Share on Facebook

Main News Page

ਰਿਸ਼ਤੇ ਹਵਾ ਕੇ ਸਾਥ ਭੀ ਪੁਰਾਣੇ ਹੈਂ ਮਗਰ ਚਿਰਾਗ ਤੋ ਹਰ ਹਾਲ ਮੇਂ ਜਲਾਨੇ ਹੈਂ
ਮੁਫ਼ਤੀ ਬਨਾਮ ਬਾਦਲ !
-:
ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿਆਸਤ ਵਿੱਚ ਕੋਈ ਵੀ ਪੱਕਾ ਦੁਸ਼ਮਨ ਜਾਂ ਦੋਸਤ ਨਹੀਂ ਹੁੰਦਾ ਹਮੇਸ਼ਾਂ ਮੁਫਾਦਾਂ ਨੂੰ ਲੈ ਕੇ ਦੋਸਤੀਆਂ ਬਣਦੀਆਂ ਅਤੇ ਮੁਫਾਦਾਂ ਤੇ ਆ ਕੇ ਹੀ ਟੁੱਟ ਜਾਂਦੀਆਂ ਹਨ। ਅਜਿਹਾ ਵਰਤਾਰਾ ਅਸੀਂ ਹਰ ਰੋਜ਼ ਦੀ ਸਿਆਸਤ ਵਿੱਚ ਅਕਸਰ ਵੇਖ ਰਹੇ ਹਾਂ, ਇੱਕ ਪਾਰਟੀ ਜਿਹੜੀ ਦੂਜੀ ਪਾਰਟੀ ਦੇ ਖਿਲਾਫ਼ ਅੱਗ ਉਗਲਦੀ ਹੈ ਅਤੇ ਉਸ ਨੂੰ ਦੇਸ਼ ਵਿਰੋਧੀ, ਲੋਕ ਵਿਰੋਧੀ ਹੋਣ ਦੇ ਫਤਵੇ ਦਿੱਤੇ ਜਾਂਦੇ ਹਨ, ਲੇਕਿਨ ਲੋੜ ਪੈਣ ਉੱਤੇ ਜਾਂ ਕਿਸੇ ਦੂਸਰੀ ਚੋਣ ਵਿੱਚ ਜਦੋਂ ਕਿਸੇ ਮੁਫਾਦ ਨੂੰ ਲੈ ਕੇ ਇੱਕਠੇ ਹੋਣਾ ਪੈ ਜਾਵੇ ਤਾਂ ਇੱਕ ਦੂਜੇ ਦੇ ਸੋਹਲੇ ਗਾਏ ਜਾਂਦੇ ਹਨ। ਇਸ ਵਿੱਚ ਸਮਝਣ ਅਤੇ ਵੇਖਣ ਵਾਲੀ ਇੱਕੋ ਹੀ ਹੁੰਦੀ ਹੈ ਕਿ ਅਜਿਹੇ ਮੁਫਾਦਾਂ ਨੂੰ ਲੈ ਕੇ ਬਣੇ ਗਠਜੋੜਾਂ ਵਿੱਚ ਕੌਣ ਕੀਹ ਖੱਟ ਰਿਹਾ ਹੈ ਅਤੇ ਕਿਸਨੇ ਕੀਹ ਗਵਾਇਆ ਹੈ। ਅਜਿਹੇ ਲੇਖੇ ਜੋਖੇ ਤੋਂ ਕੌਮ ਦੀ ਅਗਵਾਈ ਕਰ ਰਹੇ ਲੋਕਾਂ ਦੀ ਕੌਮ ਪ੍ਰਸਤੀ ਦੀ ਭਾਵਨਾਂ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ।

