Share on Facebook

Main News Page

ਬਾਦਲ ਦਲ ਦਾ ਲਿਫਾਫਾ ਸਭਿਆਚਾਰਪੰਜਾਬ ਤੋਂ ਬਾਹਰ ਦੀਆਂ ਧਾਰਮਿਕ ਕਮੇਟੀਆਂ ਤੱਕ ਵੀ ਪੁੱਜਾ
-: ਜਸਬੀਰ ਸਿੰਘ ਪੱਟੀ 93560 24684

* ਬੀਬੀ ਦਲਜੀਤ ਕੌਰ ਖਾਲਸਾ ਨੇ ਬਾਦਲਾਂ ਦੇ ਲਿਫਾਫੇ ਨੂੰ ਵੰਗਾਰਿਆ

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਦੀਆਂ ਜਿਸ ਤਰ੍ਹਾਂ ਪਹਿਲਾਂ ਹੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ, ਕਿ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਤੇ ਮਨਜਿੰਦਰ ਸਿੰਘ ਸਿਰਸਾ ਦਾ ਜਨਰਲ ਸਕੱਤਰ ਬਣਨਾ ਤੈਅ ਹੈ, ਉਸੇ ਤਰ੍ਹਾਂ ਹੀ ਹੋ ਗਿਆ ਹੈ, ਪਰ ਜਿਹੜੇ ‘‘ਲਿਫਾਫਾ ਸਭਿਆਚਾਰ’’ ਦੀ ਪਿਰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਪਾਈ ਗਈ ਹੈ ਉਸ ਨੂੰ ਲੈ ਕੇ ਦਿੱਲੀ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਇਸ ਕਲਚਰ ਦੀ ਤੁਲਨਾ ਤਾਨਾਸ਼ਾਹੀ ਤੇ ਰਜਵਾੜਾਸ਼ਾਹੀ ਨਾਲ ਕਰ ਰਹੀਆਂ ਹਨ, ਪਰ ਬੀਬੀ ਦਲਜੀਤ ਕੌਰ ਨੇ ਮਾਈ ਭਾਗੋ ਬਣ ਕੇ ਬਾਦਲਾਂ ਦੇ ਇਸ ਸਭਿਆਚਾਰ ਨੂੰ ਵੰਗਾਰ ਕੇ ਜਿਹੜੀ ਪਰੰਪਰਾ ਸ਼ੁਰੂ ਕੀਤੀ ਹੈ, ਉਹ ਭਵਿੱਖ ਵਿੱਚ ਜ਼ਰੂਰ ਰੰਗ ਵਿਖਾਏਗੀ।

ਲੋਕਤੰਤਰ ਦੀ ਬਹਾਲੀ ਤੇ ਅਜ਼ਾਦੀ ਦੀ ਲੜਾਈ ਲਈ ਅਨੇਕਾਂ ਮੋਰਚੇ ਲਗਾਉਣ ਵਾਲਾ ਅਕਾਲੀ ਦਲ, ਅੱਜ ਉਸ ਤਾਨਾਸ਼ਾਹੀ ਤੇ ਗੁਲਾਮ ਮਾਨਿਸਕਤਾ ਦੇ ਰੋਗ ਤੋਂ ਪੀੜਤ ਹੈ, ਜਿਸ ਰੋਗ ਤੋਂ ਛੁਟਕਾਰਾ ਪਾਉਣ ਲਈ ਅੰਗਰੇਜ਼ਾਂ ਨੂੰ ਭਾਰਤ ਵਿੱਚੋ ਕੱਢਣ ਲਈ ਸਿੱਖਾਂ ਨੇ 86 ਫੀਸਦੀ ਕੁਰਬਾਨੀਆਂ ਕੀਤੀਆਂ ਤੇ 98 ਫੀਸਦੀ ਜੇਲਾਂ ਭੁਗਤੀਆਂ। ਅੱਜ ਅਜਿਹੇ ਰਣਜੋਧਿਆਂ ਦੇ ਪਰਿਵਾਰ ਤਾਂ ਭਾਂਵੇ ਫਾਕੇ ਕੱਟ ਰਹੇ ਹਨ, ਪਰ ਗਦਰੀਆਂ ਦੇ ਰਾਸ਼ਨ ਤੇ ਪਾਣੀ ਵਿੱਚ ਜ਼ਹਿਰ ਘੋਲਣ ਵਾਲੇ ਰਾਜ ਕਰਕੇ ਮੌਜਾਂ ਮਾਣ ਰਹੇ ਹਨ। ਗਦਰੀਆਂ ਨੇ ਅੰਗਰੇਜਾਂ ਤੋਂ ਸਿਰਫ ਅਜਾਦੀ ਪ੍ਰਾਪਤੀ ਲਈ ਹੀ ਲੜਾਈ ਨਹੀਂ ਲੜੀ ਸੀ ਸਗੋਂ ਉਹਨਾਂ ਤਾਂ ਪੂਰਣ ਸਵਰਾਜ ਲਈ ਸ਼ਹਾਦਤਾਂ ਦਿੱਤੀਆ ਸਨ।

ਲਿਫਾਫਾ ਸਭਿਆਚਾਰ ਸਿੱਖਾਂ ਦੀ ਸੁਪਰੀਮ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਹਿਲੀ ਵਾਰੀ ਉਸੇ ਵੇਲੇ ਸ਼ੁਰੂ ਹੋਇਆ, ਜਦੋਂ 31 ਦਸੰਬਰ 1998 ਨੂੰ ਟੌਹੜੇ ਤੇ ਬਾਦਲ ਦੀ ਲੜਾਈ ‘ਤੇ ਵਿਸ਼ਰਾਮ ਚਿੰਨ੍ਹ ਲਗਾਉਦਿਆਂ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਸੀ, ਕਿ ਖਾਲਸਾ ਪੰਥ ਦੀ ਤੀਸਰੀ ਸ਼ਤਾਬਦੀ 13 ਤੇ 14 ਅਪ੍ਰੈਲ 1999 ਨੂੰ ਮਨਾਈ ਜਾ ਰਹੀ ਹੈ, ਉਸ ਸਮੇਂ ਤੱਕ ਕਿਸੇ ਵੀ ਪ੍ਰਕਾਰ ਕੋਈ ਝਗੜਾ ਨਾ ਰੱਖਿਆ ਜਾਵੇ, ਪਰ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਤਾਨਾਸ਼ਾਹੀ ਖੇਡ ਖੇਡਦਿਆਂ ਪਹਿਲਾਂ ਭਾਈ ਰਣਜੀਤ ਸਿੰਘ ਨੂੰ 10 ਫਰਵਰੀ 1999 ਨੂੰ ਲਾਹ ਦਿੱਤਾ ਤੇ ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ 23 ਮਾਰਚ 1999 ਨੂੰ ਪਹਿਲਾਂ ਅਸਤੀਫਾ ਦੇ ਕੇ ਪਰਧਾਨਗੀ ਛੱਡ ਦੇ ਦੇਣ ਦੇ ਬਾਵਜੂਦ ਵੀ, ਜ਼ਲੀਲ ਕਰਕੇ ਪ੍ਰਧਾਨਗੀ ਪਦ ਤੋਂ ਲਾਹਿਆ, ਤੇ ਉਹਨਾਂ ਦੀ ਜਗਾ 'ਤੇ ਬੀਬੀ ਜਗੀਰ ਕੌਰ ਨੂੰ ਪਰਧਾਨ ਬਣਾ ਦਿੱਤਾ, ਜਿਹੜੀ ਅੱਜ ਅਦਾਲਤ ਦੀ ਸਜ਼ਾ ਯਾਫਤਾ ਮੁਜਰਿਮ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਸਤਰ ਵਿੰਗ ਦੀ ਪ੍ਰਧਾਨ ਹੈ।

ਇਸ ਇਜਲਾਸ ਤੋਂ ਪਹਿਲਾਂ ਬਾਦਲ ਪੱਖੀ ਮੈਂਬਰਾਂ ਦੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਮੀਟਿੰਗ ਬੁਲਾਈ ਤੇ ਉਸ ਵਿੱਚ ਮੈਂਬਰਾਂ ਕੋਲੋ ਪਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਕਰਨ ਲਈ ਅਧਿਕਾਰ ਆਪਣੇ ਕੋਲ ਲੈ ਲਏ। ਅਗਲੇ ਦਿਨ ਜਦੋਂ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦਾ ਇਜਲਾਸ ਬੁਲਾਇਆ ਗਿਆ ਤਾਂ ਉਸ ਵਿੱਚ ਸ੍ਰ. ਬਾਦਲ ਵੱਲੋਂ ਭੇਜਿਆ ਗਿਆ ਲਿਫਾਫਾ ਖੋਲ ਕੇ ਇੱਕ ਇੱਕ ਆਹੁਦੇਦਾਰ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਨੂੰ ਬਾਦਲ ਪੱਖੀ ਮੈਂਬਰਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦੇ ਦਿੱਤੀ, ਕਿਉਂਕਿ ਟੌਹੜਾ ਧੜਾ ਪੂਰੀ ਤਰ੍ਹਾਂ ਗਾਇਬ ਸੀ। ਇਸ ਤੋਂ ਬਾਅਦ ਇਹ ਪਰੰਪਰਾ ਹੀ ਬਣ ਗਈ ਤੇ ਹਰ ਸਾਲ ਪ੍ਰਧਾਨ ਦੀ ਨਵੰਬਰ ਵਿੱਚ ਹੋਣ ਵਾਲੀ ਚੋਣ ਸਮੇਂ ਬਾਦਲ ਸਾਹਿਬ ਦਾ ਲਿਫਾਫਾ ਹੀ ਪ੍ਰਧਾਨ ਹੁੰਦਾ, ਜੋ ਲੋਕਤੰਤਰ ਕਦਰਾਂ ਕੀਮਤਾਂ ਦੇ ਬਿਲਕੁਲ ਉਲਟ ਹੈ।

