Share on Facebook

Main News Page

ਅਕਾਲ ਤਖ਼ਤ ਤੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਬਣਾਈ ਕਮੇਟੀ, ਸਿੱਖ ਕੌਮ ਨਾਲ ਧੋਖਾ
-: ਬਲਵੰਤ ਸਿੰਘ ਨੰਦਗੜ੍ਹ

ਗਿਆਨੀ ਗੁਰਬਚਨ ਸਿੰਘ ਨੇ ਮੰਨਿਆ ਕਿ ਪਾਕਿਸਤਾਨ ਕਮੇਟੀ ਦਾ ਨੁੰਮਇੰਦਾ ਲੈ ਲੈਣਾ ਚਾਹੀਦਾ ਸੀ ਪਰ ਇਹ ਉਸ ਸਮੇਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ।

ਬਠਿੰਡਾ, 10 ਮਾਰਚ (ਕਿਰਪਾਲ ਸਿੰਘ) : ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਹੱਲ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਦਿਨ ਪੰਜ ਸਿਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਬਣਾਈ ਗਈ ਕਮੇਟੀ ਨੂੰ ਮੁੱਢੋਂ ਰੱਦ ਕਰਦੇ ਹੋਏ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਇਹ ਕੌਮ ਨਾਲ ਧੋਖਾ ਹੈ ਜਿਸ ਨੂੰ ਸਿੱਖ ਕੌਮ ਕਦੀ ਵੀ ਪ੍ਰਵਾਨ ਨਹੀਂ ਕਰੇਗੀ। ਆਪਣੇ ਸ਼ਬਦਾਂ ਦੀ ਪ੍ਰੋੜਤਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ: ਪਾਲ ਸਿੰਘ ਪੁਰੇਵਾਲ ਨੂੰ ਛੱਡ ਕੇ ਕਮੇਟੀ ਦੇ ਲਏ ਜਾਣ ਵਾਲੇ ਬਾਕੀ ਦੇ ਸਾਰੇ ਨੁੰਮਾਇੰਦੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਅਤੇ ਬਿਕ੍ਰਮੀ ਕੈਲੰਡਰ ਨੂੰ ਮੁੜ ਕੌਮ ਦੇ ਸਿਰ ਮੜ੍ਹਨ ਦੇ ਹਾਮੀ ਹਨ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਹਾਮੀ ਸੰਸਥਾਵਾਂ/ਜਥੇਬੰਦੀਆਂ ਜਿਵੇਂ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਆਲ ਅਮੈਰਕਿਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਖੰਡ ਕੀਰਤਨੀ ਜਥਾ, ਮਿਸ਼ਨਰੀ ਕਾਲਜ, ਕੇਂਦਰੀ ਗੁਰਦੁਆਰਾ ਸਿੰਘ ਸਭਾ, ਗੁਰਮਤਿ ਸੇਵਾ ਲਹਿਰ, ਸਿੱਖ ਤਾਲਮੇਲ ਸੰਗਠਨ, ਇੰਸਟੀਚੂਟ ਆਫ ਸਿੱਖ ਸਟੱਡੀਜ਼ ਆਦਿਕ ਦਾ ਇੱਕ ਵੀ ਨੁੰਮਾਇੰਦਾ ਨਹੀਂ ਲਿਆ ਗਿਆ।

ਗਿਆਨੀ ਨੰਦਗੜ੍ਹ ਅਨੁਸਾਰ ਜੇ ਕਰ ਗਿਆਨੀ ਗੁਰਬਚਨ ਸਿੰਘ ਨਾਨਕਸ਼ਾਹੀ ਕੈਲੰਡਰ ਬਾਰੇ ਸੁਹਿਰਦ ਹੁੰਦੇ ਤਾਂ ਉਹ ਕਮੇਟੀ ਵਿਚ ਸ਼ਾਮਿਲ ਕੀਤੇ ਮਾਹਿਰਾਂ ਵਿਚ ਦੋਵੇਂ ਧਿਰਾਂ ਨੂੰ ਬਰਾਬਰੀ ਦਿੰਦੇ ਪਰ ਇਕਪਾਸੜ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਮੈਂਬਰ ਬਣਾ ਕੇ ਉਨਾਂ ਨੇ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਕੌਮ ਨਾਲੋਂ ਆਪਣੇ ਅਹੁਦੇ ਨੂੰ ਬਚਾਉਣ ਦੀ ਵਧੇਰੇ ਚਿੰਤਾ ਹੈ। ਇਸ ਲਈ ਆਪਣੇ ਫਰਜਾਂ ਉਤੇ ਪਹਿਰਾਂ ਦੇਣ ਦੀ ਬਜਾਇ ਉਨ੍ਹਾਂ ਨੇ ਸਿੱਖ ਪੰਥ ਨਾਲ ਵੱਡਾ ਧ੍ਰੋਹ ਕਮਾਇਆ ਹੈ। ਜਥੇਦਾਰ ਨੰਦਗੜ੍ਹ ਨੇ ਕਿਹਾ ਕਮੇਟੀ ਦੇ ਮੂੰਹ ਮੁਹਾਂਦਰੇ ਤੋਂ ਸਾਫ ਵਿਖਾਈ ਦੇ ਰਿਹਾ ਹੈ ਕਿ ਇਹ ਸਿਰਫ ਕੌਮ ਨੂੰ ਗੁੰਮਰਾਹ ਕਰਨ ਲਈ ਇੱਕ ਛੜਯੰਤਰ ਹੈ ਅਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਆਰਐੱਸਐੱਸ ਤੇ ਬਿਪ੍ਰਵਾਦੀ ਸੋਚ ਦੇ ਧਾਰਨੀ ਲੋਕਾਂ ਨੂੰ ਖੁਸ਼ ਕਰਨ ਲਈ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦਾ ਰਾਹ ਪੱਧਰਾ ਕੀਤਾ ਗਿਆ ਹੈ।

