Share on Facebook

Main News Page

ਕਿਥੋਂ ਲੱਭ ਲਿਆਵਾਂ ਸਿਰਦਾਰ ਕਪੂਰ ਸਿੰਘ ਜੇਹਾ ?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਪੰਥ ਦੀ ਇੱਕ ਬੇਬਾਕ ਅਤੇ ਅਜੀਮ ਸ਼ਖਸੀਅਤ ਸ. ਕਪੂਰ ਸਿੰਘ ਆਈ.ਸੀ.ਐਸ. 2 ਮਾਰਚ 1909 ਨੂੰ ਜਿਲਾ ਲਾਇਲਪੁਰ ਦੇ ਪਿੰਡ ਚੱਕ ਵਿਚ ਪਿਤਾ ਸ. ਦੀਦਾਰ ਸਿੰਘ ਦੇ ਗ੍ਰਹਿ, ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮੇ ਸਨ। ਸੰਨ 1931 ਵਿਚ ਐਮ.ਏ. ਫਿਲਾਸਫੀ ਪੰਜਾਬ ਅਤੇ 1932 ਵਿਚ ਐਮ.ਏ. ਕੈਬਰਿਜ਼ ਤੋਂ ਕਰਨ ਉਪਰੰਤ ਆਈ.ਸੀ.ਐਸ. ਬਣੇ। ਉਹਨਾਂ ਨੇ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਕੰਮ ਕੀਤਾ ਅਤੇ ਇੱਕ ਬੜੇ ਇਮਾਨਦਾਰ ਅਤੇ ਧੜੱਲੇਦਾਰ ਅਫਸਰ ਵਜੋਂ ਜਾਣੇ ਜਾਂਦੇ ਸਨ। ਜਿਥੇ ਆਪ ਜੀ ਦੀ ਸਿੱਖ ਪੰਥ ਪ੍ਰਤੀ ਪ੍ਰੱਕਤਾ ਸੀ, ਉਥੇ ਸੁਭਾ ਪੱਖੋ ਬੜੇ ਸਖਤ ਸਨ। ਬੇਸ਼ੱਕ ਉਹਨਾਂ ਨੇ ਸਰਕਾਰੀ ਨੌਕਰੀ ਵੀ ਕੀਤੀ, ਪਰ ਆਪਣੀ ਅਣਖ ਅਤੇ ਗੈਰਤ ਨੂੰ ਕਦੇ ਆਂਚ ਨਹੀਂ ਆਉਣ ਦਿੱਤੀ। ਜਦੋਂ ਕਦੇ ਧਰਮ ਦੀ ਜਾਂ ਕੌਮ ਦੀ ਗੱਲ ਹੋਵੇ, ਉਥੇ ਵੱਡੇ ਤੋਂ ਵੱਡਾ ਚੈਲਿੰਜ ਵੀ ਕਬੂਲ ਕਰਨ ਦੀ ਹਿੰਮਤ ਅਤੇ ਦਲੇਰੀ ਵੀ ਅਕਾਲ ਪੁਰਖ ਨੇ ਦਿੱਤੀ ਹੋਈ ਸੀ।

ਸ. ਕਪੂਰ ਸਿੰਘ ਦੇ ਜੀਵਨ ਨਾਲ ਅਨੇਕਾਂ ਅਜਿਹੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ, ਜਿਹਨਾਂ ਨੂੰ ਪੜ੍ਹਕੇ ਅੱਜ ਵੀ ਲੂੰ ਕੰਡੇ ਖੜੇ ਹੋ ਜਾਂਦੇ ਹਨ। ਹੁਣ ਦੇ ਪਾਕਿਸਤਾਨ ਅਤੇ 1939 ਦੇ ਵਿਸ਼ਾਲ ਭਾਰਤ ਦੇ ਜਿਲਾ ਗੁਜਰਾਤ ਵਿਚ ਇੱਕ ਪਿੰਡ ਆਹਲਾ ਸੀ, ਜਿਥੇ ਨਾ ਮਾਤਰ ਸਿੱਖ ਰਹਿੰਦੇ ਸਨ ਅਤੇ ਉਹਨਾਂ ਨੇ ਚਾਰ ਵਾਰ ਗੁਰਦਵਾਰਾ ਬਣਾਉਣ ਦਾ ਉਦਮ ਕੀਤਾ, ਲੇਕਿਨ ਮੁਸਲਮਾਨਾਂ ਵੱਲੋਂ ਚਾਰ ਵਾਰ ਹੀ ਗੁਰਦਵਾਰਾ ਢਾਹ ਕੇ ਗ੍ਰੰਥੀ ਦਾ ਕਤਲ ਕਰਨ ਉਪਰੰਤ ਲਾਸ਼ਾਂ ਵੀ ਦਰਿਆ ਬੁਰਦ ਕਰ ਦਿੱਤੀਆਂ ਗਈਆਂ। ਅਚਾਨਕ ਹੀ 1939 ਵਿਚ ਸ. ਕਪੂਰ ਸਿੰਘ ਨੂੰ ਗੁਜਰਾਤ ਦਾ ਡਿਪਟੀ ਕਮਿਸ਼ਨਰ ਲਗਾ ਦਿੱਤਾ ਗਿਆ ਅਤੇ ਗੁਰਦਵਾਰੇ ਸਬੰਧੀ ਜਾਣਕਾਰੀ ਹਾਸਲ ਕਰਕੇ, ਇਸ ਮਰਦ ਦਲੇਰ ਨੇ ਆਹਲਾ ਪਿੰਡ ਦਾ ਦੌਰਾ ਰੱਖ ਦਿੱਤਾ, ਉਸ ਵੇਲੇ ਉਥੇ ਸਰ ਉਮਰ ਹਿਆਤ ਖਾਂ ਟਿਵਾਣਾ, ਜਿਹੜੇ 35000 ਏਕੜ ਜਮੀਨ ਦੇ ਮਾਲਿਕ ਅਤੇ ਵਾਇਸ ਰਾਇ ਦੀ ਐਗਜੈਕਟਿਵ ਕੌਂਸਲ ਦਾ ਮੈਂਬਰ ਸੀ ਅਤੇ ਉਸਦਾ ਪੁੱਤਰ ਖਿਜਰ ਹਿਆਤ ਮੰਤਰੀ ਵੀ ਸੀ, ਜਿਹੜਾ ਬਾਅਦ ਵਿਚ ਅਣਵੰਡੇ ਪੰਜਾਬ ਦਾ ਆਖਰੀ ਮੁੱਖ ਮੰਤਰੀ ਵੀ ਬਣਿਆ, ਉਮਰ ਹਿਆਤ ਖਾਂ ਵੀ ਪੰਜ ਛੇ ਸੌ ਮੁਸਲਮਾਨਾ ਨੂੰ ਨਾਲ ਲੈਕੇ ਗੁਰਦਵਾਰੇ ਦੀ ਉਸਾਰੀ ਦੇ ਸਬੰਧ ਵਿਚ ਸ. ਕਪੂਰ ਸਿੰਘ ਦੇ ਦੌਰੇ ਉੱਤੇ ਆਪਣਾ ਪੱਖ ਰੱਖਣ ਅਤੇ ਰੋਹਬ ਦਿਖਾਉਣ ਵਾਸਤੇ ਹਾਜਰ ਸੀ। ਦੂਜੇ ਪਾਸੇ ਤਿੰਨ ਕੁ ਸੌ ਹਿੰਦੂ ਸਿੱਖ ਵੀ ਬੈਠੇ ਸਨ।

ਆਪਣੀ ਵੱਡੀ ਹੈਸੀਅਤ ਅਤੇ ਬਹੁਗਿਣਤੀ ਕੌਮ ਦੇ ਹੰਕਾਰ ਵਿਚ ਉਮਰ ਹਿਆਤ ਖਾਂ ਨੇ ਬੜੇ ਹੀ ਰੁੱਖੇ ਲਹਿਜੇ ਅਤੇ ਆਪਣੀ ਪੁਸ਼ਤੈਨੀ ਬੋਲੀ ਵਿਚ ਕਿਹਾ ਕਿਠ ਉਹ ਚਾ ਮਾਂ ਨਹੀਂ ਸੁਈ, ਜਿਸ ਨੇ ਚਾ ਬੱਚਾ ਜਣਿਆ ਹੋਵੇ ਜੋ ਇਥੇ ਗੁਰਦਵਾਰਾ ਬਣਾ ਦੇਵੇਠ, ਉਮਰ ਹਿਆਤ ਦੀ ਦਹਿਸ਼ਤ ਭਰੀ ਸ਼ਬਦਾਵਲੀ ਸੁਣ ਕੇ ਸੰਨਾਟਾ ਛਾ ਗਿਆ। ਸ. ਕਪੂਰ ਸਿੰਘ ਨੇ ਆਲੇ ਦੁਆਲੇ ਸਹਿਮੇ ਹਿੰਦੂ ਸਿੱਖਾਂ ਦੇ ਚੇਹਰੇ ਤੱਕ ਕੇ, ਆਪਣੇ ਹੱਥ ਵਿਚ ਫੜਿਆ ਅਫਸਰਾਂ ਵਾਲਾ ਡੰਡਾ, ਤਿੰਨ ਵਾਰ ਆਪਣੀ ਮੇਜ਼ ਉੱਤੇ ਖੜਕਾਇਆ ਅਤੇ ਟਿਵਾਣੇ ਦੀ ਬੋਲੀ ਵਿਚ ਜਵਾਬ ਦਿੱਤਾ ਠ ਉਮਰ ਹਿਆਤ! ਜਿਸ ਮਾਂ ਕਾ ਤੂੰ ਚਾ ਜ਼ਿਕਰ ਕਰੇ ਉਸ ਮਾਂ ਨੂੰ ਬੱਚਾ ਦਿੱਤੇ ਨੂੰ ਤ੍ਰੀਹ ਸਾਲ ਗਏ ਨੇ, ਉਹ ਬੱਚਾ ਕਪੂਰ ਸਿੰਘ ਮੈਂ ਹਾਜਰ ਹਾ ਅਤੇ ਗੁਰਦਵਾਰਾ ਬਣਾਵਾਂਗਾ ਠ ਯੂ ਆਰ ਅੰਡਰ ਅਰੈਸਟ, ਆਪਣੇ ਘਰ ਸੁਨੇਹਾ ਭੇਜ ਦੇਹ, ਤੇਰੇ ਘਰ ਦੀ ਤਲਾਸ਼ੀ ਕਰਨੀ ਹੈ, ਤੇਰੀਆਂ ਬੇਗਮਾਂ ਜਿਹੜੀਆਂ ਪੜ੍ਹਦੇ ਵਿਚ ਰਹਿੰਦੀਆਂ ਹਨ, ਉਹਨਾਂ ਨੂੰ ਖਬਰ ਕਰਦੇ ਕਿ ਡਿਪਟੀ ਕਮਿਸ਼ਨਰ ਖੁਦ ਤਲਾਸ਼ੀ ਲੈਣ ਆ ਰਿਹਾ। ਜਿਹੜੇ ਤੂੰ ਹਥਿਆਰ ਛੁਪਾ ਕੇ ਰੱਖੇ ਹਨ ਬਰਾਮਦ ਕਰਨੇ ਹਨ। ਨਾਲ ਹੀ ਆਪਣੇ ਸਟੈਨੋ ਨੂੰ ਕਿਹਾ ਕਿ ਉਮਰ ਦੀ ਗ੍ਰਿਫਤਾਰੀ ਅਤੇ ਤਲਾਸ਼ੀ ਦਾ ਵਰੰਟ ਆਰਡਰ ਟਾਈਪ ਕਰ ਦਿਓ ਅਤੇ ਨਾਲ ਆਪਣਾ ਤਿੰਨ ਦਿਨ ਦਫਤਰ ਦਾ ਕੈਂਪ ਵੀ ਉਥੇ ਦੀ ਲਗਾ ਦਿੱਤਾ। ਇੱਕ ਪਾਸੇ ਤੰਬੂ ਵਿਚ ਅਖੰਡ ਪਾਠ ਆਰੰਭ ਕਰਕੇ ਗੁਰਦਵਾਰੇ ਦੀ ਉਸਾਰੀ ਆਰੰਭ ਕਰਵਾ ਦਿੱਤੀ ਅਤੇ ਇੱਕ ਤੰਬੂ ਵਿਚ ਆਪਣਾ ਦਫਤਰ ਤੇ ਰਹਾਇਸ਼ ਕਰ ਲਈ।

ਉਮਰ ਹਿਆਤ ਖਾਂ ਟਿਵਾਣਾ ਦੀ ਗ੍ਰਿਫਤਾਰੀ ਨੇ ਭਾਰਤ ਹਿਲਾ ਦਿੱਤਾ। ਗਵਰਨਰ ਜੈਨਕਿਨ ਨੇ ਸ. ਕਪੂਰ ਸਿੰਘ ਨਾਲ ਗੱਲ ਕੀਤੀ ਕਿ ਇਹ ਕੀਹ ਹੈ ਤਾਂ ਸ. ਸਾਹਿਬ ਨੇ ਕਿਹਾ ਮੈਂ ਜੋ ਕੀਤਾ ਅਮਨ ਕਾਨੂੰਨ ਸਾਬਤ ਰੱਖਣ ਵਾਸਤੇ ਕੀਤਾ ਹੈ ਤੁਸੀਂ ਵੱਡੀ ਕੁਰਸੀ ਉੱਤੇ ਹੋ ਇਸ ਹੁਕਮ ਨੂੰ ਰੱਦ ਕਰ ਸਕਦੇ ਹੋ, ਲੇਕਿਨ ਜਦੋਂ ਗਵਰਨਰ ਨੇ ਭਾਰਤ ਦੇ ਵਾਇਸ ਰਾਇ ਲਾਰਡ ਲਿਨ ਲਿਥ ਗੋ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਗਵਰਨਰ ਨੂੰ ਕਿਹਾ ਕਿ ਅਮਨ ਕਾਨੂੰਨ ਦੇ ਮਾਮਲੇ ਵਿਚ ਤੁਹਾਡਾ ਸਾਡਾ ਦਖਲ ਗਲਤ ਹੈ ਤਾਂ ਟਿਵਾਣੇ ਦੀ ਰਿਹਾਈ ਦੇ ਰਸਤੇ ਬੰਦ ਹੋ ਗਏ। ਲੇਕਿਨ ਗੁਰਦਵਾਰਾ ਬਣਾ ਲੈਣ ਤੋਂ ਬਾਅਦ ਸ. ਕਪੂਰ ਸਿੰਘ ਨੇ ਆਪਣਾ ਆਰਡਰ ਖੁਦ ਹੀ ਨਵੇ ਸਿਰ ਤੋਂ ਕਰਕੇ ਟਿਵਾਣਾ ਦੀ ਰਿਹਾਈ ਵੀ ਕਰ ਦਿੱਤੀ। ਕੀਹ ਅੱਜ ਦੇ ਕਿਸੇ ਸਿੱਖ ਅਫਸਰ ਜਾਂ ਮੰਤਰੀ ਸੰਤਰੀ ਕੋਲ ਅਜਿਹਾ ਜਿਗਰ ਗੁਰਦਾ ਹੈ ਕਿ ਧਰਮ ਜਾਂ ਕੌਮ ਦੇ ਮਸਲੇ ਉੱਤੇ ਕਿਸੇ ਵੱਡੇ ਸਿਆਸੀ ਪਰਬਤ ਨਾਲ ਮੱਥਾ ਲਾ ਲੈਣ। ਅਜੋਕੇ ਸਿੱਖ ਡਿਪਟੀ ਕਮਿਸ਼ਨਰ ਤਾਂ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਇਜਾਜ਼ਤ ਤੇ ਦਸਤਖਤ ਕਰ ਦਿੰਦੇ ਹਨ ਅਤੇ ਸਿੱਖ ਪੁਲਿਸ ਅਫਸਰਾਂ ਨੇ ਹਜ਼ਾਰਾਂ ਬੇਦੋਸ਼ੇ ਸਿੱਖ ਬਚਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਹੈ।

