Share on Facebook

Main News Page

ਦਿੱਲੀ ਕੇਂਦਰੀ ਮੋਦੀ ਸਰਕਾਰ ਅਤੇ ਕੇਜਰੀਵਾਲ ਦੀ ਸੂਬਾ ਸਰਕਾਰ ਵਿੱਚੋਂ ਪੱਗ ਅਲੋਪ ਕਿਉਂ...?
: ਗੁਰਿੰਦਰਪਾਲ ਸਿੰਘ ਧਨੌਲਾ 9316176519

ਭਾਰਤ ਨੂੰ ਇੱਕ ਧਰਮ ਨਿਰਪੱਖ ਅਤੇ ਵੱਡੇ ਲੋਕ ਤੰਤਰ ਵਜੋਂ ਜਾਣਿਆ ਜਾਂਦਾ ਹੈ। ਕੁੱਝ ਅਜਿਹੇ ਗੀਤ ਵੀ ਗਾਏ ਜਾਂਦੇ ਹਨ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਹਮ ਬੁਲਬੁਲੇਂ ਹੈ ਇਸ ਕੀ ਯੇਹ ਗੁਲਸਿਤਾਂ ਹਮਾਰਾ’ ਪਰ ਅੱਜ ਕੱਲ ਇਹ ਗੁਲਸਿਤਾਂ ਕੇਵਲ ਭਗਵੇ ਫੁੱਲਾਂ ਨੂੰ ਹੀ ਉਗਾ ਰਿਹਾ ਹੈ। ਬਾਕੀ ਦੇ ਫੁੱਲਾਂ ਨੂੰ ਹੌਲੀ ਹੌਲੀ ਇਸ ਗੁਲਸਿਤਾਂ ’ਚ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਜਦੋਂ ਅੰਗ੍ਰੇਜ਼ ਦੀ ਗੁਲਾਮੀ ਸੀ ਤਾਂ ਉਸ ਵੇਲੇ ਸਾਰੇ ਭਾਰਤ ਵਾਸੀਆਂ ਨੇ ਮਿਲ ਕੇ ਸੰਘਰਸ਼ ਕੀਤਾ ਕਿ ਆਜ਼ਾਦੀ ਆਵੇ ਅਤੇ ਅਸੀਂ ਵੀ ਸੌਖਾ ਸਾਹ ਲੈ ਸਕੀਏ। ਦੇਸ਼ ਦੀ ਬਹੁਗਿਣਤੀ ਨੇ ਘੱਟ ਗਿਣਤੀ ਲੋਕਾਂ ਖਾਸ ਕਰਕੇ ਸਿੱਖਾਂ ਨਾਲ ਬਹੁਤ ਵਾਹਦੇ ਕੀਤੇ ਕਿ ਆਜ਼ਾਦੀ ਅਸਲ ਵਿੱਚ ਹੋਣੀ ਹੀ ਤੁਹਾਡੇ ਵਾਸਤੇ ਹੈ। ਇਸ ਕਰਕੇ ਹੀ ਸਿੱਖਾਂ ਨੇ ਭਾਰਤ ਨੂੰ ਅਜਾਦ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ। ਬੇਸ਼ੱਕ ਆਬਾਦੀ ਦੀ ਗਿਣਤੀ ਸਿਰਫ ਡੇਢ ਪ੍ਰਤਿਸ਼ਤ ਹੀ ਸੀ, ਪਰ ਕੁਰਬਾਨੀਆਂ ਵਿੱਚ ਪਚਾਸੀ ਫੀ ਸਦੀ ਅਤੇ ਸ਼ਹਾਦਤਾਂ ਵਿੱਚ ਅਠਾਨਵੇਂ ਪ੍ਰਤੀਸ਼ਤ ਯੋਗਦਾਨ ਦਿੱਤਾ ਸੀ।

