Share on Facebook

Main News Page

ਸਾਧਾਂ ਦੇ ਵੱਗ ਫਿਰਦੇ
-: ਨਿਰਮਲ ਸਿੰਘ ਕੰਧਾਲਵੀ

ਕਈ ਸੱਜਣ ਗ਼ਿਲਾ ਕਰਦੇ ਹਨ ਕਿ ਅਸੀਂ ਸਾਧਾਂ ‘ਤੇ ਤਵਾ ਕਿਉਂ ਲਾਉਂਦੇ ਰਹਿੰਦੇ ਹਾਂ। ਜਦੋਂ ਉਹਨਾਂ ਨੂੰ ਕਹਿੰਦੇ ਹਾਂ ਕਿ ਆਉ ਬੈਠ ਕੇ ਦਲੀਲ ਨਾਲ਼ ਗੱਲ ਕਰੀਏ ਤਾਂ ਉਹਨਾਂ ‘ਚੋਂ ਬਹੁਤੇ ਭੱਜ ਉੱਠਦੇ ਹਨ। ਕਈ ਬੜੀਆਂ ਥੋਥੀਆਂ ਜਿਹੀਆਂ ਦਲੀਲਾਂ ਨਾਲ਼ ਬੂਬਨੇ ਸਾਧਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਕੱਚੀਆਂ ਦਲੀਲਾਂ ਕਿੱਥੇ ਕੰਮ ਆਉਂਦੀਆਂ ਹਨ? ਮਨ ਨੂੰ ਉਦੋਂ ਬੜੀ ਠੇਸ ਲਗਦੀ ਹੈ ਜਦੋਂ ਇਹ ਲੋਕ ਸਾਧ ਬੂਬਨਿਆਂ ਦੇ ਹੱਕ ਵਿੱਚ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ।

ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਨ ਦਾ ਇਲਜ਼ਾਮ ਜੇ ਰਾਧਾ ਸੁਆਮੀਆਂ ਅਤੇ ਨਿਰੰਕਾਰੀਆਂ ਆਦਿ ਉੱਪਰ ਲਗਦਾ ਹੈ, ਤਾਂ ਇਹਨਾਂ ਸਾਧਾਂ ਨੂੰ ਕਿਉਂ ਬਖ਼ਸ਼ਿਆ ਜਾਵੇ? ਇਹਨਾਂ ਦੇ ਚੇਲਿਆਂ ਚਾਟੜਿਆਂ ਦਾ ਵੀ ਕਸੂਰ ਨਹੀਂ ਕਿਉਂਕਿ ਇਹ ਸਾਧ ਗੁਰਬਾਣੀ ਦੇ ਅਰਥ ਆਪਣੇ ਮਤਲਬ ਦੇ ਬਣਾ ਕੇ ‘ਆਪਣੀਆਂ ਸੰਗਤਾਂ’ ਨੂੰ ਪੜ੍ਹਾਉਂਦੇ ਹਨ।

ਸਾਡੀ ਸਿੱਖ ਕੌਮ ਦੀ ਤ੍ਰਾਸਦੀ ਇਹੀ ਰਹੀ ਹੈ ਕਿ ਅਸੀਂ ਗੁਰਬਾਣੀ ਨੂੰ ਖ਼ੁਦ ਪੜ੍ਹਨ ਅਤੇ ਸਮਝਣ ਦੀ ਥਾਂ ਇਹਨਾਂ ਸਾਧਾਂ ਅਤੇ ਪੁਜਾਰੀਆਂ ਦੇ ਹੱਥਾਂ ‘ਚ ਸਾਰਾ ਕੁਝ ਦੇ ਦਿਤਾ ਹੈ, ਜਿਵੇਂ ਬੰਦੂਕ ਜਿਸ ਵਿਅਕਤੀ ਦੇ ਹੱਥ ‘ਚ ਹੋਵੇਗੀ ਉਸ ਨੇ ਘੋੜਾ ਫੇਰ ਆਪਣੀ ਮਰਜ਼ੀ ਨਾਲ਼ ਹੀ ਦੱਬਣਾ ਹੈ। ਸਿੱਖਾਂ ਨੂੰ ਤਾਂ ਏਨੇ ਨਿਕੰਮੇ ਕਰ ਦਿਤਾ ਗਿਆ ਹੈ ਕਿ ਇਹ ਆਪਣੀ ਅਰਦਾਸ ਵੀ ਆਪ ਕਰਨ ਜੋਗੇ ਨਹੀਂ ਰਹੇ, ਉਸ ਵਾਸਤੇ ਵੀ ਇਹਨਾਂ ਨੂੰ ਕਿਸੇ ਸਾਧ ਜਾਂ ਪੁਜਾਰੀ ਦੀ ਲੋੜ ਹੈ ਜਦ ਕਿ ਬਾਬਾ ਜੀ ਬਾਣੀ ‘ਚ ਕਹਿੰਦੇ ਹਨ:- ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ। ਅਤੇ ਗੁਰੂ ਜੀ ਆਪਣਾ ਕਾਰਜ ਆਪ ਸੰਵਾਰਨ ਦੀ ਪ੍ਰੇਰਣਾ ਦਿੰਦੇ ਹਨ। ਪਾਤਸ਼ਾਹ ਬਾਣੀ ‘ਚ ਫ਼ੁਰਮਾਨ ਕਰਦੇ ਹਨ:

