Share on Facebook

Main News Page

ਸਿੱਖ ਰਾਜ ਦੀਆਂ ਨਿਸ਼ਾਨੀਆਂ ਮਿੱਟ ਰਹੀਆਂ ਹਨ, ਸਿੱਖ ਕੌਮ ਅਤੇ ਸਿੱਖ ਆਗੂ ਸੌਂ ਰਹੇ ਹਨ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦੂਜੀ ਸਿੱਖ ਬਾਦਸ਼ਾਹੀ ਜਾਂ ਸਿੱਖ ਰਾਜ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਅਗਵਾਈ ਹੇਠ ਉਂਨੀਂਵੀਂ ਸਦੀ ਦੇ ਅਰੰਭ ਵਿੱਚ ਕਾਇਮ ਹੋਇਆ ਸੀ। ਪਹਿਲੀ ਬਾਦਸ਼ਾਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਰਹਿੰਦ ਫਤਹਿ ਤੋਂ ਤਰੁੰਤ ਮਗਰੋ ਸਥਾਪਤ ਹੋਈ ਸੀ, ਪਰ ਇਸ ਧਰਤੀ ਦੀ ਬਦਕਿਸਮਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਛੇ ਸਾਲ ਤੋਂ ਪਹਿਲਾਂ ਦੀ ਸਮਾਪਤ ਹੋ ਗਿਆ ਅਤੇ ਗੁਲਾਮੀ ਦਾ ਹਨੇਰਾ ਮੁੜ ਤੋਂ ਛਾ ਗਿਆ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠਲਾ ਸਿੱਖ ਰਾਜ 1839 ਤੱਕ ਲੰਬਾ ਸਮਾਂ ਚੱਲਿਆ ਅਤੇ ਇਹ ਖਾਸੀਅਤ ਸੀ ਕਿ ਅੰਗਰੇਜਾਂ ਨੇ ਭਾਰਤ ਨੂੰ ਮੁਗਲਾਂ ਹੱਥੋਂ ਖੋਹ ਕੇ ਜਿਸ ਵੇਲੇ ਅੰਗ੍ਰੇਜੀ ਗੁਲਾਮੀ ਹੇਠ ਲੈ ਆਂਦਾ ਸੀ, ਤਾਂ ਉਸ ਤੋਂ ਬਾਅਦ ਵੀ ਅੱਧੀ ਸਦੀ ਅੰਗਰੇਜ ਸਿੱਖ ਰਾਜ ਨੂੰ ਆਪਣੇ ਕਬਜੇ ਹੇਠ ਨਹੀਂ ਲੈ ਸਕੇ ਸਨ। ਸਿੱਖ ਰਾਜ ਦੇ ਬਹਾਦਰ ਸ. ਜਰਨੈਲ ਹਰੀ ਸਿੰਘ ਨਲੂਆ ਵਰਗਿਆਂ ਦੇ ਸਿਰ ਸਿਹਰਾ ਬੱਝਦਾ ਹੈ ਕਿ ਕਾਬਲ ਦੇ ਪਠਾਣਾਂ ਉੱਤੇ ਕਿਸੇ ਨੇ ਜਿੱਤ ਨਹੀਂ ਪ੍ਰਾਪਤ ਕੀਤੀ ਸੀ, ਪਰ ਸ. ਹਰੀ ਸਿੰਘ ਨਲੂਆ ਨੇ ਐਸੀ ਜਿੱਤ ਪ੍ਰਾਪਤ ਕੀਤੀ ਜੋ ਮਿਸਾਲ ਬਣ ਗਈ। ਅੱਜ ਤੱਕ ਵੀ ਜੇ ਪਠਾਣੀਆਂ ਦਾ ਬੱਚਾ ਰੋਂਦਾ ਹੋਵੇ ਜਾਂ ਸ਼ਰਾਰਤਾਂ ਕਰਨੋਂ ਬਾਜ਼ ਨਾ ਆਵੇ ਤਾਂ ਸਿਰਫ ਇੰਨਾਂ ਆਖਣ ਦੀ ਹੀ ਲੋੜ ਹੈ ਕਿ ‘‘ਹਰੀਆ ਰਾਂਗਲੇ’’ ਹਰੀ ਸਿੰਘ ਨਲੂਆ ਆ ਗਿਆ, ਤਾਂ ਬੱਚਾ ਭੱਜ ਕੇ ਮੰਜੇ ਥੱਲੇ ਲੁੱਕ ਜਾਂਦਾ ਹੈ। ਇਹ ਇਲਾਕਾ ਕਿਸੇ ਨੇ ਕਦੇ ਜਿੱਤਿਆ ਨਹੀਂ, ਅੱਜ ਵੀ ਅਮਰੀਕਾ ਅਤੇ ਹੋਰ ਦੇਸ਼ਾਂ ਦੀ ਇੱਥੇ ਬਰੂਦ ਅਤੇ ਡਾਲਰ ਫੂਕ ਫੂਕ ਕੇ ਨਾਂਹ ਹੋਈ ਪਈ ਹੈ, ਕਿਸੇ ਤੋਂ ਉਹਨਾਂ ਦੀਆਂ ਮਾਰ ਖੋਰ ਗਤੀਵਿਧੀਆਂ ਨੂੰ ਨੱਥ ਨਹੀਂ ਪਾਈ

ਮਹਾਰਾਜਾ ਰਣਜੀਤ ਸਿੰਘ ਦੀ ਡੋਗਰਿਆਂ ਵੱਲੋਂ ਦਿੱਤੇ ਜਹਿਰ ਕਰਕੇ ਹੋਈ ਮੌਤ ਤੋਂ ਬਾਅਦ ਸਿੱਖਾਂ ਤੋਂ ਰਾਜ ਵੀ ਬੜੇ ਧੋਖੇ ਨਾਲ ਲਿਆ ਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ ਕੰਵਰ ਦਲੀਪ ਸਿੰਘ ਹਾਲੇ ਨਬਾਲਗ ਹੈ ਅਤੇ ਨਬਾਲਗ ਨੂੰ ਰਾਜ ਦੇਣਾ ਉਚਿਤ ਨਹੀਂ। ਜਦੋਂ ਕੰਵਰ ਦਲੀਪ ਸਿੰਘ ਬਾਲਗ ਹੋ ਜਾਵੇਗਾ ਤਾਂ ਸਿੱਖ ਰਾਜ ਵਾਪਿਸ ਕਰ ਦਿੱਤਾ ਜਾਵੇਗਾ। ਪਰ ਰਾਜ ਕਦੋਂ ਵਾਪਿਸ ਹੁੰਦੇ ਹਨ ਇਹ ਤਾਂ ਖੋਹਣੇ ਪੈਂਦੇ ਹਨ। ਨਾਲੇ ਇਸ ਰਾਜ ਦੇ ਪਤਨ ਪਿੱਛੇ ਡੋਗਰਿਆਂ ਦਾ ਮੁੱਖ ਰੋਲ ਸੀ। ਚਲੋ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਸਿੱਖ ਰਾਜ ਕਿਵੇਂ ਗਿਆ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਵੱਖਰੇ ਵੱਖਰੇ ਵਿਚਾਰ ਦਿਤੇ ਹਨ ਅਤੇ ਕਿਸੇ ਨੇ ਕਿਸੇ ਨੂੰ ਦੋਸ਼ੀ ਦੱਸਿਆ ਹੈ। ਦੂਜੇ ਨੇ ਕਿਸੇ ਹੋਰ ਨੂੰ ਦੱਸਿਆ ਹੈ। ਪਰ ਅੱਜ ਆਪਾਂ ਸਿਰਫ ਉਸ ਸਿੱਖ ਰਾਜ ਨੂੰ ਯਾਦ ਕਰ ਰਹੇ ਹਾ ਜਿਸ ਦੀ ਦੁਨੀਆ ਉੱਤੇ ਇੱਕ ਮਿਸਾਲ ਹੈ।

ਸਿੱਖ ਰਾਜ ਕਿਵੇਂ ਮਿੱਟ ਗਿਆ, ਕਿਸਦੀ ਸਾਜਿਸ਼ ਸੀ, ਕਿਸ ਨੇ ਗੱਦਾਰੀ ਕੀਤੀ, ਇਹ ਤਾਂ ਕਿਤਾਬਾਂ ਵਿੱਚੋਂ ਪੜਿਆ ਜਾ ਸਕਦਾ ਹੈ, ਲੇਕਿਨ ਜੋ ਸਿੱਖ ਰਾਜ ਦੀਆਂ ਨਿਸ਼ਾਨੀਆਂ ਕਿਤਾਬਾਂ ਵਿੱਚ ਜਿਕਰਯੋਗ ਹਨ ਜੇ ਉਹਨਾਂ ਨੂੰ ਕਿਸੇ ਨੇ ਵੇਖਣਾ ਹੋਵੇ ਜਾਂ ਲੱਭਣਾ ਹੋਵੇ ਤਾਂ ਬੜਾ ਕਠਿਨ ਕੰਮ ਹੈ, ਕਿਉਂਕਿ ਇੱਕ ਇੱਕ ਕਰਕੇ ਸਭ ਕੁੱਝ ਮਿੱਟੀ ਵਿੱਚ ਮਿਲਦਾ ਜਾ ਰਿਹਾ ਹੈ। ਜਿੱਥੇ ਕਿਤੇ ਵੀ ਕੋਈ ਮਾੜਾ ਮੋਟਾ ਨਿਸ਼ਾਨ ਹੈ, ਉਸ ਨੂੰ ਕਿਸੇ ਨੇ ਸੰਭਾਲਿਆ ਹੀ ਨਹੀਂ। ਪੰਜਾਬ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਮੁੱਖ ਮੰਤਰੀ ਬਣੇ ਅਤੇ ਉਹਨਾਂ ਨੇ ਆਪਣੇ ਰਾਜ ਦੀ ਤੁਲਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕੀਤੀ, ਲੇਕਿਨ ਉਸ ਰਾਜ ਦੀ ਤਰਜ ਉੱਤੇ ਆਪਣੀ ਰਾਜਸੀ ਸਾਂਝ ਨਵੇਂ ਮਾਡਲ ਦੇ ਡੋਗਰਿਆਂ (ਆਰ.ਐਸ.ਐਸ.ਅਤੇ ਬੀ.ਜੇ.ਪੀ., ਸਾਧ ਯੂਨੀਅਨ, ਸੌਦਾ ਸਾਧ, ਨੂਰ ਮਹਿਲੀਏ) ਨਾਲ ਜਰੂਰ ਪਾਈ ਅਤੇ ਹਰ ਸਮੇਂ ਮਹਾਰਾਜਾ ਰਣਜੀਤ ਸਿੰਘ ਵਾਂਗੂੰ ਉਹਨਾਂ ਉੱਤੇ ਭਰੋਸਾ ਵੀ ਕੀਤਾ। ਪਰ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਦਰਬਾਰ ਸਾਹਿਬ ਉੱਤੇ ਸਿੱਖ ਰਾਜ ਦੇ ਖਜਾਨੇ ਵਿੱਚੋਂ ਸੋਨਾ ਚੜਵਾਇਆ ਸੀ। ਅੱਜ ਦੇ ਅਕਾਲੀ ਦਰਬਾਰ ਸਾਹਿਬ ਦੀ ਗੋਲਕ ਦੇ ਪੈਸੇ ਨਾਲ ਆਪਣੀ ਰਾਜਨੀਤੀ ਚਲਾਉਂਦੇ ਹਨ, ਪਰ ਸਿੱਖਾਂ ਦੀਆਂ ਵਿਰਾਸਤੀ ਵਸਤਾਂ ਨਾਲ ਕੋਈ ਸਰੋਕਾਰ ਨਹੀਂ, ਉਹ ਖਤਮ ਹੋ ਜਾਣ, ਬਰਬਾਦ ਹੋ ਜਾਣ, ਇਸਦੀ ਕੋਈ ਜਿੰਮੇਵਾਰੀ ਨਹੀਂ।

ਜਦੋਂ ਵੀ ਕਿਸੇ ਕੌਮ ਨੂੰ ਬਰਬਾਦ ਕਰਨਾਂ ਹੋਵੇ ਤਾਂ ਉਸ ਵਾਸਤੇ ਇੱਕ ਫਾਰਮੂਲਾ ਹੈ ਕਿ ਪਹਿਲਾਂ ਉਸ ਦੇ ਵਾਰਸਾਂ ਨੂੰ ਸਿੱਖਿਆ ਤੋਂ ਦੂਰ ਕਰ ਦਿਓ, ਅਨਪੜ ਹੋਣਗੇ ਸੋਚਣ ਜੋਗੇ ਨਹੀਂ ਰਹਿਣਗੇ, ਦੂਜੇ ਨੰਬਰ ਤੇ ਉਹਨਾਂ ਦੇ ਧਰਮ ਵਿੱਚ ਦਖਲ ਅੰਦਾਜੀ ਕਰੋ ਅਤੇ ਉਸ ਕੌਮ ਦੀ ਜਿਵੇ ਵੀ ਹੋ ਸਕੇ ਨਸਲਕੁਸ਼ੀ ਕਰ ਦਿਓ। ਤੀਜਾ ਢੰਗ ਇਹ ਅਪਣਾਇਆ ਜਾਂਦਾ ਹੈ ਕਿ ਉਸ ਕੌਮ ਦੀ ਜਵਾਨੀ ਨੂੰ ਨਸ਼ੇ ਦੀ ਦੀਵਾਨੀ ਬਣਾ ਦਿਓ ਜਿਵੇ ਅੱਜਕੱਲ ਪੰਜਾਬ ਵਿੱਚ ਹੋ ਰਿਹਾ ਹੈ ਅਤੇ ਇੱਕ ਇਹ ਵੀ ਪੈਂਤੜਾ ਵਰਤਿਆ ਜਾਂਦਾ ਹੈ ਕਿ ਉਸ ਕੌਮ ਦੇ ਲਿਖਤੀ ਇਤਿਹਾਸ ਵਿੱਚ ਕੁਝ ਊਟ ਪਟਾਂਗ ਲਿਖਤਾਂ ਸ਼ਾਮਲ ਕਰ ਦਿਓ ਅਤੇ ਉਸਦੀਆਂ ਵਿਰਾਸਤੀ ਨਿਸ਼ਾਨੀਆਂ ਨੂੰ ਮਿੱਟਾ ਦਿਓ। ਸੋ, ਅੱਜ ਸਿੱਖਾਂ ਦੀ ਬਰਬਾਦੀ ਵਾਸਤੇ ਇਹ ਸਭ ਕੁੱਝ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਸਿੱਖ ਜਿਹਨਾਂ ਨੂੰ ਆਪਣੇ ਪਹਿਰੇਦਾਰ ਸਮਝਦੇ ਹਨ, ਅਸਲ ਵਿੱਚ ਉਹ ਸਭ ਹੀਰਾ ਸਿਹੁੰ, ਗੁਲਾਬ ਸਿਹੁੰ, ਧਿਆਨ ਸਿਹੁੰ, ਲਾਲ ਸਿਹੁੰ ਆਦਿਕ ਡੋਗਰਿਆਂ ਦੀ ਰੂਹ ਲੈਕੇ ਵਿਚਰ ਰਹੇ ਹਨ।

ਭਾਰਤੀ ਨਿਜ਼ਾਮ ਸਿੱਖਾਂ ਦੇ ਮਨ ਵਿੱਚੋਂ ਦੋ ਚੀਜਾਂ ਖਤਮ ਕਰਨੀਆਂ ਚਾਹੁੰਦਾ ਹੈ। ਇੱਕ ਤਾਂ ਸਿੱਖ ਵਖਰੀ ਕੌਮ ਹੋਣ ਦਾ ਖਿਆਲ ਹੀ ਭੁੱਲ ਜਾਣ, ਦੂਸਰਾ ਸਿੱਖ ਆਪਣੇ ਰਾਜ ਦੀ ਗੱਲ ਨਾ ਕਰਨ। ਇਸ ਵਾਸਤੇ ਉਹਨਾਂ ਨੇ ਸ਼ਾਮ, ਦਾਮ, ਦੰਡ, ਭੇਦ ਸਭ ਦੀ ਅਜ਼ਮਾਇਸ਼ ਕਰਨੀ ਆਰੰਭ ਕੀਤੀ ਹੋਈ ਹੈ। ਕੁੱਝ ਵੀਰ ਮੇਰੀਆਂ ਲਿਖਤਾਂ ਤੋਂ ਖਫਾ ਵੀ ਹੋ ਜਾਂਦੇ ਹਨ, ਜਦੋਂ ਮੈਂ ਇਹ ਲਿਖਦਾ ਹਾਂ ਕਿ ਕਿਸੇ ਬੇਗਾਨੀਆਂ ਵੈਸਾਖੀਆਂ 'ਤੇ ਆਸ ਰੱਖਣ ਦੀ ਬਜਾਇ ਸਾਨੂੰ ਆਪਣੀਆਂ ਲੱਤਾਂ ਮਜਬੂਤ ਕਰਨੀਆਂ ਚਾਹੀਦੀਆਂ ਹਨ, ਉਹਨਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਜਿਵੇ ਦਾਸ ਲੇਖਕ ਕਿਸੇ ਵਿਸ਼ੇਸ਼ ਪਾਰਟੀ ਦਾ ਵਿਰੋਧੀ ਹੈ। ਲੇਕਿਨ ਮੈਂ ਤਾਂ ਇਹ ਹੀ ਆਖਦਾ ਹਾਂ ਕਿ ਭਾਰਤੀ ਨਿਜ਼ਾਮ ਤੁਹਾਨੂੰ ਸਿੱਖ ਰਾਜ ਤੋਂ ਪਾਸੇ ਲਿਜਾਣਾ ਚਾਹੁੰਦਾ ਹੈ। ਉਹ ਤੁਸੀਂ ਕਾਂਗਰਸੀ ਬਣ ਕੇ ਚਲੇ ਆਜੋ, ਬਾਦਲ ਬਣ ਕੇ ਉਧਰੋਂ ਮੂੰਹ ਮੋੜ ਲਵੋ, ਬੀ.ਜੇ.ਪੀ. ਨਾਲ ਰਲਕੇ ਆਪਣੀ ਪਹਿਚਾਨ ਖਤਮ ਕਰ ਦਿਓ ਜਾਂ ਆਮ ਆਦਮੀ ਪਾਰਟੀ ਵਿੱਚ ਰਲ ਕੇ ਵਜੀਰੀਆਂ ਲੈ ਲਵੋ, ਗੱਲ ਤਾਂ ਤੁਹਾਨੂੰ ਸਿੱਖ ਰਾਜ ਜਾਂ ਪੰਥਕ ਰਾਜਨੀਤੀ ਤੋਂ ਲਾਂਭੇ ਕਰਨ ਦੀ ਹੈ। ਚਲੋ ਇਹ ਵੀ ਵੱਖਰਾ ਵਿਸ਼ਾ ਹੈ, ਲਿਖਤ ਪਸੰਦ ਨਾ ਆਉਣੀ ਜਾਂ ਵਿਚਾਰਾਂ ਦਾ ਵਖਰੇਵਾਂ ਅਕਸਰ ਬਣਿਆ ਹੀ ਰਹਿੰਦਾ ਹੈ, ਪਰ ਇਥੇ ਗੱਲ ਸਿੱਖ ਰਾਜ ਦੀਆਂ ਨਿਸ਼ਾਨੀਆਂ ਦੀ ਹੈ।

ਭਾਰਤੀ ਨਿਜ਼ਾਮ ਕਿਵੇਂ ਸੰਭਾਲ ਰਿਹਾ ਹੈ ਆਪਣੇ ਆਗੂਆਂ ਦੀਆਂ ਨਿਸ਼ਾਨੀਆਂ। ਬਾਕੀ ਦੀਆਂ ਗੱਲਾਂ ਛੱਡੋ ਨਵੀਨਤਮ ਇਤਿਹਾਸ ਤੇ ਹੀ ਨਜਰ ਮਾਰ ਲਵੋ ਕਿ ਜਿਥੇ ਨੱਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ, ਉਸ ਜਗਾਹ ਨੂੰ ਕਿਵੇਂ ਸੰਭਾਲਿਆ ਹੈ। ਉਸ ਗਲੀ ਦਾ ਨਾਮ ਹੀ ਤੀਸ ਜਨਵਰੀ ਲੇਨ ਰੱਖਿਆ ਹੋਇਆ ਹੈ ਕਿਉਂਕਿ 30 ਜਨਵਰੀ 1948 ਨੂੰ ਹੀ ਮਹਾਤਮਾ ਗਾਂਧੀ ਦਾ ਕਤਲ ਹੋਇਆ ਸੀ। ਇਸ ਤਰਾਂ ਹੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ, ਉਸਦੇ ਸਰਕਾਰੀ ਘਰ 1 ਸਫਦਰਜੰਗ ਰੋਡ ਵਿੱਚ, ਦਰਬਾਰ ਸਾਹਿਬ ਉਤੇ ਜੂਨ 1984 ਵਿੱਚ ਕੀਤੇ ਫੌਜੀ ਹਮਲੇ ਦੇ ਦੋਸ਼ ਹੇਠ, ਸ਼ਹੀਦ ਸ. ਬੇਅੰਤ ਸਿੰਘ ਅਤੇ ਸ. ਸਤਵੰਤ ਸਿੰਘ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ, ਉਸ ਘਰ ਨੂੰ ਵੀ ਇੰਦਰਾ ਗਾਂਧੀ ਸਮਾਰਕ ਵਜੋਂ ਸੰਭਾਲ ਲਿਆ ਗਿਆ ਹੈ ਅਤੇ ਉੱਥੇ ਤੈਨਾਤ ਅਧਿਕਾਰੀ ਅੱਜ ਵੀ ਜਦੋਂ ਤੁਸੀਂ ਉਸ ਸਮਾਰਕ ਨੂੰ ਵੇਖਣ ਜਾਉਗੇ ਤਾਂ ਆਪ ਜੀ ਜਾਣਕਾਰੀ ਨੂੰ ਦੇਣਗੇ ਕਿ ਕਿਵੇਂ ਅਤੇ ਕਿੱਥੇ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ।

ਲੇਕਿਨ ਸਾਰਾ ਕੁੱਝ ਤਦ ਹੀ ਸੰਭਵ ਹੈ, ਜਦੋ ਉਸ ਕੌਮ ਕੋਲ ਰਾਜ ਹੈ। ਸਿੱਖ ਕੌਮ ਸ. ਬੇਅੰਤ ਸਿੰਘ ਨੂੰ ਕੌਮੀ ਸ਼ਹੀਦ ਮੰਨਦੀ ਹੈ, ਪਰ ਉਸਦਾ ਸਮਾਰਕ 1 ਸਫਦਰਜੰਗ ਰੋਡ ਵਿੱਚ ਕਿਵੇਂ ਬਣ ਸਕਦਾ ਹੈ? ਜਿਹੜੀ ਕੌਮ ਕੋਲ ਰਾਜ ਨਾ ਹੋਵੇ, ਉਸ ਨੂੰ ਆਪਣੀਆਂ ਵਿਰਾਸਤੀ ਨਿਸ਼ਾਨੀਆਂ ਅਤੇ ਰਾਜ ਭਾਗ ਦੀ ਖੁਸ਼ਬੋਈ ਨੂੰ ਸੰਭਾਲਣਾ ਹੋਰ ਵਧੇਰੇ ਜਿੰਮੇਵਾਰੀ ਵਾਲਾ ਕੰਮ ਹੁੰਦਾ ਹੈ। ਨਹੀਂ ਤਾਂ ਹੌਲੀ ਹੌਲੀ ਕੌਮ ਦੇ ਵਾਰਸ ਭੁੱਲ ਹੀ ਜਾਂਦੇ ਹਨ ਕਿ ਅਸੀਂ ਵੀ ਕਦੇ ਰਾਜੇ ਹੁੰਦੇ ਸੀ, ਸਾਡਾ ਵੀ ਕਦੇ ਸਿੱਕਾ ਚਲਦਾ ਸੀ ਅਤੇ ਜੇ ਇਹ ਨਿਸ਼ਾਨੀਆਂ ਸਲਾਮਤ ਰਹਿਣ ਤਾਂ ਸਾਡੇ ਖੂਨ ਵਿੱਚ ਰਾਜ ਦੀ ਚਿਣਗ ਸੁਲਗਦੀ ਰਹਿ ਸਕਦੀ ਹੈ। ਹੁਣ ਨਹੀਂ ਤਾਂ ਕਦੇ ਫਿਰ ਸਿੱਖ ਰਾਜ ਆਉਣ ਦੀ ਉਮੀਦ ਰੱਖਣੀ ਹੀ ਚਾਹੀਦੀ ਹੈ, ਪਰ ਜੇ ਸਭ ਕੁੱਝ ਮਿੱਟਾ ਦਿੱਤਾ ਗਿਆ, ਫਿਰ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੇ ਭਰੋਸਾ ਹੀ ਨਹੀਂ ਕਰਨਗੀਆਂ ਅਤੇ ਸਿੱਖ ਰਾਜ ਨਾਨੀ ਅਤੇ ਦਾਦੀ ਤੋਂ ਬਚਪਨ ਵਿੱਚ ਸੁਨੀ ਉਸ ਕਹਾਣੀ ਵਾਂਗੂੰ ਪ੍ਰਤੀਤ ਹੋਵੇਗਾ ਕਿ ‘‘ਇੱਕ ਰਾਜਾ ਰਾਣੀ’’ ਜਿਸ ਨੂੰ ਸੁਣਦੇ ਸੁਣਦੇ ਨੀਂਦ ਆ ਜਾਂਦੀ ਸੀ ਅਤੇ ਅਗਲੀ ਰਾਤ ਫਿਰ ਉਹ ਹੀ ਕਹਾਣੀ ਸੁਨਣ ਦੀ ਬੜੀ ਉਡੀਕ ਹੁੰਦੀ ਸੀ। ਕਿਤਾਬਾਂ ਵਿੱਚਲੇ ਇਤਿਹਾਸ ਦੀ ਪ੍ਰਮਾਣਿਕਤਾ ਉੱਤੇ ਜਦੋਂ ਇਤਿਹਾਸਿਕ ਨਿਸ਼ਾਨੀਆਂ ਜਾਂ ਵਿਰਾਸਤੀ ਵਸਤਾਂ ਦੀ ਮੋਹਰ ਲੱਗ ਜਾਵੇ ਤਾਂ ਫਿਰ ਮਨ ਦੇ ਭੁਲੇਖੇ ਦੁਰ ਹੋ ਜਾਂਦੇ ਹਨ।

ਆਸਰੋਂ ਪਿੰਡ ਦੀ ਪਹਾੜੀ ਉੱਤੇ 1831 ਈ: ਵਿੱਚ ਹਿੰਦੋਸਤਾਨ ਦੇ ਅੰਗ੍ਰੇਜ਼ ਗਵਰਨਰ ਜਰਨਲ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਸਮੇ ਉਸ ਨੂੰ ਸਿੱਖ ਰਾਜ ਦੀ ਸਰਹੱਦ ਅਤੇ ਅਜਾਦ ਹਸਤੀ ਦਾ ਅਹਿਸਾਸ ਕਰਵਾਉਣ ਵਾਸਤੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ (ਝੰਡਾ )ਲਹਿਰਾਉਂਦਿਆਂ ਤੋਪਾਂ ਬੀੜ ਕੇ ਚੌਂਕੀ ਵੀ ਕਾਇਮ ਕੀਤੀ ਸੀ। ਬੇਸ਼ੱਕ 1849 ਵਿੱਚ ਸਿੱਖ ਰਾਜ ਉੱਤੇ ਕਬਜਾ ਕਰ ਲੈਣ ਤੋਂ ਬਾਅਦ ਅੰਗ੍ਰੇਜੀ ਫੌਜਾਂ ਨੇ ਚੌਂਕੀ ਤਾਂ ਢਾਹ ਦਿੱਤੀ, ਪਰ ਨਿਸ਼ਾਨ ਸਾਹਿਬ ਦਾ ਖੰਭਾ ਅਸ਼ਟਧਾਤੂ ਦਾ ਬਣਿਆ ਹੋਣ ਕਰਕੇ ਸਲਾਮਤ ਹੀ ਰਿਹਾ। ਭਾਰਤ ਦੇ ਅਜਾਦੀ ਸੰਗ੍ਰਾਮ ਦੇ ਮੋਢੀ ਇੱਥੇ ਆ ਕੇ ਇਸ ਨਿਸ਼ਾਨ ਸਾਹਿਬ ਨੂੰ ਮੁੜ• ਝੁਲ•ਾਉਣ ਦਾ ਯਤਨ ਵੀ ਕਰਦੇ ਰਹੇ। ਕਿਸੇ ਦੇਸ਼ ਭਗਤ ਨੇ ਇਸ ਨਿਸ਼ਾਨ ਸਾਹਿਬ ਦੇ ਮੁੱਢ ਵਿੱਚ ਇਹ ਲਾਈਨਾਂ ਲਿਖੀਆਂ ਹਨ,

ਯਹ ਨਿਸ਼ਾਨੀ ਹੈ ਕਿਸੀ ਪੰਜਾਬ ਕੇ ਦਿਲਦਾਰ ਕੀਵਤਨ ਪੈ ਲੁਟ ਹੁਏ ਰਣਜੀਤ ਸਿੰਘ ਸਰਦਾਰ ਕੀ॥’

19 ਅਕਤੂਬਰ 2001 ਵਿੱਚ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿਲ ਪਾਰਕ ਦਾ ਦਰਜਾ ਵੀ ਦਿੱਤਾ ਗਿਆ ਸੀ। ਪਰ ਇਹ ਦਰਜਾ ਮਿਲਣ ਤੋਂ ਬਾਅਦ ਹੁਣ ਉੱਥੇ ਦੀ ਹਾਲਤ ਤਸਵੀਰਾਂ ਬਿਆਨ ਕਰ ਰਹੀਆਂ ਹਨ।

ਪੰਜਾਬ ਦੀ ਅਕਾਲੀ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਦਾ ਇਸ ਪਾਸੇ ਵੱਲ ਕੋਈ ਧਿਆਨ ਹੀ ਨਹੀਂ। ਆਗੂਆਂ ਵੱਲੋਂ ਰੱਖੇ ਨੀਂਹ ਪੱਥਰਾਂ ਅੱਗੇ ਸ਼ਹਿਰ ਦੀ ਗੰਦਗੀ ਦੇ ਢੇਰ ਲੱਗੇ ਹੋਏ ਹਨ। ਕਿੰਨਾਂ ਚੰਗਾ ਹੋਵੇ ਜੇ ਸਰਕਾਰ ਅਜਿਹੀਆਂ ਵਿਰਾਸਤੀ ਥਾਂਵਾਂ ਨੂੰ ਟੂਰਿਸਟ ਪਲੇਸ ਬਣਾਵੇ ਅਤੇ ਉਥੇ ਜਾਣ ਵਾਸਤੇ ਟ੍ਰਿੰਬਲ ਟਰੇਲ ਦੀ ਤਰਜ਼ ਤੇ ਰੋਪ ਵੇ ਦਾ ਇੰਤਜਾਮ ਵੀ ਕਰੇ, ਜਿਸ ਨਾਲ ਸਰਕਾਰ ਦੇ ਸੈਰ ਸਪਾਟਾ ਵਿਭਾਗ ਦੀ ਆਮਦਨੀ ਵਿੱਚ ਵਾਧਾ ਵੀ ਹੋਵੇ ਅਤੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵੀ ਸੁਰੱਖਿਅਤ ਰਹਿਣ, ਪਰ ਅਜਿਹਾ ਕਰੇ ਕੌਣ। ਕਿਸੇ ਕਿਸੇ ਪੰਥ ਦਰਦੀ ਨੂੰ ਇਹਨਾਂ ਵਸਤਾਂ ਨਾਲ ਸੁਨੇਹ ਹੈ, ਜਿਵੇ ਜਥੇਦਾਰ ਟੌਹੜਾ ਦੇ ਨਜਦੀਕੀ ਸਾਥੀ ਸ. ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਦੀ ਅਕਾਲੀ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹਨਾਂ ਥਾਵਾਂ ਦੀ ਸੰਭਾਲ ਬਿਨਾ ਕਿਸੇ ਦੇਰੀ ਤੋਂ ਕੀਤੀ ਜਾਵੇ। ਪਰ ਕਿਸੇ ਇੱਕ ਵਿਅਕਤੀ ਵੱਲੋਂ ਅਜਿਹੀ ਮੰਗ ਕਰਨੀ ਕਾਫੀ ਨਹੀਂ ਹੈ, ਇਹ ਸਾਡਾ ਕੌਮੀ ਅਤੇ ਇਤਿਹਾਸਿਕ ਮਾਮਲਾ ਹੈ, ਸਾਰੀ ਸਿੱਖ ਕੌਮ ਨੂੰ ਆਵਾਜ ਉਠਾਉਣੀ ਚਾਹੀਦੀ ਹੈ ਕਿ ਜਿੱਥੇ ਕਿਤੇ ਵੀ ਗੁਰੂ ਇਤਿਹਾਸ, ਸਿੱਖ ਇਤਿਹਾਸ, ਸਿੱਖ ਰਾਜ ਨਾਲ ਸਬੰਧਤ ਕੋਈ ਨਿਸ਼ਾਨੀ ਬਾਕੀ ਹੈ, ਉਸ ਨੂੰ ਸੰਭਾਲਣਾ ਕੌਮ ਦੀਆਂ ਆਉਂਦੀਆਂ ਨਸਲਾਂ ਵਾਸਤੇ ਬੜਾ ਜਰੂਰੀ ਹੈ, ਕੌਮ ਵੀ ਜਾਗੇ ਅਤੇ ਜਿੰਮੇਵਾਰੀ ਨਿਭਾਵੇ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top