Share on Facebook

Main News Page

ਇੱਕ ਦੂਜੇ ਦੇ ਚੇਹਰੇ ਬਦਸ਼ਕਲ ਕਰਨਾ ਹੋਲਾ ਮਹੱਲਾ ਨਹੀਂ ਆਖਿਆ ਜਾ ਸਕਦਾ, ਗੁਰੂ ਕੇ ਸਿੰਘੋ ਸਮਝੋ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਹੋਲੀ ਅਤੇ ਹੋਲਾ ਮਹੱਲਾ ਦੋਹੇ ਲਫਜ਼ ਲਿਖਣ ਬੋਲਣ ਨੂੰ ਇੱਕੋ ਜਿਹੇ ਅਤੇ ਬੜੇ ਹੀ ਸਮਕਾਲੀ ਨਜਰ ਆਉਂਦੇ ਹਨ। ਜਿਸ ਕਰਕੇ ਸਿੱਖਾਂ ਦੇ ਮਨਾਂ ਅੰਦਰ ਇੱਕ ਬੜਾ ਵੱਡਾ ਭੁਲੇਖਾ ਹੈ ਕਿ ਹੋਲੀ ਨਾਲ ਸਾਡਾ ਸਿੱਧਾ ਸਬੰਧ ਹੈ ਜਾਂ ਹੋਰ ਸਿੰਘ ਬੋਲਿਆਂ ਵਾਂਗੂੰ ਗੁਰੂ ਸਾਹਿਬ ਨੇ ਹੋਲੀ ਨੂੰ ਹੀ ਹੋਲਾ ਮਹੱਲਾ ਆਖ ਕੇ ਮਨਾਉਣ ਆਰੰਭ ਕੀਤਾ ਸੀ, ਜੋ ਸਾਡੀ ਇੱਕ ਇਤਿਹਾਂਸਿਕ ਪਰੰਪਰਾ ਬਣ ਗਿਆ ਹੈ। ਇਸ ਬਾਰੇ ਸਿੱਖਾਂ ਨੇ ਅੰਨੀ ਸ਼ਰਧਾ ਅਤੇ ਕਿਸੇ ਭਾਈਚਾਰਕ ਸਾਂਝ ਦੇ ਟੁੱਟ ਜਾਣ ਦੇ ਡਰ ਤੋਂ ਕਦੇ ਅਜਿਹੀਆਂ ਪਰੰਪਰਾਵਾਂ ਜਾਂ ਰੀਤਾਂ ਨੂੰ, ਜਿਹੜੀਆਂ ਸਾਨੂੰ ਸਾਡੇ ਅਮੀਰ ਰੂਹਾਂਨੀ ਵਿਰਸੇ ਨਾਲ ਤੋੜ ਕੇ ਬਿਪਰਵਾਦ ਦੀ ਦਲ ਦਲ ਵੱਲ ਧੱਕ ਦੀਆਂ ਹਨ, ਨੂੰ ਘੋਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਲਟਾ ਬਿਪਰਵਾਦੀ ਤਾਕਤਾਂ ਨੇ ਇਸ ਨੂੰ ਇੱਕ ਅਜੋੜ ਹੁੰਦਿਆਂ ਹੋਇਆਂ ਵੀ ਇੱਕ ਪੁੱਖਤਾ ਸਾਂਝ ਦਾ ਨਾਮ ਦੇ ਕੇ ਖੂਬ ਪ੍ਰਚਾਰਿਆ ਤਾਂ ਕਿ ਅਸੀਂ ਉਹਨਾਂ ਦੇ ਮੱਕੜ ਜਾਲ ਤੋਂ ਕਿਤੇ ਮੁਕਤ ਨਾ ਹੋ ਜਾਈਏ।

