ਪੰਜਾਬ
ਵਿਚ ਇਕ ਹੋਰ ਸਾਧ ਨੇ 142 ਫੁੱਟ ਉੱਚੇ ਅਤੇ ਕੈਨੇਡਾ ‘ਚ ਬਣੇ ਨਿਸ਼ਾਨ ਸਾਹਿਬ ਦੇ ਨਾਮ ‘ਤੇ ਆਪਣੇ
ਡੇਰੇ ‘ਚ ਭਾਰੀ ਇਕੱਠ ਕੀਤਾ। ਇਸ ਡੇਰੇ ਦੇ ਕੱਚੇ ਚਿੱਠੇ ਲੜੀਵਾਰ
ਖ਼ਾਲਸਾ ਨਿਊਜ਼ ‘ਤੇ ਛਪ ਚੁੱਕੇ ਹਨ। ਅਕਾਲ ਤਖ਼ਤ ਦੀ ਮਰਯਾਦਾ ਦੇ ਰਾਖੇ ਸ੍ਰੀ ਸਾਹਿਬਾਂ ਫੜੀ ਵਹੀਰਾਂ
ਘੱਤ ਕੇ ਉੱਥੇ ਪਹੁੰਚੇ। ਇਸ ਬਾਰੇ ਗੱਲਬਾਤ ਹੋ ਰਹੀ ਸੀ
ਤਾਂ ਇਕ ਸੱਜਣ ਕਹਿਣ ਲੱਗਾ ਕਿ ਉਹ ਮਨਮਤਿ ਵਾਲ਼ੀਆਂ ਥਾਵਾਂ ‘ਤੇ ਆਪ ਨਹੀਂ ਜਾਂਦੇ, ਉਹਨਾਂ ਨੂੰ
‘ਉੱਪਰੋਂ’ ਹੁਕਮ ਆਉਂਦੈ ਜਾਣ ਦਾ, ਕਿਉਂਕਿ ਉਹਨਾਂ ਦੇ ਉੱਥੇ ਜਾਣ ਨਾਲ਼ ਮਾਲਕਾਂ ਦੀਆਂ ਵੋਟਾਂ
ਪੱਕੀਆਂ ਹੁੰਦੀਆਂ ਹਨ। ਸਿੱਖੀ ਸਿਧਾਂਤ, ਅਕਾਲ ਤਖ਼ਤ ਦੀ ਮਰਯਾਦਾ ਜਾਵੇ ਢੱਠੇ ਖੂਹ ‘ਚ।
ਡੇਰਿਆਂ ਦੇ ਸਾਧ ਵੀ ਨਵੇਂ ਨਵੇਂ ਢਕਵੰਜ ਰਚ ਕੇ ਲੋਕਾਂ ਨੂੰ ਲੁਭਾਉਂਦੇ
ਹਨ। ਇਹਨਾਂ ਦੇ ਉੱਚੇ ਨਿਸ਼ਾਨ ਸਾਹਿਬ ਕੀ ਕਰਨਗੇ ਜੇ ਇਹਨਾਂ ਨੇ
ਸਿੱਖ ਸਿਧਾਂਤਾਂ ਨੂੰ ਮਿੱਟੀ ‘ਚ ਰੋਲਣਾ ਹੈ? ਕੋਈ ਸਾਧ ਦੇਸੀ ਘਿਉ ਦੀਆਂ ਜਲੇਬੀਆਂ ਦੇ ਲਾਲਚ