ਉਹਨਾ ਦੇ ਜੀਵਨ ਨਾਲ ਜੁੜੀ ਇੱਕ ਹੋਰ ਘਟਨਾ 1945 ਵਿਚ ਸ. ਕਪੂਰ ਸਿੰਘ ਡਿਪਟੀ ਕਮਿਸ਼ਨਰ ਗੁੜਗਾਓੰ ਲੱਗੇ ਹੋਏ ਸਨ ਅਤੇ ਉਥੇ ਹੀ ਪੰਥਕ ਕਮੇਟੀ ਦੇ ਮੁਖੀ ਡਾਕਟਰ ਸੋਹਣ ਸਿੰਘ ਵੀ ਐਸ.ਐਮ.ਓ. ਲੱਗੇ ਹੋਏ ਸਨ, ਉਸ ਇਲਾਕੇ ਪਲਵਲ ਅਤੇ ਨੂੰਹ ਦੇ ਨਵਾਬਾਂ ਨੇ ਡਾਕਟਰ ਸੋਹਣ ਸਿੰਘ ਨਾਲ ਰੰਜਸ਼ ਹੋਣ ਕਰਕੇ, ਉਹਨਾਂ ਨੂੰ ਫੜ੍ਹਕੇ ਮੁੰਹ ਕਾਲਾ ਕਰਕੇ, ਖੋਤੇ ਉੱਤੇ ਬਿਠਾ ਕੇ ਸ਼ਹਿਰ ਵਿਚ ਘੁੰਮਾਇਆ। ਸ.ਕਪੂਰ ਸਿੰਘ ਉਸ ਦਿਨ ਛੁਟੀ ਗਏ ਹੋਏ ਸਨ, ਸ. ਕਪੂਰ ਸਿੰਘ ਅਤੇ ਡਾਕਟਰ ਸੋਹਣ ਸਿੰਘ ਦੋਹੇ ਮਿੱਤਰ ਵੀ ਸਨ, ਜਦੋਂ ਵਾਪਿਸ ਆਉਣ ਉੱਤੇ ਸੋਹਣ ਸਿੰਘ ਨੇ ਆਪਣਾ ਦੁੱਖ ਰੋਇਆ ਤਾਂ ਸ. ਕਪੂਰ ਸਿੰਘ ਨੇ ਸਾਰੇ ਨਵਾਬਾਂ ਨੂੰ ਫੜ੍ਹਕੇ ਥਾਣੇ ਬੁਲਾ ਲਿਆ ਅਤੇ ਖੁਦ ਕੁਰਸੀ ਡਾਹਕੇ ਡਾਕਟਰ ਸੋਹਣ ਸਿੰਘ ਨੂੰ ਵੀ ਨਾਲ ਥਾਣੇ ਬਿਠਾ ਲਿਆ। ਇਹਨਾਂ ਨਵਾਬਾਂ ਨੂੰ ਘੱਗਰੀਆਂ ਪਵਾਕੇ ਅਤੇ ਹਰਮੋਨੀਅਮ ਤੇ ਢੋਲਕੀ ਵਜਾਉਣ ਵਾਲੇ ਬੁਲਾ ਕੇ, ਜੁੱਤੀਆਂ ਮਾਰ ਮਾਰ ਕੇ ਨਚਾਇਆ ਅਤੇ ਸਾਰਿਆਂ ਨੇ ਡਾਕਟਰ ਸੋਹਣ ਸਿੰਘ ਤੋਂ ਮਾਫ਼ੀ ਮੰਗਕੇ ਰਾਜ਼ੀ ਨਾਮਾ ਕੀਤਾ। ਪਰ ਅੱਜ ਦਾ ਮੁੱਖ ਮੰਤਰੀ ਬਾਪੁ ਸੂਰਤ ਸਿੰਘ ਦੇ ਹੱਕ ਵਿਚ ਹਾਅ ਦਾ ਨਾਹਰਾ ਵਾਲੇ ਮਾਰਨ ਸ. ਜਸਪਾਲ ਸਿੰਘ ਹੇਰਾਂ ਸਮੇਤ ਬਹੁਤ ਸਾਰੇ ਪੰਥ ਦਰਦੀਆਂ ਨੂੰ ਥਾਣੇ ਬਿਠਾ ਕੇ ਬੇਇਜ਼ਤ ਕਰ ਰਿਹਾ ਹੈ।