ਭਾਰਤ ਦੀ ਬਹੁਗਿਣਤੀ ਨਾਲ ਸਬੰਧਤ ਲੀਡਰਸ਼ਿਪ ਦੇ ਮਨ ਵਿੱਚ ਬੇਈਮਾਨੀ ਸੀ, ਖਾਸ ਕਰਕੇ ਜਵਾਹਰ ਲਾਲ ਨਹਿਰੂ, ਮੋਹਨ ਦਾਸ ਕਰਮ ਚੰਦ ਗਾਂਧੀ ਉਰਫ ਮਹਾਤਮਾਂ ਗਾਂਧੀ ਅਤੇ ਵੱਲਭ ਭਾਈ ਪਟੇਲ ਉਰਫ ਸਰਦਾਰ ਪਟੇਲ ਤਿੰਨੇ ਹੀ ਆਗੂ ਦਿਲ ਦੇ ਕਾਲੇ ਸਨ। ਉਹਨਾਂ ਨੇ ਆਪਣੀ ਕੂਟ ਨੀਤੀ ਨਾਲ ਭਾਰਤ ਦਾ ਭਗਵਾ ਕਰਨ ਵਾਸਤੇ ਇਸ ਦੀ ਵੰਡ ਨੂੰ ਵੀ ਮੰਨ ਲਿਆ ਅਤੇ ਮੁਸਲਿਮ ਲੋਕਾਂ ਦੀ ਬਹੁਗਿਣਤੀ ਨੂੰ ਇੱਕ ਟੁਕੜੇ ਦਾ ਨਾਮ ਪਾਕਿਸਤਾਨ ਰੱਖ ਕੇ ਉੱਥੇ ਧੱਕ ਦਿੱਤਾ। ਉਸ ਤੋਂ ਬਾਅਦ ਇੱਕ ਬਹਾਦਰ, ਪਰ ਗਿਣਤੀ ਵਿੱਚ ਸਭ ਤੋਂ ਛੋਟੀ ਕੌਮ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਸਿੱਖ ਰਾਜ ਦੇ ਵੀ ਟੁਕੜੇ ਕਰ ਦਿੱਤੇ ਗਏ ਕਿਉਂਕਿ ਸਤਲੁਜ਼ ਤੋਂ ਉਰਾਰ ਸਿੱਖ ਰਿਆਸਤਾਂ ਤਾਂ ਜਰੁਰ ਸਨ, ਪਰ ਸਤਲੁਜ਼ ਤੋਂ ਪਾਰ ਤਾਂ ਸਾਰੇ ਸਿੱਖ ਹੀ ਰਾਜਿਆਂ ਵਰਗੇ ਸਨ। ਇੱਕ ਇੱਕ ਘਰ ਇੱਕ ਇੱਕ ਪਿੰਡ ਦਾ ਵਹਿਦ ਮਾਲਿਕ ਸੀ ਬਹੁਤ ਸਾਰੇ ਸਿੱਖ ਸਰਦਾਰਾਂ ਕੋਲ ਆਪਣੇ ਕਿਲੇ ਵੀ ਸਨ। ਸ. ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਦਾ ਪਿੰਡ ਮਾਨਾ ਵਾਲਾ ਅਤੇ ਕਿਲਾ ਸ. ਹਰਨਾਮ ਸਿੰਘ ਸੀ, ਦਾਸ ਲੇਖਕ ਦੇ ਪਰਿਵਾਰ ਦਾ ਪਿੰਡ ਭੰਬਾ ਕਿਲਾ ਸ. ਧਰਮ ਸਿੰਘ ਸੀ, ਉਂਜ ਪਿੰਡ ਨੂੰ ਭੰਬੇ ਦੇ ਕਿਲੇ ਵਜੋਂ ਵੀ ਜਾਣਿਆ ਜਾਂਦਾ ਸੀ। ਇਹ ਸਭ ਕੁੱਝ ਸਾਡੇ ਬਜੁਰਗਾਂ ਨੂੰ ਕਿਤੋਂ ਕਿਸੇ ਸਰਕਾਰ ਦੀ ਬਖਸ਼ਿਸ਼ ਨਹੀਂ ਸੀ, ਸਗੋਂ ਸਿੱਖ ਰਾਜ ਕਾਇਮ ਕਰਨ ਵੇਲੇ ਆਪਣੀਆਂ ਕੀਤੀਆਂ ਕੁਰਬਾਨੀਆਂ ਅਤੇ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਇਸ ਕਾਬਿਲ ਬਣਾਇਆ ਹੋਇਆ ਸੀ।