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ

ਇਹ ਬੂਬਨੇ ਸਾਧ ਸਿੱਖ ਕੌਮ ਦਾ ਜੋ ਸਿਧਾਂਤਕ ਨੁਕਸਾਨ ਕਰ ਰਹੇ ਹਨ ਉਸ ਦੀ ਭਰਪਾਈ ਸ਼ਾਇਦ ਕਦੀ ਵੀ ਨਹੀਂ ਹੋ ਸਕੇਗੀ। ਇਹ ਸਾਧ ਆਪਣੇ ਚੇਲਿਆਂ ਦੀ ਸਾਈਕੀ ਨੂੰ ਗ਼ੁਲਾਮ ਬਣਾਉਣ ਲਈ ਅਨੇਕਾਂ ਹੱਥਕੰਡੇ ਵਰਤਦੇ ਹਨ। ਹੁਣੇ ਜਿਹੇ ਹੀ ਕਿਸੇ ਕਾਰਜ ਦੇ ਸਬੰਧ ਵਿਚ ਇਕ ਬੂਬਨੇ ਸਾਧ ਦੇ ਡੇਰੇ ‘ਤੇ ਜਾਣ ਦਾ ਅਵਸਰ ਮਿਲਿਆ। ਦਾਸ ਇੱਥੇ ਸਿਰਫ਼ ਇਕ ਮਿਸਾਲ ਹੀ ਦੇਣੀ ਚਾਹੇਗਾ। ਇਸ ਡੇਰੇ ਦੀ ਸਟੇਜ ਉੱਪਰ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਪਿਛਲੇ ਪਾਸੇ ਕੰਧ ਉੱਪਰ ਸਤਿਗੁਰ ਨਾਨਕ ਪਾਤਸ਼ਾਹ ਦੀ ਵੱਡੀ ਸਾਰੀ ਤਸਵੀਰ ਲਗਾ ਕੇ ਉੱਪਰ ਭਾਈ ਗੁਰਦਾਸ ਜੀ ਦੀਆਂ ਤੁਕਾਂ ਲਿਖੀਆਂ ਹੋਈਆਂ ਹਨ:

ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਿਥਮੀ ਸਚਾ ਢੋਆ ਗੁਰਮੁਖਿ ਕਲਿ ਵਿਚ ਪ੍ਰਗਟੁ ਹੋਆ

ਸਟੇਜ ਦੇ ਪਿਛਲੇ ਪਾਸੇ ਕੰਧ ਉੱਪਰ ਆਪਣੇ ਸਾਧ ਦੀ ਬਹੁਤ ਵੱਡੀ ਤਸਵੀਰ ਲਗਾਈ ਹੋਈ ਹੈ। ਤਸਵੀਰ ਵੀ ਇਸ ਤਰ੍ਹਾਂ ਬਣਾਈ ਹੋਈ ਹੈ ਕਿ ਬਹੁਤ ਵੱਡੇ ਗਲੋਬ ਦੇ ਵਿਚ ਸਾਧ ਦੀ ਤਸਵੀਰ ਹੈ। ਤਸਵੀਰ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਸਾਧ ਗਲੋਬ ਵਿਚੋਂ ਪ੍ਰਗਟ ਹੋ ਰਿਹਾ ਹੈ, ਸ਼ਾਇਦ ਸਾਧ ਦੀ ਸੋਚ ਅਨੁਸਾਰ ਤਸਵੀਰ ਵਿਚਲਾ ਸਾਧ ਗਲੋਬ ਯਾਨੀ ਦੁਨੀਆਂ ਨੂੰ ਪ੍ਰਗਟ ਕਰ ਰਿਹਾ ਹੈ। ਇਸੇ ਕਰ ਕੇ ਹੀ ਤਸਵੀਰ ਦੇ ਉੱਪਰ ਗੋਲ਼ ਦਾਇਰੇ ਵਿਚ ਸੁਖਮਨੀ ਸਾਹਿਬ ਦੀ ਤੁਕਾਂ ਲਿਖ਼ੀਆਂ ਹੋਈਆਂ ਹਨ:

ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ ॥  ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ

ਪਾਠਕ ਜਨੋਂ! ਕੋਈ ਸ਼ੱਕ ਨਹੀਂ ਕਿ ਇਹ ਤਸਵੀਰ ਮੌਜੂਦਾ ਬੂਬਨੇ ਸਾਧ ਦੇ ਹੁਕਮਾਂ ਅਨੁਸਾਰ ਹੀ ਬਣਵਾਈ ਗਈ ਹੈ।ਇਸ ਸਾਧ ਨੂੰ ਪੁੱਛਿਆ ਜਾ ਸਕਦਾ ਹੈ ਕਿ ਕੀ ਤੇਰਾ ਸਾਧ ਬ੍ਰਹਮ ਗਿਆਨੀ ਹੈ ਤੇ ਸਾਰੀ ਸ੍ਰਿਸਟੀ ਦਾ ਕਰਤਾ ਹੈ? ਕੀ ਤੇਰਾ ਸਾਧ ਮਰਿਆ ਨਹੀਂ? ਸੁਖਮਨੀ ਸਾਹਿਬ ਦੀਆਂ ਇਹ ਤੁਕਾਂ ਤੇਰੇ ਮਰ ਗਏ ਸਾਧ ਉੱਪਰ ਕਿਵੇਂ ਲਾਗੂ ਹੁੰਦੀਆਂ ਹਨ? ਇਹ ਬੂਬਨੇ ਸਾਧ ਨਾਸ਼ਵਾਨ ਸਰੀਰਾਂ ਨੂੰ ਅਕਾਲ ਪੁਰਖ ਬਣਾ ਰਹੇ ਹਨ।

ਆਉ ਦੇਖੀਏ ਬ੍ਰਹਮ ਗਿਆਨੀ ਕੌਣ ਹੈ। ਸੁਖਮਨੀ ਸਾਹਿਬ ਜੀ ਦੀਆਂ ਬੜੀਆਂ ਸਰਲ ਤੁਕਾਂ ਹਨ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰਾ ਉਹ ਅਕਾਲ ਪੁਰਖ ਹੈ ਤੇ ਉਹੀ ਬ੍ਰਹਮ ਗਿਆਨੀ ਹੈ ਤੇ ਉਹ ਬ੍ਰਹਮ ਗਿਆਨੀ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ ਹੈ। ਉਹ ਜੰਮਣ ਮਰਨ ਦੇ ਚੱਕਰ ਤੋਂ ਉਤਾਂਹ ਹੈ। ਪਰ ਇਹ ਬੂਬਨਾ ਆਪਣੇ ਸਾਧ ਨੂੰ ਕਹਿ ਰਿਹਾ ਹੈ ਕਿ ਉਹ ਸਦਾ ਜਿਊਂਦਾ ਹੈ ਮਰਦਾ ਨਹੀਂ, ਪਰ ਇਹਦਾ ਸਾਧ ਬਾਬਾ ਤਾਂ ਕਈ ਸਾਲ ਹੋਏ ਮਰ ਗਿਆ ਹੋਇਆ ਹੈ।

ਇਸ ਸਾਧ ਨੂੰ ਪਤਾ ਹੈ ਕਿ ਹਰ ਫੋਟੋਗ੍ਰਾਫ਼ਰ ਤੇ ਵੀਡੀਉਗ੍ਰਾਫ਼ਰ ਨੇ ਆਪਣਾ ਕੈਮਰਾ ਸਟੇਜ ‘ਤੇ ਹੀ ਫੋਕਸ ਰੱਖਣਾ ਹੈ, ਇਸੇ ਕਰ ਕੇ ਹੀ ਸਾਧ ਨੇ ਆਪਣੇ ਬੂਬਨੇ ਸਾਧ ਦੀ ਤਸਵੀਰ ਸਟੇਜ ਦੇ ਪਿੱਛੇ ਲਗਾਈ ਹੋਈ ਹੈ ਤਾਂ ਕਿ ਉਹ ਤਸਵੀਰ ਘਰ ਘਰ ਪਹੁੰਚ ਜਾਵੇ। ਸਿਰਫ਼ ਏਨਾ ਹੀ ਨਹੀਂ ਸਾਰੇ ਡੇਰੇ ‘ਚ ਥਾਂ ਥਾਂ ‘ਤੇ ਸਾਧ ਦੀਆਂ ਹੀ ਤਸਵੀਰਾਂ ਵੱਖੋ ਵੱਖਰੇ ਅੰਦਾਜ਼ ਵਿਚ ਨਜ਼ਰ ਆਉਂਦੀਆਂ ਹਨ।

ਸੋ, ਬੜੀ ਚਾਲਾਕੀ ਨਾਲ਼ ਇਹ ਸਾਧੜੇ ਆਪਣੇ ਸਾਧਾਂ ਨੂੰ ਅਕਾਲ ਪੁਰਖ ਦੇ ਨਾਲ਼ ਤੁਲਨਾ ਦੇ ਰਹੇ ਹਨ ਤੇ ਗੁਰਮਤਿ ਤੋਂ ਹੀਣੇ ਮਨੁੱਖ ‘ਸਤਿਬਚਨ’ ਕਹਿ ਕੇ ਇਹਨਾਂ ਦੇ ਕੂੜ ਕੁਸੱਤ ਨੂੰ ਮੰਨੀ ਜਾ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top