ਜਥੇਦਾਰ ਨੰਦਗੜ੍ਹ ਨੇ ਕਿਹਾ ਉਨ੍ਹਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੇ ਸਮੇਂ ਤੋਂ ਹੀ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਪੰਜ ਸਿੰਘ ਸਾਹਿਬਾਨ ਵੱਲੋਂ ਐਲਾਨੀ ਕਮੇਟੀ ਦੀ ਬਣਤਰ ਨੇ ਹੁਣ ਚਿੱਟੇ ਦਿਨ ਵਾਂਗ ਸਪਸ਼ਟ ਕਰ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਉਹ ਆਪਣੇ ਵੱਲੋਂ ਭੋਗ ਪਾ ਚੁੱਕੇ ਹਨ ਅਤੇ ਸਿਰਫ ਐਲਾਨ ਕਰਨਾ ਹੀ ਬਾਕੀ ਹੈ। ਜਥੇਦਾਰ ਨੰਦਗੜ੍ਹ ਨੇ ਕਿਹਾ ਸਿੱਖ ਪੰਥ ਹੁਣ ਜਾਗਰੂਕ ਹੋ ਚੁੱਕਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਦੀ ਅਹਿਮੀਅਤ ਅਤੇ ਲੋੜ ਨੂੰ ਪੂਰੀ ਤਰ੍ਹਾਂ ਸਮਝ ਚੁੱਕਾ ਹੈ ਇਸ ਲਈ ਉਹ ਕਦੀ ਵੀ ਬਿਕ੍ਰਮੀ ਕੈਲੰਡਰ ਨੂੰ ਪ੍ਰਵਾਨ ਨਹੀਂ ਕਰੇਗਾ।

ਜਥੇਦਾਰ ਨੰਦਗੜ੍ਹ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਪੰਥਕ ਹਿਤਾਂ ਦੀ ਰਾਖੀ ਲਈ ਇਕਮੁਠ ਹੋ ਕੇ ਯੋਜਨਾਬੱਧ ਤੇ ਸੰਗਠਿਤ ਸੰਘਰਸ਼ ਕਰਨ ਲਈ ਤਿਆਰ ਰਹਿਣ। ਜੇਕਰ ਹੁਣ ਵੀ ਪੰਥਕ ਜਥੇਬੰਦੀਆਂ ਤੇ ਸਿੱਖ ਸੰਗਤ ਖਾਮੋਸ਼ ਰਹਿ ਕੇ ਪੰਥ ਨਾਲ ਕਮਾਏ ਜਾ ਰਹੇ ਇਸ ਧ੍ਰੋਹ ਨੂੰ ਵੇਖਦੇ ਰਹੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ। ਇਸ ਲਈ ਆਓ ਸਿੱਖ ਪੰਥ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਸਿੱਖ ਪੰਥ ਉਤੇ ਮੁੜ ਬ੍ਰਾਹਮਣਵਾਦੀ ਬਿਕਰਮੀ ਕੈਲੰਡਰ ਠੋਸੇ ਜਾਣ ਲਈ ਕੀਤੀ ਗਈ ਢੌਂਗੀ ਸ਼ੁਰੂਆਤ ਦਾ ਜੋਰਦਾਰ ਢੰਗ ਨਾਲ ਵਿਰੋਧ ਕਰਕੇ ਪੰਥ ਨਾਲ ਦਗਾ ਕਮਾਉਣ ਵਾਲਿਆਂ ਦੇ ਨਾਪਾਕ ਮਨਸੂਬਿਆਂ ਨੂੰ ਨੇਸਤੋਨਾਬੂਦ ਕਰਕੇ ਪੰਥ ਦੀ ਨਿਆਰੀ ਹਸਤੀ ਨੂੰ ਬਰਕਰਾਰ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ।

ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਤੀਕਰਮ ਜਾਨਣ ਲਈ ਜਦੋਂ ਉਨ੍ਹਾਂ ਦੇ ਫੋਨ ਨੰਬਰ 98146-79291 ’ਤੇ ਸੰਪਰਕ ਕਰਕੇਂ ਪੁੱਛਿਆ ਗਿਆ ਕਿ ਤੁਹਾਡੇ ਵੱਲੋਂ ਬਣਾਈ ਕਮੇਟੀ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਨੰਦਗੜ੍ਹ ਨੇ ਰੱਦ ਕਰ ਦਿੱਤਾ ਹੈ; ਅਮੈਰਕਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਪਹਿਲਾਂ ਹੀ ਇਸ ਕਮੇਟੀ ਨੂੰ ਰੱਦ ਕਰ ਚੁੱਕੇ ਹਨ, ਤਾਂ ਕੀ ਤੁਸੀਂ ਸਮਝਦੇ ਹੋ ਕਿ ਇਸ ਕਮੇਟੀ ਦੇ ਗਠਨ ਨਾਲ ਮਸਲਾ ਹੱਲ ਹੋ ਜਾਵੇਗਾ; ਤਾਂ ਉਨ੍ਹਾਂ ਕਹਿ ਦਿੱਤਾ ਕਿ ਇਨ੍ਹਾਂ ਦੇ ਰੱਦ ਕਰਨ ਨਾਲ ਕੋਈ ਫਰਕ ਨਹੀਂ ਪੈਣਾਂ, ਕਮੇਟੀ ਵਿੱਚ ਦੋਵਾਂ ਧਿਰਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ। ਜਦ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਦੀ ਹਾਮੀ ਕਿਸੇ ਇੱਕ ਵੀ ਜਥੇਬੰਦੀ ਦੇ ਨੁੰਮਾਇੰਦੇ ਦਾ ਨਾਮ ਦੱਸਣ ਲਈ ਕਿਹਾ ਤਾਂ ਉਹ ਦੱਸ ਨਾ ਸਕੇ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ (ਨਨਕਾਣਾ ਸਾਹਿਬ) ਸਿੱਖ ਪੰਥ ਵਿੱਚ ਅਹਿਮ ਸਥਾਨ ਰੱਖਦੀ ਹੈ; ਤੁਸੀਂ ਉਸ ਦਾ ਇੱਕ ਨੁੰਮਾਇੰਦਾ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ ਸ਼ਾਇਦ ਇਸ ਕਰਕੇ ਕਿ ਤੁਸੀਂ ਉਸ ਕਮੇਟੀ ਨੂੰ ਨਾਨਕਸ਼ਾਹੀ ਕੈਲੰਡਰ ਦੀ ਹਮਾਇਤੀ ਸਮਝਦੇ ਹੋ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਹਮਾਇਤੀ ਸੰਤ ਸਮਾਜ ਦੇ ਦੋ ਮੈਂਬਰ ਸ਼ਾਮਲ ਕਰਨ ਤੋਂ ਇਲਾਵਾ ਨਿਰਮਲਾ ਭੇਖ ਅਤੇ ਨਿਹੰਗ ਸਿੰਘਾਂ ਵਿੱਚੋਂ ਵੀ ਨੁੰਮਾਇੰਦੇ ਸ਼ਾਮਲ ਕਰ ਲਏ ਲਏ ਗਏ ਹਨ। ਇਸ ਦੇ ਜਵਾਬ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਮੰਨਿਆ ਕਿ ਪਾਕਿਸਤਾਨ ਕਮੇਟੀ ਦਾ ਨੁੰਮਇੰਦਾ ਲੈ ਲੈਣਾ ਚਾਹੀਦਾ ਸੀ, ਪਰ ਇਹ ਉਸ ਸਮੇਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਹੁਣ ਪਾਕਿਸਤਾਨ ਕਮੇਟੀ ਨੂੰ ਨੁੰਮਾਇੰਦਗੀ ਦੇਣ ਲਈ ਵੀਚਾਰ ਕੀਤਾ ਜਾ ਸਕਦਾ ਹੈ; ਤਾਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵੀਚਾਰ ਕਰ ਲਈ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top