Share on Facebook

Main News Page

ਨਨਕਾਣਾ ਸਾਹਿਬ ਸਾਕੇ ਦਾ ਸੁਨੇਹਾ ਹੱਕਾਂ ਦੇ ਲਈ ਲੜਣਾ ਪੈਂਦਾ, ਹਿੱਕ ਤਾਣ ਕੇ ਖੜ੍ਹਣਾ ਪੈਂਦਾ, ਜੰਡਾਂ ਨਾਲ ਬੰਨ੍ਹਕੇ ਸੜਣਾ ਪੈਂਦਾ...!
-:ਗੁਰਿੰਦਰਪਾਲ ਸਿੰਘ ਧਨੌਲਾ 93161 76519

ਡੋਗਰਿਆਂ ਦੀ ਗਦਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਹੋਏ ਸਿੱਖ ਰਾਜ ਦੇ ਪਤਨ ਉਪਰੰਤ ਅੰਗ੍ਰੇਜੀ ਰਾਜ ਦੀ ਪੂਰਨ ਸਰਪ੍ਰਸਤੀ ਅਤੇ ਹਿੰਦੁਤਵ ਦੀ ਸਿੱਖਾਂ ਨੂੰ ਨਿਗਲਨ ਵਾਲੀ ਨੀਤੀ ਤਹਿਤ, ਸਿੱਖ ਪੰਥ ਦੇ ਸਭ ਤੋਂ ਪਹਿਲੇ ਗੁਰਦਵਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਵੀ ਉਦਾਸੀ ਸਾਧ ਦੇ ਹੱਥ ਆ ਗਿਆ। ਕੁੱਝ ਚਿਰ ਉਦਾਸੀ ਇਸ ਪ੍ਰਬੰਧ ਨੂੰ ਠੀਕ ਤਰੀਕੇ ਨਿਭਾਉਂਦੇ ਵੀ ਰਹੇ, ਪਰ ਮਹੰਤ ਸਾਧੂ ਰਾਮ ਦੇ ਵੇਲੇ ਪ੍ਰਬੰਧ ਵਿੱਚ ਵਿਗਾੜ ਦੀ ਸ਼ੁਰੁਆਤ ਹੋਈ, ਲੇਕਿਨ ਉਹ ਬੀਮਾਰ ਹੋ ਕੇ ਮਰ ਗਿਆ ਤਾਂ ਉਸਦੇ ਚੇਲੇ ਮਹੰਤ ਕਿਸ਼ਨ ਦਾਸ ਕੋਲ ਪ੍ਰਬੰਧ ਆ ਗਿਆ, ਪਰ ਵਿੱਭਚਾਰ ਅਤੇ ਮਨਮੱਤੀ ਬਿਰਤੀਆਂ ਵਿੱਚ ਕੋਈ ਖੜੋਤ ਨਾ ਆਈ। ਗੁਰਦਵਾਰੇ ਵਿੱਚ ਕੰਜਰੀਆਂ ਦਾ ਨਚਾਉਣਾ, ਸ਼ਰਾਬਾਂ ਪੀਣੀਆਂ, ਵਿੱਭਚਾਰ ਕਮਾਉਣੇ, ਇਕ ਆਮ ਗੱਲ ਸੀ। ਅਖੀਰ ਨੂੰ ਕਿਸ਼ਨ ਦਾਸ ਵੀ ਬੀਮਾਰ ਹੋ ਕੇ ਲਾਹੌਰ ਆਪਣੇ ਘਰ ਮੰਜੇ ਉੱਤੇ ਜਾ ਡਿੱਗਾ।

ਉਸਦੀ ਖਬਰ ਲੈਣ ਗਏ, ਉਸਦੇ ਚੇਲੇ ਨਰੈਣੂ ਬੀਮਾਰ ਅਤੇ ਬੇਵੱਸ ਕਿਸ਼ਨ ਦਾਸ ਦੀ ਜੇਬ ਵਿੱਚੋਂ ਚਾਬੀਆਂ ਖਿਸਕਾ ਲਈਆਂ ਅਤੇ ਨਨਕਾਣਾ ਸਾਹਿਬ ਉੱਪਰ ਕਬਜਾ ਕਰ ਲਿਆ ਸੀ ਅਤੇ ਆਪਣੇ ਆਪ ਨੂੰ ਮਹੰਤ ਐਲਾਨਣ ਦੇ ਨਾਲ ਹੀ ਇੱਕ ਲਿਖਤੀ ਇਕਰਾਰ ਵੀ ਕੀਤਾ ਕਿ ਸਾਰਾ ਪ੍ਰਬੰਧ ਸੰਗਤ ਦੀ ਸਲਾਹ ਨਾਲ ਚਲਾਵਾਂਗਾ। ਕਿਸ਼ਨ ਦਾਸ ਵਾਲੀਆਂ ਗਲਤੀਆਂ ਨਹੀਂ ਕਰਾਗਾ। ਕੁੱਝ ਚਿਰ ਠੀਕ ਚਲਾਉਂਦਾ ਵੀ ਰਿਹਾ, ਪਰ ਥੋੜੇ ਸਮੇ ਬਾਅਦ ਹੀ ਇੱਕ ਮਰਾਸੀ ਬਰਾਦਰੀ ਦੀ ਔਰਤ ਨੂੰ ਆਪਣੇ ਨਾਲ ਰੱਖ ਲਿਆ। ਜਿਸ ਨੇ ਦੋ ਬੱਚਿਆਂ ਨੂੰ ਵੀ ਜਨਮ ਦਿੱਤਾ ਅਤੇ ਅਗਸਤ 1917 ਵਿੱਚ ਕੰਜਰੀਆਂ ਬੁਲਾਕੇ ਗੁਰੂ ਘਰ ਵਿੱਚ ਨਾਚ ਗਾਣਾ ਵੀ ਕਰਵਾਇਆ। ਸਿੰਘ ਸਭਾਵਾਂ ਨੇ ਇਸਦਾ ਗੰਭੀਰ ਨੋਟਿਸ ਵੀ ਲਿਆ।

ਇਸ ਤੋਂ ਬਾਅਦ ਮੱਥਾ ਟੇਕਣ ਆਏ ਇੱਕ ਸਿੰਧੀ ਪਰਿਵਾਰ ਦੀ ਤੇਰਾਂ ਸਾਲ ਦੀ ਬੱਚੀ ਨਾਲ ਇੱਕ ਪੁਜਾਰੀ ਨੇ ਜਬਰ ਜਿਨਾਹ ਕਰ ਦਿੱਤਾ, ਪਰ ਸ਼ਕਾਇਤ ਕਰਨ ਉੱਤੇ ਮਹੰਤ ਨੇ ਕੋਈ ਕਾਰਵਾਈ ਨਾ ਕੀਤੀ। ਇੰਜ ਹੀ ਜੜਾਂ ਵਾਲੇ ਦੀਆਂ ਛੇ ਸ਼ਰਧਾਲੂ ਬੀਬੀਆਂ ਵੀ ਪੁਜਾਰੀਆਂ ਅਤੇ ਮਹੰਤਾਂ ਦੀ ਹਵਸ ਦਾ ਸ਼ਿਕਾਰ ਹੋਈਆਂ। ਹੁਣ ਸਿੱਖਾਂ ਨੂੰ ਸਮਝ ਆ ਗਈ ਸੀ ਕਿ ਨਰੈਣੂ ਨੇ ਗੋਲਕ ਦੇ ਪੈਸੇ ਨਾਲ ਪ੍ਰਸਾਸ਼ਨ ਖਰੀਦ ਲਿਆ ਅਤੇ ਨਰੈਣੂ ਆਪਣੇ ਅਸਲੀ ਰੂਪ ਵਿੱਚ ਆ ਗਿਆ। ਫਿਰ ਇਸ ਮਹੰਤ ਨਰੈਣੂ ਨੇ ਗੁਰੂ ਘਰ ਦੀ ਮਰਿਯਾਦਾ ਨੂੰ ਤਹਿਸ ਨਹਿਸ ਕਰਕੇ ਬਿਪਰਵਾਦੀ ਵਿਚਾਰਧਾਰਾ ਨੂੰ ਅਪਣਾਉਂਦਿਆਂ ਆਪਣੇ ਨਾਲ ਇੱਕ ਸ਼ਰਾਬੀ ਅਤੇ ਆਯਾਸ਼ ਲੋਕਾਂ ਦਾ ਗੁੰਡਾ ਗਿਰੋਹ ਵੀ ਤਿਆਰ ਕਰ ਲਿਆ ਸੀ। ਇਹ ਲੋਕ ਗੁਰੂ ਦੀ ਗੋਲਕ ਵਿੱਚੋਂ ਹੀ ਆਪਣੀ ਐਸ਼ ਪ੍ਰਸਤੀ ਕਰਦੇ ਸ਼ਰਾਬਾਂ ਪੀਂਦੇ ਅਤੇ ਧੀਆਂ ਭੈਣਾਂ ਦੀ ਪੱਟ ਲੁੱਟਦੇ ਸਨ ਅਤੇ ਜੇ ਕੋਈ ਅਜਿਹਾ ਕਰਨ ਉੱਤੇ ਇਤਰਾਜ਼ ਕਰਦਾ ਸੀ ਤਾਂ ਉਸਨੂੰ ਮੌਤ ਦਾ ਦੰਡ ਦਿੰਦੇ ਸਨ।

ਲੇਕਿਨ ਅਖੀਰ ਨਰੈਣੂ ਵੱਲੋਂ ਚੁੱਕੀ ਅੱਤ ਨੇ ਸਿੱਖਾਂ ਦੀ ਹਿੰਮਤ ਨੂੰ ਹੁਲਾਰਾ ਦੇ ਦਿੱਤਾ ਅਤੇ ਸਿੱਖਾਂ ਵਿੱਚ ਇੱਕ ਰੋਹ ਜਾਗਿਆ ਅਤੇ 1920 ਦੇ ਅਕਤੂਬਰ ਮਹੀਨੇ ਦੇ ਪਹਿਲੇ ਤਿੰਨ ਦਿਨ ਇੱਕ ਭਾਰੀ ਇਕੱਠ ਕਰਕੇ ਨਰੈਣੂ ਦੀਆਂ ਕਰਤੂਤਾਂ ਦੇ ਰੋਕਥਾਮ ਵਾਸਤੇ ਵਿਚਾਰ ਚਰਚਾ ਕੀਤੀ ਗਈ। ਇਸ ਦੀਵਾਨ ਵਿਚ ਮਾਸਟਰ ਮੋਤਾ ਸਿੰਘ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਦਾਨ ਸਿੰਘ ਵਿਛੋਆ, ਸ.ਜਸਵੰਤ ਸਿੰਘ ਝਬਾਲ, ਭਾਈ ਲਛਮਣ ਸਿੰਘ ਧਾਰੋਕੀ ਵਰਗੇ ਸਿੱਖ ਆਗੂਆਂ ਤੋਂ ਇਲਾਵਾ ਡਾਕਟਰ ਕਿਚਲੂ ਅਤੇ ਆਗ਼ਾ ਸਫ਼ਦਰ ਗੈਰ ਸਿੱਖ ਆਗੂ ਵੀ ਸ਼ਾਮਲ ਹੋਏ। ਬਹੁਤ ਵਿਚਾਰਾਂ ਹੋਈਆਂ ਅਤੇ ਨਰੈਣੂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਦੀ ਵਿਉਂਤਬੰਦੀ ਕੀਤੀ ਗਈ। ਪਰ ਭਾਈ ਲਛਮਣ ਸਿੰਘ ਧਾਰੋਕੀ ਨੇ ਇਸ ਦਿਨ ਹੀ ਸ਼ਹੀਦੀ ਜਥਾ ਬਣਾਉਣ ਦਾ ਐਲਾਨ ਕਰ ਦਿੱਤਾ ਸੀ।

ਇਹ ਖਬਰ ਨਰੈਣੂ ਕੋਲ ਪੁਜੀ ਤਾਂ ਉਸ ਨੇ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਥਾ ਅਗਲੇ ਹੀ ਪਲ ਚਾਰ ਸੌ ਪੇਸ਼ਾਵਰ ਗੁੰਡਿਆਂ ਨੂੰ ਤਨਖਾਹ ਉੱਤੇ ਰੱਖ ਲਿਆ। ਜਿਹਨਾਂ ਵਿੱਚ ਦੋ ਖੂੰਖਾਰ ਮੁਸਲਮਾਨ ਬਦਮਾਸ਼ ਰਾਂਝਾ ਅਤੇ ਰਿਹਾਨਾ ਵੀ ਸ਼ਾਮਲ ਸਨ। ਸਿੱਖਾਂ ਦੀ ਚੇਤਨਾ ਕਾਨਫਰੰਸ ਦੇ ਮੁਕਾਬਲੇ ਨਰੈਣੂ ਨੇ ਵੀ 12 ਨਵੰਬਰ 1920 ਨੂੰ ਅਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਨੇੜੇ ਅਖਾੜਾ ਸੰਗਲ ਵਾਲਾ ਵਿੱਚ ਕਰਤਾਰ ਸਿੰਘ ਬੇਦੀ ਦੀ ਮਦਦ ਨਾਲ ਸਾਧੂ, ਮਹੰਤਾਂ ਅਤੇ ਬੇਦੀਆਂ ਦਾ ਇਕੱਠ ਕੀਤਾ। ਮਹੰਤ ਗੋਬਿਦ ਦਾਸ ਜਮਸ਼ੇਰ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ 53 ਮਹੰਤਾਂ ਨੇ ਫੈਲਸਾ ਕੀਤਾ ਕਿ ਨਰੈਣੂ ਦੀ ਮਦਦ ਕੀਤੀ ਜਾਵੇ ਅਤੇ ਅਕਾਲੀਆਂ ਦਾ ਡੱਟਕੇ ਟਕਰਾ ਕੀਤਾ ਜਾਵੇ। ਕਰਤਾਰ ਸਿੰਘ ਬੇਦੀ ਅਤੇ ਨਰੈਣੂ ਨੇ ਤਕਰੀਬਨ ਸੱਠ ਹਜਾਰ ਰਕਮ ਇਕੱਠੀ ਕਰਕੇ ਲਹੌਰ ਤੋਂ ਇੱਕ ਹਫਤਾਵਾਰੀ ਸੰਤ ਸੇਵਕ ਅਖਬਾਰ ਵੀ ਸ਼ੁਰੂ ਕਰ ਦਿੱਤਾ ਅਤੇ ਆਪਣੀ ਇੱਕ ਵੱਖਰੀ ਗੁਰਦਵਾਰਾ ਕਮੇਟੀ ਬਣਾਕੇ ਨਰੈਣੂ ਖੁਦ ਪ੍ਰਧਾਨ ਅਤੇ ਬਸੰਤ ਦਾਸ ਮਾਣਕ ਨੂੰ ਸਕੱਤਰ ਥਾਪ ਲਿਆ।

