱਤੇ ਨਹੀਂ ਜਾਣ ਦਿੰਦਾ। ਮੈਨੂੰ ਚਾਹ ਲੰਘਣੀ ਮੁਸ਼ਕਿਲ ਹੋ ਗਈ ਰਜਿਸਟਰੀ ਤਾਂ ਤਹਿਸੀਲਦਾਰ ਨੇ ਮੁਫਤ ਕਰ ਦਿੱਤੀ। ਪਰ ਮੁੜ ਕੇ ਮੈਂ ਕਿਸੇ ਦੀ ਸਿਫਾਰਿਸ਼ ਨਹੀਂ ਕਰਨ ਗਿਆ। ਲੇਕਿਨ ਬਲਿਹਾਰ ਜਾਵਾਂ ਲੋਕਾਂ ਤੋਂ ਜਿਹੜੇ ਫਿਰ ਵੀ ਅੱਸੀ ਹਜ਼ਾਰ ਮਹੀਨਾ ਲੈਣ ਵਾਲੇ ਨੂੰ ਆਖਦੇ ਹਨ ਦੇਵਤਾ ਆਦਮੀ ਹੈ ਜੀ?

ਲੋਕਲ ਆਗੂ ਵੀ ਕਰਨ ਜਦੋਂ ਕਿਸੇ ਦੀ ਡਿਉਟੀ ਲਾ ਦੇਣੀ ਹੈ ਕਿ ਐਨੇ ਪੈਸੇ ਚਾਹੀਦੇ ਹਨ, ਏਨੀਆਂ ਬੱਸਾ ਭਰ ਕੇ ਫਲਾਣੀ ਥਾ ਲਿਆੳਣਨੀਆਂ ਹਨ। ਇਹ ਬੜੀ ਛੋਟੀ ਜਿਹੀ ਇੱਕ ਮਿਸਾਲ ਹੈ। ਹੁਣ ਜਦੋਂ ਰੇਤੇ ਬਜਰੀ ਦੀ ਗੱਲ ਸੁਣਦੇ ਹਾਂ ਤਾਂ ਰੌਂਗਟੇ ਖੜੇ ਹੋ ਜਾਂਦੇ ਹਨ। ਜਦੋਂ ਚਿੱਟਾ ਵੇਚਣ ਵਾਲਿਆਂ ਵਿੱਚ ਨੀਲਿਆਂ (ਅਕਾਲੀਆਂ) ਦਾ ਨਾਮ ਆਉਣ ਲੱਗ ਪਵੇ, ਫਿਰ ਤਾਂ ਅਕਾਲੀ ਅਖਵਾਉਣ ਨੂੰ ਵੀ ਜੀ ਨਹੀਂ ਕਰਦਾ। ਹਰ ਪਾਸੇ ਬੇਸ਼ੱਕ ਦਾਣਾ ਮੰਡੀ ਦਾ ਫੂਸ ਵੇਚਣ ਦਾ ਹੀ ਠੇਕਾ ਕਿਉਂ ਨਾ ਹੋਵੇ, ਅਕਾਲੀ ਦਲ ਦੀ ਮਰਜ਼ੀ ਤੋਂ ਬਿਨ੍ਹਾਂ ਨਹੀਂ ਮਿਲ ਸਕਦਾ। ਹਰ ਪਾਸੇ ਰਿਸ਼ਵਤ ਹੀ ਰਿਸ਼ਵਤ ਹਰ ਪਾਸੇ ਪਰਿਵਾਰ ਜਾਂ ਚਮਿਚਆਂ ਦਾ ਬੋਲ ਬਾਲਾ। ਕਦੇ ਆਕਲੀਆਂ ਨੂੰ ਸਜਾਵਾਂ ਹੁੰਦੀਆਂ ਸਨ ਕਿ ਉਹਨਾਂ ਨੇ ਪੰਜਾਬ ਦੇ ਹੱਕ ਮੰਗਣ ਵਾਸਤੇ ਸੰਘਰਸ਼ ਕਰਦਿਆਂ ਸੜਕ ਰੋਕੀ ਹੈ ਜਾਂ ਕਿਸੇ ਵੱਡੇ ਲੀਡਰ ਦਾ ਘਿਰਾਓ ਕੀਤਾ ਹੈ, ਪਰ ਅੱਜ ਸਜਾਵਾਂ ਹੋ ਰਹੀਆਂ ਹਨ, ਰਿਸ਼ਵਤਖੋਰੀ ਦੇ ਕੇਸਾਂ, ਵਿੱਚ ਕੱਲ੍ਹ ਹੀ ਇੱਕ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਅਮਰੀਕ ਸਿੰਘ ਮੋਹਾਲੀ ਨੂੰ ਤਿੰਨ ਤਿੰਨ ਸਾਲ ਦੀ ਕੈਦ ਹੋਈ ਹੈ। ਇੱਕ ਹੋਰ ਮੰਤਰੀ ਬੀਬੀ ਜਗੀਰ ਕੌਰ ਨੂੰ ਕੁੜੀ ਮਾਰਨ ਅਤੇ ਭਰੂਣ ਹੱਤਿਆ ਦੇ ਦੋਸ਼ ਵਿਚ ਸਜ਼ਾ ਹੋਈ ਹੈ। ਮੌਜੂਦਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਰਿਸ਼ਵਤਖੋਰੀ ਦੇ ਦੋਸ਼ ਵਿੱਚ ਜੇਲ ਯਾਤਰਾ ਕੀਤੀ ਹੈ। ਜੇ ਸਰਕਾਰ ਨਾ ਬਦਲਦੀ ਤਾਂ ਸਜ਼ਾ ਹੋ ਹੀ ਜਾਣੀ ਸੀ ਕੀਹ ਇਹਨੂੰ ਸਿਆਸਤ ਆਖਣਾ ਵਾਜਿਬ ਹੋਵੇਗਾ?

ਹੁਣ ਇਸ ਤੋਂ ਵੀ ਅੱਗੇ ਲੰਘ ਗਈ ਹੈ ਗੱਲ, ਕੋਈ ਚੋਣ ਹੋਵੇ ਮਿਉਂਸੀਪਲ ਕਮੇਟੀ ਜਾਂ ਪੰਚਾਇਤ ਬੇਸ਼ੱਕ ਭਾਵੇ ਹੱਡਾਂ ਰੋੜੀ ਦੇ ਪ੍ਰਧਾਨ ਦੀ ਹੀ ਹੋਵੇ, ਉਥੇ ਅਕਾਲੀ ਗੋਲੀ ਚਲਾਉਣ ਤੱਕ ਪਹੁੰਚ ਜਾਂਦੇ ਹਨ। ਕੱਲ੍ਹ ਹੀ ਤਰਨ ਤਾਰਨ ਸਾਹਿਬ ਵਿਖੇ ਆਪਣੇ ਸਿਆਸੀ ਭਾਈਵਾਲ ਬੀ.ਜੇ.ਪੀ. ਦੇ ਇੱਕ ਮੰਤਰੀ ਦੇ ਭਰਾ ਨੂੰ ਵੀ ਸ਼ਰੇਆਮ ਅਦਾਲਤੀ ਅਹਾਤੇ ਵਿੱਚ ਕੁੱਟ ਮਾਰ ਕੀਤੀ ਗਈ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਹੁਣ ਬੀ.ਜੇ.ਪੀ. ਮੰਤਰੀ ਨੇ ਸਿੱਧਾ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੇ ਰਿਸ਼ਤੇਦਾਰ ਮੰਤਰੀ ਬਿਕਰਮਜੀਤ ਸਿੰਘ ਮਜੀਠੀਏ ਅਤੇ ਇੱਕ ਹੋਰ ਐਮ.ਐਲ.