Share on Facebook

Main News Page

ਡੇਰੇਦਾਰੀ ਸਮਾਜ ਉੱਤੇ ਲੱਗਿਆ ਇੱਕ ਕਲੰਕ ਹੈ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਡੇਰੇਦਾਰੀ ਸਾਡੇ ਸਮਾਜ ਨੂੰ ਸਿਉਂਕ ਵਾਂਗੂੰ ਲੱਗ ਚੁੱਕੀ ਹੈ। ਨੇੜ ਭਵਿੱਖ ਵਿੱਚ ਇਸਦਾ ਕੋਈ ਇਲਾਜ਼ ਵੀ ਨਜਰ ਨਹੀਂ ਆ ਰਿਹਾ। ਇਹ ਨਹੀਂ ਕਿ ਸਿਰਫ ਸਿੱਖ ਹੀ ਡੇਰੇਦਾਰਾਂ ਤੋਂ ਖਵਾਰ ਹੋ ਰਹੇ ਹਨ ਸਗੋਂ ਅੱਜ ਸਾਰਾ ਸਮਾਜ਼ ਹੀ ਡੇਰੇਦਾਰੀ ਦੀ ਮਾਰ ਝੱਲ ਰਿਹਾ ਹੈ। ਇਥੋਂ ਤੱਕ ਕਿ ਹੁਣ ਤਾਂ ਸਿਆਸੀ ਲੋਕਾਂ ਨੂੰ ਨਾਂ ਚਾਹੁੰਦੇ ਹੋਏ ਵੀ ਡੇਰੇਦਾਰਾਂ ਦੇ ਖੁਰਾਂ ਨੂੰ ਹੱਥ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਕੋਈ ਵੀ ਚੋਣ ਹੋਵੇ ਡੇਰੇਦਾਰਾਂ ਦੇ ਕੁੱਝ ਪਾਲਤੂ ਕਰਿੰਦੇ ਅਫਵਾਹਾਂ ਫੈਲਾਉਂਦੇ ਹਨ ਕਿ ਸਾਡੇ ਮਹਾਰਾਜ ਜੀ ਕੋਲ ਏਨੀਆਂ ਵੋਟਾਂ ਹਨ, ਕਈ ਵਾਰ ਗਿਣਤੀ ਵਿੱਚ ਮਾਰ ਖਾ ਜਾਂਦੇ ਹਨ, ਓਨੀ ਕੁੱਲ ਆਬਾਦੀ ਨਹੀਂ ਹੁੰਦੀ ਜਿੰਨੀਆਂ ਵੋਟਾਂ ਦੱਸ ਦਿੰਦੇ ਹਨ ਅਤੇ ਅਧਿਆਤਮਿਕ ਤੌਰ ਉੱਤੇ ਵੀ ਸੋਸ਼ਣ ਕਰਦੇ ਹਨ ਅਤੇ ਆਖਦੇ ਹਨ ਕਿ ਸਾਡੇ ਰੱਬ ਜੀ ਜਿਸ ਨੂੰ ਆਸ਼ੀਰਵਾਦ ਦੇ ਦੇਣ ਉਹ ਕਦੇ ਵੀ ਨਹੀਂ ਹਾਰਦਾ। ਸਿਆਸੀ ਲੋਕਾਂ ਨੂੰ ਜਿੱਤ ਅਤੇ ਵੋਟਾਂ ਵਾਲਾ ਉੱਠ ਦਾ ਬੁੱਲ੍ਹ ਵਿਖਾਕੇ ਜਿਥੇ ਮਰਜੀ ਲੈ ਜਾਓ।

ਪਰ ਇੱਕ ਗੱਲ ਮਨੁੱਖ ਕਦੇ ਮੰਨਦਾ ਨਹੀਂ ਕਿ ਜੋ ਕਰਨਾ ਹੈ ਕਾਦਰ ਨੇ ਕਰਨਾ ਹੈ ਅਤੇ ਉਹ ਕਿਸੇ ਦੀ ਸਿਫਾਰਸ਼ ਨਹੀਂ ਸੁਣਦਾ ਅਤੇ ਨਾ ਹੀ ਉਸਨੇ ਆਪਣਾ ਕੋਈ ਸ਼ਰੀਕ ਪੈਦਾ ਕੀਤਾ ਹੋਇਆ ਹੈ, ਜੋ ਉਸਦੀ ਕੀਤੀ ਨੂੰ ਬਦਲ ਸਕੇ, ਬਹੁਤ ਸਾਰੇ ਅਗਿਆਨੀ ਗੁਰਬਾਣੀ ਵਿੱਚੋਂ ਵੀ ਅਜਿਹੀਆਂ ਪੰਗਤੀਆਂ ਲੱਭ ਲਿਆਉਂਦੇ ਹਨ, ਕਿ ਭਗਤਾਂ ਦੇ ਆਖੇ ਲੇਖ ਬਦਲ ਜਾਂਦੇ ਹਨ, ਪਰ ਜਦੋਂ ਉਨਾਂ ਪੰਗਤੀਆਂ ਦੇ ਸੰਪੂਰਨ ਸ਼ਬਦ ਨੂੰ ਪੜੀਏ ਜਾਂ ਗੁਰ ਸਾਹਿਬ ਦੀ ਵਿਚਾਰਧਾਰਾ ਦੀ ਕਸਵੱਟੀ ਉੱਪਰ ਪਰਖੀਏ ਤਾਂ ਅਰਥ ਕੁੱਝ ਹੋਰ ਸਮਝ ਪੈਂਦੇ ਹਨ, ਕਿ ਗੁਰੂ ਸਾਹਿਬ ਨੇ ਤਾਂ ਗੱਲ ਹੀ ਮੁਕਾ ਦਿੱਤੀ ਕਿ ਸਭ ਕੁੱਝ ਹੁਕਮ ਵਿੱਚ ਹੈ, ਭਾਣੇ ਵਿੱਚ ਹੈ, ਅਤੇ ਜੋ ਕਰਤਾ ਕਰਦਾ ਹੈ, ਉਸਨੂੰ ਕੋਈ ਬਦਲ ਨਹੀਂ ਸਕਦਾ। ਫਿਰ ਵੀ ਕੁੱਝ ਲੋਕ ਭੁਲੇਖਾ ਪਾਈ ਰੱਖਦੇ ਹਨ ਤਾਂ ਕਿ ਉਹਨਾਂ ਦਾ ਤੋਰੀ ਫੁੱਲਕਾ ਚੱਲਦਾ ਰਹੇ ਅਤੇ ਗੱਡੀਆਂ ਵਿੱਚ ਤੇਲ ਪਾਣੀ ਪੈਂਦਾ ਰਹੇ, ਲੋਕ ਰੱਬ ਸਮਝਦੇ ਰਹਿਣ, ਲੀਡਰ ਪੈਰੀ ਹੱਥ ਲਾਉਂਦੇ ਰਹਿਣ, ਸਿੱਖਾਂ ਕੋਲ ਅਮੀਰ ਵਿਰਸਾ ਹੋਣ ਦੇ ਬਾਵਜੂਦ ਵੀ ਸਿੱਖ ਵੀ ਡੇਰੇਦਾਰੀ ਦੇ ਚੁੰਗਲ ਵਿੱਚੋਂ ਨਹੀਂ ਨਿਕਲ ਸਕੇ ਅਤੇ ਦਿਨੋ ਦਿਨ ਇਸ ਦਲਦਲ ਵਿੱਚ ਹੋਰ ਡੂੰਘੇ ਧੱਸਦੇ ਜਾ ਰਹੇ ਹਨ।

ਡੇਰੇਦਾਰਾਂ ਨੇ ਸਮੇਂ ਦੇ ਲਿਹਾਜ਼ ਨਾਲ ਆਪਣਾ ਪਹਿਰਾਵਾ ਬਦਲ ਲਿਆ ਹੈ ਵਿਚਰਨਸ਼ੈਲੀ ਤਬਦੀਲ ਕਰ ਲਈ ਹੈ। ਜਿੱਥੇ ਵੀ ਕੋਈ ਫਸੇ ਫਸਾਉਣ ਦੀ ਜਾਂਚ ਸਿੱਖ ਲਈ ਹੈ। ਜੇ ਕੋਈ ਭਗਵੇ ਉੱਤੇ ਨਾਂ ਟਿਕੇ ਤਾਂ ਬਗਲਾ ਬਣਕੇ ਟਿਕਾ ਲੈਂਦੇ ਹਨ। ਪਹਿਲੋ ਪਹਿਲ ਡੇਰੇਦਾਰ ਇੱਕ ਦੂਜੇ ਦੀ ਬਦਖੋਈ ਕਰਦੇ ਸਨ, ਪਰ ਹੁਣ ਸਮਝ ਆ ਗਈ ਹੈ। ਅੱਜਕੱਲ੍ਹ ਸਾਰੇ ਡੇਰੇਦਾਰਾਂ ਨੇ ਇੱਕ ਦੂਜੇ ਦੇ ਪੈਰੀ ਹੱਥ ਲਾਉਣੇ ਸ਼ੁਰੂ ਕਰ ਦਿੱਤੇ ਹਨ, ਤੂੰ ਮੇਰਾ ਬਾਬਾ, ਮੈਂ ਤੇਰਾ ਬਾਬਾ, ਇਸ ਸਮਝੌਤੇ ਅਧੀਨ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ। ਜਦੋਂ ਕੋਈ ਬੁਬਨਾ ਦੂਜੇ ਬੂਬਨੇ ਦੇ ਖੁਰਾਂ ਨੂੰ ਹੱਥ ਲਾਉਂਦਾ ਹੈ ਤਾਂ ਫਿਰ ਉਸਦੇ ਚੇਲੇ ਆਪਣੇ ਸਾਧ ਦੀਆਂ ਜੂੰਆਂ (ਸਰਧਾਉੱਲੂਆਂ) ਨੂੰ ਆਖਦੇ ਹਨ, ਕਿ ਵੇਖੋ ਆਪਣੇ ਮਹਾਂਪੁਰਖ ਕਿੰਨੇ ਪਹੁੰਚੇ ਹੋਏ ਹਨ, ਪੀਪਣੀ ਵਾਲੇ, ਖੋਤੀ ਵਾਲੇ, ਸਾਰੇ ਮਹਾਂਪੁਰਖ ਆਪਣੇ ਬਾਬਾ ਜੀ ਦੇ ਚਰਨੀ ਹੱਥ ਲਾਉਂਦੇ ਹਨ। ਜਦੋ ਇਹ ਬੁਬਨਾ ਉਸਦੇ ਡੇਰੇ ਉੱਤੇ ਵਿੜੀ ਲਾਹੁਣ ਜਾਂਦਾ ਹੈ, ਪਹਿਲਾਂ ਤਾਂ ਜਾਂਦਿਆਂ ਹੀ ਡੇਰੇਦਾਰ ਦੇ ਪੈਰਾਂ ਉਤੇ ਡਿੱਗਦਾ ਹੈ ਕਿ ਬੜੀ ਕਿਰਪਾ ਕੀਤੀ ਜੀ, ਤੁਸੀਂ ਮੇਰੇ ਵਰਗੇ ਦੁਸ਼ਟ ਨੂੰ ਮਾਨ ਬਖਸ਼ਿਆ, ਅੱਗੋਂ ਉਹ ਵੀ ਪੈਰੀ ਡਿਗਦਾ ਹੈ ਵਾਹ ਜੀ ! ਕੀੜੀ ਘਰੇ ਭਗਵਾਨ ਆ ਗਏ ਅੱਜ ਤਾਂ ਤਾਰਤੇ ਜੀ, ਸਮਾਗਮ ਸਫਲ ਹੋ ਗਿਆ ਜੀ, ਦੋਹਾਂ ਧਿਰਾਂ ਦੇ ਚੇਲੇ ਫਿਰ ਸਾਧਾਂ ਦੇ ਪੈਰਾਂ ਉੱਤੇ ਡਿੱਗ ਡਿੱਗਕੇ ਚੁਰਾਸੀ ਦਾ ਗੇੜ ਕਟਵਾਉਣ ਲੱਗ ਪੈਂਦੇ ਹਨ।

ਸ਼ੁਰੁਆਤੀ ਦੁਆਰ ਵਿੱਚ ਡੇਰੇਦਾਰਾਂ ਨੇ ਆਪਣੇ ਪੈਰ ਜਮਾਉਣ ਵਾਸਤੇ ਕਦੇ ਗਰੀਬਾਂ ਨੂੰ ਬਸਤਰ ਵੰਡਣ ਦਾ ਢੌਂਗ ਕਰਨਾ, ਕਦੇ ਲੱਡੂ ਜਲੇਬੀਆਂ ਜਾਂ ਮਾਲ੍ਹ ਪੂੜਿਆਂ ਦੇ ਭੰਡਾਰੇ ਕਰਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਸਨ। ਫਿਰ ਕੁੱਝ ਵੈਦਿਕ ਕਿਤਾਬਾਂ ਪੜ੍ਹਕੇ ਦਵਾਈਆਂ ਦਾ ਕੰਮ ਆਰੰਭ ਹੋ ਗਿਆ ਅਤੇ ਕੁੱਝ ਡੇਰੇਦਾਰਾਂ ਨੇ ਆਪਣੀ ਪ੍ਰਭਤਾ ਵਧਾਉਣ ਵਾਸਤੇ ਚੰਗੇ ਹਕੀਮ ਵੀ ਰੱਖੇ ਅਤੇ ਨਾਲ ਨਾਲ ਮਾਨਸਿਕ ਰੋਗੀ ਵੇਖ ਕੇ ਉਸ ਨੂੰ ਆਖਣਾ ਕਿ ਤੈਨੂੰ ਓਪਰੀ ਕਸਰ ਹੈ, ਤੂੰ ਕੁੱਝ ਚੌਂਕੀਆਂ ਭਰਨੀਆਂ ਹਨ ਤਾਂ ਇਹ ਕੁਦਰਤੀ ਹੈ ਕਿ ਮਾਨਸਿਕ ਰੋਗੀ ਨੂੰ ਕੋਈ ਬਿਮਾਰੀ ਤਾਂ ਹੁੰਦੀ ਨਹੀਂ, ਫਿਰ ਜਦੋਂ ਉਹ ਕੁੱਝ ਦਿਨ ਕਿਤੇ ਜਾਂਦਾ ਹੈ, ੳੁੱਥੋਂ ਦੇ ਮਹੌਲ ਵਿੱਚ ਗਵਾਚ ਜਾਂਦਾ ਹੈ ਅਤੇ ਮਾਨਸਿਕ ਰੋਗ ਆਪਣੇ ਆਪ ਦੂਰ ਹੋ ਜਾਂਦਾ ਹੈ, ਅੱਜ ਵੀ ਬੇਸ਼ੱਕ ਮਨੋਦਿਸ਼ਾ ਦੇ ਬਹੁਤ ਸਾਰੇ ਡਾਕਟਰ ਵੀ ਹਨ, ਲੇਕਿਨ ਜੇ ਘਰ ਦੇ ਕਿਸੇ ਮੈਂਬਰ ਨੂੰ ਮਨੋਰੋਗ ਹੋ ਜਾਵੇ ਤਾਂ ਹਾਲੇ ਵੀ ਅੰਧਵਿਸ਼ਵਾਸ਼ੀ ਲੋਕ ਮਨੋਰੋਗ ਦੇ ਮਾਹਿਰ ਡਾਕਟਰ ਕੋਲ ਜਾਣ ਦੀ ਬਜਾਇ ਕਿਸੇ ਡੇਰੇਦਾਰ ਕੋਲ ਹੀ ਹੱਥ ਹਥੌਲੇ ਕਰਵਾਉਣ ਜਾਂਦੇ ਹਨ। ਜਿਸ ਕਰਕੇ ਡੇਰੇਦਾਰੀ ਹੱਡਾਂ ਵਿੱਚ ਰਚ ਗਈ ਹੈ।

ਡੇਰਿਆਂ ਦਾ ਨੁਕਸਾਨ ਤਾਂ ਸਭ ਨੂੰ ਹੀ ਹੈ, ਜਿਵੇ ਆਸਾ ਰਾਮ ਦੇ ਡੇਰੇ ਉੱਤੇ ਜੋ ਕੁੱਝ ਹੁੰਦਾ ਸੀ, ਉਸਦਾ ਹੁਣ ਪਤਾ ਲੱਗਿਆ ਹੈ ਅਤੇ ਸਰਕਾਰ ਨੇ ਬੇਸ਼ੱਕ ਹੁਕਮ ਅਦੂਲੀ ਪਿੱਛੇ ਹੀ ਆਸਾ ਰਾਮ ਅੰਦਰ ਸੁੱਟਿਆ ਹੈ, ਪਰ ਦੁਨੀਆ ਨੂੰ ਤਾਂ ਪਤਾ ਲੱਗ ਗਿਆ ਹੈ ਕਿ ਡੇਰੇਦਾਰ ਕੀਹ ਕੁੱਝ ਕਰਦੇ ਹਨ, ਸਰਕਾਰ ਇਸ ਨੀਅਤ ਨਾਲ ਕਾਰਵਾਈ ਕਦੇ ਨਹੀਂ ਕਰਦੀ ਕਿ ਕੁੱਝ ਡੇਰੇਦਾਰ ਮਨੁੱਖੀ ਹੱਕਾਂ ਦਾ ਹਨਨ ਕਰ ਰਹੇ ਹਨ ਜਾਂ ਲੋਕਾਂ ਦਾ ਸਰੀਰਕ, ਮਾਨਸਿਕ ਅਤੇ ਧਾਰਮਿਕ ਸੋਸ਼ਣ ਕੀਤਾ ਜਾ ਰਿਹਾ ਹੈ। ਕੋਈ ਰਾਜਸੀ ਪਾਰਟੀ ਜਦੋਂ ਤਾਕਤ ਵਿੱਚ ਆਉਂਦੀ ਹੈ ਤਾਂ ਆਪਣੇ ਵੋਟ ਬੈਂਕ ਦਾ ਹਿਸਾਬ ਲਾਉਂਦੀ ਹੈ ਜਾਂ ਫਿਰ ਰਾਹ ਦੇ ਰੋੜੇ ਚੁੱਗਦੀ ਹੈ। ਉਸ ਵੇਲੇ ਜੇ ਕੋਈ ਡੇਰੇਦਾਰ ਖੰਘਰ ਵੀ ਦਿੱਸ ਪਵੇ ਤਾਂ ਉਹ ਵੀ ਵਿੱਚੇ ਹੀ ਰਗੜਿਆ ਜਾਂਦਾ ਹੈ। ਜੇ ਕਿਤੇ ਵੋਟ ਖਰਾਬ ਹੁੰਦੀ ਦਿੱਸਦੀ ਹੋਵੇ ਫਿਰ ਭਾਵੇ ਡੇਰੇਦਾਰ ਸਿਰ ਵਿੱਚ ਮੋਰੀਆਂ ਕਰੀ ਜਾਵੇ ਸਰਕਾਰ ਚੁੱਪ ਕਰੀ ਸਭ ਕੁੱਝ ਵੇਖਦੀ ਰਹਿੰਦੀ ਹੈ। ਜਿਵੇ ਹੁਣ ਤੱਕ ਡੇਰਾ ਸਿਰਸਾ ਦੇ ਮਾਮਲੇ ਵਿੱਚ ਸਰਕਾਰਾਂ ਦਾ ਰੁੱਖ ਰਿਹਾ ਹੈ।