ਮਹੰਤ ਨਰੈਣੂ ਨੂੰ ਅੰਦੇਸ਼ਾ ਸੀ ਕਿ 25, 26 ਨਵੰਬਰ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰ ਪੁਰਬ ਉੱਤੇ ਸਿੱਖ ਜਾਂ ਅਕਾਲੀ ਨਨਕਾਣਾ ਸਾਹਿਬ ਉੱਤੇ ਕਬਜਾ ਕਰਨਗੇ। ਇਸ ਵਾਸਤੇ ਉਸ ਨੇ 400 ਗੁੰਡਿਆਂ ਨੂੰ ਆਪਣੀ ਹਿਫ਼ਾਜ਼ਤ ਅਤੇ ਅਕਾਲੀ ਸਿੰਘਾਂ ਦੇ ਟਾਕਰੇ ਵਾਸਤੇ ਤੈਨਾਤ ਕਰ ਲਿਆ ਸੀ। ਜਦੋਂ ਕਿ ਹਾਲੇ ਸਿੱਖਾਂ ਵੱਲੋਂ ਗੁਰਦਵਾਰਾ ਅਜਾਦ ਕਰਵਾਉਣ ਦਾ ਕੋਈ ਪ੍ਰੋਗ੍ਰਾਮ ਨਹੀਂ ਸੀ, ਪਰ ਆਪਣੇ ਪਾਲੇ ਤੋਂ ਡਰਦਾ ਨਰੈਣੂ ਉਸ ਦਿਨ ਹਰ ਸਿੱਖ ਤੋਂ ਮਥਾ ਟੇਕਣ ਵੇਲੇ ਕਿਰਪਾਨ ਜਾਂ ਹੋਰ ਸ਼ਸਤਰ ਬਾਹਰ ਰਖਵਾ ਕੇ ਤਲਾਸ਼ੀ ਲੈਣ ਉਪਰੰਤ ਹੀ ਅੰਦਰ ਦਾਖਲ ਹੋਣ ਦੇ ਰਿਹਾ ਸੀ। ਭਾਈ ਲਛਮਣ ਸਿੰਘ ਧਾਰੋਕੀ ਉਸ ਦਿਨ ਜਿਉਂ ਹੀ ਕੁੱਝ ਸਿੰਘਾਂ ਨਾਲ ਡਿਉੜੀ ਵਿੱਚ ਦਾਖਲ ਹੋਏ ਤਾਂ ਗੁੰਡਿਆਂ ਨੇ ਛਵ•ੀਆਂ ਬਰਛਿਆਂ ਨਾਲ ਘੇਰ ਲਿਆ, ਪਰ ਇਸ ਤੋਂ ਪਹਿਲਾਂ ਕਿ ਘੱਲੂਘਾਰਾ ਵਾਪਰਦਾ ,ਉਥੇ ਤੈਨਾਤ ਪੁਲਿਸ ਅਤੇ ਹੋਰ ਅਧਿਕਾਰੀਆਂ ਨੇ ਵਿੱਚ ਪੈ ਕੇ ਹੋਣੀ ਨੂੰ ਟਾਲ ਦਿੱਤਾ। ਜਨਮ ਦਿਨ ਸਮਾਗਮ ਦੀ ਸਮਾਪਤੀ ਉੱਤੇ ਮਹੰਤ ਨੇ ਕੁੱਝ ਖੂੰਖਾਰ ਬੰਦੇ ਰਾਂਝਾ ,ਸਾਖੁ ਅਤੇ ਕਾਹਨਾ ਵਰਗੇ ਆਪਣੇ ਕੋਲ ਰੱਖ ਲਏ ਅਤੇ ਬਾਕੀ ਵਾਪਿਸ ਭੇਜ ਦਿੱਤੇ, ਪਰ ਅੰਦਰ ਕਿਲਾ ਬੰਦੀ ਅਤੇ ਹਮਲੇ ਦੀ ਤਿਆਰੀ ਵਿੱਚ ਕੋਈ ਢਿੱਲ ਨਹੀਂ ਸੀ। ਇਸ ਸਭ ਕਾਸੇ ਦੀ ਖਬਰ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਵੀ ਸੀ, ਪਰ ਸਭ ਮਚਲੇ ਸਨ।