ਹੋਲੀ ਤਿਉਹਾਂਰ ਹਿੰਦੂ ਭਰਾ ਮਨਾਉਂਦੇ ਹਨ, ਮਨਾਉਂਦੇ ਰਹਿਣ, ਸਾਨੂੰ ਹੋਲੀ ਦੇ ਦਿਨ ਹਿੰਦੂ ਭਰਾਵਾ ਨੂੰ ਹੋਲੀ ਮੁਬਾਰਕ ਆਖ ਦੇਣਾ ਚਾਹੀਦਾ ਹੈ, ਜਿਵੇ ਅਸੀਂ ਈਦ ਦੇ ਦਿਨ ਮੁਸਲਿਮ ਭਰਾਵਾ ਨੂੰ ਈਦ ਮੁਬਾਰਕ ਆਖਦੇ ਹਾਂ, ਪਰ ਅਸੀਂ ਆਪਣੇ ਘਰਾਂ ਵਿੱਚ ਈਦ ਕਦੇ ਨਹੀਂ ਮਨਾਉਦੇ ਹਾਂ। ਫਿਰ ਮੁਸਲਿਮ ਭਰਾ ਸਾਡੇ ਨਾਲ ਕਦੇ ਨਰਾਜ਼ ਨਹੀਂ ਹੁੰਦੇ ਕਿ ਤੁਸੀਂ ਸਾਨੂੰ ਈਦ ਮੁਬਾਰਕ ਤਾਂ ਆਖਦੇ ਹੋ, ਲੇਕਿਨ ਖੁਦ ਈਦ ਕਿਉਂ ਨਹੀਂ ਮਨਾਉਂਦੇ ਹੋ। ਫਿਰ ਹਿੰਦੂ ਭਰਾ ਵੀ ਕਿਉਂ ਬੁਰਾ ਮਨਾਉਣਗੇ ਜੇ ਅਸੀਂ ਹੋਲੀ ਮੁਬਾਰਕ ਆਖਾਂਗੇ ਅਤੇ ਹੋਲੀ ਖੁਦ ਨਹੀਂ ਮਨਾਵਾਂਗੇ, ਪਰ ਅਸੀਂ ਗੁਰੂ ਦੀ ਸਿਖਿਆ ਉੱਤੇ ਚਲਣਾ ਹੈ ਅਤੇ ਗੁਰੂ ਆਗਿਆ ਦਾ ਪਾਲਣ ਕਰਦਿਆਂ ਜੇ ਕਰ ਕੋਈ ਨਰਾਜ਼ ਹੋ ਵੀ ਜਾਵੇ ਤਾਂ ਸਾਨੂੰ ਇਸ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ, ਲੇਕਿਨ ਇੱਕ ਗੱਲ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਹੋਰ ਧਰਮ ਦੇ ਕਰਮ ਕਾਂਡਾਂ ਜਾਂ ਅਨਮੱਤੀ ਤਿਉਹਾਂਰਾਂ ਨੂੰ ਮਨਾਉਣ ਤੋਂ ਤਾਂ ਗੁਰੂ ਸਾਹਿਬ ਨੇ ਵਰਜਿਆ ਹੈ, ਲੇਕਿਨ ਇਹ ਕਿਤੇ ਨਹੀਂ ਕਿਹਾਂ ਕਿ ਅਸੀਂ ਉਹਨਾਂ ਦੇ ਕਿਸੇ ਸਮਾਗਮ ਉੱਤੇ ਕੋਈ ਵਿਘਨ ਪਾਈਏ। ਅਜਿਹਾਂ ਕਰਨਾ ਸਮਾਜਿਕ ਕਦਰਾਂ ਕੀਮਤਾਂ ਦੇ ਵੀ ਖਿਲਾਫ਼ ਜਾਂਦਾ ਹੈ।

ਹੋਲੀ ਤਿਉਹਾਂਰ ਬਾਰੇ ਹਿੰਦੂ ਵੀਰਾ ਦਾ ਵਿਸ਼ਵਾਸ਼ ਹੈ ਕਿ ਇੱਕ ਰਾਜਾ ਹਰਨਾਕਸ਼ ਸੀ ਜਿਹੜਾ ਇਨਾਂ ਹੰਕਾਰੀ ਹੋ ਗਿਆ ਸੀ ਕਿ ਉਸ ਨੇ ਆਪਣੇ ਰਾਜ ਵਿੱਚ ਮਨਾਹੀ ਕਰ ਦਿੱਤੀ ਸੀ ਕਿ ਕੋਈ ਵੀ ਪ੍ਰਮਾਤਮਾਂ ਜਾਂ ਈਸ਼ਵਰ ਦਾ ਨਾਮ ਨਹੀਂ ਲਵੇਗਾ। ਸਾਰੇ ਹਰਨਾਕਸ਼ ਦਾ ਹੀ ਨਾਮ ਜਪਣਗੇ, ਲੇਕਿਨ ਇਤਫਾਕ ਵੱਸ ਉਸ ਦੇ ਘਰ ਇੱਕ ਪੁੱਤਰ ਪ੍ਰਹਿਲਾਦ ਨੇ ਜਨਮ ਲਿਆ, ਜੋ ਰੱਬ ਦਾ ਸੱਚਾ ਭਗਤ ਸੀ ਅਤੇ ਉਸ ਨੇ ਆਪਣੇ ਪਿਤਾ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਹਰਨਾਕਸ਼ ਦੀ ਬਜਾਇ ਰੱਬ ਦਾ ਨਾਮ ਲੈਣਾ ਆਰੰਭ ਰੱਖਿਆ। ਹਰਨਾਕਸ਼ ਦੇ ਸਮਝਾਉਣ ਤੇ ਵੀ ਨਹੀਂ ਸਮਝਿਆ, ਉਸ ਨੂੰ ਕਈ ਕਿਸਮ ਦੇ ਦੰਡ ਵੀ ਦਿੱਤੇ ਗਏ, ਪਰ ਉਸ ਦਾ ਕੁੱਝ ਨਾ ਵਿਗੜਿਆ ਅਤੇ ਨਾ ਹੀ ਉਹ ਆਪਣੇ ਰਸਤੇ ਤੋਂ ਹਟਿਆ, ਜਿਸ ਤੋਂ ਗੁੱਸੇ ਹੋ ਕੇ ਹਰਨਾਕਸ਼ ਨੇ ਆਪਣੀ ਭੈਣ ਹੋਲਿਕਾ , ਮਿਥਹਾਂਸ ਅਨੁਸਾਰ ਉਸ ਨੂੰ ਵਰ ਮਿਲਿਆ ਹੋਇਆ ਸੀ ਕਿ ਉਸ ਨੂੰ ਅੱਗ ਨਹੀਂ ਸਾੜ ਸਕਦੀ, ਦੇ ਕੁੱਛੜ ਪ੍ਰਹਿਲਾਦ ਨੂੰ ਚੁਕਵਾਕੇ ਅੱਗ ਵਿੱਚ ਬਿਠਾ ਦਿੱਤਾ, ਪਰ ਹੋਇਆ ਇਹ ਕਿ ਅੱਗ ਵਿੱਚ ਹੋਲਿਕਾ ਦਹਿਨ ਹੋ ਗਈ ਭਾਵ ਸੜ ਗਈ ਲੇਕਿਨ ਪ੍ਰਹਿਲਾਦ ਬਚ ਗਿਆ। ਇਸ ਕਰਕੇ ਇਸ ਨੂੰ ਹੋਲਿਕਾ ਦਹਿਨ ਦੇ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਪ੍ਰਹਿਲਾਦ ਦਾ ਗੁਰਬਾਣੀ ਵਿੱਚ ਜ਼ਿਕਰ ਹੋਣ ਕਰਕੇ ਬਹੁਤ ਸਾਰੇ ਸਿੱਖ ਵੀਰ ਵੀ ਇਹ ਵਿਸ਼ਵਾਸ਼ ਕਰ ਬੈਠਦੇ ਹਨ ਕਿ ਜਦੋਂ ਗੁਰਬਾਣੀ ਵਿੱਚ ਪ੍ਰਹਿਲਾਦ ਭਗਤ ਬਾਰੇ ਦਰਜ਼ ਹੈ ਤਾਂ ਇਸ ਕਹਾਂਣੀ ਜਾਂ ਹੋਲੀ ਨਾਲ ਵੀ ਸਾਡਾ ਸਬੰਧ ਹੈ, ਲੇਕਿਨ ਗੁਰੂਬਾਣੀ ਵਿੱਚ ਬਹੁਤ ਸਾਰੀਆਂ ਪ੍ਰਚਲਤ ਸਾਖੀਆਂ ਅਤੇ ਹਾਂਲਾਤਾਂ ਜਾਂ ਕੁਝ ਨਾਵਾਂ ਨੂੰ ਗੁਰੂ ਸਾਹਿਬ ਨੇ ਇੱਕ ਸੰਕੇਤ ਵਜੋਂ ਸਾਨੂੰ ਸਮਝਾਉਣ ਵਾਸਤੇ ਉਧਾਰਨਾਂ ਦਿੱਤੀਆਂ, ਜਿਵੇ ਰਾਮ ਦਾ ਜਿਕਰ ਅਨੇਕਾ ਵਾਰ ਹੈ ਲੇਕਿਨ ਉਹ ਸੀਤਾ ਪਤੀ ਰਾਮ ਜਾਂ ਦਸ਼ਰਥ ਪੁਤਰ ਰਾਮ ਦਾ ਜ਼ਿਕਰ ਨਹੀਂ ਹੈ, ਉਸ ਪ੍ਰਚਲਤ ਸਮੇਂ ਅਨੁਸਾਰ ਸਾਡੇ ਵਰਗੇ ਗਵਾਰ ਲੋਕਾਂ ਨੂੰ ਸਮਝਾਉਣ ਵਾਸਤੇ ਤਾਂ ਕਿ ਜਲਦੀ ਸਮਝ ਜਾਣ, ਉਹਨਾਂ ਨਾਵਾਂ ਦੀ ਵਰਤੋਂ ਕੀਤੀ ਗਈ ਹੈ, ਕਿਤੇ ਵੀ ਰਾਮ ਚੰਦਰ ਜੀ ਨੂੰ ਰੱਬ ਜਾਂ ਦੁਨੀਆਂ ਦਾ ਕਰਤਾ ਨਹੀਂ ਮੰਨਿਆ। ਜਿਥੇ ਸੀਤਾ ਪਤੀ ਰਾਮ ਦਾ ਜਿਕਰ ਹੈ ਉਥੇ ਸ਼ਬਦ ਦੇ ਅਰਥ ਕੁੱਝ ਹੋਰ ਹਨ।

ਲੇਕਿਨ ਗੁਰੂ ਨਾਨਕ ਦੇ ਘਰ ਦੀ ਨਿਰਮਲ ਅਤੇ ਨਿਰਾਲੀ ਵਿਚਾਰਧਾਰਾ ਨੂੰ ਸਿੱਖਾਂ ਵਿੱਚਲੇ ਧਾਰਮਿਕ ਦੁਕਾਨਦਾਰ ( ਡੇਰੇਦਾਰ ਅਤੇ ਸਾਧ ਯੂਨੀਅਨ) ਆਪਣੀ ਕਮਾਈ ਘਟ ਜਾਣ ਦਾ ਡਰ ਕਰਕੇ ਅਤੇ ਆਪਣੀਆਂ ਦੁਕਾਨਾਂ ਦੀ ਗਾਹਕੀ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਬਿਪਰਵਾਦ ਦੇ ਜਾਲ ਵਿੱਚੋਂ ਨਿਕਲਣ ਨਹੀਂ ਦੇ ਰਹੇ। ਜਿਸਦਾ ਫਾਇਦਾ ਲੈ ਕੇ ਬਿਪਰਵਾਦੀਆਂ ਨੇ ਸਾਰੇ ਤਿਉਹਾਂਰਾਂ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਕਿਸੇ ਦੀ ਜਗਾ ਬਦਲ ਦਿੱਤੀ ਹੈ, ਕਿਸੇ ਦੀ ਤਰੀਕ ਬਦਲ ਦਿੱਤੀ ਹੈ, ਕਿਸੇ ਦਾ ਇਤਿਹਾਂਸ ਬਦਲ ਦਿੱਤਾ ਹੈ ਅਤੇ ਬਹੁਤੇ ਦਿਹਾਂੜਿਆਂ ਨੂੰ ਆਪਣੀ ਮਿਥ ਵਿੱਚ ਰਲਗੱਡ ਕਰ ਲਿਆ ਹੈ। ਕੌਮ ਅਵੇਸਲੀ ਰਹੀ ਕੁੱਝ ਸਮਾਂ ਇਹਨਾਂ ਤਿਉਹਾਂਰਾਂ ਨੂੰ ਇਕੱਠੇ ਜਾਂ ਰਲਗੱਡ ਕਰਕੇ ਮਨਾਉਂਦਿਆਂ ਲੰਘ ਗਿਆ ਹੈ, ਜਿਸ ਕਰਕੇ ਹੁਣ ਜਦੋ ਕਿਸੇ ਨੂੰ ਸਮਝਾਉਣ ਦੀ ਗੱਲ ਕਰੀਏ ਤਾਂ ਉਸ ਨੂੰ ਸਮਝਾਉਣ ਵਾਲੇ ਉੱਤੇ ਹੀ ਸ਼ੱਕ ਹੋਣ ਲੱਗ ਪੈਦਾ ਹੈ, ਜਿਵੇ ਉਹ ਸਿੱਖਾਂ ਨੂੰ ਕਿਸੇ ਗਲਤ ਰਸਤੇ ਪਾ ਰਿਹਾਂ ਹੋਵੇ ਕਿਉਂਕਿ ਹਰ ਡੇਰੇ ਵਿੱਚ ਹਰ ਰੋਜ਼ ਉਹਨਾਂ ਤਿਉਹਾਂਰਾਂ ਦੀਆਂ ਸਾਖੀਆਂ ਅਤੇ ਗੁਰਬਾਣੀ ਦੀ ਕਥਾ ਵਿੱਚ ਵੀ ਉਹਨਾਂ ਦੇ ਹੀ ਪ੍ਰਮਾਣ ਸੁਣਦੇ ਹਨ।