ਸਤਲੁਜ਼ ਪਾਰ ਜਿੱਥੇ ਵੀ ਸਿੱਖ ਰਾਜ ਸੀ ਉਥੋਂ ਦਾ ਸਿੱਖ ਬੜਾ ਨਿਡਰ ਅਤੇ ਬਾਦਸ਼ਾਹੀ ਖਿਆਲਾਂ ਦਾ ਮਾਲਿਕ ਅਤੇ ਆਜ਼ਾਦ ਸੋਚ ਰੱਖਦਾ ਸੀ। ਇਸ ਕਰਕੇ ਹੀ ਨਹਿਰੂ ਗਾਂਧੀ ਅਤੇ ਪਟੇਲ ਤਿੱਕੜੀ ਨੇ ਆਪਣੀ ਕੋਹੜੀ ਨੀਤੀ ਨਾਲ ਇਹ ਸਕੀਮ ਬਣਾਈ ਕਿ ਜੇ ਇਹ ਸਾਰੇ ਸਿੱਖ ਇਸ ਤਰ੍ਹਾਂ ਬੈਠੇ ਬਿਠਾਏ ਹੀ ਅੱਜ ਵਾਲੇ ਭਾਰਤ ਦਾ ਹਿੱਸਾ ਬਣੇ ਤਾਂ ਇਹ ਸਾਡੇ ਵਾਸਤੇ ਖਤਰਾ ਖੜਾ ਕਰ ਸਕਦੇ ਹਨ, ਜਦੋਂ ਵੀ ਕਦੇ ਅਸੀਂ ਕੋਈ ਹਰਕਤ ਲੋਕਤੰਤਰ ਦੇ ਵਿਰੁਧ ਜਾਂ ਭਗਵੇਂ ਕਰਨ ਨੂੰ ਬੜਾਵਾ ਦੇਣ ਵਾਸਤੇ ਕਰਾਂਗੇ ਤਾਂ ਇਹ ਰਾਜਾ ਬਿਰਤੀ ਵਾਲੇ ਲੋਕ ਸਾਡੇ ਲਈ ਵੱਡੀ ਚੁਨੌਤੀ ਸਾਬਿਤ ਹੋ ਸਕਦੇ ਹਨ। ਦੂਜੇ ਪਾਸੇ ਇਹ ਵੀ ਸੋਚ ਸੀ ਕਿ ਸਿੱਖਾਂ ਨੂੰ ਅੱਡ ਵੀ ਨਹੀਂ ਹੋਣ ਦੇਣਾ ਕੀਤੇ, ਪਾਕਿਸਤਾਨ ਨਾਲ ਰਲਕੇ ਕਦੇ ਪਤੀਲੀ ਨਾਂ ਮਾਂਜ ਦੇਣ, ਰੱਖਣਾ ਵੀ ਨਾਲ ਹੈ ਪਰ ਕਮਜ਼ੋਰ ਵੀ ਕਰਨਾ ਹੈ। ਇਸ ਗੰਦੀ ਸੋਚ ਅਧੀਨ ਹੀ ਪਾਕਿਸਤਾਨ ਬਣਾਉਣ ਦੇ ਨਾਲ ਨਾਲ ਪੰਜਾਬ ਭਾਵ ਸਿੱਖ ਰਾਜ ਦੇ ਵੀ ਦੋ ਟੁੱਕੜੇ ਕੀਤੇ ਗਏ।

ਭਾਰਤ ਦੀ ਆਜ਼ਾਦੀ ਆਈ ਅਤੇ ਪਹਿਲੋਂ ਵਿਉਂਤੇ ਏਜੰਡੇ ਅਨੁਸਾਰ ਸਿੱਖਾਂ ਨਾਲ ਵਿਤਕਰਿਆਂ ਦਾ ਦੌਰ ਆਰੰਭ ਹੋਇਆ, ਇਸ ਹਿੰਦੂ ਸਿਆਸੀ ਤਰੈ ਮੂਰਤੀ ਨੇ ਤੋਤੇ ਵਾਂਗੂੰ ਅੱਖਾਂ ਫੇਰ ਲਈਆਂ ਅਤੇ ਸਿੱਖਾਂ ਦੀ ਬਰਬਾਦੀ ਆਰੰਭ ਕਰ ਦਿੱਤੀ ਗਈ, ਲੇਕਿਨ ਭਾਰਤ ਦੇ ਸਬੰਧ ਹੋਰ ਦੇਸ਼ਾਂ ਨਾਲ ਜੁੜਣੇ ਕੁਦਰਤੀ ਸੀ, ਇੱਕ ਵੱਡਾ ਮੁਲਕ ਹੈ, ਮੁਫਾਦਾਂ ਨੇ ਦੋਸਤੀ ਅਤੇ ਦੁਸ਼ਮਨੀ ਨੂੰ ਜਨਮ ਦਿੱਤਾ। ਕੁੱਝ ਦੇਸ਼ ਜਿਹੜੇ ਭਾਰਤ ਤੋਂ ਇੱਕ ਸਦੀ ਅੱਗੇ ਜਾਣੇ ਜਾਂਦੇ ਹਨ, ਉਹਨਾਂ ਦੇ ਭੈਅ ਕਰਕੇ ਕਿਸੇ ਨਾ ਕਿਸੇ ਸਿੱਖ ਨੂੰ ਦਿਖਾਵਾ ਮਾਤਰ ਕੋਈ ਨਾ ਕੋਈ, ਰੁਤਬਾ ਦੇਣਾ ਮਜਬੂਰੀ ਬਣ ਗਈ ਤਾਂ ਕਿ ਵੇਖਣ ਨੂੰ ਭਾਰਤ ਪੂਰਾ ਧਰਮ ਨਿਰਪੱਖ ਅਤੇ ਲੋਕਤੰਤਰੀ ਦੇਸ਼ ਨਜਰ ਆਵੇ। ਦੂਜੇ ਪਾਸੇ ਸਰਹੱਦਾਂ ਦੀ ਰਾਖੀ ਵਾਸਤੇ ਅਤੇ ਗਵਾਂਢੀਆਂ ਨਾਲ ਪੰਗੇ ਲੈਣ ਦੇ ਸ਼ੌਂਕ ਕਰਕੇ ਸਿੱਖਾਂ ਨੂੰ ਫੌਜ ਵਿੱਚ ਦਿਲ ਖੋਲਕੇ ਭਰਤੀ ਕੀਤਾ ਅਤੇ ਸਿੱਖਾਂ ਵਿੱਚ ਇਹ ਖਾਸੀਅਤ ਹੈ ਕਿ ਵਫਾਦਰੀ ਤੋਂ ਪਿੱਛੇ ਨਹੀਂ ਹਟਦੇ। ਇਸ ਕਰਕੇ ਹੀ ਕਿਸੇ ਜੰਗ ਵਿੱਚ ਭਾਰਤ ਨੂੰ ਨਮੋਸ਼ੀ ਨਹੀਂ ਆਉਣ ਦਿੱਤੀ। ਇੱਕ ਸਿੱਖ ਜਰਨੈਲ ਹੀ ਸੀ ਜਿਸ ਨੇ ਨੱਬੇ ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਅਤੇ ਵੱਡੇ ਬਹਾਦਰ ਜਰਨੈਲ ਜਰਨਲ ਨਿਆਜ਼ੀ ਦੇ ਹੱਥ ਖੜੇ ਕਰਵਾ ਦਿਤੇ ਸਨ। ਇਸ ਕਰਕੇ ਹੀ ਪਾਕਿਸਤਾਨ ਦੇ ਫੌਜੀ ਜਰਨੈਲ ਵੱਲੋਂ ਲਿਖੀ ਕਿਤਾਬ ਵਿੱਚ ਲਿਖਿਆ ਹੈ ਕਿ ਅਸੀਂ ਭਾਰਤ ਵਿਰੁੱਧ ਸਾਰੀਆਂ ਲੜਾਈਆਂ ਸਿੱਖਾਂ ਕਰਕੇ ਹੀ ਹਾਰੇ। ਇਸ ਲਈ ਸਿੱਖਾਂ ਜਾਂ ਪੱਗ ਦੀ ਉਥੇ ਬੜੀ ਲੋੜ ਮਹਿਸੂਸ ਹੁੰਦੀ ਸੀ। ਭਾਰਤੀ ਨਿਜ਼ਾਮ ਨੇ ਪੱਗ ਨੂੰ ਦੋ ਥਾਵਾਂ ਉੱਤੇ ਹੀ ਜਰੂਰੀ ਸਮਝਿਆ ਹੈ, ਇੱਕ ਤਾਂ ਸਰਹੱਦ ਉੱਤੇ ਸ਼ਹੀਦ ਕਰਵਾਉਣ ਵਾਸਤੇ ਅਤੇ ਦੂਜਾ ਮੋਹਰੇ ਬਣਾਕੇ ਜਦੋਂ ਕਿਸੇ ਨੂੰ ਇਹ ਵਿਖਾਉਣ ਹੋਵੇ ਕਿ ਭਾਰਤ ਸਭ ਕੌਮਾਂ ਦਾ ਸਤਿਕਾਰ ਕਰਦਾ ਹੈ।

ਇੱਕ ਗੱਲ ਹੁਣ ਤੱਕ ਲਾਗੂ ਰਹੀ ਹੈ ਕਿ ਭਾਵੇਂ ਆਪਣੇ ਮਤਲਬ ਦੇ ਸਿੱਖਾਂ ਨੂੰ ਹੀ ਸਹੀ ਭਾਰਤੀ ਹਕੂਮਤ ਪੱਗ ਵਾਲਿਆਂ ਨੂੰ ਰੁਤਬੇ ਦਿੰਦੀ ਰਹੀ ਹੈ, ਇਹ ਵੱਖਰੀ ਗੱਲ ਹੈ ਕਿ ਉਹ ਰੁੱਤਬਾ ਬਿਨ੍ਹਾਂ ਕਾਰਤੂਸ ਵਾਲੀ ਬੰਦੂਕ ਵਰਗਾ ਹੀ ਹੁੰਦਾ ਹੈ, ਵਿਖਾਈ ਜਾਉ ਜਾਂ ਆਪ ਵੇਖੀ ਜਾਉ, ਪਰ ਚਲਾਉਣ ਦੀ ਇਜਾਜ਼ਤ ਵੀ ਨਹੀਂ ਅਤੇ ਚਲਾਉਣ ਜੋਗੀ ਵੀ ਨਹੀਂ, ਪਰ ਪੱਗ ਦਾ ਦਿਖਾਵਾ ਜਰੁਰ ਕੀਤਾ ਜਾਂਦਾ ਸੀ। ਫੌਜੀ ਜਰਨੈਲਾਂ ਵਿੱਚ ਤਾਂ ਇੱਕ ਡੇਢ ਦਹਾਕੇ ਪਹਿਲਾਂ ਤੱਕ ਵੱਡਾ ਵਿਤਕਰਾ ਸੀ ਕਿ ਕਿਸੇ ਸਿੱਖ ਨੂੰ ਫੌਜ ਦਾ ਮੁਖੀ ਨਹੀਂ ਬਨਣ ਦਿੱਤਾ ਜਾਂਦਾ ਸੀ, ਕੋਈ ਨਾ ਕੋਈ ਬਹਾਨਾ ਬਣਾਕੇ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤ ਕਰ ਦਿੱਤਾ ਜਾਂਦਾ ਸੀ। ਜਰਨਲ ਸੁਬੇਗ ਸਿੰਘ, ਜਰਨਲ ਜਗਜੀਤ ਸਿੰਘ ਅਰੋੜਾ, ਏਅਰ ਮਾਰਸ਼ਲ ਅਰਜਨ ਸਿੰਘ ਸਮੇਤ ਹੋਰ ਵੀ ਜਰਨੈਲਾਂ ਨਾਲ ਅਜਿਹਾ ਹੀ ਹੁੰਦਾ ਆਇਆ ਹੈ, ਲੇਕਿਨ ਹੁਣ ਕੁੱਝ ਕੌਮਾਂਤਰੀ ਮਜਬੂਰੀਆਂ ਜਾਂ ਆਪਣੀ ਸ਼ਵੀ ਨੂੰ ਬਚਾਉਣ ਵਾਸਤੇ ਨੀਤੀ ਵਿੱਚ ਕੁੱਝ ਥੋੜੀ ਜਿਹੀ ਤਬਦੀਲੀ ਹੋਈ ਹੈ। ਪਰ ਸਿਆਸੀ ਰੁੱਤਬਿਆਂ ਉੱਤੇ ਕਾਫੀ ਸਾਰੇ ਸਿੱਖ ਅੱਗੇ ਆਏ, ਇਹਨਾਂ ਵਿੱਚੋਂ ਸ. ਮਨਮੋਹਨ ਸਿੰਘ ਤਾਂ ਇੱਕ ਮਜਬੂਰੀ ਜਾਂ ਕਾਬਲੀਅਤ ਕਰਕੇ ਹੀ ਕਾਂਗਰਸ ਨੂੰ ਅੱਗੇ ਲਿਆਉਣੇ ਪਏ, ਲੇਕਿਨ ਚੱਲਣਾ ਉਹਨਾਂ ਨੂੰ ਵੀ ਸੋਨੀਆਂ ਜਾਂ ਕਾਂਗਰਸ ਦੀ ਨੀਤੀ ਨਾਲ ਹੀ ਪਿਆ। ਉਹ ਇੱਕ ਸਿੱਖ ਪ੍ਰਧਾਨ ਮੰਤਰੀ ਹੁੰਦੇ ਹੋਏ ਕਦੇ ਪੱਗ ਦੇ ਮਸਲੇ ਉੱਤੇ ਫਰਾਂਸ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕੇ ਅਤੇ ਨਾਂ ਹੀ ਸਿੱਖ ਬੰਦੀਆਂ ਦੀ ਰਿਹਾਈ ਜਾਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਜਾਂ ਦਿੱਲੀ ਦੇ ਕਤਲੇਆਮ ਦੇ ਨਿਆਂ ਜਾਂ ਪੰਜਾਬ ਵਿੱਚਲੇ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਉਹੀ ਕੁਝ ਬੋਲਣਾ ਪਿਆ ਜੋ ਕਾਂਗਰਸ ਬੁਲਾਉਂਦੀ ਰਹੀ। ਬਾਕੀ ਦੇ ਸਾਰੇ ਤਾਂ ਕੋਈ ਕਾਬਲੀਅਤ ਵੀ ਨਹੀਂ ਰੱਖਦੇ ਸਨ। ਜਿਹੜੇ ਵੱਡੇ ਰੁੱਤਬਿਆਂ ਉੱਤੇ ਬਿਠਾਏ ਗਏ, ਜਿਵੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਿੱਚ ਕਿਹੜਾ ਰਾਜਸੀ ਗੁਣ ਸੀ ਕਿ ਭਾਰਤ ਦਾ ਗ੍ਰਿਹ ਮੰਤਰੀ ਅਤੇ ਫਿਰ ਰਾਸ਼ਟਰਪਤੀ ਵੀ ਬਣਾਇਆ ਗਿਆ। ਸ੍ਰ: ਬੂਟਾ ਸਿੰਘ ਵੀ ਤਾਂ ਜੀ ਹਜੂਰੀ ਦੀ ਖੱਟੀ ਹੀ ਖਾਂਦੇ ਰਹੇ ਹਨ। ਵਿਦੇਸ਼ ਮੰਤਰੀ ਸ. ਸਵਰਨ ਸਿੰਘ ਜਾਂ ਹੋਰ ਵੀ ਬਹੁਤ ਨਾਮ ਜਿਕਰਯੋਗ ਹਨ, ਪਰ ਕੁੱਝ ਵੀ ਸੀ ਚਾਰ ਸਿੱਖ ਕਿਸੇ ਮੰਤਰੀ ਦੀ ਕੁਰਸੀ ਉੱਤੇ ਬੈਠੇ ਨਜਰ ਆਉਂਦੇ ਸਨ।

ਗੈਰ ਕਾਂਗਰਸੀ ਸਰਕਾਰਾਂ ਨੇ ਵੀ ਪੱਗ ਵਾਲੇ ਸਿੱਖਾਂ ਨੂੰ ਕੋਈ ਨਾ ਕੋਈ ਥਾਂ ਜਰੂਰ ਦਿੱਤੀ, ਜਿਸ ਨਾਲ ਜਦੋ ਵੀ ਕਦੇ ਮੰਤਰੀ ਮੰਡਲ ਦੀ ਬੈਠਕ ਹੁੰਦੀ ਤਾਂ ਇੱਕ ਅੱਧੀ ਪੱਗ ਜਰੂਰ ਨਜਰ ਪੈ ਜਾਂਦੀ ਸੀ ਸ. ਬਲਦੇਵ ਸਿੰਘ, ਸ. ਸਵਰਨ ਸਿੰਘ, ਸ. ਗੁਰਦਿਆਲ ਸਿੰਘ ਢਿੱਲੋਂ ਅਤੇ ਮੁਰਾਰਜੀ ਸਰਕਾਰ ਵਿਚ ਵੀ ਸ. ਸੁਰਜੀਤ ਸਿੰਘ ਬਰਨਾਲਾ ਮੰਤਰੀ ਰਹੇ, ਫਿਰ ਗਿਆਨੀ ਜੈਲ ਸਿੰਘ ,ਸ. ਬੂਟਾ ਸਿੰਘ, ਸ. ਬਲਵੰਤ ਸਿੰਘ ਰਾਮੂੰਵਾਲੀਆ, ਸ. ਸੁਖਦੇਵ ਸਿੰਘ ਢੀਂਡਸਾ, ਆਦਿ ਮੰਤਰੀ ਰਹੇ ਤਾਂ ਫਾਇਦਾ ਤਾਂ ਭਾਵੇ ਸਿੱਖਾਂ ਦਾ ਇਹ ਸੱਜਣ ਕੁੱਝ ਵੀ ਸੰਵਾਰ ਨਹੀਂ ਸਕੇ, ਪਰ ਨਿਹੰਗ ਸਿੰਘਾਂ ਵਾਂਗੂੰ ਪੱਗ ਦਾ ਪ੍ਰਦਰਸ਼ਨ ਜਰੁਰ ਕਰਦੇ ਸਨ। ਲੇਕਿਨ ਹੁਣ ਇਸ ਵਾਰੀ ਜੋ ਬੀ.ਜੇ.ਪੀ. ਸਰਕਾਰ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਤੇ ਆਰ.ਐਸ.