ਲਿਫਾਫਾ ਸਭਿਆਚਾਰ ਇਥੋ ਹੁੰਦਾ ਹੋਇਆ ਹੋਰ ਵੀ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਪੁੱਜ ਗਿਆ ਤੇ 20 ਫਰਵਰੀ 2015 ਨੂੰ ਤਖਤ ਸ੍ਰੀ ਹਰਿੰਮਦਰ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਸਮੇਂ ਬਾਦਲ ਪੱਖੀ ਅੱਠ ਮੈਂਬਰਾਂ ਦੀ ਪਹਿਲਾਂ ਵਿਸ਼ੇਸ਼ ਤੌਰ 'ਤੇ ਹਵਾਈ ਜ਼ਹਾਜ ਰਾਹੀ ਚੰਡੀਗੜ ਲਿਆ ਕੇ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਸ਼ਨਾਖਤੀ ਪਰੇਡ ਕਰਵਾਈ ਗਈ ਤੇ ਫਿਰ ਉਹਨਾਂ ਨੂੰ ਕਈ ਪ੍ਰਕਾਰ ਦੇ ਲਾਲਚ ਵੀ ਦਿੱਤੇ ਗਏ। ਰਾਤ ਉਹਨਾਂ ਨੂੰ ਦਿੱਲੀ ਵਿਖੇ ਠਹਿਰਾਇਆ ਗਿਆ ਤੇ ਚੋਣ ਤੋਂ ਕੁਝ ਸਮਾਂ ਪਹਿਲਾਂ ਹੀ ਪਟਨਾ ਸਾਹਿਬ ਵਿਖੇ ਲਿਜਾਇਆ ਗਿਆ। ਬਾਦਲ ਦਲ ਨੂੰ ਪੂਰੇ ਦੇਸ ਵਿੱਚੋ ਕੋਈ ਵੀ ਅਜਿਹਾ ਸਿੱਖ ਮੈਂਬਰ ਨਹੀਂ ਮਿਲ ਸਕਿਆ, ਜਿਹੜਾ ਪਟਨਾ ਸਾਹਿਬ ਕਮੇਟੀ ਦਾ ਕਾਰਜਭਾਰ ਸੰਭਾਲ ਸਕਦਾ, ਜਦ ਕਿ ਪਟਨਾ ਸਾਹਿਬ ਕਮੇਟੀ ਵਿੱਚ ਕਈ ਅਜਿਹੇ ਪੜੇ ਲਿਖੇ ਸਿੱਖ ਮੈਂਬਰ ਹਨ, ਜਿਹੜੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੀ ਸਮੱਰਥਾ ਰੱਖਦੇ ਹਨ, ਪਰ ਸੁਖਬੀਰ ਸਿੰਘ ਬਾਦਲ ਨੇ ਕਿਸੇ ਵੀ ਹੋਰ ਮੈਂਬਰ ਤੇ ਵਿਸ਼ਵਾਸ਼ ਨਹੀਂ ਕੀਤਾ, ਸਗੋਂ ਆਪਣੇ ਹੰਡੇ ਵਰਤੇ ਗੁਲਾਮ ਸ਼੍ਰੋਮਣੀ ਕਮੇਟੀ ਦੇ ਪਰਧਾਨ ਅਵਤਾਰ ਸਿੰਘ ਮੱਕੜ ਨੂੰ ਹੀ ਉਥੋਂ ਦਾ ਵੀ ਪ੍ਰਧਾਨ ਬਣਾ ਦਿੱਤਾ

ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਵੀ ਦਿੱਲੀ ਕਮੇਟੀ ਦੇ ਬਾਦਲ ਪੱਖੀ 42 ਮੈਂਬਰਾਂ ਦੀ ਸ਼ਨਾਖਤੀ ਪਰੇਡ ਕਰਾਉਣ ਲਈ ਉਹਨਾਂ ਨੂੰ ਚੰਡੀਗੜ ਲਿਆਂਦਾ ਗਿਆ ਤੇ ਫਿਰ ਉਹਨਾਂ ਕੋਲੋ ਪਰਧਾਨ ਤੋਂ ਹੋਰ ਆਹੁਦੇਦਾਰ ਚੁਣਨ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਕੋਲ ਲਏ। 28 ਫਰਵਰੀ ਨੂੰ ਜਦੋਂ ਦਿੱਲੀ ਕਮੇਟੀ ਦੇ ਜਨਰਲ ਇਜਲਾਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਅਵਤਾਰ ਸਿੰਘ ਹਿੱਤ ਸਾਬਕਾ ਪਰਧਾਨ ਦਿੱਲੀ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੁਆਰਾ ਭੇਜਿਆ ਗਿਆ ਲਿਫਾਫਾ ਖੋਹਲਿਆ ਤੇ ਉਸ ਵਿੱਚੋ ਨਿਕਲੇ ਨਾਵਾਂ ਦੀ ਸੂਚੀ ਦੇ ਨਾਮ ਪੜੇ। ਪੂਰੇ ਇਜਲਾਸ ਵਿੱਚ ਬਾਦਲ ਪੱਖੀ ਖਾੜਕੂ ਸੁਰ ਰੱਖਣ ਵਾਲੀ ਮੈਂਬਰ ਬੀਬੀ ਦਲਜੀਤ ਕੌਰ ਨੇ ਹੀ ਸੁਖਬੀਰ ਸਿੰਘ ਬਾਦਲ ਦੇ ਇਸ ਚੈਲਿੰਜ ਨੂੰ ਕਬੂਲ ਕਰਦਿਆ ਜੀ. ਕੇ. ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਖੁਦ ਪ੍ਰਧਾਨ ਦੀ ਚੋਣ ਲੜਨ ਲਈ ਮੈਦਾਨ ਵਿੱਚ ਆ ਨਿੱਤਰੀ। ਇਹ ਚੈਲਿੰਜ ਹੋ ਸਕਦਾ ਕਿ ਬੀਬੀ ਦਲਜੀਤ ਕੌਰ ਨੂੰ ਆਪਣਾ ਬਹੁਤ ਕੁਝ ਗੁਆ ਕੇ ਭੁਗਤਣਾ ਪਵੇ, ਪਰ ਉਸ ਨੇ ਬਾਦਲ ਦੇ ਗੁਲਾਮਾਂ ਵਿੱਚ ਮਾਈ ਭਾਗੋ ਬਣ ਕੇ ਬਾਦਲਾਂ ਖਿਲਾਫ ਜੰਗ ਲੜਨ ਨੂੰ ਤਰਜੀਹ ਦਿੱਤੀ, ਭਾਂਵੇ ਉਸ ਨੂੰ ਪਹਿਲਾਂ ਪਤਾ ਸੀ ਕਿ ਉਸ ਦੀ ਹਾਰ ਯਕੀਨੀ ਹੈ, ਪਰ ਫਿਰ ਉਸਨੇ ਬਾਦਲਾਂ ਦੇ ਚੈਲਿੰਜ ਨੂੰ ਕਬੂਲ ਕੀਤਾ ਅਤੇ ਹਮਾਇਤ ‘ਤੇ ਜਾਗਦੀ ਜ਼ਮੀਰ ਵਾਲੇ ਸਿਰਫ 49 ਵਿੱਚੋ ਤਿੰਨ ਮੈਂਬਰ ਹੀ ਆਏ। ਇਸ ਤਰ੍ਹਾਂ ਬੀਬੀ ਦਲਜੀਤ ਕੌਰ ਨੇ ਦਿੱਲੀ ਕਮੇਟੀ ਵਿੱਚ ਬਾਦਲਾਂ ਦੀ ਤਾਨਾਸ਼ਾਹੀ ਅਤੇ ਲਿਫਾਫਾ ਸਭਿਆਚਾਰ ਨੂੰ ਠੱਲ ਪਾਉਣ ਦੀ ਹਿੰਮਤ ਜੁਟਾਈ ਜਿਹੜੀ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸਿੱਖਾਂ ਨੂੰ ਇੱਕ ਵੱਖਰੀ ਕੌਮ ਤਸਲੀਮ ਕਰਨ, ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਸੰਘਾਤਮਕ ਢਾਂਚੇ ਦੀ ਜੰਗ ਲੜਨ ਵਾਲੇ ਅਕਾਲੀ ਦਲ ਨੇ ਅੱਜ ਆਪਣੇ ਧਾਰਮਿਕ ਅਦਾਰਿਆ ਨੂੰ ਇੱਕ ਪਰਿਵਾਰ ਦੀ ਜਗੀਰ ਬਣਾ ਕੇ ਰੱਖ ਦਿੱਤਾ ਹੈ। ਅੱਜ ਸ਼੍ਰੋਮਣੀ ਕਮੇਟੀ ਵਿੱਚ ਪੱਤਾ ਵੀ ਬਾਦਲਾਂ ਦੇ ਇਸ਼ਾਰੇ ਤੋਂ ਬਗੈਰ ਨਹੀਂ ਹਿੱਲ ਸਕਦਾ ਤੇ ਦਿੱਲੀ ਕਮੇਟੀ ਤੇ ਪਟਨਾ ਸਾਹਿਬ ਕਮੇਟੀਆਂ ਤਾਂ ਬਹੁਤ ਛੋਟੀਆਂ ਹਨ। ਜਦੋਂ ਸੰਘਾਤਮਕ ਢਾਂਚੇ ਤੈਅਤ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਲੜਾਈ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ, ਤਾਂ ਉਸ ਵੇਲੇ ਅਕਾਲੀਆਂ ਨੂੰ ਅੱਤਵਾਦੀ ਤੇ ਵੱਖਵਾਦੀ ਦੇ ਲਕਬਾਂ ਨਾਲ ਨਿਵਾਜਿਆ ਜਾਂਦਾ ਸੀ, ਪਰ ਅੱਜ ਦੇਸ ਦੇ ਸਾਰੇ ਰਾਜ ਵੱਧ ਅਧਿਕਾਰ ਤੇ ਸੰਘਾਤਮਕ ਢਾਂਚੇ ਦੀ ਪ੍ਰੋੜਤਾ ਕਰ ਰਹੇ ਹਨ, ਪਰ ਅਫਸੋਸ ਕਿ ਵੱਧ ਅਧਿਕਾਰਾਂ ਦੀ ਮੰਗ ਕਰਨ ਵਾਲੇ ਅਕਾਲੀ ਅੱਜ ਆਪਣਿਆਂ ਕੋਲੋ ਹੀ ਅਧਿਕਾਰ ਖੋਹ ਕੇ, ਉਹਨਾਂ ਨਾਲ ਗੁਲਾਮਾਂ ਵਾਲਾ ਸਲੂਕ ਕਰ ਰਹੇ ਹਨ, ਜਿਹੜਾ ਗੁਰਮਤਿ ਦੇ ਅਸੂਲਾਂ ਦੇ ਵੀ ਵਿਰੁੱਧ ਹੈ, ਕਿਉਂਕਿ ਗੁਰਮਤਿ ਅਨੁਸਾਰ ਵੀ ਸਿੱਖ ਧਰਮ ਵਿੱਚ ਪੰਜ ਪਿਆਰਿਆ ਦੀ ਪਰੰਪਰਾ ਹੈ।

ਬਾਦਲ ਪਰਿਵਾਰ ਦੀ ਇਸ ਗੁਲਾਮੀ ਤੇ ਤਾਨਾਸ਼ਾਹੀ ਵਿਰੁੱਧ ਜੰਗ ਲੜਨ ਲਈ ਬੀਬੀ ਦਲਜੀਤ ਕੌਰ ਖਾਲਸਾ ਨੇ ਜਿਹੜੀ ਹਿੰਮਤ ਜੁਟਾਈ ਹੈ, ਉਸ ਲਈ ਉਹ ਵਧਾਈ ਦੀ ਪਾਤਰ ਹੈ. ਤੇ ਉਸ ਵਰਗੀਆਂ ਮਾਈ ਭਾਗੋ ਬਣਨ ਵਾਲੀਆਂ ਬੀਬੀਆਂ ਦੀ ਪੰਥ ਨੂੰ ਸਖਤ ਲੋੜ ਹੈ, ਜਿਹੜੀਆਂ ਸਿੱਖ ਪੰਥ ਨੂੰ ਇੱਕ ਪਰਿਵਾਰ ਦੀ ਰਜਵਾੜਾਸ਼ਾਹੀ ਤੋਂ ਮੁਕਤ ਕਰਵਾ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top