ਹੋਲੀ ਹੋਲਿਕਾ ਦਹਿਨ ਜਾਂ ਰੰਗਾਂ ਦਾ ਤਿਉਹਾਂਰ ਹੈ। ਇੱਕ ਦੂਜੇ ਉੱਤੇ ਰੰਗ ਸੁੱਟ ਸੁੱਟ ਕੇ ਸ਼ਕਲਾਂ ਵਿਗਾੜ ਦਿਤੀਆਂ ਜਾਂਦੀਆਂ ਹਨ। ਪਰ ਹੋਲਾ ਮਹੱਲਾ ਦੇ ਤਾਂ ਅਰਥ ਹੀ ਕੁਝ ਹੋਰ ਹਨ ਵੀਰ ਇੰਦ੍ਰਜੀਤ ਸਿੰਘ ਕਾਨਪੁਰ ਨੇ ਪਿਛਲੇ ਦਿਨੀ ਫੇਸ ਬੁੱਕ ਉੱਤੇ ਇਸ ਸਬੰਧੀ ਬਹੁਤ ਸੋਹਣਾ ਲਿਖਿਆ ਸੀ।ਹੋਲਾ’ ਦਾ ਮਤਲਬ ਹੈ ਹੱਲਾ, ਯੁੱਧ ਦਾ ਸ਼ੋਰ, ਕੋਲਾਹਲ , ਭਗਦੜ, ਹਲਚਲ ਅਤੇ ‘ਮਹੱਲਾ‘ ਦਾ ਮਤਲਬ ਹੈ ਸਥਾਨ, ਖੇਤਰ, ਜੇ ਇਨਾਂ ਦੋਹਾਂ ਅੱਖਰਾਂ ਨੂੰ ਜੋੜ ਦਿੱਤਾ ਜਾਵੇ ਤੇ ਇਸ ਦਾ ਮਤਲਬ ਹੈ ‘ਉਹ ਖੇਤਰ ਜਿੱਥੇ ਯੁੱਧ ਕੀਤਾ ਜਾਂਦਾ ਹੈ‘ ਜਾਂ ‘ਯੁੱਧ ਦਾ ਮੈਦਾਨ‘ ਅਰਥਾਤ "ਹੋਲਾ ਮਹੱਲਾ"।

ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੇ ਦੁਆਲੇ ਪੰਜ ਕਿਲੇ ਬਣਵਾਏ । ਇਨਾਂ ਵਿਚੋਂ ਇੱਕ ਕਿਲਾ ਹੋਲ ਗੜ੍ਹ ਹੈ। ਜਿਸ ਨਾਲ ‘ਹੋਲਾ ਮਹੱਲਾ‘ ਦਾ ਸੰਬੰਧ ਹੈ। ‘ਹੋਲ‘ ਸ਼ਬਦ ਤੋਂ ‘ਹੋਲਾ‘ ਅਤੇ ਗੜ੍ਹ ਸ਼ਬਦ ਤੋਂ ‘ਮਹੱਲਾ‘ ਬਣਿਆ ਹੈ।