ਐਸ. ਮੋਹਨ ਭਾਗਵਤ ਦੀ ਭਗਵੀ ਨੀਤੀ ਅਧੀਨ ਹੋਂਦ ਵਿੱਚ ਆਈ ਹੈ ਤਾਂ ਇਸ ਵਿੱਚੋਂ ਪੱਗ ਅਲੋਪ ਕਰ ਦਿੱਤੀ ਗਈ ਹੈ। ਇਹ ਨਹੀਂ ਕਿ ਕੋਈ ਸਿੱਖ ਕਿਤੋਂ ਲੋਕ ਸਭਾ ਦੀ ਚੋਣ ਨਹੀਂ ਜਿੱਤਿਆ ਜਾਂ ਕੋਈ ਪੱਗ ਵਾਲਾ ਰਾਜ ਸਭਾ ਦਾ ਮੈਂਬਰ ਨਹੀਂ ਹੈ, ਪਰ ਕੇਂਦਰੀ ਮੰਤਰੀ ਮੰਡਲ ਜਾਂ ਸਰਕਾਰ ਵਿੱਚ ਪੱਗ ਨਜਰ ਨਹੀਂ ਆਉਂਦੀ, ਇਸ ਵਿੱਚ ਬੇਸ਼ੱਕ ਸ. ਪ੍ਰਕਾਸ਼ ਸਿੰਘ ਬਾਦਲ ਦਾ ਵੀ ਵੱਡਾ ਰੋਲ ਹੈ ਕਿਉਂਕਿ ਭਗਵੀ ਸਰਾਕਰ ਨਾਲ ਭਾਈਵਾਲੀ ਤਾਂ ਜਰੂਰ ਪਾਈ, ਪਰ ਪੱਗ ਦੀ ਨਹੀਂ ਚੁੰਨੀ ਦੀ ਪਾ ਲਈ। ਪੱਗਾਂ ਵੀ ਤਿੰਨ ਜਿੱਤੀਆਂ ਸਨ, ਸ. ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੋ. ਪ੍ਰੇਮ ਸਿੰਘ ਸਿੰਘ ਚੰਦੂਮਾਜਰਾ ਅਤੇ ਸ. ਸ਼ੇਰ ਸਿੰਘ ਘੁਬਾਇਆ, ਪਰ ਚੁੰਨੀ ਪਰਿਵਾਰ ਵਿੱਚੋਂ ਜਿੱਤੀ ਸੀ, ਇਸ ਕਰਕੇ ਪੱਗ ਦੀ ਪ੍ਰਵਾਹ ਛੱਡ ਦਿੱਤੀ ਅਤੇ ਅੱਜ ਮੋਦੀ ਦੀ ਕੇਂਦਰੀ ਹਕੂਮਤ ਵਿੱਚ ਕੋਈ ਪੱਗ ਨਹੀਂ ਦਿੱਸਦੀ।

ਸ੍ਰੀ ਨਰਿੰਦਰ ਮੋਦੀ ਉਹਨਾਂ ਦੀ ਪਾਰਟੀ ਬੀ.ਜੇ.ਪੀ. ਜਾਂ ਮੋਹਨ ਭਾਗਵਤ ਅਤੇ ਉਹਨਾਂ ਦੀ ਜਥੇਬੰਦੀ ਦਾ ਏਜੰਡਾ ਤਾਂ ਸਮਝ ਆ ਰਿਹਾ ਹੈ ਕਿ ਪੱਗ ਨੂੰ ਜਰਦੇ ਨਹੀਂ ਅਤੇ ਹੌਲੀ ਹੌਲੀ ਪੱਗ ਨੂੰ ਬਿਲਕੁੱਲ ਖਤਮ ਕਰਨ ਦਾ ਪ੍ਰੋਗ੍ਰਾਮ ਹੈ, ਲੇਕਿਨ ਹੁਣੇ ਇੱਕ ਉਹ ਪਾਰਟੀ ਜਿਸ ਨੇ ਦਿੱਲੀ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਅਜਿਹਾ ਰਿਕਾਰਡ ਬਣਾਇਆ ਹੈ, ਜੋ ਸ਼ਾਇਦ ਕਿਸੇ ਨੇ ਤਾਂ ਕੀਹ ਤੋੜਣਾ ਹੈ ਸ਼ਾਇਦ ਕਦੇ ਆਮ ਆਦਮੀ ਪਾਰਟੀ ਵੀ ਦੁਬਾਰਾ ਆਪਣਾ ਰਿਕਾਰਡ ਨਹੀਂ ਤੋੜ ਸਕੇਗੀ, ਇਸ ਪਾਰਟੀ ਵਿੱਚ ਵੀ ਪੱਗਾਂ ਵਾਲੇ ਕਈ ਐਮ.ਐਲ.