ਹੁਣ ਇਹ ਸਭ ਦੇ ਸਾਹਮਣੇ ਹੈ ਕਿ ਇੱਕ ਡੇਰੇਦਾਰ ਨਹੀਂ ਅਨੇਕ ਡੇਰਿਆਂ ਵਾਲੇ ਸਿੱਖੀ ਦੀਆਂ ਜੜਾਂ ਨੂੰ ਤੇਲ ਦੇਣ ਲੱਗੇ ਹੋਏ ਹਨ, ਕਦੇ ਕਿਸੇ ਸਰਕਾਰ ਨੇ ਇਹ ਨਹੀਂ ਕਿਹਾ ਕਿ ਅਜਿਹੇ ਪਖੰਡੀ ਨੂੰ ਕੋਈ ਸਜ਼ਾ ਦਿੱਤੀ ਜਾਵੇ, ਸਗੋਂ ਬਚਾਅ ਪੱਖ ਵੱਲ ਹੀ ਡੱਕਾ ਸੁੱਟਿਆ ਹੈ। ਜੇ ਡੇਰੇ ਸਰਸੇ ਦੀ ਗੱਲ ਕਰੀਏ ਤਾਂ ਕੌਣ ਨਹੀਂ ਜਾਣਦਾ ਕਿ ਪੱਤਰਕਾਰ ਨੂੰ ਕਤਲ ਕਰਨ, ਡੇਰੇ ਦੀਆਂ ਸਾਧਵੀਆਂ ਦਾ ਸਰੀਰਕ ਸੋਸ਼ਣ ਕਰਨ ਅਤੇ ਸਾਧੂਆਂ ਦੇ ਨਾਮ ਤੇ ਉੱਤੇ ਮੁਫਤ ਸੇਵਾ ਨਿਭਾ ਰਹੇ ਚੰਗੇ ਭਲੇ ਬੰਦਿਆਂ ਨੂੰ ਨਿਪੁੰਸਕ ਬਣਾ ਦਿੱਤਾ ਗਿਆ ਹੈ, ਇਥੇ ਵੀ ਬੱਸ ਨਹੀਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਸਿੱਖਾਂ ਦੇ ਜਜਬਾਤਾਂ ਨੂੰ ਜਖਮੀ ਕੀਤਾ ਹੈ, ਪਰ ਸਰਕਾਰਾਂ ਨੇ ਮੁਕੱਦਮੇ ਖਤਮ ਕਰਵਾਉਣ ਵਿੱਚ ਆਪਣਾ ਜੋਰ ਲਾਇਆ ਨਾਂ ਕਿ ਸਜਾਵਾਂ ਦਿਵਾਉਣ ਵਿੱਚ? ਹੁਣ ਵੀ ਹਾਈ ਕੋਰਟ ਦੇ ਹੁਕਮ ਨਾਲ ਸਾਧੂਆਂ ਨੂੰ ਨਿਪੁੰਸਕ ਕਰਨ ਦਾ ਮੁਕਦਮਾ ਦਰਜ਼ ਹੋਇਆ ਹੈ ਅਤੇ ਪੜਤਾਲ ਆਰੰਭ ਹੋਈ ਹੈ, ਲੇਕਿਨ ਇਹ ਸਾਰੇ ਦੋਸ਼ ਹੁੰਦਿਆਂ ਹੋਇਆਂ ਵੀ ਉਹ ਡੇਰੇਦਾਰ ਅਦਾਲਤ ਵਿਚ ਪੇਸ਼ ਨਹੀਂ ਹੁੰਦਾ, ਸਗੋਂ ਉਸ ਦੀ ਵੀਡੀਓ ਕਾਨਫਰੰਸ ਰਾਹੀ ਪੇਸ਼ੀ ਪੈਂਦੀ ਹੈ।

ਥੋੜੇ ਦਿਨ ਪਹਿਲਾਂ ਹੀ ਇਸ ਡੇਰੇਦਾਰ ਵੱਲੋਂ ਇੱਕ ਫਿਲਮ ਤਿਆਰ ਕੀਤੀ ਗਈ ਹੈ ਜਿਸਦਾ ਨਾਮ ਸੁਣਕੇ ਸ਼ਰਮ ਆਉਂਦੀ ਹੈ ‘‘ਮੈਸੰਜ਼ਰ ਆਫ਼ ਗੌਡ’’ ਭਾਵ ਰੱਬ ਦਾ ਏਲਚੀ, ਜਿਸ ਤਰੀਕੇ ਦੇ ਕੇਸਾਂ ਵਿੱਚ ਇਹ ਸੌਦਾ ਸਾਧ ਉਲਝਿਆ ਹੋਇਆ ਹੈ, ਉਸ ਨੂੰ ਵੇਖ ਕੇ ਜਦੋਂ ਕੋਈ ਫਿਲਮ ਵੇਖੇਗਾ ਅਤੇ ਫਿਰ ਉਹ ਕੀਹ ਸੋਚੇਗਾ ਕਿ ਜੇ ਰੱਬ ਦਾ ਏਲਚੀ ਹੀ ਇਹੋ ਜਿਹਾ ਹੈ ਤੇ ਰੱਬ ਫਿਰ ਕਿਹੋ ਜਿਹਾ ਹੋਵੇਗਾ ਅਤੇ ਉਸਦਾ ਭਰੋਸਾ ਉਠ ਜਾਵੇਗਾ। ਅਜਿਹਾ ਬੰਦਾ ਤਾਂ ਫਿਰ ਇਹ ਹੀ ਕਹੇਗਾ ਕਿ ਮੈਂ ਤਾਂ ਅਜਿਹੇ ਰੱਬ ਅਤੇ ਏਲਚੀਆਂ ਨਾਲੋ ਨਾਸਤਿਕ ਹੀ ਚੰਗਾ ਹਾਂ। ਹੈਰਾਨੀ ਦੀ ਗੱਲ ਵੇਖੋ ਫਿਲਮ ਬਣੀ ਸੈਂਸਰ ਬੋਰਡ ਵਾਲੇ ਇਜਾਜ਼ਤ ਦੇਣ ਨੂੰ ਤਿਆਰ ਨਹੀਂ, ਸੈਂਸਰ ਬੋਰਡ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ, ਸਰਕਾਰ ਨੇ ਫਿਲਮ ਰੋਕਣ ਦੀ ਥਾਂ ਸਾਧ ਦੇ ਇੱਕ ਪੈਰੋਕਾਰ ਨੂੰ ਹੀ ਸੈਂਸਰ ਬੋਰਡ ਦਾ ਮੁਖੀ ਲਗਾ ਦਿੱਤਾ, ਹੋਰ ਵੀ ਬੇਹਿਆਈ ਵੇਖੋ ਕਿ ਭਾਰਤ ਦਾ ਗ੍ਰਹਿ ਮੰਤਰੀ ਆਖ ਰਿਹਾ ਹੈ ਕਿ ਫਿਲਮ ਹਰ ਹਾਲਤ ਚੱਲੇਗੀ, ਬੇਸ਼ੱਕ ਸਾਨੂੰ ਫੌਜ ਵੀ ਕਿਉਂ ਨਾਂ ਲਾਉਣੀ ਪਵੇ ਅਤੇ ਫਿਲਮ ਦਾ ਵਿਰੋਧ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜਿਸ ਲਾਲਚ ਨੂੰ ਲੈਕੇ ਗ੍ਰਿਹ ਮੰਤਰੀ ਰਾਜਨਾਥ ਸਿਹੁੰ ਨੂੰ ਸੌਦਾ ਸਾਧ ਦਾ ਮੋਹ ਜਿਹਾ ਆ ਰਿਹਾ ਸੀ, ਸ. ਪ੍ਰਕਾਸ਼ ਸਿਹੁੰ ਬਾਦਲ ਨੂੰ ਵੀ ਬਹੁਤ ਆਉਂਦਾ ਹੈ, ਹੁਣ ਕੰਧ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਜਿਹੜਾ ਡੇਰੇਦਾਰ ਵੀਹ ਲੱਖ ਵੋਟਰ ਹੋਣ ਦੀਆਂ ਡੀਂਘਾਂ ਮਾਰਦਾ ਸੀ, ਉਹ ਵੋਟਾਂ ਕਿੱਥੇ ਗਈਆਂ ਰਾਜਨਾਥ ਸਿਹੁੰ ਅਤੇ ਸ. ਬਾਦਲ ਦੀ ਪਾਰਟੀ ਦੀ ਹਮਾਇਤ ਤਾਂ ਸੌਦਾ ਸਾਧ ਦਿੱਲੀ ਵਿਖੇ ਕਰ ਰਿਹਾ ਸੀ, ਵੱਖਰੀ ਗੱਲ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਬੜੀ ਦਲੇਰੀ ਨਾਲ ਕਿਹਾ ਕਿ ਸਾਨੂੰ ਸੌਦਾ ਸਾਧ ਦੀ ਵੋਟ ਜਾਂ ਸਪੋਰਟ ਦੀ ਲੋੜ ਨਹੀਂ ਅਤੇ ਉਹਨਾਂ ਨੇ ਕੱਲ੍ਹ ਫਿਲਮ ਦਾ ਵੀ ਡੱਟਕੇ ਵਿਰੋਧ ਕੀਤਾ, ਲੇਕਿਨ ਬੀ.