Share on Facebook

Main News Page

ਬੰਡੂਗਰ ਜੀ ਬੋਲੋ ਤੁਸੀਂ ਵੀ !!!
2003 ਵਿਚ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਵਾਲੇ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਨੇ ਚੁੱਪੀ ਕਿਉਂ ਧਾਰੀ ?
-: ਤਰਲੋਚਨ ਸਿੰਘ ‘ਦੁਪਾਲਪੁਰ’
001-408-915-1268

ਸੱਤਾਂ ਸਾਲਾਂ ਤੋਂ ਨਿਰ-ਵਿਵਾਦ ਲਾਗੂ ਚਲੇ ਆ ਰਹੇ ਨਾਨਕਸ਼ਾਹੀ ਕੈਲੰਡਰ ਨੂੰ, ਜਦੋਂ ਦਾ ਸੰਨ 2010 ਤੋਂ ‘ਸੋਧਾ’ ਦੇ ਨਾਂ ਹੇਠ ਵਿਗਾੜ ਕੇ ‘ਮਿਲਗੋਭਾ ਕੈਲੰਡਰ’ ਬਣਾਇਆ ਗਿਆ ਹੈ, ਉਦੋਂ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਜਾਗਰੂਕ ਜਥੇਬੰਦੀਆਂ ਅਤੇ ਸਿੱਖੀ ਦੀ ਵਿਲੱਖਣਤਾ ਦੀਆਂ ਹਾਮੀ ਸਿੱਖ ਸੰਗਤਾਂ ਮੂਲ ਨਾਨਕਸ਼ਾਹੀ ਕੈਲੰਡਰ ਦੀ ਮੁੜ ਬਹਾਲੀ ਲਈ ਸਿਰਤੋੜ ਯਤਨ ਕਰ ਰਹੀਆਂ ਹਨ। ਕੋਈ ਇਸ ਕੈਲੰਡਰ ਦੇ ਹੱਕ ਵਿੱਚ ‘ਮਤੇ’ ਪਾਸ ਕਰਕੇ ਸ਼੍ਰੀ ਅਕਾਲ ਤੱਖਤ ਨੂੰ ਭੇਜ ਰਿਹਾ ਹੈ। ਕਿਤੇ ਰੇਡੀਓ, ਟੀ.ਵੀ. ‘ਟਾਕ ਸ਼ੋਅ’ ਆਯੋਜਿਤ ਹੋ ਰਹੇ ਹਨ ਸੰਸਾਰ ਭਰ ਵਿੱਚ ਸੈਮੀਨਾਰ ਅਤੇ ਵਿਚਾਰ ਗੋਸ਼ਟੀਆਂ ਰਾਹੀਂ ਇਸ ਦੀ ਪ੍ਰੋੜਤਾ ਕੀਤੀ ਜਾ ਰਹੀ ਹੈ। ਪੰਥਕ ਸੋਚ ਨੂੰ ਸਮਰਪਿਤ ਲਿਖਾਰੀ ਤੇ ਕਵੀ ਲੋਕ, ਕਲਮ ਦੀ ਵਰਤੋਂ ਕਰਦਿਆਂ ਸੰਨ 2003 ਵਿੱਚ ਲਾਗੂ ਹੋਏ ਅਸਲ ਕੈਲੰਡਰ ਦੀ ਮਹਾਨਤਾ ਪ੍ਰਗਟਾਉਂਦੀਆਂ ਲਿਖਤਾਂ ਲਿਖੀ ਜਾ ਰਹੇ ਨੇ । ਕੱਝ ਕੁ ਸ਼੍ਰੋਮਣੀ ਕਮੇਟੀ ਮੈਂਬਰ ਵੀ ‘ਦਬਵੀਂ ਜੀਭੇ’ ਇਸ ਦੀ ਹਿਮਾਇਤ ਕਰ ਦਿੰਦੇ ਨੇ।

ਦੁਨੀਆਂ ਭਰ ਤੋਂ ਅਪੀਲਾਂ ਦਲੀਲਾਂ ਦੇ ਥੱਬੇ ਸ੍ਰੀ ਅੰਮ੍ਰਿਤਸਰ ਨੂੰ ਭੇਜੇ ਗਏ ਤੇ ਲਗਾਤਾਰ ਭੇਜੇ ਜਾ ਰਹੇ ਹਨ। ਦਿੱਲੀ ਵਾਲੇ ਸਰਨਾ ਭਰਾ ਵੀ ਆਪਣੇ ਕਾਰਜ ਕਾਲ ਮੌਕੇ ਅਸਲ ਕੈਲੰਡਰ ਦੀ ਹੀ ਪਾਲਣਾ ਕਰਦੇ ਕਰਾਉਂਦੇ ਰਹੇ। ਭਾਵੇਂ ਉਨ੍ਹਾਂ ਨੂੰ ਥਿੜਕਾਉਣ ਲਈ ਬਾਦਲ ਦਲ ਵੱਲੋਂ ਕਈ ਤਰ੍ਹਾਂ ਦੇ ਦਾਅ ਪੇਚ ਵਰਤੇ ਗਏ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਗਲੈਂਡ, ਕੈਨੇਡਾ ਅਤੇ ਹੋਰ ਦੇਸੀ ਵਿਦੇਸ਼ੀ ਗੁਰਦੁਆਰਾ ਕਮੇਟੀਆਂ, ਮੂਲ ਕੈਲੰਡਰ ‘ਤੇ ਹੀ ਪਹਿਰਾ ਦਿੰਦਿਆਂ ਆ ਰਹੀਆਂ ਹਨ। ਮੂਲ ਕੈਲੰਡਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਕਰਨ ਵਾਲੇ ਜਥੇਦਾਰ ਵੇਦਾਂਤੀ ਜੀ ਐਲਾਨੀਆਂ ਇਸ ਕੈਲੰਡਰ ਦੀ ਪ੍ਰੋੜਤਾ ਕਰਦੇ ਰਹਿੰਦੇ ਨੇ। ਹੁਣੇ ਹੁਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਨੰਦਗੜ੍ਹ ਜੀ ਨੇ ਤਾਂ ਮੂਲ ਕੈਲੰਡਰ ਦੀ ਪੈਰਵੀ ਕਰਦਿਆਂ ਆਪਣੇ ਅਹੁੱਦੇ ਦੀ ‘ਬਲੀ’ ਹੀ ਦੇ ਦਿੱਤੀ।

ਲੇਕਿਨ ਇਹ ਦੇਖ ਕੇ ਬੜੀ ਹੈਰਤ ਹੁੰਦੀ ਹੈ ਕਿ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਸ ‘ਪ੍ਰਧਾਨ ਜੀ’ ਦੇ ਸੇਵਾ ਕਾਲ ਸਮੇਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਮਹਾਨ ਕਾਰਜ ਕੀਤਾ ਗਿਆ ਸੀ, ਉਹ ਮਾਨਯੋਗ ਪ੍ਰਧਾਨ ਸਾਹਿਬ ਖਾਮੋਸ਼ੀ ਧਾਰਨ ਕਰੀ ਬੈਠੇ ਨੇ। ਮੇਰੀ ਮੁਰਾਦ ਜਥੇਦਾਰ ਕ੍ਰਿਪਾਲ ਸਿੰਘ ਜੀ ਬਡੂੰਗਰ ਤੋਂ ਹੈ, ਜਿਨ੍ਹਾਂ ਨੇ ਸੰਨ 2003 ਵਿਚ ਅਣਥੱਕ ਕੋਸ਼ਿਸ਼ਾਂ ਕਰਕੇ, ਕੌਮੀ ਵਿਲੱਖਣਤਾ ਦੇ ਪ੍ਰਤੀਕ, ਇਸ ਕੈਲੰਡਰ ਨੂੰ ਜਾਰੀ ਕੀਤਾ ਕਰਵਾਇਆ ਸੀ। ਉਨ੍ਹਾਂ ਦਿਨਾਂ ਵਿਚ ਬਡੂੰਗਰ ਜੀ ਦੇ ਚਿਹਰੇ ‘ਤੇ ਛਾਏ ਹੋਏ ਜਾਹੋ ਜਲਾਲ ਦਾ ਮੈਨੂੰ ਹੁਣ ਤੱਕ ਚੇਤਾ ਹੈ। ਕੈਲੰਡਰ ਲਾਗੂ ਹੋਣ ਉਪਰੰਤ, ਜਲੰਧਰ ਇਕ ਕੋਠੀ ਵਿਚ ਉਨ੍ਹਾਂ ਨਾਲ ਮੇਰੀ ਦੋ ਘੰਟੇ ਲੰਬੀ ਇਕ ਮੀਟਿੰਗ ਵਿਚ ਨਾਨਕਸ਼ਾਹੀ ਕੈਲੰਡਰ ਬਾਬਤ ‘ਖੁਲੀਆਂ ਗੱਲਾਂ’ ਹੋਈਆਂ ਸਨ। ਉਨ੍ਹਾਂ ਦਿਨਾਂ ਵਿਚ ਉਹ ਸਟੇਜਾਂ ਉਤੇ ਜਾਂ ਆਮ ਗੱਲਬਾਤ ਕਰਦਿਆਂ ਬੜੇ ਫਖ਼ਰ ਨਾਲ ਕੈਲੰਡਰ ਦੀ ਸ਼ੋਭਾ ਕਰਿਆ ਕਰਦੇ ਸਨ। ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦਾ ਅਨੇਕ ਥਾਵਾਂ ‘ਤੇ ਇਸ ਕੌਮੀ ਕਾਜ ਲਈ ਸਨਮਾਨ ਵੀ ਕੀਤਾ ਗਿਆ ਸੀ।