ਜਥੇਦਾਰ ਕਰਤਾਰ ਸਿੰਘ ਝੱਬਰ ਨੇ ਇਸ ਸਾਰੇ ਮਾਮਲੇ ਸਬੰਧੀ ਜਨਵਰੀ ਮਹੀਨੇ ਵਿੱਚ ਇੱਕ ਖਤ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਕਿ ਨਨਕਾਣਾ ਸਾਹਿਬ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਕੇ ਕੁੱਝ ਕੀਤਾ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਸਿੱਖ ਸੰਗਤਾਂ ਆਪ ਮੁਹਾਰੇ ਹੀ ਨਨਕਾਣਾ ਸਾਹਿਬ ਵੱਲ ਵਹੀਰਾਂ ਘੱਤ ਦੇਣ। ਸ਼੍ਰੋਮਣੀ ਕਮੇਟੀ ਨੇ ਇਹ ਚਿਠੀ 24 ਜਨਵਰੀ 1921 ਦੀ ਮੀਟਿੰਗ ਵਿੱਚ ਵਿਚਾਰੀ ਅਤੇ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ 4, 5, 6 ਮਾਰਚ ਨੂੰ ਨਨਕਾਣਾ ਸਾਹਿਬ ਵਿਖੇ ਇੱਕ ਦੀਵਾਨ ਸਜਾਇਆ ਜਾਵੇ ਅਤੇ ਮਹੰਤ ਨੂੰ ਸਮਝਾਇਆ ਜਾਵੇ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ। ਇਸ ਫੈਸਲੇ ਦਾ ਉਤਾਰਾ ਪੰਜਾਬ ਸਰਕਾਰ, ਸਿੱਖ ਰਾਜਿਆਂ, ਵੱਡੇ ਸਰਕਾਰੀ ਅਫਸਰਾਂ ਅਤੇ ਸਿੱਖ ਸ਼ਖਸੀਅਤਾ ਨੂੰ ਭੇਜਿਆ ਗਿਆ, 6 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦੀਵਾਨ ਦੀ ਤਿਆਰੀ ਸਬੰਧੀ, ਭਾਈ ਲਛਮਣ ਸਿੰਘ ਧਾਰੋਕੀ, ਸ. ਦਲੀਪ ਸਿੰਘ ਸਾਂਗਲਾ, ਸ. ਤੇਜਾ ਸਿੰਘ ਸਮੁੰਦਰੀ ,ਸ. ਕਰਤਾਰ ਸਿੰਘ ਝੱਬਰ ਅਤੇ ਸ. ਬਖਸ਼ੀਸ਼ ਸਿੰਘ ਉੱਤੇ ਅਧਾਰਤ ਇੱਕ ਕਮੇਟੀ ਬਣਾ ਦਿਤੀ ਗਈ।

ਅਕਾਲੀ ਸਿੰਘਾਂ ਦੀ ਇਸ ਕਾਰਵਾਈ ਨਾਲ ਮਹੰਤ ਦੀ ਰੂਹ ਵੀ ਕੰਬ ਗਈ ਅਤੇ ਉਸ ਨੇ ਸ.ਕਰਤਾਰ ਸਿੰਘ ਝੱਬਰ ਕੋਲ ਆਪਣੇ ਵਿਚੋਲਿਆਂ ਰਾਹੀ ਸਮਝੌਤੇ ਦਾ ਪ੍ਰਸਤਾਵ ਰੱਖਿਆ, ਪਰ ਨਾਲ ਤਿੰਨ ਸ਼ਰਤਾਂ ਵੀ ਰੱਖੀਆਂ ਕਿ ਉਸ ਨੂੰ ਨਨਕਾਣਾ ਸਾਹਿਬ ਤੋਂ ਨਾ ਕੱਢਿਆ ਜਾਵੇ, ਦੂਜਾ ਉਸ ਨੂੰ ਕਮੇਟੀ ਦਾ ਮੈਂਬਰ ਨਾਮਜਾਦ ਕੀਤਾ ਜਾਵੇ ਅਤੇ ਤੀਸਰਾ ਕਿ ਉਸ ਨੂੰ ਤਨਖਾਹ ਦੀ ਥਾਂ ਆਮਦਨ ਵਿੱਚ ਹਿੱਸੇਦਾਰ ਬਣਾਇਆ ਜਾਵੇ। ਸ. ਝੱਬਰ ਨੇ ਪਹਿਲੀ ਅਤੇ ਤੀਜੀ ਦੋ ਗੱਲਾਂ ਉੱਤੇ ਸਹਿਮਤੀ ਪ੍ਰਗਟ ਕਰਦਿਆਂ, ਦੂਜੀ ਗੱਲ ਉੱਤੇ ਜਵਾਬ ਦੇ ਦਿੱਤਾ ਕਿ ਇਹ ਸ਼੍ਰੋਮਣੀ ਕਮੇਟੀ ਹੀ ਕਰ ਸਕਦੀ ਹੈ। ਸ. ਝੱਬਰ ਦੀ ਰਿਪੋਰਟ ਉੱਤੇ ਸ਼੍ਰੋਮਣੀ ਕਮੇਟੀ ਨੇ ਸ.ਕਰਤਾਰ ਸਿੰਘ ਝੱਬਰ, ਭਾਈ ਜੋਧ ਸਿੰਘ, ਸ. ਤੇਜਾ ਸਿੰਘ ਸਮੁੰਦਰੀ ,ਸ.ਬੂਟਾ ਸਿੰਘ ਵਕੀਲ ਅਤੇ ਸ. ਕਿਹਰ ਸਿੰਘ ਪੱਟੀ ਉੱਤੇ ਅਧਾਰਤ ਇੱਕ ਕਮੇਟੀ ਬਣਾ ਦਿਤੀ, ਜਿਹੜੀ ਮਹੰਤ ਨਾਲ ਗੱਲਬਾਤ ਕਰੇਗੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖ ਕਿਸ ਹੱਦ ਤੱਕ ਮਸਲਿਆਂ ਦਾ ਹੱਲ ਸ਼ਾਤਮਈ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਕਮੇਟੀ ਨੇ ਮਹੰਤ ਨੂੰ 7 8 9 ਫਰਵਰੀ ਨੂੰ ਗੁਰਦਵਾਰਾ ਖਰਾ ਸੌਦਾ ਆ ਕੇ ਗੱਲ ਬਾਤ ਕਰਨ ਦਾ ਸੱਦਾ ਦਿੱਤਾ।

