Share on Facebook

Main News Page

ਜਿਹੜੇ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ, ਨਾਨਕਸ਼ਾਹੀ ਕੈਲੰਡਰ ਸਬੰਧੀ ਉਨ੍ਹਾਂ ਦੀ ਕਿਸੇ ਵੀ ਰਾਇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ

ਜਿਨ੍ਹਾਂ ਨੇ ਆਪਣੇ ਡੇਰਿਆਂ ਵਿੱਚ ਆਪਣੀ ਆਪਣੀ ਮਨਮਤੀ ਮਰਯਾਦਾ ਚਾਲੂ ਰੱਖੀ ਹੋਈ ਹੈ, ਉਸੇ ਤਰ੍ਹਾਂ ਆਪਣੇ ਤੌਰ ’ਤੇ ਬਿਕ੍ਰਮੀ ਕੈਲੰਡਰ ਅਨੁਸਾਰ ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ, ਦਸਵੀਆਂ ਆਦਿਕ ਮਨਾ ਸਕਦੇ ਹਨ, ਪਰ ਏਕਤਾ ਦੇ ਨਾਮ ’ਤੇ ਉਹ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨਾਲ ਖਿਲਵਾੜ ਨਾ ਕਰਨ

ਬਠਿੰਡਾ/ਅੰਮ੍ਰਿਤਸਰ/ਚੰਡੀਗੜ੍ਹ, 5 ਮਾਰਚ: ਜਿਹੜੇ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਨਾਨਕਸ਼ਾਹੀ ਕੈਲੰਡਰ ਸਬੰਧੀ ਉਨ੍ਹਾਂ ਦੀ ਕਿਸੇ ਵੀ ਰਾਇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਦੋ ਜਥੇਦਾਰਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਗਿਆਨੀ ਕੇਵਲ ਸਿੰਘ; ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸਿੱਖ ਵਿਦਵਾਨ ਸ: ਗੁਰਤੇਜ ਸਿੰਘ ਸਾਬਕਾ ਆਈ.ਏ.ਐੱਸ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਪ੍ਰੋ: (ਡਾ:) ਗੁਰਦਰਸ਼ਨ ਸਿੰਘ ਢਿੱਲੋਂ ਨੇ ਇਕ ਸਾਂਝੇ ਪ੍ਰੈੱਸ ਨੋਟ ਵਿੱਚ ਕਹੇ। ਪੰਥਕ ਮਸਲਿਆਂ ਸਬੰਧੀ ਗਹਿਰੀ ਰੁਚੀ ਰੱਖਣ ਵਾਲੇ ਇਹ ਵਿਦਵਾਨ ਪ੍ਰੈੱਸ ਵਿੱਚ ਅੱਜ ਛਪੀ ਉਸ ਖ਼ਬਰ ਸਬੰਧੀ ਆਪਣਾ ਪ੍ਰਤੀਕਰਮ ਦੇ ਰਹੇ ਸਨ; ਜਿਸ ਵਿੱਚ ਛਪਿਆ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਲਈ ਇਹ ਮਸਲਾ 9 ਮਾਰਚ ਨੂੰ ਪੰਜ ਸਿੰਘ ਸਾਹਿਬਨ ਦੀ ਮੀਟਿੰਗ ਵਿੱਚ ਵੀਚਾਰਿਆ ਜਾਵੇਗਾ ਅਤੇ ਇਸ ਸਬੰਧ ਵਿੱਚ ਕੈਲੰਡਰ ਮਾਹਰਾਂ ਦੀ ਕਮੇਟੀ ਬਣਾਏ ਜਾਣ ਦੀ ਸੰਭਾਵਨਾ ਹੈ। ਉਸ ਖ਼ਬਰ ਵਿੱਚ ਇਹ ਵੀ ਸੰਕੇਤ ਦਿੱਤਾ ਗਿਆ ਸੀ ਕਿ ਇਸ ਮਾਮਲੇ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦਾ ਵਧੇਰੇ ਝੁਕਾਅ ਸੰਤ ਸਮਾਜ ਵੱਲ ਹੈ ਇਸ ਲਈ ਸੰਭਾਵਨਾ ਹੈ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕੀਤਾ ਜਾ ਸਕਦਾ ਹੈ।

ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸਿੱਖ ਵਿਦਵਾਨ ਸ: ਗੁਰਤੇਜ ਸਿੰਘ ਅਤੇ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕੇ 14 ਸਾਲਾਂ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਹੋਂਦ ਵਿੱਚ ਆਈ ਅਤੇ 1945 ਵਿੱਚ ਸ਼੍ਰੀ ਅਕਾਲ ਤਖ਼ਤ ਤੋਂ ਜਾਰੀ ਹੋਈ ਸਿੱਖ ਰਹਿਤ ਮਰਯਾਦਾ ਨੂੰ ਇਸ ਸੰਤ ਸਮਾਜ ਅਤੇ ਦੋ ਤਖ਼ਤਾਂ ਦੇ ਜਥੇਦਾਰਾਂ ਨੇ ਅੱਜ ਤੱਕ ਕਦੀ ਨਹੀਂ ਮੰਨਿਆਂ ਅਤੇ ਇਨ੍ਹਾਂ ਦੇ ਡੇਰਿਆਂ ਅਤੇ ਦੋ ਤਖ਼ਤ ਸਾਹਿਬਾਨਾਂ ’ਤੇ ਬਹੁਤ ਸਾਰੀਆਂ ਐਸੀਆਂ ਮਨਮਤੀ ਮਰਯਾਦਾਵਾਂ ਨਿਭਾਈਆਂ ਜਾਂਦੀਆਂ ਹਨ ਜਿਹੜੀਆਂ ਗੁਰੂ ਗਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਅਤੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੀ ਘੋਰ ਉਲੰਘਣਾ ਕਰਦੀਆਂ ਹਨ। ਇਸੇ ਤਰ੍ਹਾਂ ਇਨ੍ਹਾਂ ਨੇ ਦੋ ਸਦੀਆਂ ਦੀ ਸਿੱਖ ਸੋਚ, ਕੈਲੰਡਰ ਮਾਹਰ ਸ: ਪਾਲ ਸਿੰਘ ਪੁਰੇਵਾਲ ਦੀ ਦਹਾਕਿਆਂ ਦੀ ਮਿਹਨਤ ਅਤੇ ਸਿੱਖ ਵਿਦਵਾਨਾਂ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸ਼੍ਰੋਮਣੀ ਕਮੇਟੀ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਾਰੀਆਂ ਜਰੂਰੀ ਸੰਵਿਧਾਨਕ ਅਤੇ ਪੰਥਕ ਕ੍ਰਿਆਵਾਂ ਨਿਭਾਉਣ ਉਪ੍ਰੰਤ 2003 ਵਿੱਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਅੱਜ ਤੱਕ ਨਹੀਂ ਮੰਨਿਆਂ ਅਤੇ ਅਖੀਰ ਵੋਟ ਰਾਜਨੀਤੀ ਅਧੀਨ 2010 ਵਿੱਚ ਸੋਧਾਂ ਦੇ ਨਾਂ ’ਤੇ ਇਸ ਦੀ ਰੂਹ ਦਾ ਕਤਲ ਕਰਕੇ ਮਿਲਗੋਭਾ ਕੈਲੰਡਰ ਕੌਮ ਦੇ ਸਿਰ ਮੜ੍ਹ ਦਿੱਤਾ ਅਤੇ ਹੁਣ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾ ਕੇ ਮੁੜ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਥੋਪਣ ਲਈ ਦ੍ਰਿੜ ਜਾਪਦੇ ਹਨ।