ਭਾਰਤ ਅੰਦਰ ਪਿਛਲੇ ਕੁੱਝ ਸਮੇਂ ਤੋਂ ਕਿਸੇ ਪਾਰਟੀ ਨੂੰ ਪੂਰਨ ਬਹੁਮੱਤ ਨਾ ਮਿਲਣ ਕਰਕੇ ਕੇਂਦਰੀ ਹਕੂਮਤ ਵਿੱਚ ਗਠਜੋੜ ਦੀਆਂ ਸਰਕਾਰਾਂ ਬਣਾਉਣ ਦਾ ਅਮਲ ਆਰੰਭ ਹੋਇਆ ਸੀ। ਇੱਕ ਪਾਸੇ ਯੂ.ਪੀ.ਏ. ਅਤੇ ਦੂਜੇ ਐਨ.ਡੀ.ਏ. ਜਿਹਨਾਂ ਨੇ ਆਪਣੇ ਆਪਣੇ ਮੁਫਾਦਾਂ ਮੁਤਾਬਕ ਅੱਗੋਂ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਜੋੜਿਆ। ਅਜਿਹਾ ਸਿਲਸਲਾ ਪਿਛਲੇ ਕੁੱਝ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ। ਬੇਸ਼ੱਕ ਹੁਣ ਬੀ.ਜੇ.ਪੀ. ਕੋਲ ਪੂਰਨ ਬਹੁਮੱਤ ਹੈ ਲੇਕਿਨ ਕਿਸੇ ਮੁਫ਼ਾਦ ਕਰਕੇ ਫ਼ਿਰ ਵੀ ਗੱਠਜੋੜ ਸਰਕਾਰ ਹੈ। ਦਾਸ ਲੇਖ਼ਕ ਨੇ ਪਹਿਲਾਂ ਵੀ ਬਹੁਤ ਸਾਰੇ ਲੇਖਾਂ ਵਿੱਚ ਜ਼ਿਕਰ ਕੀਤਾ ਹੈ ਕਿ ਬਾਕੀ ਸਾਰੇ ਭਾਰਤ ਨਾਲੋਂ ਪੰਜਾਬ ,ਜੰਮੂ ਕਸ਼ਮੀਰ ਅਤੇ ਬੰਗਾਲ ਦੀ ਰਾਜਨੀਤੀ ਵੱਖਰੀ ਹੈ। ਇੱਕ ਤਾਂ ਇਹ ਸਰਹੱਦੀ ਸੂਬੇ ਹਨ। ਦੂਸਰਾ ਇਹਨਾਂ ਸੂਬਿਆਂ ਨਾਲ 1947 ਤੋਂ ਲੈ ਕੇ ਹੀ ਕੁੱਝ ਮਾਮਲਿਆਂ ਵਿੱਚ ਘੋਰ ਵਿਤਕਰਾ ਅਤੇ ਅਨਿਆ ਹੁੰਦਾ ਆ ਰਿਹਾ ਹੈ। ਜਿਸ ਕਰਕੇ ਇਹਨਾਂ ਸੂਬਿਆਂ ਦੀਆਂ ਕੁੱਝ ਵੱਖਰੀਆਂ ਮੰਗਾਂ ਹਨ ਅਤੇ ਖਾਸ ਕਰਕੇ ਪੰਜਾਬ ਵਿੱਚ ਦੇਸ਼ ਦੀ ਸਭ ਤੋਂ ਘੱਟ ਗਿਣਤੀ ਸਿੱਖ ਕੌਮ ਦਾ ਅਧਾਰ ਹੈ ਅਤੇ ਜੰਮੂ ਕਸ਼ਮੀਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਮੁਸਲਿਮ ਇਲਾਕਾ ਹੈ।

ਪੰਜਾਬ ਅਤੇ ਕਸ਼ਮੀਰ ਦੇ ਮੁੱਦਿਆਂ ਵਿੱਚ ਬਹੁਤ ਸੁਮੇਲਤਾ ਹੈ। ਕਸ਼ਮੀਰੀ ਵੀ ਆਜ਼ਾਦੀ ਨਾਲ ਜਿਉਣਾ ਚਾਹੁੰਦੇ ਹਨ ਅਤੇ ਪੰਜਾਬੀ ਸਿੱਖ ਵੀ, ਕਿਉਂਕਿ ਸਿੱਖਾਂ ਨਾਲ ਤਾਂ 1929 ਦੀ ਰਾਵੀ ਕਾਨਫਰੰਸ ਵਿੱਚ ਵਾਹਦਾ ਵੀ ਕੀਤਾ ਸੀ ਕਿ ਅਜਾਦ ਭਾਰਤ ਦੇ ਉੱਤਰ ਵਿੱਚ ਸਿੱਖਾਂ ਨੂੰ ਇੱਕ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਹੁਣ ਆਪਾਂ ਸਾਰੇ ਜਾਣਦੇ ਹੀ ਹਾਂ ਜੋ ਨਿੱਘ ਹੁਣ ਤੱਕ ਸਿੱਖਾਂ ਨੇ ਮਾਣਿਆ ਹੈ। ਕਸ਼ਮੀਰੀ ਤਾਂ ਫਿਰ ਵੀ ਚੰਗੇ ਰਹੇ ਕਿ ਧਾਰਾ 370 ਨੂੰ ਲਾਗੂ ਕਰਵਾ ਗਏ, ਪਰ ਪੰਜਾਬ ਤਾਂ ਉਸ ਹੀ ਮੰਦਹਾਲੀ ਵਿੱਚ ਦਿਹਾੜੇ ਕੱਟ ਰਿਹਾ ਹੈ।