ਲੇਕਿਨ ਬੇਈਮਾਨ ਅਤੇ ਨਿਜ਼ਾਮ ਦਾ ਚੰਭਲਾਇਆ ਨਰੈਣੂ ਅਕਾਲੀਆਂ ਨਾਲ ਦੋ ਦੋ ਹੱਥ ਕਰਨ ਦੀ ਤਿਆਰੀ ਵਿੱਚ ਰੁਝਿਆ ਹੋਇਆ ਸੀ ਅਤੇ ਉਸ ਨੇ ਆਪਣੇ ਨਾਲ 28 ਪਠਾਣ ਤਨਖਾਹ ਉੱਪਰ ਪੱਕੇ ਹੀ ਰੱਖ ਲਏ। ਉਸ ਦੇ ਭਤੀਜੇ ਨੇ ਇਲਾਕੇ ਭਰ ਵਿੱਚ ਗੁੰਡੇ ਇਕਠੇ ਕਰਕੇ ਭਾੜੇ ਦਾ ਵੱਡਾ ਗਿਰੋਹ ਸਥਾਪਤ ਕਰ ਲਿਆ। ਨਨਕਾਨਾ ਸਾਹਿਬ ਦਾ ਲੱਕੜ ਦਾ ਦਰਵਾਜ਼ਾ ਹਟਾਕੇ ਲੋਹੇ ਦਾ ਲਗਾ ਦਿੱਤਾ। ਦਰਵਾਜੇ ਅਤੇ ਹੋਰ ਕਮਰਿਆਂ ਵਿੱਚੋਂ ਗੋਲੀਆਂ ਚਲਾਉਣ ਵਾਸਤੇ ਝਰੋਖੇ ਬਣਾ ਲਏ ਗਏ। ਨਰੈਣੂ ਨੇ ਆਪਣੇ ਪਰ ਤੋਲਣ ਵਾਸਤੇ 7 ਫਰਵਰੀ ਨੂੰ ਗੁਰਦਵਾਰਾ ਸਾਹਿਬ ਵਿੱਚ ਹੋਰ ਸਹਿਯੋਗੀ ਮਹੰਤਾਂ, ਬੇਦੀਆਂ ਅਤੇ ਕੂਕਿਆਂ ਨਾਲ ਰਾਬਤਾ ਕਾਇਮ ਕਰਕੇ ਆਪਣੇ ਹਿਮਾਇਤੀਆਂ ਦਾ ਇਕੱਠ ਬੁਲਾਇਆ। ਜਿਸ ਵਿਚ ਇਲਾਕੇ ਭਰ ਦੇ ਗੁੰਡਿਆਂ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਭੱਟੀ ਮੁਸਲਮਾਨ, ਬੇਦੀ ਕਰਤਾਰ ਸਿੰਘ ਅਤੇ ਕੂਕਾ ਮੰਗਲ ਸਿੰਘ ਨਾਮਧਾਰੀ ਅਤੇ ਕੁੱਝ ਹੋਰ ਮਹੰਤਾਂ ਨੇ ਕਸਮਾਂ ਖਾਧੀਆਂ ਕਿ ਇਸ ਲੜਾਈ ਵਿੱਚ ਮਹੰਤ ਨਰੈਣੂ ਦਾ ਡੱਟਕੇ ਸਾਥ ਦੇਣਗੇ ਅਤੇ ਅਕਾਲੀਆਂ ਨੂੰ ਸਬਕ ਸਿਖਾਉਣਗੇ।

ਨਰੈਣੂ ਨੇ ਅਕਾਲੀਆਂ ਦੇ ਸੱਦੇ ਉੱਪਰ ਖਰਾ ਸੌਦਾ ਖੁਦ ਜਾਣ ਦੀ ਬਜਾਇ ਆਪਣੇ ਸਹਿਯੋਗੀਆਂ ਸੁੰਦਰ ਦਾਸ ਅਤੇ ਹਰੀ ਦਾਸ ਨੂੰ ਇਹ ਸੁਨੇਹਾ ਦੇ ਕੇ ਭੇਜ ਦਿੱਤਾ ਕਿ 15 ਫਰਵਰੀ ਨੂੰ ਸ਼ੇਖੂਪੁਰਾ ਵਿਖੇ ਮਿਲਣੀ ਹੋਵੇਗੀ, ਪਰ ਜਦੋਂ ਸ. ਝੱਬਰ 14 ਫਰਵਰੀ ਨੂੰ ਸ਼ੇਖੂਪੁਰਾ ਪੁੱਜੇ ਤਾਂ ਪਤਾ ਲੱਗਾ ਕਿ ਕੱਲ ਨੂੰ ਨਰੈਣੂ ਇਥੇ ਵੀ ਨਹੀਂ ਆ ਰਿਹਾ। ਨਰੈਣੂ ਦੇ ਸਾਥੀ ਜੀਵਨ ਦਾਸ ਨੇ ਦੱਸਿਆਂ ਕਿ ਨਰੈਣੂ 15 ਫਰਵਰੀ ਨੂੰ ਆਪ ਜੀ ਅਤੇ ਸ. ਬੂਟਾ ਸਿੰਘ ਨੂੰ ਅਮ੍ਰਿਤਸਰ ਸਾਹਿਬ ਸ. ਅਮਰ ਸਿੰਘ ਲਾਇਲ ਗਜਟ ਦੇ ਘਰ ਮਿਲੇਗਾ, ਪਰ ਨਰੈਣੂ ਇਥੇ ਵੀ ਨਾ ਪਹੁੰਚਿਆ। ਦਰਅਸਲ ਨਰੈਣੂ ਆਕਲੀਆਂ ਨੂੰ ਟਰਕਾਅ ਰਿਹਾ ਸੀ, ਪਰ ਖੁਦ 14 ਫਰਵਰੀ ਨੂੰ ਇੱਕ ਗੁਪਤ ਮੀਟਿੰਗ ਕਰਕੇ 5 ਮਾਰਚ ਨੂੰ ਸਾਰੇ ਸਿੱਖ ਆਗੂਆਂ ਦੇ ਕਤਲ ਦੀ ਯੋਜਨਾਬੰਦੀ ਕਰ ਰਿਹਾ ਸੀ। ਸ. ਕਰਤਾਰ ਸਿੰਘ ਝੱਬਰ ਨੇ ਆਪਣਾ ਇੱਕ ਸੂਹੀਆ ਮਹੰਤ ਨਾਲ ਛੱਡਿਆ ਹੋਇਆ ਸੀ। ਉਸ ਵੱਲੋਂ ਮਿਲੀ ਇਤਲਾਹ ਨੇ ਸ. ਝੱਬਰ ਨੂੰ ਚੌਕਸ ਕੀਤਾ ਤੇ ਸ. ਝੱਬਰ ਨੇ ਖਰਾ ਸੌਦਾ ਪਹੁੰਚਕੇ ਆਪਣੇ ਸਾਰੇ ਸਾਥੀਆਂ ਨਾਲ ਮਸ਼ਵਰੇ ਕੀਤੇ। ਭਾਈ ਲਛਮਣ ਸਿੰਘ ਧਾਰੋਕੀ ਅਤੇ ਸ. ਬੂਟਾ ਸਿੰਘ ਨੂੰ ਵੀ ਬੁਲਾ ਲਿਆ, 17 ਫਰਵਰੀ ਨੂੰ ਮੀਟਿੰਗ ਕਰਕੇ ਇੱਕ ਫੈਸਲਾ ਕੀਤਾ ਕਿ ਮਹੰਤ ਦੇ ਨਪਾਕ ਇਰਾਦਿਆਂ ਨੂੰ ਫੇਲ ਕਰਨ ਵਾਸਤੇ 19 , 20 ਫਰਵਰੀ ਦੀ ਰਾਤ ਨੂੰ ਹੀ ਕਬਜਾ ਕਰ ਲਿਆ ਜਾਵੇ ਕਿਉਂਕਿ 19 ਅਤੇ 20 ਫਰਵਰੀ ਨੂੰ ਮਹੰਤ ਲਹੌਰ ਵਿੱਚ ਹੋ ਰਹੀ, ਸਿੱਖ ਵਿਰੋਧੀ ਸਨਾਤਨੀ ਕਾਨਫਰੰਸ ਵਿੱਚ ਭਾਗ ਲੈਣ ਜਾਵੇਗਾ।