ਸ. ਕਪੂਰ ਸਿੰਘ ਦੀ ਪੰਥ ਪ੍ਰਸਤੀ ਅਤੇ ਦਲੇਰੀ ਦੀ ਦਾਸਤਾਨ ਬਹੁਤ ਲੰਬੇਰੀ ਹੈ, ਅਖਬਾਰ ਦਾ ਇੱਕ ਪੰਨਾਂ ਕਾਫੀ ਨਹੀਂ, ਪਰ ਕੁਝ ਉਹ ਜਿਕਰਯੋਗ ਗੱਲਾਂ ਜਿਹੜੀਆਂ ਅੱਜ ਦੀ ਸਾਡੀ ਹਾਲਤ ਉੱਤੇ ਲਾਹਨਤਾਂ ਪਾਉਂਦੀਆਂ ਹਨ, ਉਸ ਮਰਦ ਨੂੰ ਜਨਮ ਦਿਨ ਉੱਤੇ ਯਾਦ ਕਰਦਿਆਂ ਸ਼ਰਧਾਂਜਲੀ ਵਜੋ ਹੀ ਪੇਸ਼ ਕੀਤੀਆਂ ਹਨ। ਆਪ ਜੀ ਤੁਰਲੇ ( ਫਰਲੇ) ਵਾਲੀ ਦਸਤਾਰ ਸਜਾਉਂਦੇ ਸਨ। ਕਿਸੇ ਨੇ ਸੁਭਾਵਕ ਹੀ ਆਖ ਦਿੱਤਾ ਤੁਸੀਂ ਤੁਰਲੇ ਵਾਲੀ ਪੱਗ ਕਿਉਂ ਬੰਨ•ਦੇ ਹੋ ਤਾਂ ਬੜੇ ਹਰਖ ਨਾਲ ਜਵਾਬ ਦਿੱਤਾ ਓਏ ਤੈਨੂੰ ਕੀਹ ਪਤਾ ਹੈ ਇਹ ਤਾਂ ਸਿੱਖਾਂ ਦੇ ਰਾਜ ਭਾਗ ਦਾ ਸਿੰਬਲ ਹੈ। ਆਪ ਜੀ ਨੂੰ ਗੁਜਰਾਤ, ਗੁੜਗਾਓੰ, ਕਰਨਾਲ, ਕਾਂਗੜਾ ਅਤੇ ਹੁਸ਼ਿਆਰਪੁਰ ਦਾ ਡਿਪਟੀ ਕਮਿਸ਼ਨਰ ਰਹਿਣ ਦਾ ਮੌਕਾ ਮਿਲਿਆ, ਪਰ ਕਦੇ ਵੀ ਕਿਸੇ ਸਿੱਖ ਬਹੁਗਿਣਤੀ ਵਾਲੇ ਜਿਲੇ ਵਿਚ ਜਗਾ ਨਹੀਂ ਮਿਲੀ, 1947 ਵਿਚ ਆਜ਼ਾਦੀ ਮਿਲਣ ਵੇਲੇ ਆਪ ਜੀ ਡੀ.ਸੀ .ਕਾਂਗੜਾ ਸਨ, ਪਰ ਹਕੂਮਤ ਨੇ ਫਰਜ਼ੀ ਸ਼ਕਾਇਤਾਂ ਦੇ ਅਧਾਰ ਉੱਤੇ ਹੁਸ਼ਿਆਰਪੁਰ ਬਦਲੀ ਕਰ ਦਿੱਤੀ, ਜਿਥੇ 13 ਅਪ੍ਰੈਲ 1949 ਦੀ ਵਿਸਾਖੀ ਵਾਲੇ ਦਿਨ ਜਦੋਂ ਗੋਪੀ ਚੰਦ ਭਾਰਗਵ ਹਟਿਆ ਅਤੇ ਭੀਮ ਸੈਨ ਸੱਚਰ ਮੁੱਖ ਮੰਤਰੀ ਬਣਿਆਂ ਤਾਂ ਸ. ਕਪੂਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਪੰਜਾਬ ਹਾਈ ਕੋਰਟ ਦੇ ਜੱਜ ਐਰਿਨ ਵਾਟਸਨ ਨੂੰ ਇਹ ਲਾਲਚ ਦੇ ਕੇ ਕਿ ਤੈਨੂੰ ਸੁਪ੍ਰੀਮ ਕੋਰਟ ਦਾ ਜੱਜ ਬਣਾ ਦਿੱਤਾ ਜਾਵੇਗਾ, ਸ. ਕਪੂਰ ਸਿੰਘ ਦੇ ਖਿਲਾਫ਼ ਫੈਸਲਾ ਕਰਵਾ ਲਿਆ। ਫਿਰ ਗਿਆਰਾਂ ਸਾਲ ਬਾਅਦ ਮੇਹਰ ਚੰਦ ਮਹਾਜਨ ਜਿਹੜਾ 1954 ਵਿੱਚ ਸੁਪ੍ਰੀਮ ਕੋਰਟ ਦਾ ਮੁੱਖ ਜੱਜ ਬਣਿਆ ਸੀ, ਨੇ ਬਿਨਾਂ ਕੇਸ ਦੀ ਫਾਇਲ ਪੜੇ ਸਿਰਫ ਇੱਕ ਸਬਦ ਲਿਖ ਕੇ ਠ ਡਿਸਮਿਸ ਠ ਸ. ਕਪੂਰ ਸਿੰਘ ਨੂੰ ਸਦਾ ਵਾਸਤੇ ਨੌਕ੍ਰਿਓ ਕਢ ਦਿੱਤਾ।