ਨੁਕਸਾਨ ਦੇ ਮਾਮਲੇ ਵਿੱਚ ਹੀ ਪੰਜਾਬੀ ਅਤੇ ਕਸ਼ਮੀਰੀ ਇੱਕੋ ਜਿਹੇ ਹੀ ਭਾਈਵਾਲ ਹਨ। ਹਜ਼ਾਰਾਂ ਬੇਗੁਨਾਹ ਸਿੱਖ ਬੱਚੇ ਭਾਰਤੀ ਨਿਜ਼ਾਮ ਨੇ ਅੱਤਵਾਦੀ ਆਖ ਕੇ ਪੰਜ਼ਾਬ ਵਿੱਚ ਮਾਰ ਦਿੱਤੇ ਅਤੇ ਹੁਣ ਹਜ਼ਾਰਾਂ ਮੁਸਲਮਾਨ ਮੁਜਾਹਦੀਨ ਆਖ ਆਖ ਕੇ ਕਸ਼ਮੀਰ ਵਿੱਚ ਮਾਰੇ ਜਾ ਰਹੇ ਹਨ। ਦੋਹਾਂ ਸੂਬਿਆਂ ਦੇ ਲੋਕ ਕਦੇ ਕਿਸੇ ਮਗਰ ਭੱਜਦੇ ਹਨ, ਕਦੇ ਕਿਸੇ ਮਗਰ ਭੱਜਦੇ ਹਨ, ਲੇਕਿਨ ਪੱਲੇ ਕੋਈ ਵੀ ਕੁੱਝ ਨਹੀਂ ਪਾ ਰਿਹਾ ਸੀ। ਇਸ ਵਾਰ ਕਸ਼ਮੀਰ ਦੇ ਲੋਕਾਂ ਨੇ ਆਪਣਾ ਵਾਰਿਸ ਲੱਭ ਹੀ ਲਿਆ ਜੇ ਕਿਤੇ ਉਹ ਵੀ ਪੰਜਾਬੀਆਂ ਵਾਂਗੂੰ ਕਿਸੇ ਝਾੜੂ ਦੀ ਲਪੇਟ ਵਿੱਚ ਆ ਜਾਂਦੇ ਤਾਂ ਜੋ ਅੱਜ ਹੋ ਰਿਹਾ ਹੈ ਅਜਿਹਾ ਕਦੇ ਵੀ ਨਹੀਂ ਹੋਣਾ ਸੀ।

ਕਸ਼ਮੀਰੀ ਲੋਕਾਂ ਨੇ ਪਹਿਲੀ ਵਾਰ ਅਕਲਮੰਦੀ ਤੋਂ ਕੰਮ ਲੈਂਦਿਆਂ ਆਪਣੇ ਰਹਿਨੁਮਾ ਜਨਾਬ ਮੁਫ਼ਤੀ ਮਹੁੰਮਦ ਸਈਅਦ ਨੂੰ ਚੁਣਿਆ ਹੈ। ਚੁਣਦੇ ਤਾਂ ਪਹਿਲਾਂ ਵੀ ਅਬਦੁੱਲਾ ਪਰਿਵਾਰ ਵਿਚੋਂ ਸਨ, ਜਿਵੇ ਅਸੀਂ ਵੀ ਹਰ ਵਾਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਚੁਣਦੇ ਹਾਂ, ਲੇਕਿਨ ਉਹਨਾਂ ਨੇ ਵੋਟਾਂ ਲੈ ਕੇ ਰਾਜਸੀ ਸੁੱਖ ਤਾਂ ਬਹੁਤ ਮਾਣੇ ਹਨ, ਪਰ ਆਪਣੀ ਕੌਮ ਜਾਂ ਸੂਬੇ ਦਾ ਕਦੇ ਕੁੱਝ ਨਹੀਂ ਸੰਵਾਰਿਆ ਸੀ। ਜਨਾਬ ਅਮਰ ਅਬਦੁੱਲਾ ਜਿਹੜਾ ਤਿੰਨ ਪੀੜੀਆਂ ਤੋਂ ਪੁਸ਼ਤੈਨੀ ਸਿਆਸਤਦਾਨ ਹੈ, ਪਰ ਉਹ ਕਿਸੇ ਨਾ ਕਿਸੇ ਤਰਾਂ ਭਾਰਤੀ ਨਿਜ਼ਾਮ ਦਾ ਹਮਖਿਆਲ ਪਰਿਵਾਰ ਹੈ। ਚੋਣਾਂ ਤੋਂ ਪਹਿਲਾਂ ਦਿਲ ਟੁੰਬਵੀਆਂ ਤਕਰੀਰਾਂ, ਜਿੱਤਣ ਤੋਂ ਬਾਅਦ ਲਾਰੇ, ਕਰਾਂਗੇ ਦੇਖਾਂਗੇ, ਪਰ ਇਸ ਵਾਰੀ ਕਸ਼ਮੀਰੀਆਂ ਨੇ ਇੱਕ ਠੋਸ ਫੈਸਲਾ ਲਿਆ ਜੇ ਕਿਤੇ ਉਹ ਇਹ ਸੋਚਦੇ ਕਿ ਕੋਈ ਆਮ ਆਦਮੀ ਪਾਰਟੀ ਵਾਲੇ ਕਿਤੋਂ ਲੱਭ ਕੇ ਲਿਆਈਏ ਤਾਂ ਸਾਡਾ ਭਲਾ ਹੋਵੇਗਾ ਤਾਂ ਘੱਟੋ ਘੱਟ ਵੀਹ ਸਾਲ ਪਿਛੇ ਪੈ ਜਾਂਦੇ, ਲੇਕਿਨ ਅੱਜ ਉਹਨਾਂ ਲੋਕਾਂ ਨੂੰ ਆਪਣੀਆਂ ਪਾਈਆਂ ਵੋਟਾਂ ਦਾ ਸਵਾਦ ਆ ਰਿਹਾ ਹੈ।

ਜਨਾਬ ਮੁਫ਼ਤੀ ਮਹੁੰਮਦ ਸਈਅਦ ਦੀ ਪਾਰਟੀ ਨੂੰ ਬੇਸ਼ੱਕ ਪੂਰਨ ਬਹੁਮੱਤ ਨਹੀਂ ਮਿਲਿਆ ਅਤੇ ਉਹਨਾਂ ਨੂੰ ਸਰਕਾਰ ਬਣਾਉਣ ਵਾਸਤੇ ਬੀ.ਜੇ.ਪੀ. ਦਾ ਸਹਾਰਾ ਲੈਣਾ ਪਿਆ ਤਾਂ ਲੋਕਾਂ ਦੀ ਜ਼ੁਬਾਨ ਉੱਤੇ ਬੜੇ ਚਰਚੇ ਸਨ ਕਿ ਜਨਾਬ ਮੁਫ਼ਤੀ ਜੀ ਬੀ.ਜੇ.ਪੀ.ਨਾਲ ਭਾਈਵਾਲੀ ਪਾ ਕੇ ਅਜਗਰ ਦੇ ਮੂੰਹ ਵਿੱਚ ਚਲੇ ਗਏ ਹਨ, ਲੇਕਿਨ ਉਹਨਾਂ ਵੱਲੋਂ ਲਏ ਦਲੇਰੀ ਭਰਪੂਰ ਅਤੇ ਕੌਮੀ ਹਿੱਤਾਂ ਵਾਲੇ ਫੈਸਲਿਆਂ ਨੇ, ਸਭ ਦੀ ਬੋਲਤੀ ਬੰਦ ਕਰਕੇ ਰੱਖ ਦਿੱਤੀ ਹੈ। ਅੱਜ ਵਿਰੋਧੀਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ ਹਨ। ਬੀ.ਜੇ.ਪੀ. ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣਾ ਕੇ ਰੱਖ ਦਿੱਤੀ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਜ ਅਬਦੁੱਲਾ ਪਰਿਵਾਰ ਤੋਂ ਸ਼ੇਰ-ਏ-ਕਸ਼ਮੀਰ ਦਾ ਰੁੱਤਬਾ ਖਿਸਕ ਕੇ ਜਨਾਬ ਮੁਫ਼ਤੀ ਕੋਲ ਖੁਦ ਹੀ ਚਲਾ ਗਿਆ ਹੈ।

ਜੋ ਕੁੱਝ ਜਨਾਬ ਮੁਫ਼ਤੀ ਕਰ ਰਹੇ ਹਨ, ਉਹ ਉਹਨਾਂ ਨੇ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਦੇ ਉਲਟ ਕੁੱਝ ਨਹੀਂ ਕੀਤਾ, ਸਗੋਂ ਸੰਵਿਧਾਨਿਕ ਸੁੱਚਮਤਾ ਅਤੇ ਕਾਨੂੰਨੀ ਬਰਾਬਰੀ ਦਾ ਕਸ਼ਮੀਰੀਆਂ ਨੂੰ ਅਹਿਸਾਸ ਕਰਵਾ ਦਿੱਤਾ ਹੈ। ਨਾਲ ਨਾਲ ਭਾਰਤ ਵਿੱਚਲੇ ਕੁੱਝ ਉਹਨਾਂ ਸੂਬਿਆਂ ਨੂੰ, ਜਿਹੜੇ ਵਿਤਕਰੇ ਸਹਿੰਦੇ ਸਹਿੰਦੇ ਗੁਲਾਮਾਂ ਵਰਗੀ ਜਿੰਦਗੀ ਜਿਉਣ ਦੇ ਆਦੀ ਹੋ ਗਏ ਹਨ, ਨੂੰ ਸੇਧ ਵੀ ਦਿੱਤੀ ਹੈ। ਉਹਨਾਂ ਨੇ ਸਿਰਫ ਇਹ ਹੀ ਕੀਤਾ ਹੈ ਕਿ ਜਿਹੜੇ ਭਾਰਤੀ ਨਿਜ਼ਾਮ ਨੇ ਆਪਣੇ ਹੱਥ ਠੋਕੇ ਰਾਜਨੀਤੀਵਾਨਾਂ ਤੋਂ ਵਿਰੋਧੀ ਖਿਆਲਾਂ ਵਾਲੇ ਲੋਕਾਂ ਨੂੰ ਬਿਨਾਂ ਵਜਾ ਜੇਲ੍ਹਾਂ ਵਿੱਚ ਡੱਕ ਰੱਖਿਆ ਹੈ, ਜਿਸ ਨਾਲ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ਼ ਉਠ ਜਾਂਦਾ ਹੈ ਅਤੇ ਦੂਸਰਾ ਸਰਕਾਰ ਦਾ ਖਰਚਾ ਵੀ ਵਧ ਜਾਂਦਾ ਨੂੰ ਰਿਹਾ ਕਰਕੇ ਸੰਵਿਧਾਨ ਦਾ ਸਤਿਕਾਰ ਕੀਤਾ ਹੈ ਅਤੇ ਕਾਨੂੰਨ ਦਾ ਠੀਕ ਇਸਤੇਮਾਲ ਕੀਤਾ ਹੈ। ਭਾਰਤੀ ਸੰਵਿਧਾਨ ਹਰ ਇੱਕ ਨੂੰ ਆਪਣੇ ਅਜਾਦ ਖਿਆਲ ਪ੍ਰਗਟ ਕਰਨ ਦੀ ਆਗਿਆ ਦਿੰਦਾ ਹੈ, ਫਿਰ ਲੋਕਾਂ ਨੂੰ ਇਹ ਲਾਭ ਲੈਣ ਤੋਂ ਕਿਉਂ ਰੋਕਿਆ ਜਾਵੇ?

ਜਨਾਬ ਮੁਫ਼ਤੀ ਨੇ ਆਪਣੇ ਸੂਬੇ ਦੇ ਡੀ.ਜੀ.ਪੀ. ਸ੍ਰੀ ਕੇ. ਰਾਜਿੰਦਰ ਕੁਮਾਰ ਨੂੰ ਹੁਕਮ ਕੀਤਾ ਹੈ ਕਿ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਕਰ ਦਿੱਤੀ ਜਾਵੇ ਅਤੇ ਪਹਿਲੀ ਸਰਕਾਰ ਵੱਲੋਂ ਜੇਲ੍ਹੀਂ ਡੱਕੇ ਲੋਕਾਂ ਦੇ ਖਿਲਾਫ਼ ਬੇਸ਼ੱਕ ਜਿੰਨੇ ਵੀ ਮਰਜ਼ੀ ਸੰਗੀਨ ਮਾਮਲੇ ਸਨ ,ਦੀ ਪ੍ਰਵਾਹ ਕੀਤੇ ਬਿਨਾਂ ਜੰਗ ਛੇੜਣ ਸਣੇ, ਦਰਜ ਦਰਜਨਾਂ ਮਾਮਲਿਆਂ ਅਧੀਨ ਨਜਰ ਬੰਦ, 10 ਲੱਖ ਰੁਪਏ ਦਾ ਇਨਾਮੀ ਕਸ਼ਮੀਰੀ ਨੇਤਾ ਮਸੱਰਤ ਆਲਮ ਨੂੰ ਰਿਹਾਅ ਕਰ ਦਿੱਤਾ ਹੈ। ਜਿਹੜਾ ਕਿ ਗਰਮ-ਖਿਆਲੀ ਨੇਤਾ ਸਈਅਦ ਅਲੀਸ਼ਾਹ ਗਿਲਾਨੀ ਦਾ ਨੇੜਲਾ ਮੰਨਿਆ ਜਾਂਦਾ ਸੀ। ਉਸਨੂੰ ਬਾਰਾਮੁੱਲਾ ਜ਼ਿਲ੍ਹਾ ਜੇਲ੍ਹ ਵਿੱਚੋਂ ਸਿੱਧਾ, ਸ਼ਹੀਦਗੰਜ ਥਾਣੇ ਲਿਜਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ, ਕੋਈ ਜਮਾਨਤ ਨਹੀਂ ਭਰਵਾਈ, ਇਸ ਨੂੰ ਆਖਦੇ ਹਨ ਰਾਜ ਸ਼ਕਤੀ ਇੱਥੇ ਗੱਠਜੋੜ ਦੀ ਸਰਕਾਰ ਦਾ ਕੋਈ ਫਰਕ ਨਹੀਂ ਪਿਆ।

ਕੁੱਝ ਲੋਕਾਂ ਵੱਲੋਂ ਮਲਵੀ ਜੀਭ ਨਾਲ ਕੀਤੀ ਗਈ ਨੁਕਤਾਚੀਨੀ ਦਾ ਜਵਾਬ ਦਿੰਦਿਆਂ, ਪੀ. ਡੀ. ਪੀ. ਦੀ ਆਗੂ ਮਹਿਬੂਬਾ ਮੁਫਤੀ ਨੇ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਸੂਬਾ ਸਰਕਾਰ ਨੇ ਵੇਖਣਾ ਹੈ ਕਿ ਉਸ ਨੇ ਕਿਸ ਸਿਆਸੀ ਆਗੂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਨਾ ਹੈ ਅਤੇ ਕਿਸ ਨੂੰ ਨਹੀਂ ਕਰਨਾ। ਸਗੋਂ ਬੀ.ਜੇ.ਪੀ. ਨੂੰ ਨਾਲ ਸਹਿਮਤ ਕਰਨ ਵਾਸਤੇ ਉਹਨਾਂ ਕਿਹਾ ਕਿ ਪੀ ਡੀ ਪੀ-ਭਾਜਪਾ ਗੱਠਜੋੜ ਸਰਕਾਰ ਸਾਰੇ ਆਗੂਆਂ ਨੂੰ ਨਾਲ ਲੈ ਕੇ ਸੂਬੇ ਅੰਦਰ ਅਮਨ-ਸ਼ਾਂਤੀ ਲਿਆਉਣਾ ਚਾਹੁੰਦੀ ਹੈ। ਇਸ ਵਾਸਤੇ ਆਲਮ ਦੀ ਰਿਹਾਈ ਨਾਲ ਅਮਨ ਕਾਨੂੰਨ ਵਿਵਸਥਾ ਦੇ ਵਿਗੜਨ ਦੀ ਕੋਈ ਸੰਭਾਵਨਾ ਨਹੀਂ ਹੈ।

ਹੁਣ ਗੱਲ ਕਰੀਏ ਇੱਕ ਪਤੀ ਪਤਨੀ ਦੇ ਰਿਸ਼ਤੇ ਵਾਲੇ ਬਾਦਲ ਦਲ ਅਤੇ ਬੀ.ਜੇ.ਪੀ. ਗੱਠਜੋੜ ਦੀ ਜਿਹੜਾ ਕਿੰਨੇ ਸਮੇ ਤੋਂ ਸਿੱਖਾਂ ਅਤੇ ਪੰਜਾਬੀਆਂ ਨੂੰ ਮੂਰਖ ਬਣਾਉਂਦਾ ਆ ਰਿਹਾ ਹੈ। ਕਦੇ ਸਾਡੀ ਕੇਂਦਰ ਵਿੱਚ ਸਰਕਾਰ ਨਹੀਂ, ਕਦੇ ਸੁਪਰੀਮ ਕੋਰਟ ਨੇ ਪਬੰਦੀ ਲਾਈ ਹੋਈ ਹੈ, ਅਸਲ ਵਿੱਚ ਕਰਨਾ ਕੁੱਝ ਵੀ ਨਹੀਂ ਹੈ। ਸਿਰਫ ਗੱਲਾਂ ਮਾਰਕੇ ਵੋਟਾਂ ਲੈਣੀਆਂ ਹਨ, ਉਹ ਮਿਲ ਗਈਆਂ ਤਾਂ ਤੂੰ ਕੌਣ ਮੈਂ ਕੌਣ। ਅਦਾਰਾ ਪਹਿਰੇਦਾਰ ਵੱਲੋਂ ਨੱਬੇ ਲੱਖ ਸਿੱਖਾਂ ਦੇ ਦਸਤਖਤ ਕਰਵਾਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਖਤਮ ਕਰਨ ਵਾਸਤੇ ਜੋ ਬੇਨਤੀ ਕੀਤੀ ਸੀ। ਭਾਰਤ ਸਰਕਾਰ ਨੇ ਉਸ ਉੱਤੇ ਕਾਰਵਾਈ ਕਰਦਿਆਂ, ਪੰਜਾਬ ਸਰਕਾਰ ਦਾ ਪੱਖ ਪੁੱਛਿਆਂ ਤਾਂ ਲੰਬਾ ਸਮਾ ਫਾਇਲ ਰਖਕੇ ਖਾਲੀ ਹੀ ਮੋੜ ਦਿੱਤੀ ਹੈ ਅਤੇ ਸਿੱਖ ਕੈਦੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਹੈ।