ਬਤੌਰ ਮੈਂਬਰ ਐਸ ਜੀ ਪੀ ਸੀ SGPC ਬਡੂੰਗਰ ਜੀ ਨਾਲ ਵਿਚਰਦਾ ਰਿਹਾ ਹੋਣ ਕਰਕੇ, ਮੈਨੂੰ ਇਸ ਗੱਲ ਦਾ ਇਲਮ ਹੈ ਕਿ ਉਹ ਹੋਰ ਜੋ ਕੁਝ ਵੀ ਹੋਣ, ਪਰ ਸਭ ਤੋਂ ਪਹਿਲਾਂ ਉਹ ਇਕ ਸਿੱਖ ਚਿੰਤਕ ਹਨ। ਬਡੂੰਗਰ ਜੀ ਦੀਆਂ ਦੋ ਤਿੰਨ ਕਿਤਾਬਾਂ ਵੀ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਸਿੱਖ ਧਰਮ ਇਤਿਹਾਸ ਬਾਰੇ ਡੂੰਘੀ ਛਾਣ ਬੀਣ ਵਾਲੇ ਉਨ੍ਹਾਂ ਦੇ ਲੇਖ ਵੀ ਅਖ਼ਬਾਰਾਂ ਰਸਾਲਿਆਂ ਵਿਚ ਅਕਸਰ ਛਪਦੇ ਰਹਿੰਦੇ ਹਨ। ਨਾਲ ਦੀ ਨਾਲ ਉਹ ਸਿੱਖ ਸਿਆਸਤ ਦੇ ਕਈ ਚਲੰਤ ਮੁੱਦਿਆਂ ‘ਤੇ ਅਖਬਾਰੀ ਬਿਆਨ ਵੀ ਦਿੰਦੇ ਰਹਿੰਦੇ ਹਨ। ਪਰ ਬੜੇ ਸਿਤਮ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਾਹਮਣੇ, ਸਖ਼ਤ ਘਾਲਣਾ ਘਾਲ ਕੇ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦਾ ‘ਕੀ ਤੋਂ ਕੀ’ ਬਣਾ ਦਿੱਤਾ ਗਿਆ, ਉਨ੍ਹਾਂ ਨੂੰ ਜ਼ਰਾ ਵੀ ਸੇਕ ਨਹੀਂ ਲੱਗਿਆ। ਸ੍ਰੀ ਮਾਨ ਜੀ ਮਾੜਾ ਮੋਟਾ ਕੁਸਕੇ ਵੀ ਨਹੀਂ ਵੱਡੇ ਵੱਡੇ ਲੇਖ ਅਤੇ ਕਿਤਾਬ ਲਿਖਣ ਵਾਲੀ ਉਨ੍ਹਾਂ ਦੀ ਕਲਮ, ਕੈਲੰਡਰ ਦੇ ਹੱਕ ਵਿਚ ‘ਹਾਅ ਦੇ ਨਾਹਰੇ’ ਵਜੋਂ ਦੋ ਹਰਫ਼ ਵੀ ਨਾ ਲਿਖ ਸਕੀ।