ਸ. ਕਪੂਰ ਸਿੰਘ ਫਰਵਰੀ 1962 ਵਿਚ ਲੁਧਿਆਣਾ ਹਲਕੇ ਤੋਂ ਹਿੰਦੋਸਤਾਨ ਟਾਈਮਜ਼ ਅਖਬਾਰ ਦੇ ਬਾਨੀ ਸ. ਮੰਗਲ ਸਿੰਘ ਗਿੱਲ ਨੂੰ ਹਰਾ ਕੇ ਲੋਕਸਭਾ ਦੇ ਮੈਂਬਰ ਬਣੇ ਅਤੇ ਅੱਜ ਤੱਕ ਸਿੱਖ ਮਸਲਿਆਂ ਉੱਤੇ ਬੋਲਣ ਵਿਚ ਉਹਨਾਂ ਦਾ ਰਿਕਾਰਡ ਕੋਈ ਸਿਖ ਐਮ.ਪੀ. ਨਹੀਂ ਤੋੜ ਸਕਿਆ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਸਕੱਤਰ ਹੋਣ ਦੇ ਨਾਤੇ ਸ.ਕਪੂਰ ਸਿੰਘ ਨੇ 1965 ਵਿਚ ਭਾਰਤ ਵੱਲੋਂ ਜੰਗ ਵਿਚ ਹਾਰਨ ਕਰਕੇ, ਨਹਿਰੂ ਸਰਕਾਰ ਦੇ ਖਿਲਾਫ਼ ਬੇਭਰੋਸਗੀ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਮਹਾਨ ਸਿੱਖ ਜਰਨੈਲ ਜਰਨਲ ਜੋਰਾਵਰ ਸਿੰਘ ਕਹਿਲੂਰੀਆ ਵੱਲੋਂ ਵੱਡੀ ਜੱਦੋ ਜਹਿਦ ਕਰਕੇ ਸਿੱਖ ਸਾਮਰਾਜ ਵਿਚ ਸ਼ਾਮਲ ਕੀਤੇ ਤਿੱਬਤ ਅਤੇ ਲਾਸ ਦੇ ਇਲਾਕੇ ਅੱਜ ਇਸ ਪੰਡਿਤ ਨੇ ਗਵਾ ਦਿੱਤੇ ਹਨ। ਇਸ ਤੋਂ ਬਾਅਦ ਸ. ਕਪੂਰ ਸਿੰਘ ਨੇ ਕਪੂਰ ਸਿੰਘ ਨਸਰਾਲੀ, ਜਿਹੜਾ ਕਿ 1937 ਵਿਚ ਐਮ.ਐਲ.ਏ. 1947 ਵਿਚ ਸਪੀਕਰ 1952 ਤੋਂ 12 ਸਾਲ ਵਿਧਾਨ ਪਰਿਸ਼ਦ ਵਿਚ ਅਤੇ 1964 ਤੋਂ 1967 ਤੱਕ ਵਿੱਤ ਮੰਤਰੀ ਰਿਹਾ ਨੂੰ, ਸਮਰਾਲਾ ਹਲਕੇ ਤੋਂ ਹਰਾਕੇ ਐਮ.ਐਲ.ਏ. ਬਣੇ।

ਗੁਰਦਵਾਰਾ ਸਬਜ਼ੀ ਮੰਡੀ ਲੁਧਿਆਣਾ ਵਿਖੇ 4 ਜੁਲਾਈ 1965 ਨੂੰ ਜਰਨਲ ਹਰੀ ਸਿੰਘ ਨਲੂਆ ਕਾਨਫਰੰਸ ਕਰਵਾਕੇ ਸਿੱਖ ਹੋਮਲੈੰਡ ਦਾ ਮਤਾ ਪਾਸ ਕਰਨ ਦੀ ਵਿਉਂਤਬੰਦੀ ਕੀਤੀ, ਜਿਸ ਦੀ ਪ੍ਰਧਾਨਗੀ ਮਾਸਟਰ ਤਾਰਾ ਸਿੰਘ ਨੇ ਕਰਨੀ ਸੀ ਅਤੇ ਮਤਾ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਪੇਸ਼ ਕਰਨਾ ਸੀ, ਲੇਕਿਨ ਮਾਸਟਰ ਜੀ ਨੇ ਉਸ ਦਿਨ ਬਿਮਾਰੀ ਦਾ ਬਹਾਨਾ ਬਣਾ ਲਿਆ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਇੱਕ ਦਿਨ ਪਹਿਲਾਂ ਹੀ ਇਟਲੀ ਦੇ ਰਾਜਦੂਤ ਬਣਕੇ ਚਾਲੇ ਪਾ ਗਏ ਤਾਂ ਸ. ਕਪੂਰ ਸਿੰਘ ਨੇ ਆਪਣਾ ਹਠ ਪਗਾਉਂਦਿਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਭੁਪਿਦਰ ਸਿੰਘ ਦੀ ਪ੍ਰਧਾਨਗੀ ਵਿਚ ਖੁਦ ਸਿੱਖ ਹੋਮਲੈਡ ਦਾ ਮਤਾ ਪੇਸ਼ ਕਰਕੇ ਸ. ਧੰਨਾ ਸਿੰਘ ਗੁਲਸ਼ਨ ਤੋਂ ਤਾਇਦ ਕਰਵਾ ਦਿੱਤੀ। ਇਹ ਉਹਨਾ ਦੀ ਕੌਮ ਪ੍ਰਸਤੀ ਦੀ ਇੱਕ ਮਿਸਾਲ ਹੈ, 1973 ਵਾਲਾ ਅਨੰਦਪੁਰ ਸਾਹਿਬ ਦਾ ਮਤਾ ਵੀ ਸ. ਕਪੂਰ ਸਿੰਘ ਨੇ ਹੀ ਲਿਖਿਆ ਸੀ।