ਉਕਤ ਵਿਦਵਾਨ ਸਿੱਖ ਚਿੰਤਕਾਂ ਨੇ ਕਿਹਾ ਸਿੱਖ ਕੌਮ ਕਿਸੇ ਐਸੇ ਕੈਲੰਡਰ ਨੂੰ ਪ੍ਰਵਾਨ ਨਹੀਂ ਕਰੇਗੀ ਜਿਸ ਨੂੰ ਪ੍ਰਵਾਨਗੀ ਦੇਣ ਵਾਲਿਆਂ ਵਿੱਚ ਸਿੱਖ ਰਹਿਤ ਮਰਯਾਦਾ ਤੋਂ ਆਕੀ ਜਥੇਦਾਰਾਂ ਦੀ ਸ਼ਮੂਲੀਅਤ ਹੋਵੇਗੀ ਜਾਂ ਉਸ ਸਬੰਧੀ ਸਿੱਖ ਰਹਿਤ ਮਰਯਾਦਾ ਤੋਂ ਆਕੀ ਡੇਰੇਦਾਰਾਂ ਦੇ ਦਬਾਅ ਅਧੀਨ ਫੈਸਲਾ ਲਿਆ ਹੋਵੇਗਾ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਿੱਖ ਰਹਿਤ ਮਰਯਾਦਾ ਤੋਂ ਆਕੀ ਇਨ੍ਹਾਂ ਡੇਰੇਦਾਰਾਂ ਅਤੇ ਜਥੇਦਾਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਤਨਖ਼ਾਹ ਲਾਈ ਜਾਂਦੀ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਤਨਖ਼ਾਹੀਏ ਸਿੱਖ ਪੰਥ ਦੇ ਅਹਿਮ ਫੈਸਲੇ ਲੈਣ ਸਮੇਂ ਸਿੰਘ ਸਾਹਿਬਾਨ ਦੇ ਰੂਪ ਵਿੱਚ ਪੰਜਾਂ ਦੀ ਮੀਟਿੰਗ ਵਿੱਚ ਸਿਰਫ ਸ਼ਾਮਲ ਹੀ ਨਹੀਂ ਹੁੰਦੇ ਬਲਕਿ ਸਾਰੇ ਫੈਸਲੇ ਇਨ੍ਹਾਂ ਦੀ ਰਾਇ ਦੇ ਅਨੁਕੂਲ ਹੀ ਸੁਣਾਏ ਜਾਂਦੇ ਹਨ; ਜਿਹੜੇ ਕਿ ਅਜੋਕੇ ਸਮੇਂ ਵਿੱਚ ਜਾਗਰੂਕ ਪੰਥ ਨੂੰ ਕਦੀ ਵੀ ਪ੍ਰਵਾਨ ਨਹੀਂ ਹੋਣਗੇ। ਉਕਤ ਵਿਦਵਾਨਾਂ ਨੇ ਇਹ ਵੀ ਸੁਝਾਉ ਦਿੱਤਾ ਕਿ ਜੇ ਸਿੱਖ ਰਹਿਤ ਮਰਯਾਦਾ ਤੋਂ ਆਕੀ ਜਥੇਦਾਰਾਂ ਅਤੇ ਡੇਰੇਦਾਰਾਂ ਨੂੰ 2003 ਵਾਲਾ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਨਹੀਂ ਹੈ ਤਾਂ ਜਿਸ ਤਰ੍ਹਾਂ ਉਨ੍ਹਾਂ ਨੇ ਦੋ ਤਖ਼ਤਾਂ ਅਤੇ ਡੇਰਿਆਂ ਵਿੱਚ ਆਪਣੀ ਆਪਣੀ ਮਨਮਤੀ ਮਰਯਾਦਾ ਚਾਲੂ ਰੱਖੀ ਹੋਈ ਹੈ ਉਸੇ ਤਰ੍ਹਾਂ ਆਪਣੇ ਤੌਰ ’ਤੇ ਬਿਕ੍ਰਮੀ ਕੈਲੰਡਰ ਅਨੁਸਾਰ ਮੱਸਿਆ, ਪੂਰਨਮਾਸ਼ੀਆਂ, ਸੰਗਰਾਂਦਾਂ, ਦਸਵੀਆਂ ਆਦਿਕ ਮਨਾਉਂਦੇ ਰਹਿਣ ਪਰ ਏਕਤਾ ਦੇ ਨਾਮ ’ਤੇ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨਾਲ ਖਿਲਵਾੜ ਨਾ ਕਰਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top