ਜੇ ਕੁੱਝ ਸਿੱਖ ਉਮਰ ਕੈਦ ਦੀ ਸਜ਼ਾ ਤੋਂ ਵੱਧ ਕੈਦ ਕੱਟੀ ਬੈਠੇ ਹਨ ਤਾਂ ਉਹਨਾਂ ਦੀ ਰਿਹਾਈ ਵਾਸਤੇ ਸ. ਬਾਦਲ ਆਪਣੇ ਡੀ.ਜੀ.ਪੀ ਤੋਂ ਬਿਆਨਬਾਜ਼ੀ ਕਰਵਾ ਰਹੇ ਕਿ ਰਿਹਾਈ ਨਹੀਂ ਹੋ ਸਕਦੀ। ਇਕ ਪਾਸੇ ਜਨਾਬ ਮੁਫ਼ਤੀ ਡੀ.ਜੀ.ਪੀ. ਨੂੰ ਰਿਹਾਈ ਦੇ ਹੁਕਮ ਦੇ ਰਿਹਾ ਹੈ, ਉਸ ਵਾਸਤੇ ਜਿਹੜਾ 17 ਵਾਰ ਜੇਲ੍ਹ ਜਾ ਚੁੱਕਾ ਹੈ, ਦਸ ਲੱਖ ਦਾ ਇਨਾਮ ਵੀ ਸਿਰ ਉੱਤੇ ਸੀ, ਜਨਾਬ ਮੁਫ਼ਤੀ ਉਸਦੀ ਰਿਹਾਈ ਕਰ ਰਿਹਾ ਹੈ, ਪਰ ਸ. ਬਾਦਲ ਇੱਕ 82 ਸਾਲਾ ਬਜੁਰਗ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾਈਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਬਦਲੇ, ਜੇਲ੍ਹ ਵਿੱਚ ਡੱਕ ਰਿਹਾ ਹੈ। ਇਥੇ ਬੱਸ ਨਹੀਂ ਜੇ ਬਾਪੂ ਖਾਣਾ ਨਹੀਂ ਖਾਣਾ ਚਾਹੁੰਦਾ ਤਾਂ ਜਬਰੀ ਉਸ ਦੇ ਨੱਕ ਵਿੱਚ ਨਾਲੀ ਪਾ ਦਿੱਤੀ ਹੈ, ਹੁਣ ਇਹ ਪਤਾ ਲੱਗਾ ਹੈ ਕਿ ਬਾਪੂ ਖਾਲਸਾ ਨਾਲੀ ਨੂੰ ਵਾਰ ਵਾਰ ਪੱਟ ਦਿੰਦੇ ਸਨ ਅਤੇ ਬਾਦਲ ਨੇ ਬਾਪੂ ਦੀ ਨਾਲੀ ਨੂੰ ਨੱਕ ਨਾਲ ਟਾਂਕੇ ਲਾ ਕੇ ਸਿਉਂ ਦਿੱਤਾ ਹੈ।

ਬਾਦਲ ਦੀਆਂ ਕਾਰਗੁਜ਼ਾਰੀਆਂ ਵੇਖ ਕੇ ਤਾਂ ਖੁਦ ਨੂੰ ਵੀ ਅਕਾਲੀ ਅਖਵਾਉਣ ਤੋਂ ਸ਼ਰਮ ਆਉਂਦੀ ਹੈ, ਪਰ ਫਿਰ ਸੋਚੀਦਾ ਹੈ ਕਿ ਅਕਾਲੀ ਦਲ ਦਾ ਤਾਂ ਕੋਈ ਕਸੂਰ ਨਹੀਂ, ਜੇ ਕਿਤੇ ਪੀ.ਡੀ.ਪੀ ਵਾਂਗੂੰ ਕੋਈ ਜਨਾਬ ਮੁਫ਼ਤੀ ਵਰਗਾ ਆਗੂ ਮਿਲ ਜਾਵੇ ਤਾਂ ਅਕਾਲੀ ਦਲ ਆਪੇ ਪੰਥਕ ਲੀਹਾਂ ਉੱਤੇ ਆ ਜਾਵੇਗਾ। ਇਸ ਵਾਸਤੇ ਪੰਜਾਬ ਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਵੀ ਪੰਜਾਬ ਵਿੱਚੋਂ ਹੀ ਕਿਸੇ ਅਜਿਹੇ ਆਗੂ ਦੀ ਤਲਾਸ਼ ਕਰਨੀ ਚਾਹੀਦੀ ਹੈ।