ਵਿਚ ਤੇ ਕੋਈ ਪੀਜ਼ਿਆਂ ਬਰਗਰਾਂ ਦੇ ਲਾਲਚ ‘ਚ ਸਿੱਖਾਂ ਨੂੰ ਆਪਣੇ ਡੇਰੇ ‘ਤੇ ਬੁਲਾ ਰਿਹਾ ਹੈ ਤੇ
ਸਿੱਖ ਜਾ ਵੀ ਰਹੇ ਹਨ। ਸਿੱਖਾਂ ਦੀ ਹਾਲਤ ਤਾਂ ਹੁਣ ਇਹ ਹੈ ਕਿ ਇਹ ਜਿਸ ਸਾਧ ਦੀ ਢੂਈ
‘ਤੇ ਸੁਆਹ ਲੱਗੀ ਦੇਖਦੇ ਹਨ ਉੱਧਰ ਨੂੰ ਹੀ ਦੌੜ ਪੈਂਦੇ ਹਨ।ਹੁਣ ਕਿਸੇ ਨੂੰ ਕੋਈ ਹਨ੍ਹੇਰਾ ਨਹੀਂ
ਰਹਿ ਗਿਆ ਕਿ ਡੇਰਿਆਂ ਦੇ ਸਾਧ ਕਿਸ ਦੇ ਹੁਕਮਾਂ ‘ਤੇ ਸਿੱਖੀ ਦੀਆਂ ਜੜ੍ਹਾਂ ‘ਚ ਤੇਲ ਦੇ ਰਹੇ
ਹਨ।ਇਹਨਾਂ ਦਾ ਸਭ ਤੋਂ ਪਹਿਲਾ ਕੰਮ ਹੈ ਕੌਮ ਦੀਆਂ ਲੀਰਾਂ ਕਰਨੀਆਂ।
ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਇੰਗਲੈਂਡ
ਵਿਚ ਇਕ ਗੁਰਦੁਆਰਾ ਸਾਹਿਬ ਦੀ ਬੜੀ ਚੜ੍ਹਤ ਸੀ। ਸਾਰੀ ਸੰਗਤ ਵਿਚ ਬਹੁਤ ਏਕਾ ਤੇ ਪਿਆਰ
ਮੁਹੱਬਤ ਸੀ। ਗੁਰਦੁਆਰਾ ਸਾਹਿਬ ਵਿੱਚ ਨਵੇਂ ਨਿਸ਼ਾਨ ਸਾਹਿਬ ਦੀ ਲੋੜ ਸੀ। ਮਾੜੀ ਕਿਸਮਤ ਨੂੰ
ਗੁਰਦੁਆਰਾ ਕਮੇਟੀ ਇਹ ‘ਸੇਵਾ’ ਇਕ ਸਾਧ ਬੂਬਨੇ ਨੂੰ ਦੇ ਬੈਠੀ ਜੋ ਕਿ ਆਪਣੇ ਆਪ ਨੂੰ ਇੰਜਨੀਅਰ
ਵੀ ਕਹਾਉਂਦਾ ਸੀ। ਸਭ ਤੋਂ ਪਹਿਲਾਂ ਤਾਂ ਸਾਧ ਨੇ ਕਮੇਟੀ ਅਤੇ ਸਾਧ
ਸੰਗਤ ਵਿਚ ਦੋਫਾੜ ਪਾਇਆ। ਕਿਵੇਂ?