ਇਸ ਸਨਾਤਨੀ ਕਾਨਫਰੰਸ ਵਿੱਚ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ, ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀਏ, ਚਰਨਦਸੀਏ, ਸਨਾਤਨੀ, ਮਹੰਤ ਅਤੇ ਪੁਜਾਰੀ ਇਕੱਠੇ ਕੀਤੇ ਗਏ ਸਨ ਅਤੇ ਪ੍ਰਧਾਨਗੀ ਕਰਤਾਰ ਸਿੰਘ ਬੇਦੀ ਨੇ ਕਰਨੀ ਸੀ। ਜਿੱਥੇ ਅਕਾਲੀ ਸਿੰਘਾਂ ਦੇ ਟਾਕਰੇ ਦੀ ਰਣਨੀਤੀ ਤਹਿ ਹੋਣੀ ਸੀ। ਸ. ਝੱਬਰ ,ਸ.ਲਛਮਣ ਸਿੰਘ ਅਤੇ ਸ. ਬੂਟਾ ਸਿੰਘ ਨੇ ਵੱਖਰੇ ਵੱਖਰੇ ਜਥਿਆਂ ਰਾਹੀ 19 ਫਰਵਰੀ ਦੀ ਰਾਤ ਨੂੰ ਨਨਕਾਣਾ ਸਾਹਿਬ ਪਹੁੰਚਣ ਦਾ ਮਸ਼ਵਰਾ ਪਾਸ ਕਰ ਲਿਆ ਤਾਂ ਕਿ 20 ਫਰਵਰੀ ਅਮ੍ਰਿਤ ਵੇਲੇ ਹੀ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ ਜਾਵੇ। ਪਰ ਜਦੋਂ ਹੀ ਮਾਸਟਰ ਤਾਰਾ ਸਿੰਘ ,ਸ.ਹਰਚੰਦ ਸਿੰਘ ,ਸ.ਤੇਜਾ ਸਿੰਘ ਹੋਰਾਂ ਨੂੰ ਪਤਾ ਲੱਗਾ ਤਾਂ ਉਹਨਾਂ 19 ਫਰਵਰੀ ਦੀ ਮੀਟਿੰਗ ਬੁਲਾ ਲਈ ਕਿ ਸ਼੍ਰੋਮਣੀ ਕਮੇਟੀ ਦੇ ਦੀਵਾਨ ਤੋਂ ਪਹਿਲਾਂ ਕੋਈ ਵੀ ਗੁਰ੍ਰਦਵਾਰਾ ਸਾਹਿਬ ਵਿੱਚ ਦਾਖਲ ਨਾ ਹੋਵੇ ਅਤੇ ਜਿਹੜੇ ਜਥੇ ਤੁਰ ਚੁਕੇ ਸਨ ਉਹਨਾਂ ਨੂੰ ਰੋਕਣ ਵਾਸਤੇ ਡਿਉਟੀਆਂ ਲਾਈਆਂ ਗਈਆਂ। ਨਨਕਾਣਾ ਸਾਹਿਬ ਦੇ ਆਸ ਪਾਸ ਪੁੱਜੇ ਜਥੇ ਰੋਕ ਲਏ ਗਏ। ਭਾਈ ਲਛਮਣ ਸਿੰਘ ਵੀ ਭੱਠੇ ਕੋਲ ਪੁੱਜ ਚੁੱਕਿਆ ਸੀ, ਜਿਥੇ ਇਥੇ ਭਾਈ ਵਰਿਆਮ ਸਿੰਘ ਨੇ ਆਪ ਜੀ ਨੂੰ ਸੁਨੇਹਾ ਦਿੱਤਾ ਤਾਂ ਭਾਈ ਲਛਮਣ ਸਿੰਘ ਨੇ ਪੰਥ ਦਾ ਹੁਕਮ ਮੰਨ ਕੇ ਵਾਪਿਸ ਮੁੜਣ ਦਾ ਫੈਸਲਾ ਕਰ ਲਿਆ, ਪਰ ਜਥੇ ਦੇ ਹੀ ਇੱਕ ਸਿੰਘ ਟਹਿਲ ਸਿੰਘ ਨੇ ਕਿਹਾ ਕਿ ਚੱਲੋ ਕਬਜਾ ਨਹੀਂ ਕਰਦੇ ਦਰਸ਼ਨ ਤਾਂ ਕਰ ਚੱਲੀਏ।

ਉਧਰ ਰੇਲਵੇ ਸਟੇਸ਼ਨ 'ਤੇ ਨਰੈਣੂ ਨੂੰ ਇੱਕ ਮੁਸਲਿਮ ਔਰਤ ਨੇ ਸਿੰਘਾਂ ਦੀ ਆਮਦ ਦੀ ਖਬਰ ਦੇ ਦਿੱਤੀ, ਮਹੰਤ ਨੇ ਸਨਾਤਨੀ ਕਾਨਫਰੰਸ ਵਿੱਚ ਜਾਣਾ ਰੱਦ ਕਰ ਦਿੱਤਾ ਅਤੇ ਆਪਣਾ ਗੋਲੀ ਸਿੱਕਾ ਤਿਆਰ ਕਰਨ ਲੱਗ ਪਿਆ। ਨਰੈਣੂ ਦੀਆਂ ਇਹਨਾਂ ਹਰਕਤਾਂ ਦਾ ਪਤਾ ਇੱਕ ਕਾਰਖਾਨੇਦਰ ਸ. ਉੱਤਮ ਸਿੰਘ ਨੂੰ ਲੱਗ ਚੁੱਕਾ ਸੀ ਉਸਨੇ ਇੱਕ ਚਿੱਠੀ ਡਿਪਟੀ ਕਮਿਸ਼ਨਰ ਨੂੰ ਲਿਖੀ, ਪਰ ਬਦਕਿਸਮਤੀ ਨਾਲ ਇਹ ਸਾਕਾ ਵਾਪਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮਿਲੀ। ਲੇਕਿਨ 20 ਫਰਵਰੀ ਦੀ ਸਵੇਰ ਭਾਈ ਲਛਮਣ ਸਿੰਘ ਧਾਰੋਵਾਲੀ ਜਥੇ ਸਮੇਤ ਗੁਰਦਵਾਰੇ ਪਹੁੰਚਕੇ ਕੀਰਤਨ ਕਰਨ ਲੱਗ ਪਏ ਤਾਂ ਨਰੈਣੂ ਦੇ ਬੰਦਿਆਂ ਨੇ ਬਾਹਰਲੇ ਦਰਵਾਜੇ ਬੰਦ ਕਰਕੇ ਮੋਰਚੇ ਸੰਭਾਲ ਲਏ ਅਤੇ ਨਰੈਣੂ ਦੇ ਹੁਕਮ ਅਨੁਸਾਰ ਰਾਂਝਾ ਰਿਹਾਣਾ ਅਤੇ ਕੁੱਝ ਹੋਰ ਗੁੰਡਿਆਂ ਨੇ ਨਿਹੱਥੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਣਾ ਆਰੰਭ ਕਰ ਦਿੱਤਾ ਅਤੇ ਪੰਝੀ ਛੱਬੀ ਸਿੰਘ ਸ਼ਹੀਦ ਹੋ ਗਏ। ਭਾਈ ਲਛਮਣ ਸਿੰਘ ਨੂੰ ਗੁਰਦਵਾਰਾ ਸਾਹਿਬ ਵਿੱਚ ਇੱਕ ਜੰਡ ਨਾਲ ਬੰਨ•ਕੇ ਅੱਗ ਲਗਾ ਦਿੱਤੀ ਗਈ। ਹੋਰ ਪਾਸੇ ਮੌਜੂਦ ਸਿੰਘਾਂ ਉੱਤੇ ਵੀ ਨਰੈਣੂ ਦੇ ਗੁੰਡਿਆਂ ਦਾ ਕਹਿਰ ਟੁੱਟ ਪਿਆ।