ਅੱਜ ਬੇਸ਼ੱਕ ਜਨਾਬ ਮੁਫ਼ਤੀ ਦੀ ਪਾਕਿਸਤਾਨ ਦਾ ਧੰਨਵਾਦ ਅਤੇ ਕਸ਼ਮੀਰੀਆਂ ਦੀ ਰਿਹਾਈ ਨੂੰ ਲੈ ਕੇ ਕੁੱਝ ਹਿੰਦੂ ਜਥੇਬੰਦੀਆਂ ਨਿੰਦਿਆਂ ਕਰ ਰਹੀਆਂ ਹਨ, ਪਰ ਉਹਨਾਂ ਨੂੰ ਭੁੱਲ ਗਿਆ ਹੈ ਕਿ ਮਿਸਟਰ ਬਰਾਕ ਉਬਾਮਾ ਦੀ ਫੇਰੀ ਵੇਲੇ ਤਾਂ ਸਾਰਾ ਭਾਰਤੀ ਭਗਵਾ ਮੀਡੀਆ ਜੋਰ ਲਾ ਕੇ ਆਖ ਰਿਹਾ ਸੀ ਕਿ ਉਬਾਮਾਂ ਨੇ ਪਾਕਿਸਤਾਨ ਕੋ ਕਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਕੇ ਦੌਰੇ ਪਰ ਸੀਮਾ ਪਾਰ ਸੇ ਕੋਈ ਗੜਬੜੀ ਨਾ ਹੋ, ਪਰ ਜੇ ਹੁਣ ਮੁਫ਼ਤੀ ਨੇ ਧੰਨਵਾਦ ਕਰ ਦਿੱਤਾ ਤਾਂ ਮਿਰਚਾ ਕਿਉਂ ਲੱਗਦੀਆਂ ਹਨ।

ਕੁੱਝ ਵੀ ਹੋਵੇ ਅੱਜ ਇੱਕ ਗੱਲ ਸਾਫ਼ ਹੈ ਕਿ ਪੰਜਾਬ ਆਗੂ ਵਿਹੂਣਾ ਹੈ, ਗਠਜੋੜ ਜਾਂ ਪਾਰਟੀਆਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਜਨਾਬ ਮੁਫ਼ਤੀ ਮੁਹੰਮਦ ਸਈਅਦ ਨੇ ਸਾਰੇ ਭਰਮ ਤੋੜ ਦਿੱਤੇ ਹਨ ਕਿਸੇ ਵੀ ਆਗੂ ਅੰਦਰ ਕੌਮ ਪ੍ਰਸਤੀ ਦੀ ਦ੍ਰਿੜ ਭਾਵਨਾਂ ਹੋਣੀ ਚਾਹੀਦੀ ਹੈ। ਸਿੱਖਾਂ ਨੂੰ ਇਸ ਸਮੇ ਇੱਕ ਮਜਬੂਤ ਆਗੂ ਦੀ ਲੋੜ ਹੈ, ਜਿਹੜਾ ਮੁਫ਼ਤੀ ਦੀ ਫੁਰਤੀ ਨਾਲ ਕੰਮ ਕਰੇ। ਗਠਜੋੜ ਕਿਸੇ ਨਾਲ ਰੱਖੇ, ਪਰ ਜੋ ਕਰੇ ਆਪਣੀ ਕੌਮ ਅਤੇ ਆਪਣੇ ਸੂਬੇ ਦੀਆਂ ਭਾਵਨਾਵਾਂ ਦੇ ਅਧੀਨ ਕੌਮੀ ਮੁਫਾਦਾਂ ਨੂੰ ਮੁੱਖ ਰੱਖਕੇ ਹੀ ਕਰੇ। ਪੰਜਾਬ ਦੇ ਸਿੱਖਾਂ ਖਾਸ ਕਰਕੇ ਨੌਜਵਾਨਾਂ ਨੂੰ ਵੀ ਕਿਸੇ ਝਾੜੂ ਜਾਂ ਟੋਪੀ ਦੀ ਉਮੀਦ ਲਾਹ ਕੇ ਆਪਣੇ ਵਿੱਚੋਂ ਹੀ ਇੱਕ ਕੌਮੀ ਸਿੱਖ ਆਗੂ ਪੈਦਾ ਕਰਨਾ ਚਾਹੀਦਾ ਹੈ, ਜਿਹੜਾ ਕੌਮ ਦੇ ਮਸਲਿਆਂ ਦੀ ਗੱਲ ਕਰਨ ਵੇਲੇ ਕਿਸੇ ਵੀ ਵੱਡੇ ਗਠਜੋੜ ਨੂੰ ਆਖਣ ਦੀ ਹਿੰਮਤ ਰੱਖਦਾ ਹੋਵੇ ਕਿ ‘ਰਿਸ਼ਤੇ ਹਵਾ ਕੇ ਸਾਥ ਭੀ ਪੁਰਾਣੇ ਹੈਂ ਮਗਰ ਚਿਰਾਗ ਤੋ ਹਰ ਹਾਲ ਮੇਂ ਜਲਾਨੇ ਹੈਂ’ ਰੱਬ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top