ਸਾਧ ਨੇ ਕਮੇਟੀ ਨੂੰ ਸਲਾਹ ਦਿਤੀ ਕਿ ਨਿਸ਼ਾਨ
ਸਾਹਿਬ ‘ਤੇ ਆਉਣ ਵਾਲ਼ੇ ਖ਼ਰਚ ਲਈ ਦੀਵਾਨ ਹਾਲ ਵਿਚ ਇਕ ਵੱਖਰੀ ਗੋਲਕ ਰੱਖੀ ਜਾਵੇ। ਜਦੋਂ
ਇਹ ਮਤਾ ਮੀਟਿੰਗ ਵਿਚ ਆਇਆ ਤਾਂ ਕੁਝ ਮੈਂਬਰਾਂ ਨੇ ਕਿਹਾ ਕਿ ਜਦ ਬਾਕੀ ਖ਼ਰਚੇ ਗੁਰੂ ਦੀ ਇਕੋ
ਗੋਲਕ ‘ਚੋਂ ਹੁੰਦੇ ਹਨ ਤਾਂ ਨਿਸ਼ਾਨ ਸਾਹਿਬ ਵਾਸਤੇ ਵੱਖਰੀ ਗੋਲਕ ਰੱਖਣ ਦੀ ਕੀ ਤੁਕ ਹੈ? ਬਸ
ਫੇਰ ਕੀ ਸੀ, ਕਮੇਟੀ ‘ਚ ਦੋ ਧੜੇ ਬਣ ਗਏ। ਇਕ ਧੜੇ ਦਾ ਜ਼ੋਰ ਚਲ ਗਿਆ ਤੇ ਉੇਹਨਾਂ ਨੇ ਗੋਲਕ ਰੱਖ
ਦਿਤੀ। ਸੰਗਤਾਂ ਵਿਚ ਵੀ ਦੁਫਾੜ ਪੈ ਗਿਆ। ਥੋੜ੍ਹੀ ਦੇਰ ਬਾਅਦ ਵਿਸਾਖੀ ਆ ਗਈ। ਪ੍ਰੋਗਰਾਮ
ਅਨੁਸਾਰ ਟਾਊਨ ਦਾ ਚੱਕਰ ਲਾ ਕੇ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਹੋਣੀ ਸੀ ਤੇ ਮੇਨ
ਹਾਲ ਵਿਚ ਦੀਵਾਨ ਸਜਣਾ ਸੀ। ਸਾਧ ਵੀ ਆਪਣੇ ਚੇਲਿਆਂ ਚਪੜਿਆਂ ਨਾਲ਼ ਪਹੁੰਚਿਆ ਹੋਇਆ ਸੀ, ਪਰ ਉਹ
ਨਗਰ ਕੀਰਤਨ ‘ਚ ਸ਼ਾਮਲ ਨਹੀਂ ਹੋਇਆ।
ਜਦੋਂ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ
ਪਹੁੰਚਾ ਤਾਂ ਸੰਗਤਾਂ ਨੇ ਦੇਖਿਆ ਕਿ ਕਾਰ ਪਾਰਕ ਵਿਚ ਹੀ ਸਾਧ ਨੇ ਸਟੇਜ ਲਾਈ ਹੋਈ ਸੀ ਤੇ ਇਕ
ਬਹੁਤ ਵੱਡਾ ਗੱਤੇ ਦਾ ਬਕਸਾ ਰੱਖ ਕੇ ਵਿਚ ਚਿੱਟੀ ਚਾਦਰ ਵਿਛਾਈ ਹੋਈ ਸੀ ਤੇ ਉਹ ਨਿਸ਼ਾਨ ਸਾਹਿਬ
ਦੀ ਸੇਵਾ ਲਈ ਸੰਗਤਾਂ ਤੋਂ ਸੋਨੇ ਦੇ ਗਹਿਣੇ ਅਤੇ ਮਾਇਆ ਮੰਗ ਰਿਹਾ ਸੀ ਅਤੇ ਲੋਕ ਰੀਸੋ ਰੀਸੀ