ਏ. ਜਿੱਤੇ ਹਨ। ਪਰ ਮੰਤਰੀ ਬਣਾਉਣ ਵੇਲੇ ਭਾਜਪਾ ਜਾਂ ਨਰਿੰਦਰ ਮੋਦੀ ਦੇ ਪੈਰਾਂ ਉੱਤੇ ਹੀ ਪੈਰ ਰੱਖੇ ਹਨ, ਜਨਾਬ ਕੇਜਰੀ ਵਾਲ ਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਲੋਕ ਸਭਾ ਚੋਣਾਂ ਵਿੱਚ ਸਾਰੇ ਭਾਰਤ ਨੇ ਆਮ ਆਦਮੀ ਪਾਰਟੀ ਦੇ ਠੂਠੇ ਵਿੱਚ ਇੱਕ ਵੀ ਸੀਟ ਦੀ ਖ਼ੈਰ ਨਹੀਂ ਪਾਈ, ਲੇਕਿਨ ਨਿੱਕੇ ਜਿਹੇ ਸੂਬੇ ਪੰਜਾਬ ਵਿੱਚੋਂ ਪੱਗਾਂ ਵਾਲਿਆਂ ਨੇ ਸੱਚ ਦੀ ਕਦਰ ਕਰਦਿਆਂ ਤੇਰਾਂ ਵਿੱਚੋਂ ਚਾਰ ਭਾਵ ਤੀਜਾ ਹਿੱਸਾ ਦੇ ਦੇਣਾ ਕਿਤੇ ਛੋਟੀ ਗੱਲ ਹੈ, ਕੇਜਰੀਵਾਲ ਨੇ ਰਤਾ ਵੀ ਲੱਜਾ ਮਹਿਸੂਸ ਨਹੀਂ ਕੀਤੀ ਕਿ ਇਕ ਪੱਗ ਵਾਲੇ ਨੂੰ ਮੰਤਰੀ ਬਣਾਕੇ ਪੱਗਾਂ ਵਾਲਿਆਂ ਦਾ ਧੰਨਵਾਦ ਹੀ ਕਰ ਦੇਵਾਂ। ਹਾਲੇ ਤਾਂ ਇੱਕ ਸਾਲ ਵੀ ਨਹੀਂ ਹੋਇਆ, ਹੁਣੇ ਹੀ ਭੁੱਲ ਗਿਆ ਤਾਂ ਅੱਗੇ ਸਿੱਖ ਕੀਹ ਉਮੀਦ ਰੱਖ ਸਕਦੇ ਹਨ।

ਇਸ ਲਈ ਬੜੀ ਹੈਰਾਨੀ ਹੋਈ ਹੈ ਕਿ ਇੱਕ ਦੇਸ਼ ਭਗਤ ਅਤੇ ਬਹਾਦਰ ਬਰਾਦਰੀ ਅਤੇ ਦੇਸ਼ ਦੀ ਘੱਟ ਗਿਣਤੀ ਸਿੱਖ ਕੌਮ ਦੇ ਵਿੱਚੋਂ ਮਾੜੇ ਜਾਂ ਚੰਗੇ ਕੁੱਝ ਬੰਦਿਆਂ ਵੱਲੋਂ ਜਿੱਤ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਨਾਂ ਦਿੱਲੀ ਦੀ ਨਰਿੰਦਰ ਮੋਦੀ ਵਾਲੀ ਕੇਂਦਰੀ ਸਰਕਾਰ ਵਿੱਚ ਅਤੇ ਨਾਂ ਹੀ ਸਿੱਖ ਹਿਤੈਸ਼ੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਸਰਕਾਰ ਵਿੱਚ, ਇੱਕ ਵੀ ਪੱਗ ਵਾਲਾ ਮੰਤਰੀ ਨਾ ਬਣਾ ਕੇ ਪੱਗ ਨੂੰ ਅਲੋਪ ਕਰ ਦਿੱਤਾ ਗਿਆ ਹੈ। ਇਹ ਸਾਰੇ ਸਿੱਖਾਂ ਦੇ ਸੋਚਣ ਵਾਲੀ ਗੱਲ ਹੈ ਕਿ ਸਾਰੀਆਂ ਧਿਰਾਂ ਸਿੱਖਾਂ ਪ੍ਰਤੀ ਇੱਕੋ ਜਿਹੀ ਨੀਤੀ ਹੀ ਰੱਖਦੀਆਂ ਹਨ। ਸਾਡਾ ਹੁਣ ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top