ਏ. ਤੋਂ ਮੇਰੀ ਜਾਨ ਮਾਲ ਨੂੰ ਖਤਰਾ ਹੈ, ਜੇ ਕਰ ਮੇਰਾ ਕੋਈ ਨੁਕਸਾਨ ਹੋਵੇ ਤਾਂ ਇਹ ਹੀ ਜਿੰਮੇਵਾਰ ਹੋਣਗੇ, ਪਰ ਜਿਸ ਵੇਲੇ ਲੋਕਾਂ ਉੱਤੇ ਅਕਾਲੀ ਦਲ ਬਾਦਲ ਵਾਲੇ ਝੂਠੇ ਪਰਚੇ ਕਰਵਾਉਂਦੇ ਸਨ, ਉਸ ਸਮੇਂ ਬੀ.ਜੇ.ਪੀ. ਦੇ ਮੰਤਰੀਆਂ ਨੂੰ ਨਜਰ ਨਹੀਂ ਆਉਂਦਾ ਸੀ। ਹੁਣ ਆਪਣੇ ਘਰ ਲੱਗੀ ਅੱਗ ਬਸੰਤਰ ਦਿੱਸਦੀ ਹੈ।

ਮੁੱਕਦੀ ਗੱਲ ਕਿ ਹੁਣ ਇਹ ਪਹਿਚਾਣ ਕਰਨੀ ਮੁਸ਼ਕਿਲ ਹੈ ਕਿ ਸਿਆਸਤ ਨੂੰ ਗੁੰਡੇ ਚਲਾ ਰਹੇ ਹਨ ਜਾਂ ਸਿਆਸਤ ਗੁੰਡਿਆਂ ਨੂੰ ਚਲਾ ਰਹੀ ਹੈ। ਸਾਰਾ ਕਸੂਰ ਤਾਂ ਸਾਡੇ ਲੋਕਾਂ ਦਾ ਵੀ ਹੈ ਜਿਹੜੇ ਸਭ ਕੁੱਝ ਜਾਣਦੇ ਹੋਏ, ਵੋਟ ਪਾਉਣ ਵਾਲੇ ਦਿਨ ਫਿਰ ਇਹ ਆਖਕੇ ਵੋਟ ਪਾ ਦਿੰਦੇ ਹਨ ਕਿ ਚਲੋ ਕੋਈ ਨਹੀਂ ਇਸ ਵਾਰੀ ਠੀਕ ਹੀ ਰਹਿਣਗੇ। ਪਰ ਹੁਣ ਲੋਕਾਂ ਨੂੰ ਕੁੱਝ ਸਮਝਣ ਦੀ ਲੋੜ ਹੈ, ਪਾਰਟੀ ਕੋਈ ਵੀ ਅੱਗੇ ਲਿਆਉਣ, ਪਰ ਇੱਕ ਗੱਲ ਦਾ ਜਰੁਰ ਧਿਆਨ ਰੱਖਣ ਕਿ ਜਿਹੜੇ ਬੰਦੇ ਜਾਂ ਪਾਰਟੀ ਨੂੰ ਉਹ ਵੋਟ ਪਾ ਰਹੇ ਹਨ, ਇਹ ਰਿਸ਼ਵਤੀ ਤਾਂ ਨਹੀਂ ਜਾਂ ਇਹ ਗੁੰਡਿਆਂ ਦੇ ਸਰਪ੍ਰਸਤ ਤਾਂ ਨਹੀਂ ਹਨ, ਜਿਹੜੇ ਅਦਾਲਤੀ ਅਹਾਤੇ ਵਿੱਚ ਵੀ ਗੋਲੀਆਂ ਚਲਾਉਣ ਦੀ ਹਿੰਮਤ ਰੱਖਦੇ ਹੋਣ, ਹੁਣ ਜਦੋਂ ਇੱਕ ਮੰਤਰੀ ਦੇ ਪਰਿਵਾਰ ਨਾਲ ਅਜਿਹਾ ਹੋ ਰਿਹਾ ਹੈ ਤਾਂ ਫਿਰ ਆਮ ਲੋਕਾਂ ਨੂੰ ਰਾਜ ਨਹੀਂ ਸੇਵਾ ਦੇ ਅਰਥ ਸਮਝ ਆ ਜਾਣੇ ਚਾਹੀਦੇ ਹਨ ਅਤੇ 2017 ਤੱਕ ਤਾਂ ਇਹ ਸੰਤਾਪ ਭੋਗਨਾ ਹੀ ਪਵੇਗਾ, ਪਰ ਉਸਤੋਂ ਬਾਅਦ ਕੁੱਝ ਸੋਚ ਲੈਣਾ ਚਾਹੀਦਾ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top