ਗੱਤੇ ਦੇ ਡੱਬੇ ਵਿਚ ਕੜੇ, ਮੁੰਦੀਆਂ, ਚੇਨੀਆਂ ਆਦਿ ਤੇ ਮਾਇਆ ਸੁੱਟ ਰਹੇ ਸਨ। ਨਗਰ
ਕੀਰਤਨ ਲਈ ਬਣਾਈ ਹੋਈ ਕਮੇਟੀ ਆਪਣੇ ਆਪ ਨੂੰ ਠੱਗੀ ਠੱਗੀ ਮਹਿਸੂਸ ਕਰ ਰਹੀ ਸੀ, ਕਿਉਂਕਿ ਉਹਨਾਂ
ਦੇ ਬਣਾਏ ਹੋਏ ਪ੍ਰੋਗਰਾਮ ਨੂੰ ਸਾਬੋਤਾਜ ਕਰ ਕੇ ਸਾਧ ਦੀ ਚੌਧਰ ਨੂੰ ਪਹਿਲ ਦਿੱਤੀ ਗਈ ਸੀ।
ਇੱਥੇ ਵੀ ਸੰਗਤਾਂ ‘ਚ ਤੂੰ ਤੂੰ ਮੈਂ ਮੈਂ ਹੁੰਦੀ ਦੇਖੀ ਗਈ। ਸਾਧ
ਨੇ ਚਾਦਰ ਇਕੱਠੀ ਕੀਤੀ ਤੇ ਆਪਣੇ ਰਾਹ ਪਿਆ।
ਨਿਸ਼ਾਨ ਸਾਹਿਬ ਬਾਰੇ ਸਾਧ ਨੇ ਕਮੇਟੀ ਨੂੰ ਬੜੇ ਸਬਜ਼ਬਾਗ਼ ਦਿਖਾਏ ਹੋਏ ਸਨ
ਕਿ ਇਸ ਤਰ੍ਹਾਂ ਦਾ ਨਿਸ਼ਾਨ ਸਾਹਿਬ ਦੁਨੀਆਂ ‘ਚ ਹੋਰ ਕਿਧਰੇ ਨਹੀਂ। ਚੋਲ਼ਾ ਬਦਲਣ ਲਈ ਬਟਣ ਦੱਬਿਆਂ
ਇਹ ਜ਼ਮੀਨ ‘ਚ ਚਲਿਆ ਜਾਇਆ ਕਰੇਗਾ, ਉੱਪਰ ਖੰਡਾ ਸੋਨੇ ਦਾ ਹੋਵੇਗਾ (ਸਿੱਖ ਸਿਧਾਂਤ ਦੇ ਉਲਟ) ਆਦਿ
ਆਦਿ। ਖ਼ੈਰ! ਨਿਸ਼ਾਨ ਸਾਹਿਬ ਲੱਗ ਗਿਆ। ਕਮੇਟੀ ਦੇ ਮੈਂਬਰ ਜਦੋਂ ਸਾਧ
ਨੂੰ ਨਿਸ਼ਾਨ ਸਾਹਿਬ ਦਾ ਹਿਸਾਬ ਕਿਤਾਬ ਪੁੱਛਣ ਗਏ ਤਾਂ ਉਹ ਕਹਿੰਦਾ ਜੇ ਹਿਸਾਬ ਲੈਣੈਂ ਤਾਂ
ਵੀ.ਏ.ਟੀ. ਲੱਗੂ ਉੱਪਰ। ਕਮੇਟੀ ਵਾਲੇ ਠੰਢੇ ਹੋ ਕੇ ਆ ਗਏ। ਨਿਸ਼ਾਨ ਸਾਹਿਬ ਵੀ ਕਾਮਯਾਬ
ਨਾ ਹੋਇਆ। ਉਸ ਦੀ ਕੋਈ ਨਾ ਕੋਈ ਚੂਲ਼ ਹਮੇਸ਼ਾ ਵਿੰਗੀ ਹੀ ਰਹਿੰਦੀ। ਗੱਲ ਇੱਥੋਂ ਤੱਕ ਆ ਗਈ ਕਿ
ਇਹ ਨਿਸ਼ਾਨ ਸਾਹਿਬ ਪੁੱਟ ਕੇ ਸੁੱਟਣਾ ਪਿਆ ਤੇ ਹੋਰ ਲਗਾਉਣਾ ਪਿਆ।
ਸਾਧ ਵਲੋਂ ਸੰਗਤ ਵਿਚ ਪਾਈ ਦੁਫੇੜ ਦੇ ਜ਼ਖ਼ਮ ਅਜੇ ਵੀ ਨਹੀਂ ਭਰੇ।