ਸ. ਕਪੂਰ ਸਿੰਘ ਨੇ ਪੰਥਕ ਏਕਤਾ ਵਾਸਤੇ ਮਾਸਟਰ ਅਤੇ ਸੰਤ ਦਲਾਂ ਸੁਲਾਹ ਕਰਵਾਉਣ ਲਈ ਨੌਂ ਮੈਂਬਰੀ ਕਮੇਟੀ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਮੋਹਨ ਸਿੰਘ ਤੁੜ੍ਹ,ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਜਥੇਦਾਰ ਉਜਾਗਰ ਸਿੰਘ ਉਲਫਤ ਸੰਤ ਦਲ ਵੱਲੋਂ ਅਤੇ ਮਾਸਟਰ ਦਲ ਵੱਲੋਂ ਸ. ਕਪੂਰ ਸਿੰਘ, ਸ. ਹਰਗੁਰਨਾਦ ਸਿੰਘ, ਸ. ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਅਤੇ ਜਥੇਦਾਰ ਸੰਤੋਖ ਸਿੰਘ ਦਿੱਲੀ ਅਤੇ ਆਲ ਇੰਡੀਆਂ ਸਿਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਜਸਵੰਤ ਸਿੰਘ ਮਾਨ ਉਤੇ ਅਧਾਰਤ ਬਣਾਕੇ ਦੋਹਾਂ ਦਲਾਂ ਦੀ ਸੁਲਾਹ ਨੂੰ ਨੇਪਰੇ ਚਾੜ੍ਹਿਆ, ਜਿਸ ਵਿਚ ਸੰਤ ਫਤਿਹ ਸਿੰਘ ਪ੍ਰਧਾਨ , ਸ.ਕਪੂਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਮੋਹਨ ਸਿੰਘ ਤੁੜ ਮੀਤ ਪ੍ਰਧਾਨ ਸ. ਆਤਮਾ ਸਿੰਘ ਅਤੇ ਜਥੇਦਾਰ ਉਮਰਾਨੰਗਲ ਨੂੰ ਜਰਨਲ ਸਕੱਤਰ ਅਤੇ ਸ. ਕਸ਼ਮੀਰ ਸਿੰਘ ਪੱਟੀ ਸਮੇਤ ਕੁਝ ਅੰਤ੍ਰਿੰਗ ਮੈਂਬਰ ਬਨਾਏ।

ਸ. ਕਪੂਰ ਸਿੰਘ ਇੱਕ ਚੰਗੇ ਲੇਖਕ ਵੀ ਸਨ। ਜਿਹਨਾਂ ਨੇ ਹਰ ਗਰਮੀ ਸਰਦੀ ਦਾ ਕਲਮ ਨਾਲ ਵੀ ਜਵਾਬ ਦਿੱਤਾ। ਸ. ਬਹਾਦਰ ਦੇ ਇੱਕ ਦੋਸਤ ਸੋਹਣ ਲਾਲ ਪਰਾਸ਼ਰ ਜਿਹੜੇ ਰੋਜ਼ ਸ਼ਾਮ ਨੂੰ ਸ਼ਿਮਲੇ ਵਿਖੇ ਇਕਠੇ ਸੈਰ ਕਰਦੇ ਸਨ, ਪਰਾਸ਼ਰ ਨੇ ਇੱਕ ਦਿਨ ਸਵਾਲ ਕਰ ਦਿੱਤਾ ਕਿ ਸ. ਸਾਹਿਬ ਹਿੰਦੂ ਅਤੇ ਸਿੱਖ ਵਿਚ ਕੀਹ ਫਰਕ ਹੈ ਤਾਂ ਸ. ਕਪੂਰ ਸਿੰਘ ਨੇ "ਪਰਾਸ਼ਰ ਪ੍ਰਸ਼ਨਾ" ਇੱਕ ਕਿਤਾਬ ਲਿਖ ਕੇ ਉਸਦਾ ਉੱਤਰ ਦਿਤਾ ਤਾਂ ਕਿ ਸਦੀਆਂ ਤੱਕ ਵੀ ਜੇ ਕਿਸੇ ਨੂੰ ਭੁਲੇਖਾ ਹੋਵੇ ਤਾਂ ਪੜ੍ਹ ਸਕੇਗਾ। ਇਸ ਤੋਂ ਇਲਾਵਾ ਸਪਤ ਸ੍ਰਿੰਗ, ਬਹੁ ਵਿਸਤਾਰ ਅਤੇ ਸਾਚੀ ਸਾਖੀ ਕਿਤਾਬਾਂ ਵੀ ਕੌਮ ਦੀ ਝੋਲੀ ਪਾਈਆਂ। ਹੋਰ ਵੀ ਬਹੁਤ ਜਾਣਕਾਰੀਆ ਉਹਨਾਂ ਨਾਲ ਰਹੇ ਸ. ਕਸ਼ਮੀਰ ਸਿੰਘ ਪੱਟੀ, ਸ.