Share on Facebook

Main News Page

ਸਿਆਸਤ ਦੇ ਚੁਲ੍ਹੇ ਵਿੱਚ ਸਿੱਖ ਸਿਧਾਂਤਾਂ ਦੀ ਅੱਗ ਬਾਲ ਕੇ ਸ. ਬਾਦਲ ਅਤੇ ਸੌਦਾ ਸਾਧ ਪਕਾ ਰਹੇ ਹਨ ਸਾਂਝੀ ਖਿਚੜੀ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪੰਜਾਬ ਵਿੱਚ ਸਿੱਖ ਦੀ ਸਰਵ ਸ੍ਰੇਸ਼ਟ ਪਾਰਟੀ ਅਖਵਾਉਣ ਵਾਲਾ ਅਕਾਲੀ ਦਲ ਬਾਦਲ, ਜਿਹੜਾ ਕਿ ਪੰਜਾਬ ਦੇ ਰਾਜ ਤਖਤ ਦੇ ਨਾਲ ਨਾਲ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉੱਤੇ ਵੀ ਕਾਬਜ਼ ਹੈ। ਇਥੇ ਬੱਸ ਨਹੀਂ ਸਿੱਖਾਂ ਦੀ ਇੱਕ ਹੋਰ ਮਹਾਨ ਸੰਸਥਾ ਅਕਾਲ ਤਖਤ ਸਾਹਿਬ ਨੂੰ ਵੀ ਆਪਣੀ ਮਰਜ਼ੀ ਨਾਲ ਚਲਾਉਣ ਦੀ ਸਮਰਥਾ ਵੀ ਹਾਸਲ ਕਰ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਕਿਸੇ ਵੇਲੇ ਇਸ ਕਰਕੇ ਹੋਂਦ ਵਿੱਚ ਆਇਆ ਸੀ ਕਿ ਗੁਰਦਵਾਰਿਆਂ ਦੀ ਰਾਖੀ ਅਤੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਦਾ ਜਿੰਮਾ ਚੁੱਕ ਸਕੇ ਅਤੇ ਇਤਿਹਾਸ ਗਵਾਹ ਹੈ ਕਿ ਆਰੰਭਲੇ ਦਿਨਾਂ ਵਿੱਚ ਅਕਾਲੀ, ਇਹ ਸੇਵਾ ਨੂੰ ਬਾਖੂਬੀ ਨਿਭਾਉਂਦੇ ਵੀ ਰਹੇ ਹਨ। ਕੋਈ ਸਮਾਂ ਸੀ ਜਦੋਂ ਸਰਕਾਰਾਂ ਵੀ ਅਕਾਲੀਆਂ ਦੀ ਭਬਕ ਤੋਂ ਤ੍ਰਬਕ ਦੀਆਂ ਸਨ, ਪਰ ਅੱਜ ਦੇ ਅਕਾਲੀ ਮਿੱਟੀ ਖਾਣੇ ਸੱਪਾਂ ਵਰਗੇ ਨਜਰ ਆਉਂਦੇ ਹਨ, ਜਿਸ ਨੂੰ ਬੱਚੇ ਵੀ ਚੁੱਕ ਕੇ ਪਰਾ ਵਗਾਹ ਮਾਰਦੇ ਹਨ। ਦਰਅਸਲ ਜਦੋਂ ਦਾ ਅਕਾਲੀ ਦਲ ਚੋਣ ਅਮਲ ਵਿੱਚ ਹਿੱਸਾ ਲੈਣ ਲੱਗ ਪਿਆ ਹੈ ਅਤੇ ਚੋਣ ਜਿੱਤਕੇ ਆਲੇ ਦੁਆਲੇ ਦੇ ਠਾਠੇ ਬਾਗੇ ਨੂੰ ਵੇਖਦਾ ਹੈ ਤਾਂ ਅਕਾਲੀ ਦਲ ਵੀ ਅਕਾਲੀ ਨਹੀਂ ਰਿਹਾ। ਉਹ ਵੀ ਦੂਜੀਆਂ ਰਾਜਸੀ ਪਾਰਟੀਆਂ ਵਰਗਾ ਹੀ ਹੋ ਗਿਆ ਹੈ। ਉਸ ਨੂੰ ਆਪਣੀ ਵਿਲੱਖਣ ਰਾਜਨੀਤੀ ਅਤੇ ਸੰਸਾਰ ਤੋਂ ਨਿਆਰਾਪਣ, ਜੋ ਗੁਰੂ ਨੇ ਬਖਸ਼ਿਸ਼ ਕੀਤਾ ਸੀ, ਵਿਸਰ ਗਿਆ ਹੈ ਥੋੜੀ ਜਿਹੀ ਕਮਜ਼ੋਰੀ ਵੇਖ ਕੇ ਹੀ ਬਿਪਰਵਾਦ ਨੇ ਇਸ ਦਾ ਲਾਹਾ ਲੈਣਾ ਆਰੰਭ ਕਰ ਦਿੱਤਾ ਹੈ।

ਤਿੰਨ ਦਹਾਕੇ ਪਹਿਲਾਂ ਤੱਕ ਵੀ ਅਕਾਲੀ ਦਲ ਸਹਿਕਦਾ ਸੀ। ਕੁੱਝ ਨਾ ਕੁੱਝ ਪੰਥਕ ਸਵਾਸ ਬਾਕੀ ਸਨ, ਪਰ ਜਿਸ ਦਿਨ ਤੋਂ ਸ. ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਅਕਾਲੀ ਦਲ ਉੱਤੇ ਆਪਣਾ ਗਲਬਾ ਬਣਾ ਲਿਆ ਹੈ, ਉਸ ਦਿਨ ਤੋਂ ਹਰ ਸਵੇਰ ਅਕਾਲੀ ਦਲ ਦਾ ਕੁੱਝ ਨਾ ਕੁੱਝ ਵਿਗਾੜ ਹੁੰਦਾ ਸਾਹਮਣੇ ਆ ਰਿਹਾ ਹੈ। ਦਰਅਸਲ ਅਕਾਲੀ ਜਮਾਤ ਨਿਸ਼ਕਾਮਤਾ ਨਾਲ ਕੰਮ ਕਰਨ ਵਾਲੇ ਲੋਕਾਂ ਵਾਸਤੇ ਬਣੀ ਸੀ। ਜਿਹੜੇ ਗੁਰੂ ਭੈਅ ਵਿੱਚ ਰਹਿੰਦਿਆਂ ਲੋਕ ਸੇਵਾ ਨੂੰ ਹੀ ਆਪਣਾ ਆਰਦਸ਼ ਬਣਾ ਕੇ ਰਾਜਨੀਤੀ ਕਰਨ, ਪਰ ਸ. ਬਾਦਲ ਇੱਕ ਵਿਉਪਾਰਕ ਬਿਰਤੀ ਦੇ ਮਾਲਿਕ ਹਨ, ਲੇਕਿਨ ਜੇ ਉਹ ਕੇਵਲ ਵਿਉਪਾਰਿਕ ਬਿਰਤੀ ਤੱਕ ਵੀ ਸੀਮਤ ਰਹਿ ਜਾਂਦੇ ਤਾਂ ਵੀ ਸ਼ਾਇਦ ਕਿਸੇ ਹੱਦ ਤੱਕ ਸਿੱਖ ਬਰਦਾਸ਼ਤ ਕਰਦੇ ਰਹਿੰਦੇ, ਪਰ ਹੁਣ ਤਾਂ ਇੰਜ ਲੱਗਦਾ ਹੈ ਕਿ ਜਿਵੇ ਸਿੱਖੀ ਨੂੰ ਖਤਮ ਕਰਨ ਦਾ ਟੈਂਡਰ ਹੀ ਸ. ਬਾਦਲ ਨੇ ਲੈ ਲਿਆ ਹੋਵੇ।

ਪੰਜਾਬ ਦੇ ਜਿੰਨੇ ਵੀ ਸਿੱਖ ਵਿਰੋਧੀ ਡੇਰੇ ਹਨ, ਉਹਨਾਂ ਸਭ ਨੂੰ ਸਿਆਸੀ ਸਰਪ੍ਰਸਤੀ ਸ. ਪਰਕਾਸ਼ ਸਿੰਘ ਬਾਦਲ ਦੀ ਹੀ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਹਨਾਂ ਡੇਰਿਆਂ ਦੀ ਭਾਰਤੀ ਨਿਜ਼ਾਮ ਜਾਂ ਕੇਂਦਰੀ ਹਕੂਮਤ ਤੱਕ ਆਪਣੀ ਸਿੱਧੀ ਪਹੁੰਚ ਵੀ ਹੈ, ਲੇਕਿਨ ਪੰਜਾਬ ਦੀ ਸੂਬਾ ਸਰਕਾਰ ਦਾ ਹੱਥ ਵੀ ਜਰੂਰ ਲੋੜੀਂਦਾ ਹੈ। ਪੰਜਾਬ ਵਿੱਚ ਸਿੱਖਾਂ ਨੂੰ ਜਲੀਲ ਕਰਨ ਵਾਲੇ ਜਿੰਨੇ ਵੀ ਡੇਰੇ ਹਨ, ਉਹਨਾਂ ਵੱਲੋਂ ਕੀਤੇ ਕਿਸੇ ਵੀ ਜੁਰਮ ਜਾਂ ਸਿੱਖ ਵਿਰੋਧੀ ਕਰਵਾਈਆਂ ਦਾ ਬਾਦਲ ਸਰਕਾਰ ਨੇ ਕਦੇ ਕੋਈ ਨੋਟਿਸ ਨਹੀਂ ਲਿਆ, ਲੇਕਿਨ ਜੇ ਕਿਸੇ ਡੇਰੇਦਾਰ ਤੇ ਮੁਸੀਬਤ ਆਵੇ ਤਾਂ ਬਾਦਲ ਸਾਬ ਨੰਗੇ ਪੈਰੀ ਭੱਜ ਉਠਦੇ ਹਨ। ਪਿਛਲੇ ਕੁੱਝ ਸਮੇਂ ਤੋਂ ਸੌਦਾ ਸਾਧ ਦੀਆਂ ਗਤੀਵਿਧੀਆਂ ਉੱਤੇ ਸਿੱਖ ਪੰਥ ਨੂੰ ਇਸ ਕਰਕੇ ਇਤਰਾਜ਼ ਹੈ ਕਿ ਉਸ ਵੱਲੋਂ ਹਰ ਵੇਲੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਿਰਫ ਦਖਲ ਅੰਦਾਜੀ ਨਹੀਂ, ਸਗੋਂ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੀ ਪੁਸ਼ਾਕ ਪਹਿਨਕੇ ਸਿੱਖ ਜਜਬਾਤਾਂ ਦੀ ਖਿੱਲੀ ਵੀ ਉਡਾਈ ਹੈ ਅਤੇ ਉਸ ਉੱਤੇ ਦਰਜ਼ ਪਤਲਾ ਪੋਲਾ ਕੇਸ ਵੀ ਬਾਦਲ ਸਾਬ ਦੀ ਪੁਲਿਸ ਨੇ ਖਾਰਜ਼ ਕਰਵਾ ਦਿੱਤਾ ਹੈ।

ਇੱਕ ਪਾਸੇ ਅਕਾਲ ਤਖਤ ਸਾਹਿਬ ਨੇ ਸੌਦਾ ਸਾਧ ਦੀਆਂ ਸਿੱਖ ਵਿਰੋਧੀ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਇਸ ਡੇਰੇ ਨਾਲ ਜਾਂ ਉਸਦੇ ਪੈਰੋਕਾਰਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਪਾਠਕਾਂ ਨੂੰ ਯਾਦ ਹੋਵੇਗਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਕਾਉਣੀ ਨੂੰ ਸੌਦਾ ਸਾਧ ਦੇ ਚੇਲਿਆਂ ਵੱਲੋਂ ਕਰਵਾਈ ਜਾ ਰਹੀ ਨਾਮ ਚਰਚਾ ਵਿੱਚ ਭਾਗ ਲੈਣ ਕਰਕੇ ਅਕਾਲ ਤਖਤ ਸਾਹਿਬ ਉੱਤੇ ਤਲਬ ਕੀਤਾ ਗਿਆ ਸੀ। ਬਹੁਤ ਸਾਰੇ ਪਿੰਡਾਂ ਵਿੱਚ ਸੌਦਾ ਸਾਧ ਨਾਲ ਸਬੰਧਤ ਲੋਕਾਂ ਨੂੰ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਦਿੱਤੇ ਜਾਂਦੇ ਸਨ ਅਤੇ ਸ਼ਰਤ ਸੀ ਕਿ ਉਹ ਪਹਿਲਾਂ ਇਲਾਕੇ ਦੇ ਮੈਂਬਰ ਜਾਂ ਕਿਸੇ ਬਾਦਲੀ ਅਕਾਲੀ ਤੋਂ ਸਿਰਪਾਓ ਲੈਕੇ ਪੰਥ ਵਾਪਸੀ ਕਰਨ ਤਾਂ ਹੀ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਦੇ ਹੱਕਦਾਰ ਹੋ ਸਕਦੇ ਹਨ।

ਇਹ ਅਕਾਲ ਤਖਤ ਸਾਹਿਬ ਦਾ ਹੁਕਮ ਸਿੱਖਾਂ ਨੇ ਤਾਂ ਮੰਨਿਆ ਅਤੇ ਆਮ ਸਿੱਖਾਂ ਉੱਤੇ ਲਾਗੂ ਵੀ ਹੁੰਦਾ ਹੈ, ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਉਤੇ ਲਾਗੂ ਕਿਉਂ ਨਹੀਂ ਹੁੰਦਾ ? ਜੇ ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸੌਦਾ ਸਾਧ ਦੀ ਨਾਮ ਚਰਚਾ ਵਿੱਚ ਜਾਣ ਕਰਕੇ ਅਕਾਲ ਤਖਤ ਸਾਹਿਬ ਉੱਤੇ ਤਲਬ ਕੀਤਾ ਜਾ ਸਕਦਾ ਹੈ, ਕਿਉਂਕਿ ਉਸ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ, ਫਿਰ ਹੁਣ ਜਿਸ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਲਹਿਰਾ ਮੁਹੱਬਤ ਨਗਰ ਪੰਚਾਇਤ ਦੀ ਚੋਣ ਵਿੱਚ ਇੱਕ ਡੇਰਾ ਪ੍ਰੇਮੀ ਗੋਬਿੰਦ ਸਿੰਘ ਨੂੰ ਬਾਦਲ ਅਕਾਲੀ ਦਲ ਦੀ ਟਿਕਟ ਦਿੱਤੀ ਹੈ, ਬੇਸ਼ੱਕ ਸੌਦਾ ਸਾਧ ਦਾ ਇਹ ਚੇਲਾ ਆਪਣਾ ਆਪ ਛੁਪਾਉਣ ਲਈ ਅਤੇ ਬਾਦਲਾਂ ਦੀ ਚਮੜੀ ਬਚਾਉਣ ਵਾਸਤੇ ਆਖ ਰਿਹਾ ਹੈ ਕਿ ਮੈਂ ਸੌਦਾ ਸਾਧ ਦਾ ਚੇਲਾ ਨਹੀਂ ਮੇਰੀ ਘਰਵਾਲੀ ਅਤੇ ਬਚਿਆਂ ਨੇ ਨਾਮ ਲਿਆ ਹੋਇਆ ਹੈ, ਕੀਹ ਹੁਣ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਹੋਈ।