ਜਿਹੜਾ ਕੋਈ ਸਿੰਘ ਦੁਰ ਦੁਰਾਡੇ ਵੀ ਨਜਰ ਆਇਆ, ਗੁੰਡਿਆਂ ਨੇ ਪਿਛੇ ਭੱਜ ਕੇ ਮਾਰ ਦਿੱਤਾ। ਖੇਤਾਂ ਵਿੱਚ ਸਿੰਘਾਂ ਦੀਆਂ ਲਾਸ਼ਾਂ ਪਈਆਂ ਸਨ। ਇਸ ਗੋਲੀ ਬਾਰੀ ਦੀ ਅਵਾਜ਼ ਭਾਈ ਦਲੀਪ ਸਿੰਘ ਸਾਹੋਵਾਲ ਜਿਹੜੇ ਕਿ ਸ. ਉਤਮ ਸਿੰਘ ਦੇ ਘਰ ਬੈਠੇ ਸਨ, ਨੇ ਸੁਣੀ ਤਾਂ ਉਹ ਭਾਈ ਵਰਿਆਮ ਸਿੰਘ ਨੂੰ ਨਾਲ ਲੈ ਕੇ ਗੁਰਦਵਾਰਾ ਸਾਹਿਬ ਪੁੱਜੇ ਅਤੇ ਨਰੈਣੂ ੁ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ, ਪਰ ਨਰੈਣੂ ਨੇ ਆਪਣੇ ਪਿਸਤੌਲ ਨਾਲ ਇਹ ਦੋਹੇ ਗੁਰੂ ਪਿਆਰੇ ਵੀ ਸ਼ਹੀਦ ਕਰ ਦਿੱਤੇ। ਬੇਸ਼ੱਕ ਇਤਿਹਾਸਕਾਰਾਂ ਨੇ ਸ਼ਹੀਦਾਂ ਦੀ ਗਿਣਤੀ ਦੇ ਵੱਖਰੇ ਵੱਖਰੇ ਅੰਕੜੇ ਦਿੱਤੇ ਹਨ ਪਰ ਕੁੱਲ 86 ਸ਼ਹੀਦਾਂ ਦੀ ਸੂਚੀ ਹੀ ਉਪਲੱਭਦ ਹੋਈ ਹੈ। ਉਂਜ ਗਿਣਤੀ 167 ਜਾਂ 186 ਵੀ ਦੱਸੀ ਜਾਂਦੀ ਹੈ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਤੋਂ ਬਿਨ੍ਹਾਂ ਸਭ ਨੇ ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ ਕੇ ਸਾੜੇ ਜਾਣ ਦਾ ਜ਼ਿਕਰ ਕੀਤਾ ਹੈ।

ਸਰਕਾਰ ਨੇ ਕੋਈ ਨੋਟਿਸ ਨਾ ਲਿਆ ਡਿਪਟੀ ਕਮਿਸ਼ਨਰ ਵੀ ਕੁੱਝ ਮੀਲ ਦੂਰ ਬੈਠਾ ਰਿਹਾ। ਨਰੈਣੂ ਸਹੀਦ ਸਿੰਘਾਂ ਅਤੇ ਸਹਿਕਦੇ ਜਖਮੀ ਸਿੰਘਾਂ ਨੂੰ ਲੱਕੜਾਂ ਦੇ ਢੇਰ ਵਿੱਚ ਸੁੱਟ ਕੇ ਬੜੀ ਬੇਦਰਦੀ ਨਾਲ ਸਸਕਾਰ ਕਰ ਰਿਹਾ ਸੀ। ਉਸ ਵੇਲੇ ਸਾਰੀਆਂ ਹਿੰਦੂ ਜਥੇਬੰਦੀਆਂ ਅਤੇ ਮੌਜੂਦਾ ਭਾਰਤ ਦਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵੀ ਨਰੈਣੂ ਦੀ ਹਮਾਇਤ ਉੱਤੇ ਸੀ। ਪਰ ਭਾਈ ਲਛਮਣ ਸਿੰਘ ਧਾਰੋਕੀ ਅਤੇ ਉਸ ਦੇ ਸਾਥੀਆਂ ਨੇ ਖੁਦ ਸ਼ਹਾਦਤਾਂ ਦੇ ਕੇ ਨਨਕਾਣਾ ਸਾਹਿਬ ਵੀ ਆਜ਼ਾਦ ਕਰਵਾ ਲਿਆ ਅਤੇ ਸਿੱਖ ਲੀਡਰਸ਼ਿਪ ਦੇ ਸਮੁੰਹਿਕ ਕਤਲੇਆਮ ਨੂੰ ਵੀ ਬਚਾਅ ਲਿਆ। ਇਸ ਕਤਲੇਆਮ ਦੀ ਖ਼ਬਰ ਮਿਲਦਿਆਂ ਹੀ ਵਾਪਿਸ ਗਏ ਜਥਿਆਂ ਅਤੇ ਹੋਰ ਸਿੱਖਾਂ ਨੇ ਨਨਕਾਣਾ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਸਰਕਾਰ ਨੇ ਕਰਫਿਊ ਲਗਾ ਦਿੱਤਾ, ਪਰ ਕਰਤਾਰ ਸਿੰਘ ਝੱਬਰ ਨੇ ਵਾਰਨਿੰਗ ਦਿੱਤੀ ਕਿ ਹੁਣ ਕਰਫਿਊ ਸਾਨੂੰ ਰੋਕ ਨਹੀਂ ਸਕਦਾ ਤਾਂ ਸਰਕਾਰ ਨੇ ਝੁਕਦਿਆਂ ਗੁਰਦਵਾਰਾ ਸਾਹਿਬ ਦਾ ਪ੍ਰਬੰਧ ਸਿੱਖਾਂ ਨੂੰ ਦੇ ਦਿੱਤਾ। ਸ. ਕਰਤਾਰ ਸਿੰਘ ਝੱਬਰ ਅਤੇ ਹੋਰ ਪਤਵੰਤੇ ਆਗੂਆਂ ਨੇ ਸ਼ਹੀਦ ਸਿੰਘਾਂ ਦਾ ਅਦਬ ਨਾਲ ਸਸਕਾਰ ਕੀਤਾ ਅਤੇ ਗੁਰੂਦਵਾਰਾ ਸਾਹਿਬ ਦੀ ਮਰਿਯਾਦਾ ਬਹਾਲ ਕਰ ਦਿੱਤੀ। ਇਹ ਸੀ ਸਾਕਾ ਨਨਕਾਣਾ ਸਾਹਿਬ।