ਜਸਵੰਤ ਸਿੰਘ ਮਾਨ ਅਤੇ ਸ. ਗੁਰਤੇਜ ਸਿੰਘ ਆਈ.ਏ.ਐਸ ਪਾਸੋਂ ਮਿਲਦੀਆਂ ਹਨ। ਲੇਕਿਨ ਇਹਨਾਂ ਸੱਜਣਾ ਅਨੁਸਾਰ ਉਹ ਅਖੀਰਲੇ ਦਿਨਾਂ ਵਿਚ ਸਿੱਖਾਂ ਦੀ ਹਾਲਤ ਉੱਤੇ ਦੁਖੀ ਹੋ ਕੇ ਕਦੇ ਕਦੇ ਸਫਰ ਕਰਦਿਆਂ ਬੱਸ ਵਿਚ ਬੈਠੇ ਵੀ ਆਪ ਮੁਹਾਰੇ ਹਾਉਂਕਾ ਲੈ ਕੇ ਬੋਲ ਜਾਂਦੇ ਸਨ ਠ ਓਹ ਕੀਹ ਕਰਾਂ ਕਿੱਧਰ ਜਾਵਾਂ ਠ

ਅਜਾਦ ਭਾਰਤ ਵਿਚ ਸ. ਕਪੂਰ ਸਿੰਘ ਜਗਰਾਓਂ ਸ਼ਹਿਰ ਦੇ ਨਾਲ ਕੋਠੇ ਖਾਜਾ ਬਾਜੁ ਵਿਖੇ ਰਹੇ, 1960 ਵਿਚ ਪ੍ਰੋਫੈਸਰ ਆਫ਼ ਸਿੱਖ ਇਜਮ, ਖਾਲਸਾ ਕਾਲਿਜ਼ ਬੌਬੇ, 1973 ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨ ਹੁੰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖ ਇਜਮ ਦੀ ਉਪਾਧੀ ਦਾ ਸਨਮਾਨ ਪ੍ਰਾਪਤ ਕਰਨ ਵਾਲਾ ਮੇਰੀ ਕੌਮ ਦਾ ਇਹ ਸ਼ਾਹ ਅਸਵਾਰ, ਇਥੇ ਹੀ ਅਗਸਤ 1986 ਵਿਚ ਅਕਾਲ ਚਲਾਣਾ ਕਰ ਗਿਆ। ਪੰਜਾਬ ਵਿਚ ਸ. ਸੁਰਜੀਤ ਸਿੰਘ ਬਰਨਾਲਾ ਦੀ ਅਕਾਲੀ ਸਰਕਾਰ ਹੋਣ ਦੇ ਬਾਵਜੂਦ, ਲੋਕ ਸਭਾ ਅਤੇ ਵਿਧਾਨਸਭਾ ਦਾ ਮੈਂਬਰ ਰਹਿਣ ਵਾਲੇ ਇੱਕ ਨਿਧੜਕ ਸਿੱਖ ਜਰਨੈਲ ਦੇ ਸਿਵੇ ਤੇ ਕੋਈ ਤਹਿਸੀਲ ਪੱਧਰ ਦਾ ਅਧਿਕਾਰੀ ਵੀ ਨਾ ਪਹੁੰਚਿਆ, ਹਥਿਆਰ ਉਲਟੇ ਕਰਕੇ ਸਲਾਮੀ ਤਾਂ ਕਿਸੇ ਨੇ ਕੀਹ ਦੇਣੀ ਸੀ। ਅੱਜ ਅਜਿਹੇ ਸਿਰਦਾਰ ਨੂੰ ਯਾਦ ਕਰਕੇ ਅੱਜ ਦੇ ਫਖਰ-ਏ-ਕੌਮ ਵੱਲ ਤੱਕਦਿਆਂ ਕੌਮ ਉੱਤੇ ਵੀ ਗਿਲਾ ਆਉਂਦਾ ਹੈ, ਦਿਲ ਆਵਾਜ਼ਾਂ ਮਾਰਦਾ ਹੈ, ਪਰ ਕਿੱਥੋਂ ਲੱਭ ਲਿਆਵਾਂ ਸ. ਕਪੂਰ ਸਿੰਘ ਵਰਗੇ ਸਿਰਦਾਰ ਨੂੰ..? ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top