ਕੌਮ ਘਾਤੀ ‘ਦੜ ਵੱਟਣ’ ਦਾ ਇਹ ਸ਼ਿਕਵਾ ਭਾਵੇਂ ਸੰਨ 2003 ਵਾਲੇ ਜਨਰਲ ਇਜਲਾਸ ਦੇ ਸਾਰੇ ਮੈਂਬਰਾਂ ਉੱਤੇ ਵੀ ਕੀਤਾ ਜਾਣਾ ਬਣਦਾ ਹੈ। ਪਰ ਮਾਣਯੋਗ ਬਡੂੰਗਰ ਜੀ ‘ਤੇ ਰੋਸ ਜਿਆਦਾ ਆਉਂਦਾ ਹੈ, ਜੋ ‘ਅੰਦਰਲੀ ਅਸਲੀਅਤ’ ਤੋਂ ਬਾਖ਼ੂਬੀ ਜਾਣੂ ਹੋਣ ਦੇ ਬਵਾਜੂਦ, ਚੁੱਪ ਧਾਰਨ ਕਰੀ ਬੈਠੇ ਹਨ। ਸਟੇਜਾਂ ਉਪਰ ਲੈਕਚਰ ਕਰਨ ਵੇਲੇ, ਸਮੇਤ ‘ਪ੍ਰਧਾਨ ਜੀ’ ਦੇ ਇਹ ਸਾਰੇ ਸਿੱਖ ਆਗੂ, ਨਵਾਬ ਮਲੇਰ ਕੋਟਲਾ ਵੱਲੋਂ ਸਰਹੰਦ ਵਿਖੇ ਮੌਕੇ ‘ਤੇ ਬੋਲੇ ਗਏ ਸੱਚ ਦੀ ਰੱਜ ਰੱਜ ਕੇ ਸ਼ਲਾਘਾ ਕਰਦੇ ਰਹਿੰਦੇ ਹੋਣਗੇ। ਪਰ ਆਪਣੇ ਸਾਹਮਣੇ ਪੂਰੀ ਕੌਮ ਦੀਆਂ ਭਾਵਨਾਵਾਂ ਦਾ ਘਾਣ ਹੁੰਦਾ ਦੇਖ ਕੇ, ਇਨ੍ਹਾਂ ਦਾ ਦਿਲ ਕਿਉਂ ਨਹੀਂ ਪਸੀਜਿਆ ਹੋਵੇਗਾ?

ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਸਿਰਫ ‘ਅਹੁਦਿਆਂ ਦੀ ਲਾਲਸਾ’ ਖਾਤਰ ਕੌਮੀ ਫਰਜ਼ਾਂ ਨੂੰ ਪਿੱਠ ਦੇਣ ਵਾਲੇ ਅਜਿਹੇ ‘ਚੁੱਪ ਰਹਿਣੇ ਸਾਜਿਸ਼ੀ’ ਵਿਵਹਾਰ ਨੂੰ ਦੇਖਦਿਆਂ, ਹੇਠਾਂ ਵਾਲਾ ਸ਼ੇਅਰ ਯਾਦ ਆਉਂਦਾ ਹੈ:

ਸੱਚ ਅੱਛਾ ਹੈ, ਪਰ ਇਸ ਕੇ ਲੀਏ ਕੋਈ ਔਰ ਮਰੇ, ਤੋ ਬਹੁਤ ਅੱਛਾ
ਕਿਉਂ ਨਾ ਹੱਕ ਸੁਕਰਾਤ ਬਨੋ, ਕੁੱਛ ਨਾ ਕਹੋ ਖਾਮੋਸ਼ ਰਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top