ਪਰ ਅੱਜ ਕੀਹ ਹੈ ਨਰੈਣੂ ਨੀਲੀ ਪੱਗ ਬੰਨਕੇ ਸਿਰਫ ਇੱਕ ਨਨਕਾਣਾ ਸਾਹਿਬ ਨਹੀਂ ਸਾਰੇ ਹੀ ਗੁਰਦਵਾਰਿਆਂ ਉੱਤੇ ਕਬਜਾ ਕਰੀ ਬੈਠਾ ਹੈ ਅਤੇ ਉਹ ਹੀ ਬੇਦੀ, ਸੋਢੀ, ਭੱਲੇ, ਉਦਾਸੀ, ਨਿਰਮਲੇ, ਨਾਮਧਾਰੀ, ਨਿਹੰਗ, ਅੱਡਣ ਸ਼ਾਹੀਏ, ਸੁਥਰਾ ਸ਼ਾਹੀਏ, ਗਹਿਰ ਗੰਭੀਰੀਏ, ਨਿਰੰਕਾਰੀਏ, ਚਰਨਦਸੀਏ, ਸਨਾਤਨੀ, ਮਹੰਤ ਅਤੇ ਪੁਜਾਰੀ (ਮਹੰਤ ਸਾਧ ਯੂਨੀਅਨ ਬਾਬਾ ਧੁੰਮਾਂ ਐਂਡ ਕੰਪਨੀ, ਅਖੌਤੀ ਸਿੱਖ ਸੰਪ੍ਰਦਾਵਾ, ਸਨਾਤਨ ਮੱਤ ਆਰ.ਐਸ.ਐਸ., ਸਰਕਾਰ ਬੀ.ਜੇ.ਪੀ. ਹੋਰ ਡੇਰੇਦਾਰ) ਸਭ ਗੁਰਦਵਾਰਾ ਪ੍ਰਬੰਧ ਅਤੇ ਸਿੱਖੀ ਨੂੰ ਘੇਰਾ ਪਾਈ ਬੈਠੇ ਹਨ, ਪਰ ਜੇ ਘਾਟ ਹੈ ਤਾਂ ਅੱਜ ਭਾਈ ਲਛਮਣ ਸਿੰਘ ਧਾਰੋਕੀ ਦੀ ਹੈ, ਸ. ਕਰਤਾਰ ਸਿੰਘ ਝੱਬਰ ਦੀ ਹੈ, ਭਾਈ ਦਲੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਦੀ ਹੈ, ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਅਤੇ ਜਥੇ ਪੰਥ ਦੇ ਠੇਕੇਦਾਰ ਬਣੇ ਫਿਰਦੇ ਹਨ, ਪਰ ਕੋਈ ਵੀ ਪੰਥ ਦੀ ਗੱਲ ਨਹੀਂ ਕਰਦਾ, ਸਿਰਫ ਆਪਣੀ ਜਥੇਬੰਦੀ ਦਾ ਫਿਕਰ ਹੈ। ਕਿਸੇ ਵਿੱਚ ਸ. ਝੱਬਰ ਜਾਂ ਭਾਈ ਲਛਮਣ ਸਿੰਘ ਧਰੋਕੀ ਵਾਲਾ ਜਿਗਰ ਗੁਰਦਾ ਨਹੀਂ। ਇੱਕ ਦੂਜੇ ਨੂੰ ਗਾਲਾਂ ਕੱਢਕੇ ਆਪਣੀ ਪੰਥਿਕਤਾ ਚਮਕਾਉਣ ਤੋਂ ਸਿਵਾ ਹੋਰ ਕੁੱਝ ਵੀ ਪੱਲੇ ਨਹੀਂ ਹੈ। ਕਿਸੇ ਨੂੰ ਗੁਰੂ ਘਰਾਂ ਦਾ ਫਿਕਰ ਨਹੀਂ, ਜੇ ਹੈ ਤਾਂ ਸਿਰਫ ਇਹ ਹੈ ਕਿ ਬਾਦਲ ਨੂੰ ਲਾਹ ਕੇ ਮੈਂ ਉਥੇ ਕਿਵੇ ਬੈਠਾਂ?

ਇਸ ਵਾਸਤੇ ਅੱਜ ਦੇ ਦਿਨ ਦਾ ਸੁਨੇਹਾ ਹੈ ਕਿ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਹੁਣ ਹੌਉਂਮੇ ਛੱਡਕੇ ਏਕਾ ਕਰ ਲੈਣਾ ਚਾਹੀਦਾ ਹੈ ਅੱਜ ਸਾਡੇ ਗੁਰਦਵਾਰੇ ਨੀਲੀ ਪੱਗ ਨਰੈਣੂ ਦੇ ਕਬਜ਼ੇ ਵਿੱਚ ਹਨ, ਜੇ ਅਸੀਂ ਏਕਤਾ ਨਾਂ ਕੀਤੀ ਤਾਂ ਆਉਂਦੇ ਦਿਨਾਂ ਵਿੱਚ ਗਾਂਧੀ ਟੋਪੀ ਵਾਲਿਆਂ ਨੇ ਵੀ ਕਬਜਾ ਕਰ ਜਾਣਾ ਹੈ। ਇਸ ਲਈ ਅੱਜ ਨਨਕਾਣਾ ਸਾਹਿਬ ਦੇ ਸ਼ਹੀਦਾ ਦਾ ਇਹੀ ਕਹਿਣਾ ਹੈ, ਹੱਕਾਂ ਦੇ ਲਈ ਲੜਣਾ ਪੈਂਦਾ, ਹਿੱਕ ਤਾਣ ਕੇ ਖੜਣਾ ਪੈਂਦਾ, ਜੰਡਾਂ ਨਾਲ ਬੰਨ ਕੇ ਸੜਣਾ ਪੈਂਦਾ ..! ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top