ਇਥੇ ਵੀ ਬੱਸ ਨਹੀਂ ਦਿੱਲੀ ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਸਰਸੇ ਵਾਲੇ ਸੌਦਾ ਸਾਧ ਨੇ ਅਕਾਲੀ ਦਲ ਬੀ.ਜੇ.ਪੀ. ਗਠਜੋੜ ਨੂੰ ਆਪਣੀ ਹਮਾਇਤ ਦਿੱਤੀ ਸੀ। ਇਹ ਵਖਰੀ ਗੱਲ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਤਰੁੰਤ ਬਿਆਨ ਦਿੱਤਾ ਸੀ ਕਿ ਸਾਨੂੰ ਸੌਦਾ ਸਾਧ ਦੀ ਮੱਦਦ ਦੀ ਕੋਈ ਲੋੜ ਨਹੀਂ ਹੈ, ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਸੌਦਾ ਸਾਧ ਦੀ ਹਮਾਇਤ ਨੂੰ ਪ੍ਰਵਾਨ ਕੀਤਾ ਸੀ। ਹੁਣ ਪੰਜਾਬ ਦੀਆਂ ਮਿਉਂਸਿਪਲ ਕਮੇਟੀਆਂ ਜਾਂ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਵੀ ਸੌਦਾ ਸਾਧ ਨੇ ਖੁੱਲ• ਕੇ ਅਕਾਲੀ ਦਲ ਬਾਦਲ ਅਤੇ ਬੀ.ਜੇ.ਪੀ. ਦੀ ਹਮਾਇਤ ਦਾ ਐਲਾਨ ਕੀਤਾ ਹੈ, ਫਿਰ ਅਜਿਹਾ ਕਰਨ ਨਾਲ ਰੋਟੀ ਬੇਟੀ ਦੀ ਸਾਂਝ ਦੀ ਮਨਾਹੀ ਵਾਲੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਕੀਹ ਅਹਿਮੀਅਤ ਬਾਕੀ ਰਹਿ ਗਈ ਹੈ ?

ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਕੋਈ ਬਹਾਨਾ ਵੀ ਨਹੀਂ ਕਿ ਇਹ ਹੁਕਮਨਾਮਾਂ ਤਾਂ ਪਹਿਲੇ ਜਥੇਦਾਰ ਜੀ ਨੇ ਜਾਰੀ ਕੀਤਾ ਸੀ, ਮੈਨੂੰ ਇਸ ਬਾਰੇ ਪਤਾ ਨਹੀਂ ਜਾਂ ਜਿਵੇ ਨਾਨਕਸ਼ਾਹੀ ਕੈਲੰਡਰ ਬਾਰੇ ਬਿਆਨ ਦਿੱਤਾ ਸੀ ਕਿ ਮੇਰੀ ਸਲਾਹ ਨਹੀਂ ਲਈ ਗਈ ਸੀ, ਪਰ ਇਹ ਹੁਕਮਨਾਮਾ ਤਾਂ ਗਿਆਨੀ ਗੁਰਬਚਨ ਸਿੰਘ ਨੇ ਹੀ ਜਾਰੀ ਕੀਤਾ ਸੀ ਅਤੇ ਉਸਦੀ ਸ਼ਰੇਆਮ ਉਲੰਘਣਾ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਕਰ ਰਿਹਾ ਹੈ। ਫਿਰ ਜਥੇਦਾਰ ਦਾ ਹੁਣ ਹੁਕਮਨਾਮੇ ਦੀ ਉਲੰਘਣਾ ਉੱਤੇ ਕੀਹ ਸਟੈਂਡ ਹੈ, ਸੰਗਤ ਜਾਨਣਾ ਚਾਹੁੰਦੀ ਹੈ ਕਿ ਸੌਦਾ ਸਾਧ ਹੀ ਹਮਾਇਤ ਲੈਣੀ ਜਾਂ ਸੌਦਾ ਸਾਧ ਦੇ ਚੇਲਿਆਂ ਨੂੰ ਟਿਕਟਾਂ ਦੇਕੇ ਅਕਾਲੀ ਚੋਣ ਨਿਸ਼ਾਨ ਉੱਤੇ ਚੋਣਾਂ ਲੜਾਉਣੀਆਂ ਕਿਹੜੀ ਪੰਥ ਪ੍ਰਸਤੀ ਦਾ ਹਿੱਸਾ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਸਾਧਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇੱਕ ਪਾਸੇ ਨਾਨਕਸ਼ਾਹੀ ਕੈਲੰਡਰ ਨੂੰ ਕੌਮ ਵਿੱਚ ਵੰਡੀਆਂ ਪਾਉਣ ਵਾਲਾ ਦੱਸਕੇ ਬਾਦਲ ਨਾਲ ਸਾਂਝੀ ਖਿਚੜੀ ਪਕਾਉਂਦੇ ਰਹੇ ਹਨ ਅਤੇ ਹੁਣ ਜਿਹੜੀ ਖਿਚੜੀ ਸੌਦਾ ਸਾਧ ਨਾਲ ਬਾਦਲ ਪਕਾ ਰਿਹਾ ਹੈ, ਇਸ ਵਿੱਚ ਘਿਉ ਸਾਧ ਯੂਨੀਅਨ ਦਾ ਵੀ ਹੈ।

ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਹ ਕਰਨਾ ਹੈ ਦਾਸ ਲੇਖਕ ਅਤੇ ਪਾਠਕ ਸਭ ਚੰਗੀ ਤਰਾਂ ਜਾਣਦੇ, ਪਰ ਇਹ ਲੇਖ ਲਿਖਣ ਦਾ ਮਤਲਬ ਸਿਰਫ ਏਨਾਂ ਹੀ ਹੈ ਕਿ ਸਿੱਖੋ ਵੇਖੋ! ਕੀਹ ਕੁੱਝ ਹੋ ਰਿਹਾ ਹੈ, ਤੁਸੀਂ ਅਵੇਸਲੇ ਕਿਉਂ ਹੋ, ਤੁਹਾਡਾ ਪਹਿਰੇਦਾਰ ਦੁਸ਼ਮਣ ਨਾਲ ਇੱਕ ਮਿੱਕ ਹੋ ਕੇ ਤੁਹਾਡਾ ਝੁੱਗਾ ਲੁਟਾਉਣ ਦੀ ਪੂਰੀ ਵਿਉਂਬੰਦੀ ਕਰੀ ਬੈਠਾ ਹੈ, ਕੀਹ ਹੁਣ ਤੁਸੀਂ ਘਰ ਲੁੱਟੀਂਦਾ ਅੱਖੀ ਵੇਖਣਾ ਹੈ ਜਾਂ ਪਹਿਰੇਦਾਰ ਬਦਲਣ ਵਾਸਤੇ ਕੁੱਝ ਕਰਨਾ ਹੈ। ਤੁਹਾਡੇ ਸਾਹਮਣੇ ਹੈ ਕਿ "ਪੰਜਾਬ ਦੀ ਸਿਆਸਤ ਦੇ ਚੁਲ੍ਹੇ ਵਿੱਚ ਸਿੱਖ ਸਿਧਾਂਤਾਂ ਦੀ ਅੱਗ ਬਾਲ ਕੇ ਸ. ਬਾਦਲ ਅਤੇ ਸੌਦਾ ਸਾਧ ਪਕਾ ਰਹੇ ਹਨ ਸਾਂਝੀ ਖਿਚੜੀ, ਹੁਣ ਤੁਸੀਂ ਵੇਖੋ ਕਿ ਇਹ ਖੁੱਲ ਤੁਸੀਂ ਕਿੰਨੀ ਦੇਰ ਹੋਰ ਦੇ ਕੇ ਰਖਣੀ ਹੈ।"

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top