ਆਨੰਦਪੁਰ ਸਾਹਿਬ ਦੇ ਇਸ ਕਿਲੇ ਹੋਲਗੜ੍ਹ ਵਿੱਚ ਗੁਰੂ ਸਾਹਿਬ ਫੌਜਾਂ ਨੂੰ ਯੁੱਧ ਵਿੱਦਿਆ ਸਿਖਾਉਂਦੇ ਸਨ ਅਤੇ ਸ਼ਸ਼ਤਰਾਂ ਦੀ ਵਰਤੋਂ ਅਤੇ ਗੁਰ ਵੀ ਸਿਖਾਏ ਜਾਂਦੇ ਸਨ ਅਤੇ ਬਣਾਵਟੀ ਯੁੱਧ ਕਰਕੇ ਖਾਲਸਾਈ ਫੋਜਾਂ ਨੂੰ ਜੰਗੀ ਮਸ਼ਕਾਂ ਕਰਵਾਈਆ ਜਾਂਦੀਆ ਸੀ। ਯੁੱਧ ਵਿਦਿਆ ਨੂੰ ਇੱਕ ਰੌਚਿਕ ਪ੍ਰਵਰਤਨ ਦਿੰਦਿਆਂ ਗੁਰੂ ਸਾਹਿਬ ਨੇ ਚੇਤਰ ਮਹੀਨੇ ਸੰਮਤ 1757 ਵਿੱਚ ‘ਹੋਲਾ ਮਹੱਲਾ‘ ਦੇ ਨਾਮ ਹੇਠ ਸ਼ੁਰੂ ਕੀਤਾ। ਇਸ ਵਿੱਚ ਫੌਜ ਦੇ ਦੋ ਧੜੇ ਬਣਾ ਦਿੱਤੇ ਜਾਂਦੇ ਸਨ ਅਤੇ ਉਨਾਂ ਦੇ ਜਰਨੈਲ ਥਾਪ ਕੇ ਫਰਜ਼ੀ ਯੁੱਧ ਰਾਹੀ ਖਾਲਸਾ ਫੌਜੀਆਂ ਦੀ ਬੀਰਤਾ ਦੀ ਪਰਖ ਕੀਤੀ ਜਾਂਦੀ ਸੀ ਅਤੇ ਉਤਸ਼ਾਹ ਪੈਦਾ ਕਰਨ ਵਾਸਤੇ ਯੋਗ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ । ਗੁਰੂ ਸਾਹਿਬ ਆਪ ਇਸ "ਹੋਲਾ ਮਹੱਲਾ" ਵਿੱਚ ਭਾਗ ਲੈਦੇ ਜਾਂ ਮੌਜੂਦ ਰਹਿ ਕੇ ਫੋਜਾਂ ਦੀ ਹੱਲਾ ਸ਼ੇਰੀ ਕਰਦੇ ਸਨ ਅਤੇ ਖਾਲਸਾ ਫੌਜਾਂ ਦੇ ਕਰਤਵ ਵੇਖ ਕੇ ਖੁਸ਼ ਹੁੰਦੇ ਸਨ। ਇਸ ਸਾਰੇ ਜੰਗੀ ਅਭਿਆਨ ਨੂੰ ਸਿੱਖਾਂ ਦਾ "ਹੋਲਾ ਮਹੱਲਾ" ਆਖਿਆ ਜਾਂਦਾ ਸੀ ।

ਅਨਮਤ ਦੀ ਹੋਲੀ ਵਾਲੇ ਤਿਉਹਾਂਰ ਨੂੰ ਕਿਸੇ ਵੀ ਪੱਖੋ ‘ਹੋਲਾ ਮੱਹਲਾ‘ ਕਹਿ ਕੇ ਇਸ ਨੂੰ ਮਨਾਉਣਾਂ, ਰੰਗ ਆਦਿਕ ਇੱਕ ਦੂਜੇ ਨੂੰ ਲਾਉਣੇ ਬਿਲਕੁਲ ਹੀ ਮਨਮਤਿ ਹੈ ਕਿਉਂਕਿ ਹਿੰਦੂਆਂ ਦਾ ਇਹ ਤਿਉਹਾਂਰ ਸਾਲ ਦੇ ਫੱਗਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੇ ਹੋਲਾ ਮਹੱਲਾ ਸੰਮਤ 1757 ਵਿੱਚ ਚੇਤਰ ਦੇ ਮਹੀਨੇ ਵਿੱਚ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ । ਸਾਡਾ ਹੋਲਾ ਮਹੱਲਾ ਗੁਰੂ ਦੇ ਸਿਰਜੇ "ਹੋਲ ਗੜ੍ਹ" ਕਿਲੇ ਦੇ ਨਾਮ 'ਤੇ ਅਧਾਰਿਤ ਹੈ।