ਜੇ.ਪੀ. ਜਾਂ ਸ. ਬਾਦਲ ਨੇ ਜੈ ਬਾਬਾ ਜੀ ਦੀ ਆਖਕੇ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਤੇ ਫਿਰ ਬੀ.ਜੇ.ਪੀ. ਦੇ ਤਿੰਨ ਹੀ ਕਿਉਂ ਜਿੱਤੇ ? ਨਾਲੇ ਹੁਣ ਇਕੱਲਾ ਸਰਸੇ ਵਾਲਾ ਸੌਦਾ ਸਾਧ ਹੀ ਨਹੀਂ ਬਾਬੇ ਹਰਨਾਮ ਸਿਹੁੰ ਧੁੰਮੇ ਦੀ ਸਾਧ ਯੂਨੀਅਨ ਵੀ ਤਾਂ ਬੀ.ਜੇ.ਪੀ. ਅਤੇ ਬਾਦਲ ਦਲ ਦੇ ਉਮੀਦਵਾਰਾਂ ਦੀ ਹਮਾਇਤ ਉਤੇ ਸੀ, ਜਿਤਾਉਣਾਂ ਤਾਂ ਕੀਹ ਸੀ ਸਗੋਂ ਇਹ ਸਾਰੇ ਵੱਟੇ ਬੀ.ਜੇ.ਪੀ ਅਤੇ ਬਾਦਲ ਦੀ ਬੇੜੀ ਨੂੰ ਲੈ ਡੁੱਬੇ।

ਹੁਣ ਤਾਂ ਭਾਰਤ ਦੀ ਭਗਵੀ ਸਰਕਾਰ ਅਤੇ ਪੰਜਾਬ ਦੀ ਨੀਲੀ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ ਕਿ ਜਿਸ ਡੇਰੇ ਨੂੰ ਉਹ ਇਸ ਕਾਬਲ ਸਮਝਦੇ ਸਨ ਕਿ ਉਹ ਕਦੇ ਰਾਜ ਪਲਟਾ ਲਿਆਉਣ ਦੀ ਸਮਰਥਾ ਰੱਖਦਾ ਹੈ, ਉਹ ਕੁੱਤੀ ਦੇ ਪੌਂਚੇ ਜਿੱਡੀ ਦਿੱਲੀ ਵਿੱਚ ਕੋਈ ਜਾਦੂ ਨਹੀਂ ਵਿਖਾ ਸਕਿਆ, ਸਮੁਚੇ ਭਾਰਤ ਵਿੱਚ ਕਿਹੜਾ ਲੱਲ੍ਹਰ ਲਾ ਦੇਵੇਗਾ। ਇਹ ਭਰਮ ਹੀ ਬਣਿਆ ਹੋਇਆ ਸੀ ਜੋ ਹੌਲੀ ਹੌਲੀ ਟੁੱਟਦਾ ਜਾ ਰਿਹਾ ਹੈ। ਇਸ ਕਰਕੇ ਹੁਣ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਾਧ ਨੂੰ ਸਾਰੇ ਦੋਸ਼ਾਂ ਅਧੀਨ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਕੇ ਮੁਕੱਦਮੇ ਦੀ ਸੁਣਵਾਈ ਕਰੇ, ਉਸ ਨਾਲ ਮੁਜਰਿਮਾਂ ਵਾਲਾ ਵਿਉਹਾਰ ਹੋਵੇ ਨਾਂ ਕਿ ਇੱਕ ਡਿਪਲੋਮੈਟ ਵਾਲਾ। ਭਾਰਤ ਸਰਕਾਰ ਨੂੰ ਅਜਿਹੇ ਬੰਦੇ, ਜਿਸ ਉੱਪਰ ਕਤਲ, ਬਲਾਤਕਾਰ, ਬੰਦਿਆਂ ਨੂੰ ਖੱਸੀ ਕਰਨ ਦੇ ਦੋਸ਼ ਲਗਦੇ ਹੋਣ, ਵੱਲੋਂ ਬਣਾਈ ਫਿਲਮ ਚਲਾਉਣ ਦੀ ਆਗਿਆ ਦੇ ਕੇ ਉਸਨੂੰ ਰੱਬ ਦਾ ਏਲਚੀ ਸਾਬਤ ਕਰਨ ਵਿੱਚ ਮਦਦ ਨਹੀਂ ਕਰਨੀ ਚਾਹੀਦੀ।

ਸਿੱਖਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਡੇਰੇਦਾਰ ਬੇਸ਼ੱਕ ਗੈਰ ਸਿੱਖ ਹੋਵੇ ਜਾਂ ਸਿੱਖੀ ਭੇਖ ਵਾਲਾ ਵੀ ਕਿਉਂ ਨਾ ਹੋਵੇ, ਸਭ ਦੀ ਜਾਤ ਅਤੇ ਜਮਾਤ ਇੱਕ ਹੀ ਹੁੰਦੀ ਹੈ। ਇਸ ਵਾਸਤੇ ਇਹਨਾਂ ਨੂੰ ਮੁੰਹ ਲਾਕੇ ਇੱਕ ਤਾਂ ਬਾਬੇ ਨਾਨਕ ਦੀ ਨਿਰਮਲ ਅਤੇ ਨਿਆਰੀ, ਪਰ ਸਰਬੱਤ ਦੇ ਭਲੇ ਵਾਲੀ ਰੂਹਾਨੀ ਵਿਚਾਰਧਾਰਾ ਨੂੰ ਦੰਦੀਆਂ ਨਾ ਚਿੜਾਓ ਅਤੇ ਆਪਣੇ ਧੀਆਂ ਪੁੱਤਰਾਂ ਨੂੰ ਚੰਗੀ ਤਲੀਮ ਦੇਣ ਦੀ ਥਾਂ ਅਜਿਹੇ ਡੇਰੇਦਾਰਾਂ ਦੇ ਧੱਕੇ ਨਾਂ ਚੜਾਓ, ਜਿਹੜੇ ਬੀਬੀਆਂ ਨਾਲ ਬਲਾਤਕਾਰ ਕਰਨ ਜਾਂ ਉਹਨਾਂ ਦਾ ਸਰੀਰਕ ਸੋਸ਼ਣ ਕਰਨ ਅਤੇ ਤੁਹਾਡੇ ਬੱਚਿਆਂ ਜਾਂ ਭਰਾਵਾਂ ਨੂੰ ਨਿਪੁੰਸਕ ਬਣਾ ਦੇਣ ਅਤੇ ਜੇ ਕੋਈ ਸੱਚ ਲਿਖਣ ਦੀ ਹਿੰਮਤ ਕਰੇ ਤਾਂ ਉਸ ਕਲਮੀ ਕਾਮੇ ਨੂੰ ਸ਼ਹੀਦ ਕਰ ਦੇਣ ਅਤੇ ਅਜੋਕੇ ਯੁੱਗ ਦੀ ਪੜੀ ਲਿਖੀ ਪੀੜੀ ਨੂੰ ਵੀ ਚਾਹੀਦਾ ਹੈ ਕਿ ਉਹ ਅੰਧ ਵਿਸ਼ਵਾਸ਼ੀ ਮਾਪਿਆ ਦੇ ਆਖੇ ਲੱਗ ਕੇ ਕਿਸੇ ਡੇਰੇ ਤੋਂ ਚੁੱਪ ਚਾਪ ਸੋਸ਼ਣ ਕਰਵਾਉਣ ਦੀ ਬਜਾਇ ਅਜਿਹੀਆਂ ਗੈਰ ਸਮਾਜੀ ਰੀਤਾਂ ਦਾ ਖਾਤਮਾਂ ਕਰਨ ਵਾਸਤੇ ਬਗਾਵਤ ਕਰ ਦੇਣ ਕਿ ਅਸੀਂ ਕਿਸੇ ਡੇਰੇਦਾਰ ਨੂੰ ਮੱਥਾ ਨਹੀਂ ਟੇਕਣਾ ਅਤੇ ਨਾਂ ਹੀ ਕਿਸੇ ਨੂੰ ਕੋਈ ਮਦਦ ਦੇਣੀ ਹੈ। ਫਿਰ ਹੀ ਕਿਤੇ ਡੇਰੇਦਾਰੀ ਦੇ ਚੁੰਗਲ ਤੋਂ ਛੁਟਕਾਰਾ ਮਿਲਣ ਦੀ ਆਸ ਹੋ ਸਕੇਗੀ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top