ਇਸ ਲਈ ਜੇ "ਹੋਲਾ ਮਹੱਲਾ" ਮਨਾਉਣਾ ਹੀ ਹੈ ਤਾਂ ਗੁਰੂ ਦੇ ਹੁਕਮ ਅਨੁਸਾਰ ਚੇਤਰ ਵਿਚ ਹੀ ਮਣਾਓ। ਸਾਡੇ ਧਰਮ ਆਗੂ ਤੇ ਪੱਕੇ ਬ੍ਰਾਹਮਣ ਬਣ ਚੁਕੇ ਹਨ ਅਤੇ ਇਨਾਂ ਨੂੰ ਗੁਰਮਤੁ ਦਾ ਕੋਈ ਗਿਆਨ ਨਹੀਂ । ਸਾਨੂੰ ਅਪਣਾ ਆਪ ਖੁਦ ਸੰਭਾਲਣ ਅਤੇ ਬ੍ਰਾਹਮਣਵਾਦੀ ਸਾਜਿਸ਼ਾ ਤੋਂ ਸੁਚੇਤ ਹੋਣ ਦੀ ਲੋੜ ਹੈ । ਇਨਾਂ ਦੇ ਫਾਗ (ਫਗੱਣ/ ਹੋਲੀ) ਦਾ ਖੰਡਨ ਤੇ ਆਪ ਗੁਰੂ ਸਾਹਿਬ ਕਰ ਰਹੇ ਹਨ।

ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥2॥ ਅੰਗ 1180

ਭਾਵ : ਮੇਰਾ ਤੇ ਫਾਗ (ਫਗਣ) ਤਾਂ ਉਹ ਦਿਨ ਹੈ ਜਦੋਂ ਮੈ ਅਪਣੇ ਪ੍ਰਭੂ ਨਾਲ ਮਿਲ ਕੇ ਉਸ ਦੇ ਰੰਗ ਵਿੱਚ ਖੇਡਣ ਲਗੀ ਹਾਂ (ਭਾਵ ਉਸ ਦੀ ਸੋਝੀ ਪੈ ਗਈ ਹੈ)। ਮੈਂ ਤੇ ਸਾਧ ਸੰਗਤ ਦੀ ਸੇਵਾ ਨੂੰ ਹੀ ਅਪਣੀ ਹੋਲੀ (ਸਮਝਦੀ) ਹਾਂ। ਉਸ ਪ੍ਰਭੂ ਨਾਲ ਮਿਲ ਕੇ ਮੈਂ ਉਸ ਲਾਲ ਰੰਗ (ਭਾਗਾਂ ਵਾਲੇ ਰੰਗ) ਵਿੱਚ ਰੰਗੀ ਗਈ ਹਾਂ।

ਆਓ ਗੁਰੂ ਵੱਲੋਂ ਦਿੱਤੇ ਰੂਹਾਂਨੀ ਰੰਗ ਵਿਚ ਆਪਣੀ ਆਤਮਾਂ ਨੂੰ ਰੰਗ ਕੇ ਉਸ ਅਕਾਲ ਪੁਰਖ ਦੀ ਖੁਸ਼ੀ ਦੇ ਪਾਤਰ ਬਣੀਏ ਐਵੇ ਕਿਸੇ ਦੁਨਿਆਵੀ ਰੰਗ ਵਿਚ ਮੂੰਹ ਸਿਰ ਕਾਲੇ ਨੀਲੇ ਕਰਕੇ ਆਪਣੀ ਸ਼ਕਲ ਵਿਗਾੜ ਕੇ ਦੁਨੀਆਂ ਦਾ ਹਾਂਸਾ ਨਾ ਬਣੀਏ ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top